ਖੁਸ਼ੀਆਂ ਨੂੰ ਗ੍ਰਹਿਣ
ਕੇਰਲਾ ਸ੍ਟੇਟ ਵਿਚ ਪੜ੍ਹਾਈ ਦੌਰਾਨ ਇੱਕ ਦਿਨ ਮੇਰਾ ਤੇ ਸਾਥੀ ਦੋਸਤ ਨਿਸ਼ਾਨ ਕੁਲਦੀਪ ਦਾ ਪ੍ਰੋਗਰਾਮ ਬਣਿਆ ਕੇ ਕੋਚੀਨ ਫਿਲਮ ਦੇਖਣ ਜਾਇਆ ਜਾਵੇ।ਅਮਿਤਾਭ ਦੀ ਫਿਲਮ ਸ਼ਹਿਨਸ਼ਾਹ ਲਗੀ ਹੋਈ ਸੀ ਅਤੇ ਸਾਡੀ ਰੋਟੀ ਹਰਾਮ ਹੋਈ ਪਈ ਸੀ।ਜਦੋਂ ਤੱਕ ਨਵੀ ਫਿਲਮ ਦੇਖ ਨਹੀਂ ਲੈਂਦੇ ਉਦੋਂ ਤੱਕ ਸਾਨੂੰ ਕਬਜੀ ਦੀ ਸ਼ਿਕਾਇਤ ਰਹਿੰਦੀ।ਉੱਠਦੇ ਬੈਠਦੇ ਖਾਂਦੇ ਪੀਂਦੇ ਸਾਨੂੰ ਫ਼ਿਲ੍ਮ ਦੇਖਣ ਦੀ ਖ਼ੁਰਕ ਹੋਈ ਜਾਂਦੀ।ਫਿਲਮ ਲੱਗੀ ਨੂੰ ਵੀ 7 ਦਿਨ ਹੋ ਗਏ ਸਾਨੂੰ ਚਿੰਤਾ ਘੁਣ ਵਾਂਗੂੰ ਖਾਈ ਜਾ ਰਹੀ ਸੀ ਕਿੱਤੇ ਫਿਲਮ ਲੱਥ ਨਾ ਜਾਵੇ ਫੇਰ ਕੀ ਕਰਾਂਗੇ।ਉਹਨੀ ਦਿਨੀਂ ਮੋਬਾਈਲ, ਇੰਟਰਨੈੱਟ ਸੱਭ ਅਜੈ ਭਵਿੱਖ ਦੇ ਗਰਭ ਵਿੱਚ ਸਨ ਅਤੇ ਟੈਲੀਫੋਨ ਵੀ ਕਿਸੇ ਵੱਡੇ ਹੋਟਲ ਵਿੱਚ ਮਿਲਦਾ ਸੀ।ਜਿਸ ਨੂੰ ਕੰਨ ਨਾਲ ਲਾ ਕੇ ਫੋਟੋ ਖਿਚਾ ਕੇ ਬੜਾ ਸਕੂਨ ਪ੍ਰਾਪਤ ਹੁੰਦਾ।ਚੱਲੋ ਜੀ ਅਸੀਂ ਦੋਂਵੇਂ ਜਣੇ ਪੜ੍ਹਾਈ ਨੂੰ ਪਿੱਠ ਦਿਖਾ ਕੋਈ ਜੁਗਾੜ ਕਰ ਕੇ 45 ਮੀਲ ਦੂਰ ਕੋਚੀਨ ਫ਼ਿਲ੍ਮ ਦੇਖਣ ਚਲੇ ਗਏ।ਪੂਰਾ ਪੈਸਾ ਵਸੂਲ ਹੋਇਆ ਫਿਲਮ ਘੈਂਟ ਸੀ।ਨਿਸ਼ਾਨ ਕੁਲਦੀਪ ਵਾਰ ਫਿਲਮ ਦਾ ਡਾਇਲਾਗ “ਰਿਸ਼ਤੇ ਮੈਂ ਤੋਂ ਹਮ ਬਾਪ ਹੋਤੇ ਹੈ’ ਦੂਹਰਾ ਕੇ ਖੁਸ਼ ਹੋ ਰਿਹਾ ਸੀ।ਅਸੀਂ ਬੱਸ ਰਾਂਹੀ ਵਾਪਸੀ ਦੀ ਯਾਤਰਾ ਕਰਨੀ ਸੀ ਕੇ ਸਮਾਂ ਬਦਲਿਆ ਅਤੇ ਸਾਡੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ। ਅਚਨਚੇਤ ਨਿਸ਼ਾਨ ਕੂਲਦੀਪ ਨੂੰ ਵੱਖਰੀ ਖ਼ੁਰਕ ਹੋਈ ਕੇ ਆਪਾਂ ਦਾਰੂ ਪੀਏ।ਲੰਡੇ ਨੂੰ ਮੀਣੇ ਵਾਂਗੂੰ ਨਾਂਹ ਅਸੀਂ ਵੀ ਨਹੀਂ ਕੀਤੀ।ਸ਼ਾਮ ਦਾ ਸਮਾਂ ਅਸੀਂ “ਅਰਕ’ ਨਾਮ ਦੀ ਸ਼ਰਾਬ ਦੀ ਬੋਤਲ ਲਈ ਅਤੇ ਰੇਲਵੇ ਸਟੇਸ਼ਨ ਵਾਲ਼ੇ ਬੱਸ ਅੱਡੇ ਤੋਂ ਅੱਧਾ ਕੁ ਮੀਲ ਨਾਲ ਹੀ ਬਣੇ ਅਹਾਤੇ ਵਿਚ ਸੱਜ ਕੇ ਬੈਠ ਗਏ।ਮੈਂ ਬੈਠ ਚੁੱਕਾ ਸੀ ਅਤੇ ਦੋਸਤ ਪਿੱਛੇ ਹੱਥ ਵਿੱਚ ਬੋਤਲ ਫੜੀ ਆ ਰਿਹਾ ਸੀ।ਕੇ ਇੰਨੇ ਨੂੰ ਅਹਾਤੇ ਦੀ ਇਕ ਨੁਕਰੋਂ ਸੜਿਆ ਜਿਹਾ ਹੱਡੀਆ ਦੀ ਮੁੱਠੀ ਮਲਿਆਲੀ ਸ਼ਰਾਬੀ ਉੱਠਿਆ ਅਤੇ ਨਿਸ਼ਾਨ ਕੁਲਦੀਪ ਦੀ ਪੱਗ ਬੱਝੀ ਦੇਖ ਕੇ ਚੀਖਦਾ ਹੋਇਆ ਉਸਦੇ ਵੱਲ ਨੂੰ ਉਲਰਿਆ”ਤ ਤ ਤੁਸੀਂ ਸ ਸ ਸਾਡੀ ਗਾਂਧੀ ਮਾਰ ਤੀ”ਉਹ ਦੋਸਤ ਦੀ ਪੱਗ ਲਾਹੁਣ ਹੀ ਵਾਲਾ ਸੀ ਕੇ ਮੈਂ...
ਬਾਜ ਝਪਟਾ ਮਾਰ ਕੇ ਉਸਨੂੰ ਧੱਕਾ ਮਾਰ ਕੇ ਹੇਠਾਂ ਸੂਟ ਦਿੱਤਾ।ਬੱਸ ਉਹ ਦਸ ਬਾਰਾਂ ਜਣੇ ਸਾਨੂੰ ਇਕੱਠੇ ਹੋ ਕੇ ਪੈਣ ਹੀ ਲੱਗੇ ਸਨ ਕੇ ਮੈਂ ਆਪਣਾ ਗੁੱਟ ਛੁਡਾ ਦੋਸਤ ਨੂੰ ਉਥੋਂ ਦੌੜਨ ਲਈ ਲਲਕਾਰਿਆ ਅਤੇ ਅਸੀਂ ਜਾਨ ਦਾ ਖਤਰਾ ਦੇਖ ਫਰਾਰੀ ਕਾਰ ਵਾਂਗੂੰ ਸਕਿੰਟਾਂ ਵਿਚ ਫੁੱਲ ਸਪੀਡ ਫੜ੍ਹ ਲਈ।ਅਸੀਂ ਬਦ ਹਵਾਸ਼ ਅਤੇ ਬਿਨਾਂ ਕਿਸੇ ਰਸਤੇ ਦੀ ਜਾਣਕਾਰੀ ਤੋਂ ਵਿੰਗੇ ਟੇਢੇ ਰਸਤਿਆਂ ਤੇ ਦੌੜਦੇ ਮੋੜ ਕੱਟਦੇ ਰਹੇ।ਭਗਵਾਨ ਦੀ ਕ੍ਰਿਪਾ ਨਾਲ ਉੱਥੇ ਮੋੜ ਵੀ ਕਾਫੀ ਆਏ।ਪਰ ਅਸੀਂ ਪਿੱਛੇ ਦੇਖਣਾ ਵੀ ਮੁਨਾਸਿਬ ਨਹੀਂ ਸਮਝਿਆ ਕਿਉਂਕਿ ਪਿੱਛੇ ਪਈ ਭੀੜ ਕੋਲ ਛੋਟੇ ਛੋਟੇ ਦਾਤਰ ਵੀ ਸਨ ਜੋ ਉਹਨਾਂ ਦਰੱਖਤਾਂ ਨੂੰ ਛਾਂਗਣ ਲਈ ਰੱਖੇ ਹੁੰਦੇ ਅਤੇ ਬਲੇਡ ਵਾਂਗੂੰ ਤੇਜ।ਕਾਫੀ ਦੋੜਨ ਬਾਅਦ ਅਸੀਂ ਇਕ ਆਟੋ ਵਿਚ ਬੈਠ ਆਪਣੇ ਆਪ ਨੂੰ ਲੁਕਾਉਂਦੇ ਹੋਏ ਬੱਸ ਅੱਡੇ ਦਾਖਲ ਹੁੰਦਿਆਂ ਸਾਰ ਬੱਸ ਵਿੱਚ ਬੈਠ ਗਏ ਅਤੇ ਆਸ ਪਾਸ ਦਾ ਨਿਰੀਖਣ ਕਰਦੇ ਰਹੇ।1988 ਦੇ ਸਾਲ ਅਗਰ ਉਸ ਭੀੜ ਦੇ ਕਾਬੂ ਆ ਜਾਂਦੇ ਤਾਂ ਕਹਾਣੀ ਖਤਮ ਸੀ।15 ਮਿੰਟ ਬਾਅਦ ਬੱਸ ਚੱਲੀ ਅਤੇ ਸ਼ਹਿਰੋਂ ਬਾਹਰ ਹੋਈ ਤਾਂ ਸਾਨੂੰ ਸੁਖ ਦਾ ਸਾਹ ਆਇਆ।ਪਰ ਨਾ ਅਸੀਂ ਪੱਗ ਲੱਥਣ ਦਿੱਤੀ ਨਾ ਸ਼ਰਾਬ ਦੀ ਬੋਤਲ ਹੀ ਸੁਟੀ।ਫੇਰ ਰਸਤੇ ਵਿਚ ਅਲਵੇ ਨਾਮ ਦੇ ਸ਼ਹਿਰ ਉੱਤਰ ਕੇ ਦਾਰੂ ਪਾਰਟੀ ਕੀਤੀ ਜੋ ਸਾਡੇ ਹੋਸਟਲ ਤੋੰ 10 ਕੁ ਮੀਲ ਦੂਰ ਸੀ ਅਤੇ ਆਪਣੀ ਬਹਾਦਰੀ ਦੀਆਂ ਫੁਕਰੀਆ ਮਾਰਦੇ ਆਟੋ ਰਾਂਹੀ ਹੋਸਟਲ ਪੁੱਜੇ।ਅੱਜ ਵੀ ਉਹ ਵੇਲਾ ਯਾਦ ਕਰਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਕੇ ਕਿੰਵੇ ਅਕਾਲ ਪੁਰਖ ਦੀ ਕ੍ਰਿਪਾ ਸਦਕਾ ਜਿੰਦਗੀ ਬੱਚ ਗਈ ਵਰਨਾ ਅਸੀਂ ਭੀੜ ਤੋਂ ਸਿਰ੍ਫ ਅੱਧਾ ਕਿਲੋ ਮੀਟਰ ਦੇ ਦਾਇਰੇ ਵਿੱਚ ਮੌਜੂਦ ਸਾਂ।ਅਤੇ ਇੰਨੀ ਭੀੜ ਨੂੰ ਅਣਜਾਣ ਸ਼ਹਿਰ ਵਿਚ ਗੁਰੂ ਦੀ ਕ੍ਰਿਪਾ ਤੋਂ ਬਿਨਾਂ ਝਕਾਨੀ ਦੇਣੀ ਔਖੀ ਗੱਲ।
ਚੰਨਣ ਸਿੰਘ ਹਰਪੁਰਾ ਸੀਏਟਲ ਤੋੰ