More Punjabi Kahaniya  Posts
ਕੁਦਰਤਿ ਦੇ ਰੰਗ


💐ਕੁਦਰਤਿ ਦੇ ਰੰਗ💐
ਸ਼ਿੰਦਾ ਬਾਹਰ ਆਪਣੇ ਦੋਸਤਾਂ ਨਾਲ਼ ਖੜ੍ਹਿਆ ਗੱਪਾਂ ਮਾਰ ਰਹਿਆ ਸੀ। ਅੰਦਰੋਂ ਅਵਾਜ ਆਈ,ਵੇ ਸ਼ਿੰਦੇ! “ਬੱਸ ਕਰ ਗਾਲੜ੍ਹੀਏ ਹੁਣ” ਆਕੇ ਰੋਟੀ ਖਾਣੀ ਕਿ ਨਹੀਂ।ਬੱਸ ਬਹੁਤ ਹੋ ਗਈਆਂ ਤੇਰੀ ਫੌਜ ਦੀਆਂ ਗੱਲਾਂ ਆਜਾ ਹੁਣ ਜਲਦੀ।ਸ਼ਿੰਦੇ ਦਾ ਇੱਕੋ-ਇੱਕ ਸੁਪਨਾ ਸੀ ਓਹੋ ਸੀ ਆਰਮੀ ਵਿੱਚ ਭਰਤੀ ਹੋਣ ਦਾ। ਰਾਣੋ ਦਾ ਸੁਭਾਅ ਸ਼ੁਰੂ ਤੋਂ ਹੀ ਥੋੜ੍ਹਾ ਤਲਖੀ ਵਾਲ਼ਾ ਜਰੂਰ ਸੀ,ਪਰ ਅੰਦਰੋਂ ਦਿਲ ਰੂੰ ਦੀ ਤਰ੍ਹਾਂ ਨਰਮ ਸੀ।ਉਸਨੇ ਘਰ ਨੂੰ ਘਰ ਬਣਾਉਣਾ ਲਈ ਆਪਣੀ ਸਿਹਤ ਤੱਕ ਨੂੰ ਰੋਗੀ ਬਣਾ ਲਿਆ ਸੀ।ਜਿਆਦਾ ਕੰਮ ਕਰਨ ਕਰਕੇ ਗੋਡੇ ਜਵਾਬ ਦੇਣ ਲੱਗੇ ਸਨ। ਫੇਰ ਵੀ ਓਹੋ ਬਿਨ੍ਹਾਂ ਅੱਕੇ ਥੱਕੇ ਕੰਮ ਵਿੱਚ ਰੁੱਝੀ ਰਹਿੰਦੀ। ਕਰਮੇ ਨੇ ਤਾਂ ਜਿਵੇੰ ਸੌਹ ਹੀ ਖਾ ਲਈ ਸੀ ਕਿ ਕੰਮ ਕਰਨਾ ਹੀ ਨੀ ਚਾਹੇ ਜੋ ਹੋ ਜਾਵੇ। ਪਹਿਲਾਂ ਆਪਣੇ ਮਾਂ-ਬਾਪ ਦੀ ਕਮਾਈ ਤੇ ਪਲ਼ਿਆ,ਵਿਆਹ ਤੋਂ ਬਾਅਦ ਰਾਣੋ ਨੇ ਹੀ ਘਰ ਦੀ ਜਿੰਮੇਵਾਰੀ ਸਾਂਭ ਲਈ ਸੀ।ਰਾਣੋ ਨੂੰ ਬੱਸ ਇੱਕੋ ਹੌਂਸਲਾ ਸੀ ਆਪਣੇ ਪੁੱਤ ਸ਼ਿੰਦੇ ਦਾ । ਸੋਚਦੀ ਵੀ ਰਹਿੰਦੀ ਕਿ ਮੇਰੇ ਪੁੱਤ ਨੂੰ ਨਾ ਮੇਰੇ ਵਾਂਙੂੰ ਘੱਟਾ ਢੋਣਾ ਪਵੇ।ਇਹ ਸੋਚਦੀ ਫ਼ਿਕਰਾ ਦੇ ਸਮੁੰਦਰ ਵਿੱਚ ਡੁੱਬ ਜਾਂਦੀ। ਘਰ ਵਿੱਚ ਦੁੱਧ ਵਾਲ਼ੀ ਇੱਕ ਮੱਝ ਤੇ ਇੱਕ ਕੱਟੀ ਰੱਖੀ ਹੋਈ ਸੀ। ਮੱਝ ਦੇ ਦੁੱਧ ਨਾਲ਼ ਘਰਦੀ ਆਈ-ਚਲਾਈ ਠੀਕ ਚਲਦੀ ਸੀ। ਸ਼ਿੰਦੇ ਨੇ ਇਸ ਸਾਲ ਬਾਰਵੀਂ ਪਾਸ ਕਰ ਲਈ ਸੀ ਪਰ ਨੰਬਰ ਕੋਈ ਜਿਆਦਾ ਚੰਗੇ ਨੀ ਸੀ ਆਏ। ਫੇਰ ਵੀ ਮਾਂ ਦੀ ਖੁਸ਼ੀ ਦੀ ਕੋਈ ਹੱਦ ਨੀ ਸੀ ਕਿ ਉਸਦੇ ਪੁੱਤ ਨੇ ਬਾਰਵੀਂ ਪਾਸ ਕਰ ਲਈ ਏ।ਹੁਣ ਘਰ ਵਿੱਚ ਕੀ ਕੰਮ ਕਰਨਾ ਜਾਂ ਕਰਵਾਉਣਾ ਏ ਮਾਂ-ਪੁੱਤ ਹੀ ਸਲਾਹ-ਮਸ਼ਵਰਾ ਕਰਦੇ ਸਨ।ਰਾਣੋ ਨੇ ਕਰਮੇ ਨਾਲ਼ ਹੁਣ ਲੜ੍ਹਨਾਂ ਵੀ ਛੱਡ ਦਿੱਤਾ ਸੀ, ਪੁੱਤ ਦਾ ਸਹਾਰਾ ਜੋ ਮਿਲ ਗਿਆ ਸੀ। ਉਨ੍ਹਾਂ ਨੂੰ ਪਤਾ ਸੀ ਕਿ ਬਾਪੂ ਨੇ ਨਾ ਸਾਡੀ ਸੁਣਨੀ ਏ,ਨਾ ਉਨ੍ਹਾਂ ਕੋਈ ਕੰਮ ਦਾ ਡੱਕਾ ਤੋੜ੍ਹਨਾ ਏ।ਕਰਮੇ ‘ਚ ਜਿੱਥੇ ਬਹੁਤ ਸਾਰੇ ਐਬ ਸੀ,ਓਥੇ ਚੰਗਾ ਇਹ ਸੀ ਕਿ ਓਹੋ ਨਸ਼ਾ ਕਰਕੇ ਨਾ ਲੜ੍ਹਦਾ, ਨਾ ਹੀ ਘਰਦੇ ਕਿਸੇ ਕੰਮ ਵਿੱਚ ਲੱਤ ਅੜਾਂਉਦਾ। ਸ਼ਿੰਦਾ ਮਾਂ ਨੂੰ ਕਹਿੰਦਾ ਸੀ ਮਾਂ ਮੇਰੇ ਕੋਲ਼ ਸਿਰਫ਼ ਇੱਕ ਰਾਸਤਾ ਏ “ਫ਼ੌਜੀ ਬਣਨ ਦਾ” ਨਹੀਂ ਤੇ ਸਿਰਤੋਂ ਬੱਠਲ ਨੀ ਉੱਤਰਨਾ। ਰਾਣੋ ਸਮਝਾਉਂਦੀ ਰਹਿੰਦੀ ਪੁੱਤ ਚੰਗੀ ਨੀਤ ਨਾਲ਼ ਮਿਹਨਤ ਕਰ ਸਭ ਹੋ ਜਾਉ। ਜੇ ਨਾ ਵੀ ਹੋਊ ‘ਕੁਦਰਤਿ ਦੇ ਰੰਗ’ਨੇ ਫੇਰ ਦੇਖੀ ਜਾਉ ਕੋਈ ਨਾ ਕੋਈ ਰਾਸਤਾ ਖੁਲ੍ਹ ਜਾਉ। ਰਾਣੋ ਕਈ ਬਾਰ ਬੈਠੀ-ਬੈਠੀ ਸੋਚੀਂ ਪੈ ਜਾਂਦੀ ਕਿ ਸ਼ਿੰਦਾ ਸ਼ੁਰੂ ਤੋਂ ਗੱਲਾਂ ਨੂੰ ਦਿਲ ਤੇ ਲਗਾਉਣ ਵਾਲ਼ਾ ਏ,ਸੋਚਦੀ ਜੇ ਇਹ ਫ਼ੌਜੀ ਨਾ ਬਣਾਇਆ ਫੇਰ! ਇਹ ਸੋਚਕੇ ਤ੍ਰਭਕ ਜਾਂਦੀ ਕਿ ਕੁਝ ਕਰ ਹੀ ਨਾ ਲਵੇ।ਸ਼ਿੰਦੇ ਨੇ ਬਹੁਤ ਸਮੇਂ ਤੋਂ ਤਿਆਰੀ ਸ਼ੁਰੂ ਕੀਤੀ ਹੋਈ ਸੀ,ਇਹ ਉਸਦੀ ਲਾਸਟ ਭਰਤੀ ਸੀ। ਫੇਰ ਉਸਦੀ ਉਮਰ ਨਹੀਂ ਸੀ ਆਉਣੀ। ਇੰਤਜ਼ਾਰ ਦੇ ਦਿਨ ਖਤਮ ਹੋਏ ਤੇ ਭਰਤੀ ਦਾ ਦਿਨ ਆ ਚੁੱਕਿਆ ਸੀ। ਰਾਣੋ ਸਵੇਰੇ ਗੁਰੂਘਰ ਮੱਥਾ ਟੇਕ ਆਈ,ਜਿੰਨੇ ਵੀ ਦੇਵੀ-ਦੇਵਤੇ ਉਸਨੇ ਨਾਮ ਵੀ ਸੁਣੇ ਸੀ,ਸਭਨੂੰ ਅਰਦਾਸਾਂ ਕੀਤੀਆਂ। ਮੇਰੇ ਪੁੱਤ ਦੀ ਮਿਹਨਤ ਪੱਲੇ ਪੈ ਜਾਵੇ। ਸ਼ਿੰਦਾ ਸਰੀਰ ਪੱਖੋਂ ਕਮਜ਼ੋਰ ਨਹੀਂ ਸੀ ਮਜਬੂਰੀਆਂ ਵਾਲ਼ੀ ਖੁਰਾਕ ਹੱਡਾ ਨੂੰ ਪੱਥਰ ਦੇ ਜੋ ਬਣਾ ਦਿੰਦੀ ਏ। ਦੌੜ ਵਿੱਚੋਂ ਪਹਿਲੇ ਨੰਬਰ ਤੇ ਹੀ ਆਉਂਦਾ ਸੀ। ਅਗਲੇ ਦਿਨ ਡਾਕਟਰੀ ਵੀ ਹੋ ਗਈ। ਪੇਪਰ ਲਈ ਉਸਨੂੰ ਜੋ ਸਮਾਂ ਮਿਲਿਆ,ਘਰਦੇ ਕੰਮਾਂ ਨਾਲ਼-ਨਾਲ਼ ਪੜ੍ਹਾਈ ਵੀ ਪੂਰੀ ਮਿਹਨਤ ਨਾਲ਼ ਕੀਤੀ। ਨਤੀਜ਼ਾ ਆਇਆ ਤੇ ਉਸ ਵਿੱਚ ਸ਼ਿੰਦਾ 1 ਨੰਬਰ ਤੋਂ ਰਹਿ ਗਿਆ। ਉਸਦਾ ਦਿਲ,ਦਿਮਾਗ ਸੁੰਨ ਹੋ ਚੁੱਕਿਆ ਸੀ। ਉਸਨੂੰ ਲੱਗਾ ਜਿਵੇੰ ਕਿਸੇ ਨੇ ਧੱਕੇ ਨਾਲ਼ ਉਸਦੇ ਸਿਰਤੇ ਬੱਠਲ ਰੱਖ ਦਿੱਤਾ...

ਹੋਵੇ। ਸ਼ਿੰਦੇ ਨੂੰ ਉਸਦੀ ਮਾਂ ਰੋਜ਼ ਸਮਝਾਉਂਦੀ ਕਿ ਪੁੱਤ ਰੱਬ ਸਭ ਠੀਕ ਕਰੁ,ਤੂੰ ਹਿੰਮਤ ਨਾ ਹਾਰੀਂ। ਕੁਝ ਦਿਨ ਲੰਘੇ ਪਰ ਸ਼ਿੰਦੇ ਨੂੰ ਹਜੇ ਵੀ ਸਿਰਤੇ ਪਿਆ ਭਾਰ ਮਹਿਸੂਸ ਹੁੰਦਾ ਰਿਹਾ। ਉਸਨੇ ਸੋਚਿਆ ਐਸੀ ਜਿੰਦਗੀ ਨਾਲ਼ੋਂ ਮੌਤ ਕਿਤੇ ਚੰਗੀ ਏ। ਓਹੋ ਸ਼ਾਮ ਜੀ ਨੂੰ ਤੁਰ ਪਿਆ ਗੱਡੀ ਦੀ ਲਾਇਨ ਵੱਲ ਨੂੰ। ਓਥੇ ਬੈਠ ਗੱਡੀ ਦਾ ਇੰਤਜ਼ਾਰ ਕਰਨ ਲੱਗਾ। ਥੋੜ੍ਹੇ ਸਮੇਂ ਬਾਅਦ ਜਦੋਂ ਯਾਦ ਆਇਆ ਕਿ ਪਰਸ ਨਾਲ਼ ਹੀ ਆ ਗਿਆ। ਇਹ ਤਾਂ ਘਰ ਰੱਖ ਆਉਂਦਾ ,ਮਾਂ ਲਈ ਇਹ ਪੈਸੇ ਬਾਅਦ ਵਿੱਚ ਕੰਮ ਆਉਂਦੇ। ਪਰਸ ਖੋਲ੍ਹਿਆ ਤੇ ਮਾਂ ਦੀ ਫ਼ੋਟੋ ਜੋ ਓਹੋ ਹਮੇਸ਼ਾ ਪਰਸ ਵਿੱਚ ਰਖਦਾ ਸੀ, ਉਸਨੂੰ ਦੇਖ ਮਹਿਸੂਸ ਕਰਨ ਲੱਗਾ,ਕਿ ਕਿਡਾ ਗੁਨਾਹ ਕਰਨ ਲੱਗਾ ਹਾਂ। ‘ਮਾਂ’ ਦੀਆਂ ਉਸਦੀ ਲੋਥ ਨੂੰ ਦੇਖ ਜੋ ਆਸਮਾਨ ਨੂੰ ਚੀਰਨ ਵਾਲੀਆਂ ਚੀਕਾਂ ਉਸਦੇ ਕੰਨਾਂ ਤੱਕ ਆਈਆਂ।ਉਸਦਾ ਹਿਰਦਾ ਅੰਦਰ ਤੱਕ ਝੰਝੋੜ੍ਹਿਆ ਗਿਆ।ਰੋਕਦੇ-ਰੋਕਦੇ ਵੀ ਭੁੱਬ ਨਿੱਕਲ ਗਈ।ਜਿੰਨੀ ਪੈਰੀਂ ਆਇਆ ਸੀ ਓਨੀ ਪੈਰੀਂ ਘਰਦਾ ਰਾਸਤਾ ਫੜ੍ਹ ਲ਼ਿਆ।ਆਉਂਦੇ ਹੀ ਮਾਂ ਦੇ ਗਲ਼ ਨੂੰ ਚਿੰਬੜਕੇ ਰੋਣ ਲੱਗਾ। ਮਾਂ ਦੇ ਹੰਝੂ ਪੁੱਤ ਦੇ ਹੰਝੂਆਂ ਨੂੰ ਦੇਖ ਪਰਲ-ਪਰਲ ਵਹਿਣ ਲੱਗੇ। ਬਹੁਤ ਬਾਰੀ ਪੁੱਛਣ ਤੇ ਵੀ ਸ਼ਿੰਦੇ ਨੇ ਨਹੀਂ ਦੱਸਿਆਂ ਕਿ ਗੱਲ ਕੀ ਹੋਈ ਏ, ਕਿਹਾ ਬੱਸ ਐਵੇਂ ਹੀ ਭਰਤੀ ਨਾ ਹੋਣ ਕਰਕੇ ਮਨ ਭਰ ਆਇਆ।ਥੋੜ੍ਹਾ ਸਮਾਂ ਗੁਜ਼ਰਿਆ ਤੇ ਡਾਕੀਆਂ ਆਇਆ, ਰਾਣੋ! ਭਾਈ ਤੁਹਾਡੇ ਮੁੰਡੇ ਦੀ ਚਿੱਠੀ ਆਈ ਆ।ਰਾਣੋ ਨੇ ਚਿੱਠੀ ਫੜੀ ਤੇ ਸੋਚਿਆ ਸ਼ਿੰਦਾ ਆਉਣ ਵਾਲ਼ਾ ਆਪੇ ਦੇਖਲੁ ਕਿਸਦੀ ਆ। ਜਦੋਂ ਆਇਆ ਰਾਣੋ ਨੇ ਦੱਸਿਆ ਭਾਈ ਤੇਰੀ ਕੋਈ ਚਿੱਠੀ ਆਈ ਏ ਦੇਖਲਾ ਮੰਜੇ ਤੇ ਪਈ ਆ। ਚਿੱਠੀ ਨੂੰ ਪੜ੍ਹ ਸ਼ਿੰਦੇ ਦਾ ਮੂੰਹ ਲਾਟਾਂ ਮਾਰ ਰਹਿਆ ਸੀ ਉਸਨੇ ਵਿਹੜ੍ਹੇ ਬੈਠੀ ਮਾਂ ਨੂੰ ਚੁੱਕ ਇੱਕ ਗੇੜਾ ਦੇ ਦਿੱਤਾ। ਵੇ ਕਮਲਿਆ ਹੋਇਆ ਕੀ ਤੈਨੂੰ ਦੱਸ ਤੇ ਸਹੀ।ਮਾਂ ਮੇਰੀ ਸਿਲੈਕਸ਼ਨ ਹੋਗੀ ਆਰਮੀ ਵਿੱਚ।ਦੂਸਰੀ ਲਿਸਟ ਚ ਆ ਗਿਆ ਮੇਰਾ ਨੰਬਰ। ਮਾਂ-ਪੁੱਤ ਲਿਪਟ ਅੱਜ ਵੀ ਰੋ ਰਹੇ ਸਨ । ਇਹ ਹੰਝੂ ਖੁਸ਼ੀ ਤੇ ਸਕੂਨ ਦੇ ਸਨ। ਸ਼ਿੰਦੇ ਦਾ ਪਿਉ ਘਰ ਆਇਆ ਪੁੱਤ ਦੀ ਨੌਕਰੀ ਲੱਗਣ ਦੀ ਉਸਾਨੂੰ ਬਹੁਤ ਖੁਸ਼ੀ ਸੀ।ਰਾਣੋ ਦੇ ਘਰ ਮਸਾਂ-ਮਸਾਂ ਖੁਸ਼ੀ ਦਿੱਤੀ ਸੀ, ਰੱਬ ਨੇ। ਤੈਨੂੰ ਕਹਿੰਦੀ ਸੀ ਨਾ ਪੁੱਤ ਕੁਦਰਤਿ ਦੇ ਰੰਗਾਂ ਦਾ ਕੋਈ ਪਤਾ ਨੀ ਲਗਦਾ। ਇਹ ਸੁਣ ਸ਼ਿੰਦਾ ਫੇਰ ਮਾਂ-ਬਾਪੂ ਨਾਲ਼ ਲਿਪਟਕੇ ਰੋਣ ਲੱਗ ਪਿਆ ਤੇ ਉਸ ਦਿਨ ਦੀ ਸਾਰੀ ਵਾਰਤਾ ਸੁਣਾ ਦਿੱਤੀ।ਮਾਂ ਪੁੱਤ ਨੂੰ ਰੋਂਦੀ ਰੋਂਦੀ ਚੁੰਮ ਰਹੀ ਸੀ ਹਾਏ ਵੇ ਪੁੱਤ,ਮੈਂ ਕੀ ਕਰਦੀ ਹਾਏ…ਮਸਾਂ ਹੀ ਸ਼ਿੰਦੇ ਨੇ ਮਾਂ ਨੂੰ ਸੰਭਾਲਿਆ,ਬਾਪ ਦਾ ਦਿਲ ਵੀ ਤੜਫ ਉੱਠਿਆ ਸੀ ਸ਼ਿੰਦੇ ਦੀ ਗੱਲ ਸੁਣਕੇ। ਲੱਗ ਰਹਿਆ ਸੀ ਜਿਵੇੰ ਇਨ੍ਹਾਂ ਦਾ ਆਖ਼ਰੀ ਰੋਣਾ ਸੀ ਅੱਜ ਹੀ ਜੀ ਭਰਕੇ ਰੋਣਾ ਹੋਵੇ।ਥੋੜ੍ਹੇ ਸਮੇਂ ਬਾਅਦ ਗੁਆਂਢੀ ਆਉਣ ਲੱਗੇ। ਵਧਾਈ ਦੇਣ ਵਾਲਿਆਂ ਦੀਆਂ ਲਾਈਨਾਂ ਲੱਗ ਗਈਆਂ।ਜਦੋਂ ਸ਼ਿੰਦੇ ਦੀ ਆਤਮਘਾਤ ਵਾਲ਼ੀ ਗੱਲ ਪਤਾ ਲੱਗੀ। ਸਾਰੇ ਕਹਿੰਦੇ ਜਾਣ ਸਭ ਨੂੰ ਸਬਕ ਲੈਣਾ ਚਾਹੀਦਾ ਏ। “ਕੁਦਰਤਿ ਦੇ ਰੰਗਾਂ” ਦਾ ਕੋਈ ਪਤਾ ਨੀ ਕਦੋੰ ਖੁਸ਼ੀਆਂ ਦੇ ਰਾਸਤੇ ਖੋਲ੍ਹ ਦੇਵੇ।ਅੱਜ ਸ਼ਾਮ ਦੀ ਰੋਟੀ ਖਾਂਦੇ ਸਮੇਂ ਰਾਣੋ,ਸ਼ਿੰਦੇ ਤੇ ਕਰਮੇ ਦੇ ਅੱਖਾਂ ਵਿੱਚ ਓਹੋ ਚਮਕ ਸੀ,ਜਿਸ ਨਾਲ਼ ਤਾਰਿਆਂ ਦੀ ਚਮਕ ਵੀ ਰਸ਼ਕ ਖਾ ਸਕਦੀ ਸੀ।
ਗੁਰਪ੍ਰੀਤ ਸਕੂਨ 🤕

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)