More Punjabi Kahaniya  Posts
ਉੱਚੀ ਸੋਚ ਦੇ ਮਾਲਿਕ


ਉੱਚੀ ਸੋਚ ਦੇ ਮਾਲਿਕ
ਅੱਜ ਜਦੋਂ ਕਰਤਾਰ ਜੀ ਘਰ ਆਉਣਗੇ ਤਾਂ ਮੈ ਗੱਲ ਕਰ ਹੀ ਲੈਣੀ ਏ ‘ਨਾਲੇ ਉਹਨਾਂ ਕੀ ਕਹਿਣਾ ਮੈਨੂੰ ਉਹ ਤਾਂ ਸਗੋਂ ਆਪ ਇੰਨਾਂ ਵਧੀਆਂ ਉਪਰਾਲਾ ਕਰ ਰਹੇ ਆਂ ।ਉਹਨਾਂ ਤਾਂ ਖੁਸ਼ ਹੋ ਜਾਣਾ ਕਿ ਮੇਰੇ ਕੋਲ ਵੀ ਕੋਈ ਗੁਣ ਹੈਗਾ ਆ ,ਬੱਚੇ ਵੀ ਮੇਰੇ ਤੇ ਮਾਣ ਕਰਨਗੇ ਕਿ ਸਾਡੀ ਮੰਮਾ ਵੀ ਕੋਈ ਘੱਟ ਨਹੀਂ ਆ ,ਮੈ ਤਾਂ ਭੁੱਲ ਹੀ ਬੈਠੀ ਸੀ ਕਿਵੇਂ ਮੈ ਗਿੱਧਿਆਂ ਦੀ ਰਾਣੀ ਹੋਇਆਂ ਕਰਦੀ ਸੀ ,ਸਕੂਲ ਤੋਂ ਕਾਲਜ ਤੱਕ ਮੈ ਪੂਰੀਆਂ ਮੱਲਾ ਮਾਰੀਆ ਸੀ ।ਜਗਦੀਪ ਤੋਂ ਬਿਨਾ ਯਾਨੀ ਕਿ ਮੇਰੇ ਤੋਂ ਬਿਨਾ ਤਾਂ ਗਿੱਧਾ ਅਧੂਰਾ ਹੋਇਆਂ ਕਰਦਾ ਸੀ ,ਮੈਨੂੰ ਅੱਜ ਵੀ ਯਾਦ ਏ ਜਦੋਂ ਇੱਕ ਵਾਰ ਮੈਨੂੰ ਬੁਖ਼ਾਰ ਹੋ ਗਿਆ ਸੀ ਤਾਂ ਮੇਰੇ ਸਕੂਲ ਨੂੰ ਕੀ ,ਗਿੱਧੇ ਵਾਲੀ ਮੈਡਮ ਤੇ ਸਾਰੀ ਟੀਮ ਕਿਵੇਂ ਮੇਰਾ ਹਾਲ -ਚਾਲ ਪੁੱਛਣ ਘਰ ਆਈ “ਅਖੇ ਸਾਰੇ ਜਲਦੀ ਠੀਕ ਹੋ ਲਈ ਆਖਣ ,ਜਿਵੇਂ ਮੈ ਜਾਣ ਕੇ ਮੰਜਾ ਮੱਲਿਆ ਹੋਵੇ ,ਪਰ ਮੈਨੂੰ ਤਾਂ ਸਗੋਂ ਆਪ ਕਾਹਲੀ ਪਵੇ ਕਿ ਮੈ ਕਿਤੇ ਗਿੱਧੇ ਦੀ ਪ੍ਰਤਿਯੋਗਤਾ ਵਿੱਚੋਂ ਰਹਿ ਹੀ ਨਾਂ ਜਾਂਵਾ ,ਪਰ ਸਾਰਿਆ ਨੇ ਮੈਨੂੰ ਇਹ ਅਹਿਸਾਸ ਕਰਾ ਦਿੱਤਾ ਕਿ ਮੈ ਗਿੱਧੇ ਦੀ ਸ਼ਾਨ ਹਾਂ ਤੇ ਗਿੱਧਾ ਮੇਰਾ ਮਾਣ ਏ ।ਗਿੱਧੇ ਵਿੱਚ ਮਿਲੇ ਇਨਾਮਾਂ ਨੇ ਤਾਂ ਸਾਰਾ ਘਰ ਹੀ ਭਰ ਦਿੱਤਾ ਸੀ ।ਛੋਟੇ ਹੁੰਦਿਆਂ ਤਾਂ ਸਾਰੇ ਹੱਸ ਕੇ ਤੋਰਦੇ ਇਨਾਮ ਮਿਲੇ ਤੇ ਖੁਸ਼ ਹੁੰਦੇ ,ਪਰ ਉਮਰ ਵੱਧਣ ਦੇ ਨਾਲ ਨਾਲ ਸਾਰਿਆ ਦਾ ਵਿਵਹਾਰ ਵੀ ਬਦਲਦਾ ਗਿਆ ,ਨਿੱਕੇ ਹੁੰਦਿਆਂ ਜਿੱਥੇ ਮੇਰੀ ਬੋਲੀ ਪਾਉਣ ਤੇ ਘਰ-ਦਿਆਂ ਵੱਲੋਂ ਆਪ ਵੀ ਤਾੜੀਆਂ ਮਾਰ ਮੇਰਾ ਸਾਥ ਦੇਣਾ ,ਉੱਥੇ ਵੱਡੇ ਹੋਣ ਤੇ ਮੈਨੂੰ ਗਿੱਧੇ ਤੋਂ ਵਰਜਿਆ ਜਾਣ ਲੱਗਾ ,ਕਿਸੇ ਦੇ ਸਾਹਮਣੇ ਬੋਲੀ ਪਾਉਣ ਲੱਗਦੀ ਤਾਂ ਮਾਂ ਅੱਖ ਦੀ ਘੂਰੀ ਨਾਲ ਰੋਕ ਦਿੰਦੀ ,ਜਿਵੇਂ ਮੈ ਕੋਈ ਗੁਨਾਹ ਕਰ ਰਹੀ ਹੋਵਾਂ ਤੇ ਏਦਾਂ ਹੌਲੀ -ਹੌਲੀ ਮੈ ਸਮਝ ਗਈ ਕਿ ਮੇਰਾ ਗਿੱਧਾ ਹੁਣ ਕਿਸੇ ਨੂੰ ਪਸੰਦ ਨਹੀਂ ਰਿਹਾ ,ਏਦਾਂ ਹੀ ਮੈਨੂੰ ਯਾਦ ਮੈ ਗਿੱਧੇ ਦੇ ਬਹੁਤ ਵੱਡੇ ਪੱਧਰ ਤੇ ਹੋਣ ਵਾਲੇ ਸਮਾਗਮਾਂ ਵਿੱਚ ਭਾਗ ਨਾਂ ਲੈ ਸਕੀ ,ਬੇਸ਼ਕ ਮੇਰੇ ਅਧਿਆਪਕ ਘਰ ਆ ਕੇ ਮੇਰੇ ਘਰ-ਦਿਆਂ ਨੂੰ ਸਮਝਾਉਂਦੇ ਰਹੇ ਕਿ ਜਗਦੀਪ ਤੋਂ ਬਿਨਾ ਗਿੱਧਾ ਅਧੂਰਾ ਏ ਤੇ ਉਹ ਬਹੁਤ ਵੱਡੇ ਮੁਕਾਮ ਤੇ ਜਾ ਸਕੇਗੀ ਜੇ ਤੁਸੀਂ ਅੱਜ ਉਸਦਾ ਸਾਥ ਦੇਵੋਗੇ ਤਾਂ ਪਰ ਨਹੀਂ ਛੋਟਿਆਂ ਹੁੰਦਿਆਂ ਤਾਂ ਠੀਕ ਸੀ ਪਰ ਹੁਣ ਜਵਾਨ ਧੀ ਏਦਾਂ ਸਟੇਜਾਂ ਤੇ ਨੱਚਦੀ ਚੰਗੀ ਨਹੀਂ ਲੱਗਦੀ ।ਆਖ ਉਸਦੀ ਤੇ ਗਿੱਧੇ ਦੀ ਸਾਂਝ ਸਦਾ ਲਈ ਤੋੜ ਦਿੱਤੀ ਗਈ ਤੇ ਉਸਤੋਂ ਬਾਅਦ ਵਿਆਹ ,ਬੱਚੇ ਤੇ ਘਰ ਦੀਆ ਹੋਰ ਜਿੰਮੇਵਾਰੀਆ ਵਿੱਚ ਰੁੱਝ ਗਈ ਤੇ ਵਿਦੇਸ਼ ਧਰਤੀ ਤੇ ਜਾ ਵੱਸੀ ਤੇ ਚੇਤਾ ਹੀ ਭੁੱਲ ਗਿਆ ਕਿ ਮੇਰੇ ਵੀ ਕੋਈ ਸ਼ੌਕ ਨੇ ਉਹ ਤਾਂ ਅੱਜ ਗਿੱਧੇ ਵਾਲ਼ੀਆਂ ਕੁੜੀਆਂ ਦੇ ਨਾਲ ਰਿਹਾਸਿਲ ਕਰਦਿਆਂ ਜਦ ਮੈ ਆਪ ਨੂੰ ਰੋਕ ਨਾਂ ਪਾਈ ਤੇ ਉਹਨਾਂ ਦਾ ਨਾਲ ਇਵੇਂ ਨੱਚੀ ਜਿਵੇਂ ਮੈ ਆਪਣੇ ਸਕੂਲ ,ਕਾਲਜ ਦੇ ਦਿਨਾਂ ਵਿੱਚ ਨੱਚਦੀ ਸੀ ,ਜੋ ਕਿ ਪਿਛਲੇ ਦੋ ਹਫ਼ਤਿਆਂ ਤੋਂ ਸਾਡੇ ਘਰ ਹਰ ਐਤਵਾਰ ਨੂੰ ਗਿੱਧੇ ਦੀ ਰਿਹਾਸਿਲ ਕਰ ਰਹੀਆਂ ਨੇ,ਘਰ ਕਾਫ਼ੀ ਖੁੱਲਾ ਤੇ ਵੱਡਾ ਹੋਣ ਕਾਰਨ ਮੇਰੇ ਪਤੀ ਨੇ ਉਹਨਾਂ ਨੂੰ ਇੱਥੇ ਹੀ ਆਪਣੀ ਤਿਆਰੀ ਕਰਨ ਲਈ ਹਾਮੀ ਭਰ ਦਿੱਤੀ ਸੀ ਤੇ ਨਾਲੇ ਮੇਰੀ ਬੇਟੀ ਤਾਂ ਭਾਗ ਲੈ ਰਹੀ ਸੀ ।ਤੇ ਹੋਰ ਕੀ ਮੇਰੇ ਪਤੀ ਤਾਂ ਆਪ ਏਸ ਪੰਜਾਬੀ ਸੱਭਿਆਚਾਰ ਮੇਲੇ ਦੇ ਪ੍ਰਧਾਨ ਦੀ ਜ਼ੁੰਮੇਵਾਰੀ ਨਿਭਾ ਰਹੇ ਨੇ ,ਇਸ ਵਿੱਚ ਬੱਚਿਆ ਤੋਂ ਲੈ ਮਾਪਿਆ ਦਾਦੇ ਦਾਦੀਆਂ ਵੀ ਭਾਗ ਲੈਣ ਗਏ ਤੇ ,ਸਭ ਤੋਂ ਵਿਸ਼ੇਸ਼ ਕਿ ਇਸ ਵਿੱਚ ਉਹ ਭੈਣਾਂ ਵੀ ਹਿੱਸਾ ਲੈ ਸਕਣਗੀਆ ਜੋ ਕਿ ਘਰ ਤੇ ਬੱਚੇ ਤੋਂ ਬਿਨਾ ਕਦੇ ਕੁਝ ਹੋਰ ਸੋਚ ਵੀ ਨਹੀਂ ਸਕਦੀਆਂ ਜਿਨਾ ਨੇ ਆਪਣੇ ਹੁਨਰਾਂ ਨੂੰ ਆਪਣੇ ਦਿਲ ਕਿਸੇ ਕੋਨੇ ਵਿੱਚ ਦਬਾ ਹੀ ਲਿਆ ਹੈ,ਸੋ ਇਹ ਤੀਆਂ ਦਾ ਮੇਲਾ ਹਰ ਤੀਵੀਂ ਦੀਆ ਰੀਝਾਂ ਦਾ ਮੇਲਾ ਹੋਵੇਗਾ ।ਤੇ ਕੱਲ ਜਦੋਂ ਮੈ ਸਾਰੀਆ ਕੁੜੀਆਂ ਦੇ ਨਾਲ ਗਿੱਧਾ ਪਾਇਆ ਤਾਂ ਸਭ ਹੈਰਾਨ ਹੋ ਗਈਆਂ ਤੇ ਮੈਨੂੰ ਉਹਨਾਂ ਨੇ ਮੇਰੇ ਹਾਣ ਦਿਆਂ ਸਾਥਣਾਂ ਨਾਲ ਗਿੱਧਾ ਪਾਉਣ ਦਾ ਸੁਝਾਅ ਦਿੱਤਾ ,ਦਿਲੋਂ ਤਾਂ ਮੈਨੂੰ ਸੁਝਾਅ ਚੰਗਾ ਲੱਗਾ ਪਰ ਜਿਵੇਂ ਆਪਣਾ ਫੈਸਲਾ ਆਪ ਨਾਂ ਪਹਿਲਾ ਕਰ ਸਕੀ ਨਾਂ ਸ਼ਾਇਦ ਹੁਣ ਤੇ ਅੱਗੇ ਤਾਂ ਕੀ ਪਤਾ ? “ਤੁਹਾਡੇ ਅੰਕਲ ਨੂੰ ਤਾਂ ਪੁੱਛ ਕੇ ਦੱਸਾਂਗੀ ,”ਅੰਕਲ ਨੇ ਤਾਂ ਮੰਨ ਜਾਣਾ ਉਹ ਤਾਂ ਆਪ ਸਾਰਿਆ ਨੂੰ ਉਤਸ਼ਾਹਿਤ ਕਰ ਰਹੇ ਨੇ ।ਤੇ ਕੁੜੀਆਂ ਵੱਲੋਂ ਮਿਲੇ ਹੌਸਲੇ ਨੇ ਮੈਨੂੰ ਮਨ ਹੀ ਮਨ ਰਾਜ਼ੀ ਕਰ ਲਿਆ ਸੀ ਤੇ ਹੁਣ ਮੈ ਬੱਸ ਆਪਣੇ ਪਤੀ ਕਰਤਾਰ ਜੀ ਦਾ ਇੰਤਜ਼ਾਰ ਹੀ ਕਰ ਰਹੀ ਸੀ ਕਦੋਂ ਉਹ ਘਰ ਆਸਣ ਤੇ ਕਦੋਂ ਮੈ ਆਪਣੇ ਗਿੱਧੇ ਦੇ ਭਾਗ ਦਾ ਖੁਲਾਸਾ ਕਰ ਸਕਾ ,ਕਿਤੇ ਐਵੇਂ ਗ਼ੁੱਸੇ ਹੀ ਨਾਂ ਹੋ ਜਾਣ ,ਗ਼ੁੱਸੇ ਕਿੳ ਸਗੋਂ ਖੁਸ਼ ਹੋਣਗੇ ਜੋ ਬਾਹਰ ਸਾਰਿਆ ਨੂੰ ਸਹਿਯੋਗ ਦੇ ਰਹੇ ਨੇ ,ਘਰ ਕਿੳ ਨਹੀਂ ,ਮਨ ਹੀ ਮਨ ਕਿਤੇ ਬੇਟਾ ਨਾਂ ਨਰਾਜ਼ ਹੋ ਜਾਵੇ ਕਿ ਮੰਮਾ ਕੀ ਕਰਨ ਲੱਗੇ ਹੋ ,ਨਹੀਂ ਨਹੀਂ ਉਹ ਨਹੀਂ ਹੋਵੇਗਾ”ਏਥੇ ਦਾ ਜੰਮ ਪਲ ਆ ,ਵਿਦੇਸ਼ੀ ਬੱਚੇ ਜ਼ਿਆਦਾ ਦਖਲਅੰਦਾਜੀ ਨਹੀਂ ਕਰਦੇ ,,ਹੋਰ ਸਾਕ ਸੰਬੰਧੀ ,ਲੋਕ ਤੇ ਪਤਾ ਨਹੀਂ ਕੌਣ -ਕੌਣ ਸਾਰੇ ਇਵੇਂ ਦਿਮਾਗ ਵਿੱਚ ਆ ਰਹੇ ਸੀ ,ਜਿਵੇਂ ਸਭ ਮੇਰੇ ਬਾਰੇ ਹੀ ਸੋਚ ਰਹੇ ਹੋਣ “ਚੱਲ ਛੱਡ ਤੂੰ ਖੁਸ਼ ਏ ਕਿ ਨਹੀਂ ਮੈ ਆਪਣੇ ਆਪ ਨੂੰ ਸਵਾਲ ਕੀਤਾ ।ਮੈ “ਮੈ ਤਾਂ ਬਹੁਤ ਬਹੁਤ ਖੁਸ਼...

ਹਾਂ ,ਬੱਸ ਕਰਤਾਰ ਜੀ ਹਾਮੀ ਭਰ ਦੇਣ ਤੇ ਸ਼ਾਮ ਨੂੰ ਮੈ ਕਰਤਾਰ ਜੀ ਦੇ ਘਰ ਆੳਣ ਤੇ ਆਪਣੇ ਆਪ ਨੂੰ ਇਵੇਂ ਤਿਆਰ ਕਰ ਰਹੀ ਸੀ ਜਿਵੇਂ ਕਿਸੇ ਅਫਸਰ ਤੋਂ ਮੁਲਾਜ਼ਮ ਨੇ ਆਪਣੀ ਕੋਈ ਬਹੁਤ ਜ਼ਰੂਰੀ ਮੰਗ ਪੂਰੀ ਕਰਵਾਉਣੀ ਹੋਵੇ ਤੇ ਰਾਤ ਦਾ ਡਿਨਰ ਸਾਰੇ ਇੱਕਠੇ ਕਰਨ ਤੋਂ ਬਾਅਦ ਬੱਚੇ ਆਪਣੇ ਕਮਰਿਆਂ ਵਿੱਚ ਚਲੇ ਜਾਂਦੇ ਨੇ ਤਾਂ ਜਗਦੀਪ ਟੀਵੀ ਵੇਖ ਰਹੇ ਆਪਣੇ ਪਤੀ ਕੋਲ ਜਾ ਬੈਠਦੀ ਹੋਈ “ ਮੈ ਕਿਹਾ ਜੀ ਮੈ ਤੁਹਾਡੇ ਨਾਲ ਗੱਲ ਕਰਨੀ ਸੀ ,ਹਾਂਜੀ ਦੱਸੋ “ਸੁੱਖ ਤਾਂ ਹੈ ਕੀ ਗੱਲ ਕਰਨੀ ਏ ,ਜਗਦੀਪ ਦੇ ਪਤੀ ਕਰਤਾਰ ਵੱਲੋਂ ਆਖਿਆਂ ਜਾਂਦਾ ਏ ,”ਬੱਸ ਗੱਲ ਕੀ ਜੀ ਕੱਲ ਗਿੱਧੇ ਵਾਲ਼ੀਆਂ ਕੁੜੀਆਂ ਨਾਲ ਦੇ ਨਾਲ ਮੈ ਵੀ ਗਿੱਧਾ ਪਾਇਆ ਤਾਂ ਉਹਨਾਂ ਨੇ ਕਿਹਾ ਅੰਟੀ ਤੁਸੀਂ ਤਾਂ ਬਹੁਤ ਸੋਹਣਾ ਨੱਚ ਲੈਂਦੇ ਹੋ ,ਤੁਸੀਂ ਗਿੱਧੇ ਵਿੱਚ ਭਾਗ ਕਿੳ ਨਹੀਂ ਲੈਂਦੇ ,ਤੁਹਾਡੇ ਉਮਰ ਦੇ ਹੋਰ ਵੀ ਸ਼ਾਮਿਲ ਹੋ ਰਹੇ ਹਨ ਤਾਂ ਮੈ ਸੋਚਿਆ ਕਿੳ ਨਾਂ ਮੈ ਵੀ ਦਿਲ ਦੀ ਰੀਝ ਪੂਰੀ ਕਰ ਲਵਾ ,ਜਿੳ ਕਾਲਜ ਛੱਡਿਆਂ ਗਿੱਧਾ ਵੀ ਨਾਲ ਹੀ ਛੁੱਟ ਗਿਆ ਨਾਲੇ ਗਿੱਧੇ ਦੀ ਰਾਣੀ ਕਿਹਾ ਜਾਂਦਾ ਸੀ ਮੈਨੂੰ ਕਿਸੇ ਵੇਲੇ ,ਤੇ ਅੱਜ ਜੇ ਏਨੇ ਸਾਲਾ ਬਾਅਦ ਹੁਣ ਮੌਕਾ ਮਿਲਿਆਂ ਤਾਂ ਮੇਰਾ ਦਿਲ ਗੁਆਉਣਾ ਨਹੀਂ ਚਾਹੁੰਦਾ ,ਤੁਹਾਡੀ ਕੀ ਰਾਏ ਆਂ ?ਜਗਦੀਪ ਆਸ ਭਰੀਆਂ ਨਜ਼ਰਾਂ ਨਾਲ ਆਪਣੇ ਪਤੀ ਵੱਲ ਵੇਖਦੀ ਏ ,”ਦੇਖ ਜਗਦੀਪ ਕਾਲਜਾਂ ਦੇ ਦਿਨਾਂ ਦੀਆ ਗੱਲਾਂ ਹੋਰ ਸੀ,ਹੁਣ ਤੂੰ ਦੋ ਬੱਚਿਆ ਦੀ ਮਾਂ ਏ ,ਮੇਰੀ ਵੀ ਏਥੇ ਕਾਫ਼ੀ ਬਣੀ ਹੋਈ ਏ ,ਮੈ ਨਹੀਂ ਚੁਾਹੁੰਦਾ ਕਿ ਤੇਰੇ ਆਹ ਨੱਚਣ ਦੇ ਚਾਅ ਨੂੰ ਪੂਰਾ ਕਰਨ ਲਈ ਮੈ ਸਾਰਿਆ ਤੋਂ ਗੱਲਾਂ ਕਰਵਾਵਾਂ ,ਨਾਲੇ ਬੱਚਿਆ ਤੇ ਕੀ ਅਸਰ ਹੋਵੇਗਾ ਚਾਅ ਉਮਰਾਂ ਦੇ ਹਿਸਾਬ ਦੇ ਸੋਹਣੇ ਲੱਗਦੇ ਆ ,ਤੂੰ ਰਹਿਣ ਦੇ ਬੱਸ ਏਨਾ ਕੰਮਾਂ ਵਿੱਚ ਪੈਣ ਦੀ ਲੋੜ ਨਹੀਂ ,ਹੋਰ ਆਪਣਾ ਕੰਮ ਕਰ ਜਾਹ ਕੇ ,ਐਵੇਂ ਕੁੜੀਆਂ ਨੇ ਕਹਿ ਤਾਂ ਤੇ ਤੂੰ ਤਿਆਰ ਹੋ ਗਈ ,ਗਿੱਧਾ ਪਾਉਣ ਲਈ ,ਹੋਰ ਕੋਈ ਸੱਟ ਫੇਟ ਖਾ ਕੇ ਡਿੱਗ ਗਈ ਤਾਂ ਰੋਟੀ ਪਾਣੀ ਤੋਂ ਵੀ ਜਾਵਾਂਗੇ ,ਆਈ ਵੱਡੀ ਗਿੱਧਿਆਂ ਦੀ ਰਾਣੀ ,ਆਖ ਕਰਤਾਰ ਗ਼ੁੱਸੇ ਨਾਲ ਟੈਲੀਵਿਯਨ ਬੰਦ ਕਰ ਕਮਰੇ ਵੱਲ ਚੱਲਿਆਂ ਜਾਂਦਾ ਏ ,ਪਰ ਪਰ ਤੁਸੀਂ ਤਾਂ ਆਪ ਕਰਵਾ ਰਹੇ ਹੋ ਪ੍ਰੋਗਰਾਮ ਤਾਂ ਫੇਰ ਕਿੳ?ਏਹ ਗੱਲ ਜਗਦੀਪ ਦੇ ਮੂੰਹ ਵਿੱਚ ਰਹਿ ਜਾਂਦੀ ਏ ,ਤੇ ਕਰਤਾਰ ਵੱਲੋਂ ਜ਼ੋਰ ਨਾਲ ਬੰਦ ਕੀਤਾ ਦਰਵਾਜ਼ਾ ਉਸਦੇ ਸਵਾਲਾਂ ਦਾ ਜਵਾਬ ਦੇ ਦਿੰਦਾ ਏ।ਜਗਦੀਪ ਅੱਜ ਫੇਰ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦੀ ਹੋਈ ਆਪਣੇ ਹੰਝੂ ਰੋਕਣ ਦੀ ਕੋਸ਼ਿਸ਼ ਕਰ ਰਹੀ ਏ ,ਜਿਵੇਂ ਅੱਜ ਇੱਕ ਵਾਰ ਫੇਰ ਉਸਨੂੰ ਇਹ ਅਹਿਸਾਸ ਕਰਾ ਦਿੱਤਾ ਹੈ ਕਿ ਔਰਤ ਕਦੇ ਵੀ ਆਪਣੀ ਮਰਜ਼ੀ ਮੁਤਾਬਕ ਨਾਂ ਤਾਂ ਜੀਅ ਸਕਦੀ ਏ ,ਨਾਂ ਫੈਸਲਾ ਲੈ ਸਕਦੀ ਏ ,ਕੁਆਰੇ ਹੁੰਦਿਆਂ ਵੀ ਉਹ ਬਾਪੂ ਦੀ ਪੱਗ ,ਵੀਰਾ ਦਾ ਮਾਣ ਬਣ ਕੇ ਜਿੳਦੀ ਏ ,ਤੇ ਵਿਆਹ ਤੋਂ ਬਾਅਦ ਪਤੀ ਤੇ ਪੁੱਤਰ ਦੇ ਅਧੀਨ ਹੋ ਕੇ ਜੀਣਾ ਪੈਦਾ ਏ ,ਸੋ ਜਗਦੀਪ ਸਾਰਾ ਕੁਝ ਦਿਲ ਵਿੱਚ ਰੱਖ ਅਗਲੀ ਸਵੇਰ ਤੋਂ ਹਰ ਰੋਜ ਦੇ ਕੰਮਾਂ ਵਿੱਚ ਜੁੱਟ ਜਾਂਦੀ ਏ ,ਜਿਵੇਂ ਕੁਝ ਹੋਇਆਂ ਹੀ ਨਹੀਂ ,ਤੇ ਗਿੱਧੇ ਵਾਲ਼ੀਆਂ ਕੁੜੀਆਂ ਨੂੰ ਆਪਣੇ ਰੁਝੇਵੇਂ ਦਾ ਵਾਸਤਾ ਦੇ ਕੇ ਨਾਂਹ ਕਰ ਦੇਂਦੀ ਏ ,ਤੇ ਆਖਰ ਸਮਾਗਮ ਦਾ ਦਿਨ ਆ ਜਾਂਦਾ ਏ ,ਜਿਸਦੀ ਸ਼ਰੂਆਤ ਉਸਦੇ ਪਤੀ ਦੇ ਭਾਸ਼ਣ ਦੇ ਉੱਚੀ ਬੋਲਾ ਨਾਲ ਹੁੰਦੀ ਏ “ਸਾਨੂੰ ਔਰਤਾ ਦੇ ਚਾਵਾਂ ਨੂੰ ਮਾਰਨਾ ਨਹੀਂ ਦੇਣਾ ਚਾਹੀਦਾ ,ਘਰ ਦੀਆ ਜ਼ੁੰਮੇਵਾਰੀਆਂ ਤੋਂ ਇਲਾਵਾ ਜੇ ਉਹ ਬਾਹਰ ਜਾ ਕੇ ਸਾਡੀ ਆਰਥਿਕ ਮਦਦ ਕਰ ਸਕਦੀਆਂ ਨੇ ਤਾਂ ਏਦਾਂ ਦੇ ਮਨ ਪਰਚਾਵੇ ,ਤੇ ਉਹਨਾਂ ਦੇ ਹੌਸਲੇ ਵਾਲੇ ਪ੍ਰੋਗਰਾਮ ,ਜਿਨਾ ਵਿੱਚ ਕਿ ਉਹ ਸਭ ਕੁਝ ਕਰ ਸਕਣ ਜੋ ਉਹਨਾਂ ਦੇ ਮਨ ਨੂੰ ਖੁਸ਼ੀ ਦੇਵੇ ਤਾਂ ਕਿੳ ਨਹੀਂ ?ਤੇ ਭਵਿੱਖ ਵਿੱਚ ਵੀ ਮੇਰੀ ਇਹ ਕੋਸ਼ਿਸ਼ ਜਾਰੀ ਰਹੇਗੀ ਕਿ ਹਰ ਉਮਰ ਦੀਆ ਭੈਣਾਂ ਆਪਣੇ ਚਾਅ ਪੂਰੇ ਕਰਨ ਤੋਂ ਹਿਚਕਾੳਣ ਨਾਂ ਤੇ ਆੳ ਅੱਜ ਆਪਾ ਸ਼ੁਰੂ ਕਰਦੇ ਅੱਜ ਦਾ ਆਪਣਾ ਪ੍ਰੋਗਰਾਮ ਤੇ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਦਾ ਏ ,ਤੇ ਜਗਦੀਪ ਆਪਣੇ ਪਤੀ ਦੇ ਬਦਲੇ ਰੂਪ ਨੂੰ ਵੇਖਦੀ ਏ ,ਤੇ ਤਾੜੀਆਂ ਦੀ ਅਵਾਜ਼ ਹੋਰ ਉੱਚੀ ਕਰ ਦੇਂਦੀ ਏ ,ਜਦੋਂ ਕਿ ਉਸਦੇ ਨਾਲ ਬੈਠੀ ਹੋਈ ਔਰਤ ਆਖਦੀ ਏ “ਕਾਸ਼ ਮੇਰੇ ਪਤੀ ਦੇ ਵਿਚਾਰ ਵੀ ਏਦਾਂ ਦੇ ਹੁੰਦੇ ਤਾਂ ਸ਼ਾਇਦ ਮੈ ਵੀ ਆਪਣੇ ਦਿਲ ਦੀ ਸੱਧਰ ਪੂਰੀ ਕਰ ਲੈਂਦੀ ,ਤੁਸੀਂ ਤਾਂ ਬਹੁਤ ਚੰਗੇ ਭਾਗਾਂ ਵਾਲੇ ਹੋ ,ਜੋ ਇੰਨਾਂ ਉੱਚੀ ਸੋਚ ਵਾਲੇ ਇਨਸਾਨ ਦੇ ਹਮਸਫ਼ਰ ਹੋ ,”ਹਾਂਜੀ ਮੈ ਬਹੁਤ ਉੱਚੀ ਸੋਚ ਵਾਲੇ ਸਾਥੀ ਦੀ ਮਾਲਕਣ ਹਾ ।,ਬਹੁਤ ਉੱਚੀ ਸੋਚ ਵਾਲੇ ,ਬਸ ਸੋਚ ਵਾਲੇ ਹੀ ਜਗਦੀਪ ਆਪਣੇ ਮਨ ਹੀ ਮਨ ਆਖਦੀ ਹੋਈ ਆਪਣੀ ਤਾੜੀਆਂ ਦੀ ਅਵਾਜ਼ ਹੋਰ ਉੱਚੀ ਕਰ ਕਰ ਦੇਂਦੀ ਏ ,ਤੇ ਆਪਣੇ ਵਾਂਗ ਹੋਰ ਔਰਤਾਂ ਨੂੰ ਤਾੜੀਆਂ ਮਾਰਦੀਆਂ ਤੇ ਮੁਸਕੁਰਾੳਦਿਆ ਵੇਖਦੀ ਏ ਤਾਂ ,ਉਸਨੂੰ ਲੱਗਦਾ ਹੈ ਕਿ ਜਿਵੇਂ ਬਹੁਤ ਸਾਰੀਆਂ ਜਗਦੀਪ ਏਥੇ ਬੈਠੀਆਂ ਹੋਣ ਗਈਆਂ ,ਜਿਨਾ ਨੂੰ ਬਹੁਤ ਉੱਚੀ ਸੋਚ ਰੱਖਣ ਵਾਲ਼ਿਆਂ ਨੇ ਬੱਸ ਪ੍ਰੋਗਰਾਮਾਂ ਵਿੱਚ ਬੈਠਣ ਜੋਗਾ ਤੇ ਤਾੜੀਆਂ ਮਾਰਨ ਜੋਗਾ ਰਹਿਣ ਦਿੱਤਾ ਹੋਵੇ ,ਹਾਂ ਸ਼ਾਇਦ ਏਸੇ ਨੂੰ ਤਾਂ ਕਹਿੰਦੇ ਨੇ “ਉੱਚੀ ਸੋਚ ਦੇ ਮਾਲਿਕ “ਬਹੁਤ ਉੱਚੀ ?
ਲਿਖਤ ✍️ਬਲਜੀਤ ਕੌਰ ਗਿੱਲ (ਮੈਲਬੋਰਨ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)