ਨਿੱਤ ਆਥਣੇ ਅਕਸਰ ਹੀ ਦੇਰ ਨਾਲ ਘਰੇ ਵੜਦੇ ਨਿੱਕੇ ਵੀਰ ਜੀ ਨੂੰ ਭਾਪਾ ਜੀ ਕਿੰਨੀ ਕਿੰਨੀ ਦੇਰ ਤੱਕ ਸਮਝਾਉਂਦੇ ਰਹਿੰਦੇ..!
ਆਖਦੇ ਬੇਟਾ ਅਜੋਕੀ ਸਿਆਸਤ ਹੁਣ ਸਾਡੇ ਵਰਗੇ ਹਮਾਤੜ ਸੋਚ ਵਾਲਿਆਂ ਦੇ ਵੱਸ ਦੀ ਖੇਡ ਨਹੀਂ ਰਹੀ..ਇਸ ਨੂੰ ਜਦੋਂ ਭੁੱਖ ਲੱਗਦੀ ਏ ਤਾਂ ਇਹ ਇਨਸਾਨੀ ਮਾਸ ਰਿੰਨ੍ਹਣ ਲੱਗ ਜਾਂਦੀ ਏ..ਤ੍ਰੇਹ ਲੱਗੀ ਤੇ ਇਹ ਨਸ਼ੇ ਦਾ ਖੂਹ ਪੁੱਟਣ ਲੱਗਦੀ..!
ਨਸ਼ੇ ਦਾ ਜਿਕਰ ਆਉਂਦਿਆਂ ਹੀ ਵੀਰ ਜੀ ਅਸਹਿਜ ਜਿਹਾ ਹੋ ਜਾਂਦਾ ਅਤੇ ਬਾਕੀ ਦੀ ਗੱਲ ਸੁਣੇ ਬਗੈਰ ਹੀ ਓਥੋਂ ਚਲਿਆ ਜਾਂਦਾ..ਭਾਪਾ ਜੀ ਮਗਰੋਂ ਵਾਜਾ ਮਾਰਦੇ ਹੀ ਰਹਿ ਜਾਂਦੇ..!
ਮੈਨੂੰ ਇਹ ਵੇਖ ਓਹਨਾ ਤੇ ਬੜਾ ਤਰਸ ਆਉਂਦਾ..ਮਾਂ ਵੀ ਚੇਤੇ ਆਉਂਦੀ..ਨਿੱਕੀ ਹੋਣ ਕਰਕੇ ਮੈਨੂੰ ਕਿਸੇ ਮਾਮਲੇ ਵਿਚ ਬੋਲਣ ਦਾ ਹੱਕ ਤਾਂ ਨਹੀਂ ਸੀ..ਪਰ ਕਈ ਵੇਰ ਜਦੋਂ ਭਾਪਾ ਜੀ ਮੇਰੇ ਵੱਲ ਹਸਰਤ ਭਰੀਆਂ ਨਜਰਾਂ ਨਾਲ ਵੇਖਣ ਲੱਗ ਜਾਂਦੇ ਤਾਂ ਇੰਝ ਲੱਗਦਾ ਸ਼ਾਇਦ ਆਖ ਰਹੇ ਹੋਣ ਕੇ ਧੀਏ ਤੂੰ ਹੀ ਸਮਝਾ ਕੇ ਵੇਖ ਲੈ ਇੱਕ ਵੇਰ!
ਵੱਡੇ ਵੀਰ ਜੀ ਜਦੋਂ ਵੀ ਬਾਹਰੋਂ ਛੁੱਟੀ ਆਉਂਦੇ ਤਾਂ ਓਹਨਾ ਦਾ ਜਿਆਦਾ ਟਾਈਮ ਆਪਣੇ ਸਹੁਰੇ ਘਰ ਤੇ ਜਾ ਫੇਰ ਡਲਹੌਜੀ ਸ਼ਿਮਲੇ ਦੋਸਤਾਂ ਮਿੱਤਰਾਂ ਨਾਲ ਹੀ ਨਿੱਕਲਿਆ ਕਰਦਾ..!
ਭਾਪਾ ਜੀ ਦੱਬੀ ਸੁਰ ਵਿਚ ਆਖਦੇ ਪੁੱਤਰ ਨਿੱਕੇ ਨੂੰ ਵੀ ਕੁਝ ਸਮਝਾਇਆ ਕਰ..ਹੁਣ ਮੇਰੇ ਆਖੇ ਨਹੀਂ ਲੱਗਦਾ..!
ਪਰ ਵਡੇ ਵੀਰ ਜੀ ਗੱਲ ਆਈ ਗਈ ਜਿਹੀ ਕਰ ਦਿੰਦੇ..ਸ਼ਾਇਦ ਭਾਬੀ ਵੱਲੋਂ ਦਿੱਤੀ ਦੱਬੀ ਸੁਰ ਦੀ ਕੋਈ ਹਿਦਾਇਤ ਓਹਨਾ ਦਾ ਰਾਹ ਰੋਕ ਲਿਆ ਕਰਦੀ..!
ਫੇਰ ਹਾਲਾਤਾਂ ਨੇ ਅਚਾਨਕ ਹੀ ਇੱਕ ਤਿੱਖਾ ਮੋੜ ਕੱਟਿਆ..ਵੱਡੇ ਵੀਰ ਜੀ ਦਾ ਸਾਲਾ ਇੰਝ ਹੋ ਗਿਆ..ਉੱਡਦਾ ਉੱਡਦਾ ਸੁਣਿਆ ਸੀ ਕੇ ਗੈਂਗ ਵਾਰ ਵਿਚ...
ਦੂਜੀ ਧਿਰ ਨੇ ਉਸਨੂੰ ਸ਼ਰੇਆਮ ਮਾਰ ਮੁਕਾਇਆ ਸੀ..!
ਬਾਹਰੋਂ ਆਈ ਭਾਬੀ ਦਾ ਦੁੱਖ ਵੇਖਿਆ ਨਹੀਂ ਸੀ ਜਾਂਦਾ..ਆਪਣੇ ਵੀਰ ਨੂੰ ਯਾਦ ਕਰਦੀ ਉਹ ਕਈ ਵੇਰ ਬੇਹੋਸ਼ ਵੀ ਹੋ ਜਾਇਆ ਕਰਦੀ..!
ਫੇਰ ਇੱਕ ਦਿਨ ਕੀ ਵੇਖਿਆ ਵੱਡੇ ਵੀਰ ਜੀ ਪਹਿਲੀ ਵੇਰ ਨਿੱਕੇ ਨੂੰ ਆਪਣੇ ਕੋਲ ਬਿਠਾ ਕੇ ਕੁਝ ਸਮਝਾ ਰਹੇ ਸਨ..ਦੋਵੇਂ ਕਿੰਨੀ ਦੇਰ ਤੱਕ ਬੰਦ ਕਮਰੇ ਵਿਚ ਬੈਠੇ ਰਹੇ..ਉਸ ਦਿਨ ਦੋਹਾਂ ਨੇ ਇੱਕਠਿਆਂ ਬੈਠ ਰੋਟੀ ਵੀ ਖਾਦੀ!
ਭਾਪਾ ਜੀ ਨੂੰ ਉਸ ਦਿਨ ਪਹਿਲੀ ਵੇਰ ਦੁਪਹਿਰ ਵੇਲੇ ਸੁਖਮਣੀ ਸਾਬ ਦਾ ਪਾਠ ਕਰਦਿਆਂ ਵੇਖ ਮੈਨੂੰ ਕਾਫੀ ਤਸੱਲੀ ਹੋਈ..ਸ਼ਾਇਦ ਸ਼ੁਕਰਾਨਾ ਕਰ ਰਹੇ ਸਨ..ਉਸ ਵਾਹਿਗੁਰੂ ਦਾ..ਕਿਸੇ ਆਪਣੇ ਨੇ ਪਹਿਲੀ ਵੇਰ ਮੋਢਿਆਂ ਤੇ ਪਿਆ ਵੱਡਾ ਸਾਰਾ ਭਾਰ ਜੂ ਵੰਡਾ ਲਿਆ ਸੀ..!
ਵਾਕਿਆ ਹੀ ਆਸ ਪਾਸ ਲੱਗੀ ਅੰਨੇਵਾਹ ਭੱਜਦੌੜ ਵਿਚ ਜਦੋਂ ਪਲੇਠੀ ਦੀ ਵੱਡੀ ਔਲਾਦ ਆਪਣੇ ਨਿੱਕੇ ਭੈਣ ਭਰਾਵਾਂ ਦੀ ਜੁੰਮੇਵਾਰੀ ਚੁੱਕਣੀ ਆਰੰਭ ਕਰ ਦੇਵੇ ਤਾਂ ਜੰਮਣ ਵਾਲਿਆਂ ਦੇ ਕਮਜ਼ੋਰ ਹੋ ਗਏ ਮੋਢੇ ਅਤੇ ਹਲਕੀਆਂ ਪੈ ਗਈਆਂ ਰੂਹਾਂ ਕਾਫੀ ਰਾਹਤ ਮਹਿਸੂਸ ਕਰਦੀਆਂ ਨੇ..!
ਪਰ ਅਜੋਕੀ ਤ੍ਰਾਸਦੀ ਇਹ ਹੈ ਕੇ ਸਰਫ਼ੇ ਦੀਆਂ ਔਲਾਦਾਂ ਦੇ ਮਨਾਂ ਤੇ ਭਾਰੂ ਹੋ ਗਏ ਪਦਾਰਥਵਾਦ ਦੇ ਵੱਡੇ ਦੈਂਤ ਨੂੰ ਹੁਣ ਰਿਸ਼ਤੇ ਜੁੰਮੇਵਾਰੀਆਂ ਦਿਸਣੋਂ ਹਟ ਗਈਆਂ ਨੇ ਅਤੇ ਉਹ ਸਿਰਫ ਤੇ ਸਿਰਫ ਅੱਗੇ ਵਧਣਾ ਹੀ ਜਾਣਦਾ ਏ..ਇਸ ਲਈ ਭਾਵੇਂ ਆਪਣਿਆਂ ਦੇ ਸਿਰਾਂ ਤੇ ਪੈਰ ਹੀ ਕਿਓਂ ਨਾ ਰਖਣੇ ਪੈ ਜਾਣ..!
ਹਰਪ੍ਰੀਤ ਸਿੰਘ ਜਵੰਦਾ