ਪੰਜ ਸਾਲਾਂ ਬਾਅਦ ਮੈਂ ਘਰ ਦੇ ਦਰਵਾਜੇ ਤੇ ਖੜੀ ਸੀ, ਅੱਜ ਵੀ ਉਹੀ ਵੱਡਾ ਲੱਕੜ ਦੇ ਕੁੰਡਿਆਂ ਵਾਲਾ ਦਰਵਾਜਾ ਸੀ, ਕੁਝ ਵੀ ਬਦਲਿਆ ਨਹੀ ਸੀ ….ਹਾਂ ਸੱਚ ਰੰਗ-ਰੋਗਨ ਹੋਰ ਕਰਵਾਇਆ ਹੋਇਆ ਸੀ….ਗੇਟ ਖੋਲਦੇ ਹੀ, ਮੇਰੀ ਗੋਦੀ ਤੋਂ ਉੱਤਰਕੇ ਮੇਰੀ ਧੀ ਰਾਣੀ ਆਪਣੇ ਨਾਨਾ ਜੀ ਨੂੰ ਝਾਤੀ ਆਖ ਉਹਨਾਂ ਦੇ ਮੋਢਿਆ ਤੇ ਝੂਟੇ ਲੈਣ ਜਾ ਬੈਠੀ, ਬਾਪੂ ਜੀ ਦੀਆ ਅੱਖਾ ਵਿੱਚਲੇ ਹੰਝੂ ਉਹਨਾ ਦੇ ਲੱਖ ਕੋਸ਼ਿਸ਼ ਤੋਂ ਬਾਅਦ ਵੀ ਛਲਕ ਪਏ ਤੇ ਗੱਲਾਬਾਤਾ ਕਰ ਜਦ ਮੈਂ ਮਾਂ ਦੇ ਕਮਰੇ ਵਿੱਚ ਗਈ ਤਾਂ ਮਾਂ ਦੀ ਤਸਵੀਰ ਉਸੇ ਥਾਂ ਤੇ ਹੀ ਸੀ, ਮੇਰਾ ਅੱਜ ਵੀ ਦਿਲ ਕੀਤਾ ਕਿ ਘੁੱਟ ਕੇ ਗੱਲਵੱਕੜੀ ਪਾਵਾਂ ਪਰ ਯਾਦ ਆਇਆ ਕਿ ਮੋਏ ਕਦ ਮੁੜਦੇ ਨੇ ?? ਸਿਵਿਆਂ ਨੂੰ ਗਿਆ ਦੀਆ ਤਾਂ ਸਿਰਫ਼ ਤਸਵੀਰਾਂ ਹੀ ਘਰ ਮੁੜਦੀਆ ਨੇ …..
ਸ਼ਾਮ ਜਿਹੇ ਨੂੰ ਘਰ ਦੇ ਪਿਛਲੇ ਪਾਸਿਓ ਉਹੀ ਸੁਆਦਲੀ ਜਿਹੀ ਖੁਸ਼ਬੂ ਆਉਣ ਲੱਗੀ ਜੋ ਕਈ ਵਰ੍ਹਿਆਂ ਪਹਿਲਾ ਆਉਦੀ ਹੁੰਦੀ ਸੀ, ੳਹਦੀ ਧੁੰਦਲੀ ਜਿਹੀ ਤਸਵੀਰ ਅੱਖਾ ਸਾਮਹਣੇ ਆ ਗਈ, ਕਿੰਨਾ ਸੁਆਦਲਾ ਭੋਜਨ ਬਣਾਉਦੀ ਸੀ ਉਹ, ਨਾਮ ਸੀ ਆਸ਼ਾ…..ਯੂ.ਪੀ. ਤੋਂ ਆਈ ਸੀ ਉਹ, ਆਪਦੇ ਨਾਲਦੇ ਨਾਲ, ਉਹ ਸਾਡੇ ਖੇਤ ਕੰਮ ਕਰਦੇ ਸੀ….ਮਾਂ ਦੇ ਜਾਣ...
ਤੋਂ ਬਾਅਦ ਉਹ ਸਾਡੇ ਘਰ ਦੇ ਪਿਛਲੇ ਹਿੱਸੇ ਰਹਿਣ ਲੱਗੇ….ਉਹਨਾਂ ਦੇ ਖਾਣੇ ਦੀ ਖੁਸ਼ਬੂ ਮੈਨੂੰ ਉਹਨਾਂ ਕੋਲ ਲੈ ਜਾਦੀ ਸੀ, ਪਰ ਪਤਾ ਨਹੀ ਕਿਉ ਬਾਪੂ ਜੀ ਅਕਸਰ ਹੀ ਨਰਾਜ਼ ਹੋ ਜਾਦੇ ਜਦ ਉਹਨਾਂ ਨੂੰ ਪਤਾ ਲੱਗਦਾ ਕਿ ਮੈਂ ਆਸ਼ਾ ਕੋਲੋ ਕੁਝ ਲੈ ਕੇ ਖਾਦਾ ……ਦਿਲੋ ਬੜੇ ਅਮੀਰ ਨੇ ਬਾਪੂ ਜੀ, ਹਰੇਕ ਦੀ ਮਦਦ ਕਰਦੇ ਨੇ……ਪਰ ਇਹ ਜਾਤ-ਪਾਤ ਦੇ ਮਸਲੇ ਸ਼ਾਇਦ ਬਜ਼ੁਰਗਾ ਤੋਂ ਗੁੜਤੀ ਵਿੱਚ ਮਿਲੇ ਨੇ ਉਹਨਾ ਨੂੰ ਤੇ ਉਹਨਾ ਨੇ ਆਪਣੇ-ਆਪ ਨੂੰ ਬਦਲਣ ਲਈ ਕੋਸ਼ਿਸ਼ ਵੀ ਨਾ ਕੀਤੀ ਪਰ ਮੈਂ ਬਦਲਣਾ ਚਾਹੁੰਦੀ ਸੀ ਪਰ ਹਿੰਮਤ ਨਾ ਹੋਈ…..ਵਰ੍ਹਿਆਂ ਬਾਅਦ ਜਦ ਅੱਜ ਮੇਰੀ ਧੀ ਉਸ ਬਜੁਰਗ ਹੋਈ ਆਸ਼ਾ ਦੀ ਗੋਦੀ ਵਿੱਚ ਬੈਠ ਉਸਦੇ ਹੱਥ ਦੀਆ ਬਣੀਆ ਚੌਲਾਂ ਦੀਆ ਪਿੰਨੀਆ ਖਾ ਰਹੀ ਸੀ ਤਾਂ ਮੈ ਡਰ ਗਈ ਕਿ ਬਾਪੂ ਜੀ ਗੁੱਸੇ ਹੋਣਗੇ ਪਰ ਬਾਪੂ ਜੀ ਸ਼ਾਤ ਰਹੇ, ਮੈਨੂੰ ਦੇਖ ਹੈਰਾਨੀ ਹੋਈ ਕਿ ਮੇਰੀ ਧੀ ਨੇ ਉਹ ਕਰ ਦਿਖਾਇਆ ਜੋ ਮੈਨੂੰ ਬਹੁਤ ਪਹਿਲਾ ਕਰ ਦੇਣਾ ਚਾਹੀਦਾ ਸੀ।
ਕਮਲ ਕੌਰ