More Punjabi Kahaniya  Posts
ਗਿੱਲਾਂ ਵਾਲਾ ਬੋਹੜ


ਗਿੱਲਾਂ ਵਾਲਾ ਬੋਹੜ ***
ਫੇਸਬੁਕ ਖੋਲੀ ਤਾ ਮਿਡਲ ਸਕੂਲ ਵਾਲੇ ਮਿੱਤਰ ਜਸਵੀਰ ਗਿੱਲ ਨੇ ਫੋਟੋ ਪਾਈ ਸੀ ਕਿ ਗਿੱਲਾਂ ਵਾਲੀ ਕੋਠੀ ਵਾਲਾ ਬੋਹੜ ਬਿਮਾਰੀ ਕਾਰਨ ਜੜਾਂ ਤੋਂ ਡਿੱਗ ਪਿਆ।
ਇੰਜ ਲੱਗਿਆ ਜਿਵੇਂ ਕਾਲਜੇ ਤੇ ਆਰੀ ਚੱਲਗੀ ਹੋਵੇ ।
ਮੋਗਾ ਬਾਘਾਪੁਰਾਣਾ ਸ਼ੜਕ ਤੇ ਵਸਿਆ ਗਿੱਲ ਪਿੰਡ ਤੇ ਓਹਦੇ ਤੋਂ ਪਾਟਦੀ ਮੇਰੇ ਪਿੰਡ ਚੋਟੀਆਂ ਠੋਬਾ ਨੂੰ ਆਉਂਦੀ ਸੜਕ ਦੇ ਖੂੰਜੇ ਤੇ ਅੰਗਰੇਜਾਂ ਵੇਲੇ ਦੀ ਬਣਾਈ ਨਹਿਰੀ ਕੋਠੀ ਤੇ ਸੀ ਏਹ ਬੋਹੜ ਦਾ ਦਰੱਖਤ।
ਕੁੱਝ ਫਰਲਾਗਾਂ ਤੇ ਵਗਦੀ ਸੀ ਗਿੱਲ ਨਹਿਰ।
ਆਹਾ !!
ਛੇਵੀਂ ਸੱਤਵੀਂ ਤੇ ਅੱਠਵੀਂ ਜਮਾਤ ਤੋਂ ਏਸ ਦਰੱਖਤ ਨਾਲ ਦਾਦੇ ਪੜਦਾਦੇ ਵਾਲਾ ਮੋਹ ਪੈ ਗਿਆ ਸੀ।
ਛੇਵੀਂ ਸੱਤਵੀਂ ਅੱਠਵੀਂ ਨਾਲ ਦੇ ਪਿੰਡ ਜੈ ਸਿੰਘ ਵਾਲੇ ਤੋਂ ਕੀਤੀ ਆ।
ਸਕੂਲੋਂ ਛੁੱਟੀ ਹੁੰਦੀ ਤਾਂ ਅਸੀਂ ਜੈ ਸਿੰਘ ਵਾਲੇ ਤੇ ਚੋਟੀਆਂ ਠੋਬਾ ਦੇ ਜਵਾਕ ਸਾਈਕਲ ਚੱਕ ਏਸ ਬੋਹੜ ਹੇਠ ਸਾਇਕਲਾਂ ਨੂੰ ਰੋਕ ਬਿਲਕੁੱਲ ਸਾਹਮਣੇ ਕੁਝ ਕੁ ਫਰਲਾਗਾਂ ਤੇ ਵਗਦੀ ਏਸ ਨਹਿਰ ਚ ਝੱਗੇ ਲਾਹ ਨਹਾਉਣ ਲਗਦੇ!
ਕਿਆ ਠੰਡਾ ਪਾਣੀ ਸੀ ਯਾਰ
ਟਰਾਂਟੋ ਦੇ ਸੈਬਲ ਬੀਚ ਤੇ ਟੋਬਰਮੋਰੀ ਬੀਚ
ਨੇ ਕੀ ਮੁਕਾਬਲਾ ਕਰਨਾ ਓਸ ਮੰਜਰ ਦਾ।
ਅਸੀਂ ਝੱਗੇ ਪਾ ਫੇਰ ਸਾਇਕਲ ਚੱਕਣ ਏਸ ਬੋਹੜ ਹੇਠ ਆ ਖੜਦੇ।
ਓਦੋਂ ਏਸ ਨਹਿਰੀ ਕੋਠੀ ਚ ਓਵਰਸੀਅਰ ਸਨ ਅੰਕਲ ਤਿਲਕ ਰਾਜ l
ਤੇ ਓਹਨਾਂ ਦੀ ਧਰਮ ਪਤਨੀ ਆਂਟੀ ਦਾ ਨਾਮ ਸੀ ਰਾਜ ਅਰੋੜਾ l
ਅੰਤਾਂ ਦੀ ਰੱਜੀ ਰੂਹ ਦੀ ਮਾਲਕਣ ਸੀ ਆਂਟੀ ਰਾਜ l
ਪੁਲ ਟੱਪ ਕੇ ਮੰਡੀਰਾ ਵਾਲੀ ਸ਼ੜਕ ਤੇ ਨਹਿਰ ਦੇ ਕੰਢੇ ਇਕ ਨਲਕਾ ਹੁੰਦਾ ਸੀ l ਬਰਫ ਤੋਂ ਵੀ ਠੰਡਾਂ ਪਾਣੀ ਸੀ ਏਸ ਨਲਕੇ ਦਾ ।
ਪੁਲ ਉਤੋਂ ਦੀ ਲੰਗਦੀਆਂ ਬੱਸਾਂ,ਟਰੱਕ , ਸਾਇਕਲ , ਮੋਟਰਸਾਈਕਲ,
ਕਿਸੇ ਨੇ ਪੁੱਲ ਤੇ ਕਿਆ ਖੂਬ ਲਿਖਿਆ,
ਉਤੋਂ ਦੀ ਤਾਂ ਲੰਘ ਗਏ ਸੱਜਣਾ ਦੇ ਕਾਫਲੇ,
ਥੱਲਿਓਂ ਦੀ ਲੰਗ ਗਿਆ ਨੀਰ !
ਰਾਜ ਆਂਟੀ ਓਥੋਂ ਪਾਣੀ ਭਰ ਕੇ ਨਹਿਰੀ ਕੋਠੀ ਚ ਲੱਗੇ ਨਿੰਬੂਆਂ ਦੇ ਬੂਟਿਆਂ ਚੋ ਨਿੰਬੂ ਤੋੜ ਖੰਡ ਘੋਲ ਜੱਗ ਚ ਸਾਡੇ ਜਵਾਕਾਂ ਵਾਸਤੇ ਸ਼ਕੰਜਵੀ ਤਿਆਰ ਕਰੀ ਬੈਠੀ ਹੁੰਦੀ ,
“ਆਓ ਜਵਾਕੋ ਪੀ ਕੇ ਜਾਇਓ l”
ਪੰਜ ਛੇ ਸਟੀਲ ਦੇ ਗਲਾਸਾਂ ਚ ਸਾਨੂੰ ਸਕੰਜਵੀ ਪਾਉਂਦੀ ਨੇ ਓਹਨੇ ਹੁਕਮੀ ਲਹਿਜੇ ਚ ਕਹਿਣਾ ,
“ਥੱਕ ਗਏ ਹੋਵੋਗੇ।” ਏਸ ਬੋਹੜ ਦੀ ਸੰਘਣੀ ਛਾਂ ਹੇਠ ਤੱਪਦੀ ਦੁਪਿਹਰ ਚ ਰਾਜ ਆਂਟੀ ਦੀ ਸਕੰਜਵੀ ਅਮ੍ਰਿਤ ਦਾ ਜਲ ਈ ਲਗਦੀ । 2010 ਚ ਰਾਜ ਆਂਟੀ ਦੀ ਕੈਂਸਰ ਨਾਲ ਮੋਤ ਹੋ ਗਈ ।
ਕਿਧਰ ਚਲੀਆਂ ਗਈਆਂ ਰਾਜ ਆਂਟੀ ਵਰਗੀਆਂ ਮਾਵਾਂ ? ਦਿਲ ਕਈ ਵਾਰ ਆਪਣੇ ਆਪ ਨਾਲ ਗੱਲ ਕਰਦਾ l
ਕੋਠੀ ਚ ਲੱਗੇ ਕੱਚੇ ਅੰਬਾਂ ਤੇ ਜਾਮਨ ਤੇ
ਨਿੰਬੂ ਲਿਫਾਫਿਆਂ ਚ ਪਾ ਸਾਡੇ ਸਾਇਕਲ ਦੇ ਡੰਡਿਆਂ ਨਾਲ ਬੰਨ ਦਿੰਦੀ ।
ਐਨੀ ਅਪਣੱਤ ਮਾਂ ਦੇ ਪਿਆਰ ਤੋਂ ਬਾਅਦ ਰਾਜ ਆਂਟੀ ਤੋਂ ਬਿਨਾਂ ਕਿਤੋਂ ਨੀ ਮਿਲੀ ।
ਨੌਵੀਂ ਦਸਵੀਂ ਚੰਦ ਨਵੇਂ ਸਕੂਲ ਤੋਂ ਕਰਨ ਮਗਰੋਂ ਪਲੱਸ ਵੰਨ ਗੁਰੂ ਤੇਗ ਬਹਾਦਰ ਸਾਹਿਬ ਕਾਲਜ ਰੋਡੋ ਦਾਖਲ ਹੋ ਗਿਆ ।
ਤੇ ਸਾਇਕਲ ਫੇਰ ਏਸ ਬੋਹੜ ਹੇਠ ਖੜਾ ਕੇ ਗਿਲਾਂ ਆਲੇ ਅੱਡੇ ਤੋਂ ਬੱਸ ਫੜਦਾ । ਆਲੇ ਦੁਆਲੇ ਵਾਲੇ ਪਿੰਡਾਂ ਦੇ ਭਾਂਤ ਸੁਭਾਤੇ ਫੁੱਲ ਵੀ ਹੱਥਾਂ ਚ ਕਿਤਾਬਾਂ ਫੜੀ ਏਸ ਕੋਠੀ ਦੇ ਬੋਹੜ ਥੱਲੇ ਤੇ ਹੋਰ ਜਾਣੂੰ ਘਰਾਂ ਚ ਸਾਇਕਲ ਖੜਾ ਕਰਕੇ ਮੋਗੇ ਤੇ ਰੋਡੇ ਕਾਲਜ ਜਾਣ ਨੂੰ ਬੱਸਾਂ ਦਾ ਇੰਤਜ਼ਾਰ ਕਰ ਰਹੇ ਹੁੰਦੇ । ਮਹਿਕਾਂ ਆਉਦੀਆਂ ਹੁੰਦੀਆਂ ਹਾਨਣਾ ਕੋਲੋਂ । ਸਰੂਰ ਚੜ ਜਾਂਦਾ ਹੁੰਦਾ ਸੀ ਪਲੱਸ ਵੰਨ ਦੀ ਕੱਚੀ ਉਮਰੇ ।
ਛੇ ਮਹੀਨਿਆਂ ਬਾਅਦ ਮਾਈਗਰੇਸ਼ਨ ਕਰਵਾ ਕੇ ਫੇਰ ਡੀ ਐਮ ਕਾਲਜ ਮੋਗੇ ਦਾਖਲਾ ਲੈ ਲਿਆ। ਰੂਟ ਏਹੋ ਈ ਰਿਹਾ ਫੇਰ , ਆਂਟੀ ਰਾਜ ਕੋਲ ਵਲਗਣ ਅੰਦਰ ਲੱਗੇ ਬੋਹੜ ਹੇਠ ਸਾਇਕਲ ਨੂੰ ਜਿੰਦਰਾ ਲਾ ਗਿਲਾਂ ਆਲੇ ਅੱਡੇ ਤੋਂ ਮੋਗੇ ਨੂੰ ਬੱਸ ਫੜਨ ਦਾ।
ਦੋ ਸਾਲਾਂ ਦੇ ਗੈਪ...

ਪਿਛੋਂ ਵੀ ਰਾਜ ਆਂਟੀ ਦੀ ਮਾਵਾਂ ਆਲੀ ਮੁਹੱਬਤ ਚ ਕੋਈ ਕਮੀ ਨੀ ਸੀ ਆਈ।
ਓਵੇਂ ਈ ਪੰਜ ਵਜਦੇ ਨੂੰ ਕਾਲਜੋ ਮੁੜਦਿਆਂ ਨੂੰ ਸਕੰਜਵੀ ਪਿਆ ਕੇ ਤੋਰਦੀ। ਕੋਠੀ ਦੇ ਬਾਗ ਚ ਲੱਗੇ ਨਿੰਬੂਆਂ ਅੰਬਾਂ ਤੇ ਜਾਮਣਾਂ ਦੇ ਫਲ ਸਾਡੇ ਸਾਇਕਲ ਨਾਲ ਬੰਨ ਦਿੰਦੀ l
ਏਸ ਬੋਹੜ ਦੀਆਂ ਗੋਲਾਂ ਵੀ ਬਹੁਤ ਸਵਾਦ ਸੀ ।
ਸਾਉਣ ਦੇ ਮਹੀਨੇ ਪਿੰਡ ਦੀਆਂ ਔਰਤਾਂ ਤੇ ਨਵੀਆਂ ਵਿਆਹੀਆਂ ਕੁੜੀਆਂ ਏਸ ਬੋਹੜ ਹੇਠ ਤੀਆਂ ਲਾਉਂਦੀਆਂ ,
ਸਾਉਣ ਦਾ ਮਹੀਨਾ ਵੇ ਤੂੰ ਆਈਓਂ ਗੱਡੀ ਜੋੜ ਕੇ,
ਅਸਾਂ ਨਹੀਓਂ ਜਾਣਾਂ ਲੈ ਜਾ ਗੱਡੀ ਖਾਲੀ ਮੋੜ ਕੇ ।
ਬਾਬੂ ਰਜਬ ਅਲੀ ਨੂੰ ਪੜਦਾ ਪੜਦਾ ਮੈਂ ਓਹਨਾਂ ਦੀਆਂ ਲਿਖਤਾਂ ਦਾ ਸ਼ੁਦਾਈ ਹੋ ਗਿਆ ।
ਤੇ ਫੇਰ ਓਹਨਾ ਬਾਬਤ ਜਾਨਣ ਦੀ ਇੱਛਾ ਲੈ ਕੇ ਓਹਨਾ ਦੇ ਖਾਨਦਾਨ ਦੀ ਪੈੜ ਲੱਭਦਾ ਲੱਭਦਾ ਓਹਨਾਂ ਦੇ ਬੇਟੇ ਰਾਜਾ ਸ਼ਮਸ਼ੇਰ ਅਲੀ ਨੂੰ ਫੋਨ ਜਰੀਏ ਬੱਤੀ ਚੱਕ ਉਕਾੜੇ ਪਾਕਿਸਤਾਨ ਜਾ ਲੱਭਿਆ । ਇਹ ਸੱਤ ਕੁ ਸਾਲ ਪਹਿਲਾਂ ਦੀ ਗੱਲ ਹੈ l
ਰਾਜਾ ਸ਼ਮਸ਼ੇਰ ਅਲੀ ਸੋਲਾਂ ਵਰਿਆਂ ਦੇ ਸਨ ਜਦੋਂ ਵੰਡ ਹੋਈ ਤੇ ਓਹਨਾਂ ਨੂੰ ਪੂਰੀ ਸੁਰਤ ਆ ਓਸ ਸਮੇਂ ਦੀ । ਬਾਬੂ ਰੱਜਬ ਅਲੀ ਨਹਿਰੀ ਮਹਿਕਮੇ ਚ ਓਵਰਸੀਅਰ ਸਨ ਤੇ ਬਹੁਤਾ ਸਮਾਂ ਓਹ ਏਹਨਾਂ ਨਹਿਰੀ ਕੋਠੀਆਂ ਚ ਰਹੇ ਤੇ ਰਾਜਾ ਸ਼ਮਸ਼ੇਰ ਅਲੀ ਅਕਸਰ ਏਹਨਾ ਕੋਠੀਆਂ ਚ ਈ ਓਹਨਾਂ ਦੇ ਨਾਲ ਰਹੇ ।
ਸਬੱਬ ਨਾਲ ਗੱਲਾਂ ਚਲਦੀਆਂ ਨਾਲ ਓਹਨਾਂ ਨੇ ਦੱਸਿਆ ਕੇ ਅਸੀਂ ਦੋ ਵਰੇ ਏਸ ਕੋਠੀ ਚ 1935- 36 ਚ ਰਹੇ ।
ਯਾਰ ਓਸ ਕੋਠੀ ਚ ਵੜਦਿਆਂ ਈ ਇਕ ਬੋਹੜ ਦਾ ਦਰੱਖਤ ਹੁੰਦਾ ਸੀ? ਰਾਜੇ ਸ਼ਮਸ਼ੇਰ ਅਲੀ ਅੰਕਲ ਨੇ ਮੈਨੂੰ ਪੁੱਛਿਆ ਸੀ।
ਹਾ ਜੀ ਹੈਗਾ , ਮੈਂ ਓਹਨਾਂ ਨੂੰ ਕਿਹਾ ਸੀ ।
ਲੈ ਯਾਰ ਓਸ ਬੋਹੜ ਤੇ ਤਾਂ ਮੈਂ ਪੀਂਘ ਝੂਟਦਾ ਰਿਹਾ ਤੇ ਬਾਬੂ ਜੀ ਮੂਹੜਾ ਡਾਹ ਓਥੇ ਕੁੱਝ ਨਾ ਕੁੱਝ ਲਿਖਦੇ ਰਹਿੰਦੇ ਸਨ ।
ਤੇ ਗਿਲਾਂ ਦੇ ਮੁਹੱਬਤੀ ਲੋਕਾਂ ਬਾਰੇ ਬਾਬੂ ਜੀ ਨੇ ਲਿਖਿਆ,
ਗਿਲਾਂ ਦੇ ਮਿਲਣਸਾਰ ਬਹੁਤੇ,
ਚੁੱਕ ਲੈਣ ਅੱਖੀਆਂ !
ਓਸ ਦਿਨ ਤੋਂ ਬਾਅਦ ਏਸ ਬੋਹੜ ਨਾਲ ਹੋਰ ਵੀ ਮੁਹੱਬਤ ਪੈਗੀ ।
ਓਸ ਤੋਂ ਬਾਅਦ ਦੋ ਵਾਰੀ ਪੰਜਾਬ ਗਿਆ ਤੇ ਮੋਗੇ ਤੋਂ ਪਿੰਡ ਮੁੜਦੇ ਨੂੰ ਏਸ ਬੋਹੜ ਹੇਠ ਘੰਟਾ ਘੰਟਾ ਬੈਠਾ ਰਹਿੰਦਾ ਤੇ ਆਂਟੀ ਰਾਜ ਸਕੰਜਵੀ ਦਾ ਜੱਗ ਲਈ ਤੇ ਬਾਬੂ ਰੱਜਬ ਅਲੀ ਖਾਨ ਮੂਹੜੇ ਤੇ ਬੈਠੇ ਮਹਿਸੂਸੇ ਜਾਂਦੇ! ਚੰਨੂ ਵਾਲ ਪਿੰਡ ਵੀ ਵਲ ਵਲੇਵੇ ਪਾ ਏਸੇ ਨਹਿਰ ਨਾਲ ਈ ਜੁੜਦਾ ਤੇ ਇੰਜ ਲਗਦਾ ਮੈਨੂੰ ਏਸ ਬੋਹੜ ਹੇਠ ਈ ਬਾਬੂ ਜੀ ਨੇ ਏਹ ਛੰਦ ਲਿਖਿਆ ਹੋਣਾ l
ਦੌਰੇ ਕਰਾਂ ਨਹਿਰ ਦੇ ਜੀ,
ਚੰਨੂ ਵਾਲਿਓ ਕੋਟ ਕਪੂਰੇ ਢੈਪਈ !
ਮੇਰੀ ਸਿੰਧ ਦੀ ਵਛੇਰੀ ਸੀ,
ਕਦੇ ਆਣ ਸਿਵੀਆਂ ਝਾਲ ਤੋ ਲਹਿਗੀ,
ਉਖੜਗੀ ਚਾਲੋਂ !
ਸੋਹਣੇ ਫੁੱਲ ਫੁਲਵਾੜੀ ਦੇ,
ਅੰਬ ਤੇ ਸੰਤਰੇ ਕੇਲੇ,
ਸਬਜੀਆਂ ਕਿਆਰੇ,
ਰਹੇ ਤਾਂਗ ਵਤਨ ਦੀ ਜੀ!
ਨਹਿਰ ਦੇ ਬੰਗਲੇ,
ਰਤਨ ਦੇ ਮੇਲੇ,
ਭੁੱਲਣ ਨਾ ਪਿਆਰੇ!
ਅਲਵਿਦਾ ਬਾਪੂ ਬੋਹੜ ਤੇਰੀ ਛਾਂ ਮਾਣ ਗਏ ਪਤਾ ਨੀ ਲੱਖਾਂ ਹਜਾਰਾਂ ਲੋਕ ਤਾ ਤੇਰੀ ਛਾਂ ਨੂੰ ਭੁੱਲ ਗਏ ਹੋਣਗੇ l ਮੈਨੂੰ ਲਗਦਾ ਏਸੇ ਕਰਕੇ ਤੂੰ ਪੰਜਾਬ ਦੇ ਦਿਨ – ਬ – ਦਿਨ ਨਿਰਮੋਹੇ ਹੁੰਦੇ ਜਾ ਰਹੇ ਲੋਕਾਂ ਤੋਂ ਉਦਾਸ ਹੋ ਕੇ ਛੇਤੀ ਅਲਵਿਦਾ ਕਹਿ ਗਿਆ , ਪਰ ਤੇਰੀ ਛਾਂ ਦੀ ਠੰਡਕ ਮਾਣ ਕੇ ਗਏ ਤਿਲੀਅਰ,ਗੋਲੇ ਕਬੂਤਰ ਤੇਰੇ ਸੋਗ ਚ ਜਰੂਰ ਰੋਏ ਹੋਣਗੇ ਤੇ ਹਾਂ ਸੱਚ ਰਾਜ ਅੰਟੀ,ਬਾਬੂ ਰਜਬ ਅਲੀ ਖਾਨ ਨੇ ਜਰੂਰ ਹੋਕਾਂ ਭਰਿਆ ਹੋਵੇਗਾ,
ਤੇਰੇ ਹੇਠ ਲਾਏ ਰੌਣਕਾਂ ਮੇਲਿਆਂ ਕਰਕੇ ਤੇਰੇ ਏਸ ਬੱਚੇ ਬਲਰਾਜ ਦੀਆਂ ਅੱਖਾਂ ਵੀ ਨਮ ਨੇ ।
ਅਲਵਿਦਾ ਬਾਬਾ ਬੋਹੜ!
ਬਲਰਾਜ ਬਰਾੜ ਚੋਟੀਆਂ ਠੋਬਾ!
416.455.8484

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)