ਇਸ ਵਾਰ ਜਦ ਵੀਰਾ ਜਦ ਜੂਨ ਜੁਲਾਈ ਦੋ ਮਹੀਨੇ ਦੀਆਂ ਛੁੱਟੀ ਆਇਆ ਤਾਂ ਪ੍ਰੇਸ਼ਾਨ ਜਿਹਾ ਦਿਖ ਰਿਹਾ ਸੀ । ਮਾਂ ਨੇ ਕਿੰਨੇ ਵਾਰ ਪੁੱਛਿਆ ਕਿ ਜੇ ਬੰਗਲੌਰ ਨਹੀਂ ਦਿਲ ਲੱਗਦਾ ਤਾਂ ਛੱਡ ਦੇ ਨੌਕਰੀ ,ਇੱਥੇ ਕਿਤੇ ਲੱਗ ਜਾ ਕਿਤੇ , ਨਹੀਂ ਤਾਂ ਆਵਦੇ ਖੇਤੀ ਕਰਲਾ । ਵੀਰੇ ਨੇ ਮਾਂ ਨੂੰ ਗਲਵੱਕੜੀ ਪਾਉਂਦੇ ਹੋਏ ਕਿਹਾ ਕਿ ਨਹੀਂ ਮਾਂ , ਦਿਲ ਤਾਂ ਮੇਰਾ ਉੱਥੇ ਸਗੋਂ ਜਿਆਦਾ ਲੱਗਦਾ , ਘਰੇ ਆ ਕੇ ਤਾਂ ਵਿਹਲੇ ਬੈੱਡ ਤੇ ਬੈਠੇ ਰਹੀਦਾ… ਨਾਲੇ ਥੋਨੂੰ ਤੰਗ ਕਰਦਾ ਰਹਿੰਨਾ ਕਿ ਆਹ ਲਿਆ ਦੋ , ਉਹ ਲਿਆ ਦੋ …. ਉੱਥੇ ਵਧੀਆ ਆਵਦਾ ਕਰੀਦਾ ਤੇ ਵਾਧੂ ਘੁੰਮੀ ਫਿਰੀਦਾ । ਮਾਂ ਉਸਦੀ ਗੱਲ ਸੁਣ ਚੁੱਪ ਹੋ ਜਾਂਦੀ ਕਿ ਜਿੱਥੇ ਉਸਦੀ ਖੁਸ਼ੀ ਹੋਵੇ ਰਹਿ ਲਵੇ ।
ਇੱਕ ਸਵੇਰ ਉਹ ਉੱਠਿਆ ਤੇ ਮੈਨੂੰ ਕਹਿੰਦਾ ਕਿ ਨਿੱਕੀ ਸਿਰ ਦੁਖੀ ਜਾਂਦਾ ਨੱਪ ਦੇ …। ਮੈਂ ਝਾੜੂ ਲਗਾ ਰਹੀ ਸੀ ਤੇ ਵਿੱਚੇ ਛੱਡ ਕੇ ਸਿਰ ਨੱਪਣ ਲੱਗ ਗਈ ਤੇ ਵੀਰੇ ਨੂੰ ਕਿਹਾ ਕਿ ਸਿਰ ਦੁੱਖਦੇ ਦੀ ਗੋਲੀ ਲਿਆ ਕੇ ਦੇਵਾਂ । ਕਹਿੰਦਾ ਕਿ ਚਾਹ ਚੂ ਪੀ ਲਵਾਂ , ਨਿਰਣੇ ਕਾਲਜੇ ਨੀ ਲੈਂਦਾ … । ਗੋਲੀਆਂ ਕਿਹੜਾ ਚੰਗੀਆਂ ..ਉੱਥੇ ਵੀ ਰੋਜ਼ ਈ ਖਾਨਾ …। ਮੈਂ ਕਿਹਾ ਜਿਆਦਾ ਪਰੌਬਲਮ ਤਾਂ ਡਾਕਟਰ ਨੂੰ ਦਿਖਾ ਲਾ । ਡਾਕਟਰ ਦਾ ਨਾਮ ਸੁਣ ਕੇ ਬੈਂਡ ਤੋਂ ਖੜ੍ਹਾ ਹੋ ਕੇ ਕਹਿੰਦਾ , “ ਚੱਲ ਚਾਹ ਬਣਾ ਦੇ ਫਿਰ ਗੋਲੀ ਲੈ ਲਵਾਂਗੇ ਤੇ ਨਾਲੇ ਅੱਜ ਆਪਾਂ ਨਾਨਕੀਂ ਜਾ ਕੇ ਆਵਾਂਗੇ । ਮੈਂ ਚਾਹ ਬਣਾਈ ਤੇ ਵੀਰੇ ਨੇ ਚਾਹ ਪੀ ਕੇ ਗੋਲੀ ਲੈ ਲਈ । ਮੈਂ ਕੰਮ ਨਬੇੜ ਵੀਰੇ ਨਾਲ ਨਾਨਕੀਂ ਜਾਣ ਨੂੰ ਤਿਆਰ ਹੋ ਗਈ ।
ਪਿੰਡ ਟੱਪੇ ਸੀ ਕਿ ਵੀਰ ਆਖਣ ਲੱਗਾ ਕਿ ਨਿੱਕੀ ਪਹਿਲਾਂ ਆਪਾਂ ਮੈਡੀਕਲ ਚ ਜਾ ਆਈਏ । ਅਸੀਂ ਫ਼ਰੀਦਕੋਟ ਚਲੇ ਗਏ । ਮੈਡੀਕਲ ਪੁੱਜ ਵੀਰ ਨੇ ਕਿਹਾ ਕਿ ਤੂੰ ਕਾਰ ਚ ਹੀ ਬੈਠ ਜਾ ,ਮੈਂ ਆਇਆ ਦਸ ਮਿੰਟ ‘ਚ ।ਕਾਰ ਦੇ ਸ਼ੀਸ਼ੇ ਥੱਲੇ ਕਰ ਵੀਰਾ ਹਸਪਤਾਲ ਚਲਾ ਗਿਆ । ਵੀਰੇ ਨੇ ਡੇਢ ਘੰਟਾ ਲਗਾ ਦਿੱਤਾ । ਮੈਂ ਫੋਨ ਕੀਤਾ ਤੇ ਕਹਿੰਦਾ ਕਿ ਹੁਣੇ ਆਉਣਾ , ਕੋਈ ਕਾਲਜ ਵਾਲਾ ਦੋਸਤ ਮਿਲ ਗਿਆ ਸੀ ਇੱਥੇ । ਫੋਨ ਤੋਂ ਕੁਛ ਟਾਈਮ ਬਾਅਦ ਵੀਰਾ ਆਇਆ , ਹੱਥ ਚ ਕੋਈ ਲਿਫ਼ਾਫ਼ਾ ਸੀ ਤੇ ਮੈਂ ਵੀ ਨਾ ਪੁੱਛਿਆ ਕਿ ਕੀ ਏ । ਐਨਾ ਕੁ ਪੁੱਛਿਆ ਕਿ ਕੀ ਕਹਿੰਦਾ ਡਾਕਟਰ ? ਕਹਿੰਦਾ ਕਿ ਕੁਛ ਨੀ , ਮਾਈਗ੍ਰੇਨ ਪਰੌਬਲਮ ਏ । ਉਹਦੇ ਮੱਥੇ ਤੇ ਤ੍ਰੇਲੀ ਆਈ ਹੋਈ ਸੀ ਤੇ ਉਹਨੇ ਮੇਰੀ ਚੁੰਨੀ ਨਾਲ ਮੱਥਾ ਸਾਫ਼ ਕਰ ਲਿਆ । ਮੈਂ ਸੋਚਿਆ ਸ਼ਾਇਦ ਗਰਮੀ ਕਰਕੇ ਪਸੀਨਾ ਆ ਗਿਆ ਹੋਣਾ । ਅਸੀਂ ਨਾਨਕੀਂ ਗਏ ਤੇ ਮਿਲ ਕੇ ਮੁੜ ਆਏ ।
ਉਸ ਦਿਨ ਤੋਂ ਬਾਅਦ ਵੀਰ ਉੱਖੜਿਆ ਉੱਖੜਿਆ ਰਹਿਣ ਲੱਗਾ । 4 ਕੁ ਦਿਨ ਬਾਅਦ ਫਿਰ ਕਹਿੰਦਾ ਕਿ ਮੈਂ ਫ਼ਰੀਦਕੋਟ ਜਾ ਕੇ ਆਉਣਾ , ਡਾਕਟਰ ਨੇ ਕਿਹਾ ਸੀ ਕਿ ਦੋ ਤਿੰਨ ਵਾਰ ਦਵਾਈ ਖਾ ਲੈ ਲਗਾਤਾਰ , ਫਿਰ ਠੀਕ ਹੋਜੂ ਸਿਰ ਦਰਦ ਦੀ ਪਰੌਬਲਮ । ਦੋ ਤਿੰਨ ਵਾਰ ਉਹ ਫਿਰ ਇਕੱਲਾ ਗਿਆ ਤੇ ਮੁੜ ਆਉਂਦਾ । ਮੇਰੀ ਕਿਸੇ ਸਹੇਲੀ ਨੇ ਦੱਸਿਆ ਕਿ ਫ਼ਰੀਦਕੋਟ ਸਕਿਨ ਪਰੌਬਲਮ ਦੀ ਦਵਾਈ ਦਿੰਦੇ ਆ , ਫ਼ਿੰਨਸੀਆਂ ਤੇ ਦਾਗ਼ ਜਮ੍ਹਾ ਖ਼ਤਮ ਕਰ ਦਿੰਦੇ ਆ । ਮੈਂ ਵੀਰ ਨੂੰ ਕਿਹਾ ਕਿ ਹੁਣ ਫ਼ਰੀਦਕੋਟ ਗਿਆ ਤਾਂ ਮੈਨੂੰ ਵੀ ਨਾਲ ਲੈ ਜਾਈ । ਵੀਰ ਬੁੱਧਵਾਰ ਵਾਲੇ ਦਿਨ ਕਹਿੰਦਾ ਕਿ ਜਾਣਾ ਏ ਤਾਂ ਤਿਆਰ ਹੋਜਾ ਜਲਦੀ ਜਲਦੀ … ਆ ਕੇ ਮੈਂ ਕਿਸੇ ਦੋਸਤ ਦੀ ਜਾਗੋ ਤੇ ਜਾਣਾ । ਅਸੀਂ ਹਸਪਤਾਲ ਚਲੇ ਗਏ । ਪਰਚੀ ਕਟਾ ਚਮੜੀ ਵਾਲੇ ਡਾਕਟਰ ਦੇ ਬਾਹਰ ਲੱਗੀਆਂ ਕੁਰਸੀਆਂ ਤੇ ਬਿਠਾ ਵੀਰ ਆਪ ਇਹ ਕਹਿ ਕੇ ਚਲਾ ਗਿਆ ਕਿ ਮੈਂ ਵੀ ਦਵਾਈ ਲੈ ਆਵਾਂ … ਉਹ ਸਾਹਮਣੇ ਵਾਰਡ ਚ ਆ । ਮੈਂ ਦਵਾਈ ਲਿਖਵਾ ਲਈ ਤੇ ਵੀਰ ਨੂੰ ਉਸ ਵਾਰਡ ਚ ਜਾ ਲੱਭਣ ਲੱਗੀ । ਇੱਧਰ ਉੱਧਰ ਦੇਖਣ ਤੋਂ ਬਾਅਦ ਜਦ ਵੀਰ ਨਾ ਮਿਲਿਆ ਤਾਂ ਉੱਥੇ ਕੁਰਸੀ ਤੇ ਬੈਠ ਗਈ । ਮੇਰੇ ਨਾਲ ਇੱਕ ਭਾਰੇ ਸਰੀਰ...
ਦੀ ਮਾਂ ਦੀ ਉਮਰ ਦੀ ਔਰਤ ਬੈਠੀ ਸੀ ਤੇ ਉਹ ਮੇਰੇ ਨਾਲ ਗੱਲਬਾਤ ਕਰਨ ਲੱਗੀ । ਮੈਂ ਉਹਨੂੰ ਦੱਸਿਆ ਕਿ ਮੇਰਾ ਵੀਰ ਇਸ ਵਾਰਡ ਚ ਆਇਆ , ਲੱਭਿਆ ਨਹੀਂ .. ਉਹਨੂੰ ਮਾਈਗ੍ਰੇਨ ਪਰੌਬਲਮ ਏ । ਉਹ ਔਰਤ ਅੱਖਾਂ ਵੱਡੀਆਂ ਕਰ ਮੇਰੇ ਵੱਲ ਦੇਖਣ ਲੱਗੀ ਤੇ ਇਹ ਕੈਂਸਰ ਵਾਰਡ ਏ , ਤੇਰਾ ਵੀਰ ਇੱਥੇ ਨੀ ਹੋਣਾ । ਹਾਲੇ ਐਨਾ ਕਹਿ ਕੇ ਹੀ ਹਟੀ ਸੀ ਕਿ ਵੀਰ ਉੱਥੇ ਮੇਰੇ ਕੋਲ ਆਇਆ ਤੇ ਕਹਿੰਦਾ ਚੱਲ ਚੱਲੀਏ । ਮੇਰੇ ਮੂੰਹ ਚ ਕੋਈ ਸ਼ਬਦ ਨਹੀਂ ਸੀ ।
ਕਾਰ ਤੀਕ ਆਉਂਦੇ ਆਵਦੇ ਸਰੀਰ ਦਾ ਭਾਰ ਨਹੀਂ ਸੀ ਚੁੱਕਿਆ ਜਾ ਰਿਹਾ ਤੇ ਗੱਡੀ ਚ ਬੈਠ ਮੇਰੇ ਮੱਥੇ ਤੇ ਤਰੇਲੀ ਆ ਗਈ ਸੀ । ਵੀਰ ਨੇ ਕਿਹਾ ਕਿ ਕੀ ਹੋਇਆ , ਘਾਬਰੀ ਕਿਉਂ ਪਈ ਏ ਤੇ ਨਾਲ ਹੀ ਉਹਨੇ ਮੇਰੀ ਚੁੰਨੀ ਨਾਲ ਮੇਰੇ ਮੱਥੇ ਦੀ ਤ੍ਰੇਲੀ ਪੂੰਝ ਦਿੱਤੀ । ਮੈਂ ਕਿਹਾ ਕਿ ਝੂਠ ਨਾ ਬੋਲੀ ਵੀਰੇ ਜੇ ਕੁਛ ਪੁੱਛਾਂ ? ਉਹ ਕਹਿੰਦਾ ਕਿ ਹਾਂ ਦੱਸ ? ਮੈਂ ਕਿਹਾ ਕਿ ਕੀ ਆਇਆ ਸੀ ਉਸ ਦਿਨ ਰਿਪੋਰਟ ਚ ? ਕਹਿੰਦਾ ਕਿ ਜੇ ਹੁਣ ਪਤਾ ਲੱਗ ਗਿਆ ਏ ਤਾਂ ਦੱਸ ਦਿੰਨਾ … ਜਦੋਂ ਬੰਗਲੌਰ ਤੋਂ ਪਿੰਡ ਆਉਂਦਾ ਸੀ ਉਸ ਦਿਨ ਮੈਡੀਕਲ ਗਿਆ ਸੀ ਤੇ ਸੈਂਪਲ ਦੇ ਕੇ ਆਇਆ ਸੀ ਆਪਣੇ ਟੈਸਟ ਕਰਾਉਣ ਲਈ । ਜਿਸ ਦਿਨ ਨਾਨਕੀਂ ਚੱਲੇ ਸੀ ਉਸ ਦਿਨ ਉਹ ਰਿਪੋਰਟ ਆਈ ਸੀ … ਡਾਕਟਰ ਕਹਿੰਦਾ ਕਿ ਕੈਂਸਰ ਏ ਤੀਜੀ ਸਟੇਜ ਚ ਏ .. ਕੀ ਦੱਸਦਾ ਘਰੇ ਜਾਂ ਤੈਨੂੰ … ? ਮੈਂ ਪਹਿਲੀ ਵਾਰ ਐਨੀ ਸੁੰਨਤਾ ਮਹਿਸੂਸ ਕੀਤੀ ਤੇ ਐਂਵੇ ਲੱਗਾ ਕਿ ਜਿਵੇਂ ਕਿਸੇ ਹਵਾ ਨੇ ਮੈਨੂੰ ਧਰਤੀ ਤੇ ਜ਼ੋਰ ਦੀ ਵਗਾ ਕੇ ਸੁੱਟ ਦਿੱਤਾ ਹੋਵੇ, ਮੇਰਾ ਅੰਦਰ ਚੀਕ ਰਿਹਾ ਸੀ । ਮਨ ਚ ਕਿੰਨਾ ਕੁਛ ਭੱਜਣ ਲੱਗਾ … ਕੀ ਕਰਾਂਗੇ … ਉਹਦਾ ਕੀ ਬਣੂ ਜਿਸ ਨਾਲ ਦੋ ਸਾਲ ਤੋਂ ਮੰਗਿਆ ਹੋਇਆ ਏ … ਵਿਆਹ ਤੋਂ ਪਹਿਲਾਂ ਵਿਧਵਾ … ਮੈਂ ਆਵਦੇ ਆਪ ਨੂੰ ੲਸ ਸਭ ਚੋ ਕੱਢ ਕੇ ਵੀਰ ਨੂੰ ਕਿਹਾ ਕਿ ਘਰ ਨਹੀਂ ਦੱਸਦੇ ….। ਵੀਰ ਕਹਿੰਦਾ ਕਿ ਮੈਂ ਵੀ ਆਹੀ ਕਹਿਣਾ ਸੀ । ਅਸੀਂ ਘਰ ਆ ਗਏ ।
ਮਹੀਨੇ ਕੁ ਬਾਅਦ ਇੱਕ ਸਵੇਰ ਵੀਰ ਨੂੰ ਬੁਖ਼ਾਰ ਚੜ੍ਹਿਆ ਤੇ ਫਿਰ ਉਲਟੀਆਂ ਆਉਣ ਲੱਗੀਆਂ । ਮੱਥੇ ਤੇ ਤ੍ਰੇਲੀਆਂ ਆਉਣ ਲੱਗੀਆਂ . ਮੈਂ ਚੁੰਨੀ ਨਾਲ ਉਹਦਾ ਮੱਥਾ ਪੂੰਝਦੀ ਰਹੀ । ਫਿਰ ਡਾਕਟਰ ਆਇਆ ਉਹ ਕਹਿੰਦਾ ਕਿ ਸ਼ਹਿਰ ਲੈ ਜਾਉ । ਚਾਰ ਸ਼ਰਟਸ ਬਦਲ ਦਿੱਤੀਆਂ ਸੀ ਤੇ ਫਿਰ ਉਹ ਲਾਲ ਦੀ ਰੰਗ ਦੀ ਸ਼ਰਟ ਜੋ ਉਸਦੀ ਫੇਵਰਟ ਸੀ ਉਹ ਸ਼ਰਟ ਮੈਂ ਉਸਦੇ ਪਾਉਣ ਲੱਗੀ ਕਿ ਹਾਲੇ ਇੱਕ ਬਾਂਹ ਹੀ ਪਾਈ ਸੀ ਕਿ ਵੀਰ ਨੂੰ ਖੂਨ ਦੀ ਉਲਟੀ ਆਈ ਤੇ ਉਹ ਮੇਰੀ ਬੁੱਕਲ ਚ ਦਮ ਤੋੜ ਗਿਆ । ਮੈਂ ਉਹਨੂੰ ਬਥੇਰਾ ਝੰਝੋਜਿਆ ਪਰ ਉਹ ਨਾ ਉੱਠਿਆ । ਮੇਰੀ ਧਾਂਹ ਨਿਕਲ ਗਈ ਤੇ ਮਾਂ ਨੂੰ ਦੌਰੇ ਪੈਣ ਲੱਗੇ ਕਿ ਇੱਕ ਦਮ ਕੀ ਦਾ ਕੀ ਬਣ ਗਿਆ । ਸੰਸਕਾਰ ਹੋ ਗਿਆ ਤੇ ਚੰਨ ਵਰਗਾ ਵੀਰ ਤਾਰਾ ਬਣ ਗਿਆ ਜਿਹਨੇ ਕਦੇ ਨਹੀਂ ਮੁੜਨਾ ।
ਮੈਂ ਅੱਜ ਵੀ ਉਹ ਚੁੰਨੀ ਸਾਂਭ ਰੱਖੀ ਏ ,ਜਿਸ ‘ਚ ਮੇਰੇ ਤੇ ਵੀਰ ਦੀਆਂ ਰਲੀਆਂ ਮਿਲੀਆਂ ਤ੍ਰੇਲੀਆਂ ਸਮੋਈਆ ਹੋਈਆ ਤੇ ਉਸਦੀਆਂ ਉਹ ਸ਼ਰਟਸ ਜੋ ਮੈਨੂੰ ਲੱਗਦਾ ਹੁੰਦਾ ਕਿ ਜਦ ਮੇਰਾ ਵਿਆਹ ਹੋਵੇਗਾ ਤੇ ਫਿਰ ਅਰਦਾਸ ਕਰਾਂਵਾਂਗੀ ਕਿ ਰੱਬਾ ਮੇਰਾ ਵੀਰ ਮੈਨੂੰ ਵਾਪਸ ਕਰਦੇ ਤੇ ਮੇਰੇ ਪੁੱਤ ਦੇ ਰੂਪ ਚ ਮੇਰਾ ਵੀਰ ਵਾਪਸ ਆਵੇਗਾ ਤੇ ਉਹ ਵੱਡਾ ਹੋ ਕੇ ਉਹ ਲਾਲ ਸ਼ਰਟ ਪਾਵੇਗਾ । ਉਸਦੇ ਜਾਣ ਤੋਂ ਬਾਅਦ ਜਦ ਵੀ ਕਦੀ ਉਸਦੀ ਯਾਦ ਮੈਨੂੰ ਮਰਨ ਵਰਗਾ ਕਰ ਦੇਵੇ ਤਾਂ ਮੈਂ ਉਸਦੀ ਉਹ ਲਾਲ ਸ਼ਰਟ ਪਾ ਕੇ ਆਵਦੇ ਆਪ ਨੂੰ ਜਿਉਂਦਾ ਕਰ ਲੈਨੀ ਆ । ਕੇਹਾ ਦਰਦ ਏ ਜਿਸਨੂੰ ਦੱਸਣ ਲੱਗਿਆ ਵੀ ਮੇਰੀ ਅੱਖ ਤਿੱਪ ਤਿੱਪ ਰੋ ਰਹੀ ਏ ।
brarjessy