ਲਿਸ਼ਕ-ਪੁਸ਼ਕ ਨਾ ਵੇਖ ਭਰਾਵਾ…
ਮੇਰੇ ਸਭ ਤਜਰਬੇ ਓਦੋਂ ਧਰੇ ਧਰਾਏ ਰਹਿ ਗਏ ਸਨ, ਜਦੋਂ ਆਸਟ੍ਰੇਲੀਆ ਕਦਮ ਧਰਿਆ ਸੀ। ਇੱਥੇ ਆਉਣ ਤੋਂ ਪਹਿਲਾਂ ਮੇਰੇ ਮਨ ‘ਚ ਇਹ ਸੀ ਕਿ ਅਕਾਊਂਟਿੰਗ ਵਿਚ ਸਤਾਰਾਂ ਸਾਲਾਂ ਦਾ ਤਜਰਬਾ ਹੈ, ਸੌਫ਼ਟਵੇਅਰ ਦਾ ਦਸਾਂ ਸਾਲਾਂ ਦਾ ਤਜਰਬਾ ਹੈ, ਹੋਰ ਨਹੀਂ ਤਾਂ ਇੱਕ ਵਾਰ ਅਕਾਊਂਟਿੰਗ ਇੰਡਸਟਰੀ ਵਿਚ ਅਸਿਸਟੈਂਟ ਜਾਂ ਸੌਫ਼ਟਵੇਅਰ ਇੰਡਸਟਰੀ ਵਿਚ ਸੌਫ਼ਟਵੇਅਰ ਟੈਸਟਿੰਗ ਦਾ ਕੰਮ ਹੀ ਮਿਲ ਜਾਵੇਗਾ। ਪਰ ਇਹ ਸੋਚਾਂ ਛੇਤੀ ਹੀ ਭਰਮ-ਭੁਲੇਖਿਆਂ ਵਿਚ ਬਦਲ ਗਈਆਂ। ਇੱਥੇ ਕਾਗ਼ਜ਼ ਦੇ ਉਹਨਾਂ ਟੁਕੜਿਆਂ (ਸਰਟੀਫ਼ਿਕੇਟਾਂ) ਦੀ ਬਹੁਤ ਅਹਿਮੀਅਤ ਹੈ, ਜੋ ਮੇਰੇ ਕੋਲ ਨਹੀਂ ਸਨ। ਜਦੋਂ ਪੈਸੇ ਮੁੱਕਣ ‘ਤੇ ਆ ਗਏ ਤਾਂ ਦਿਹਾੜੀਆਂ ਵਾਲੇ ਪਾਸੇ ਧਿਆਨ ਕੀਤਾ।
ਮੈਂ ਦਿਨੇ ਖੇਤਾਂ ਵਿਚ ਜਾਂਦਾ, ਸਾਰੀ ਦਿਹਾੜੀ ਮਿੱਟੀ ਨਾਲ ਮਿੱਟੀ ਹੁੰਦਾ ਤੇ ਸ਼ਾਮ ਲਈ ਮੈਂ “ਬ੍ਰੋਸ਼ਚਰ” ਪਾਉਣ ਦਾ ਕੰਮ ਫੜ ਲਿਆ। ਕੰਪਨੀਆਂ ਦੁਆਰਾ ਆਪਣੀਆਂ ਮਸ਼ਹੂਰੀਆਂ ਲਈ ਦਸ-ਬਾਰਾਂ ਤੋਂ ਲੈ ਕੇ ਅਠਾਰਾਂ-ਵੀਹ ਪੰਨਿਆਂ ਦੀਆਂ ਰੰਗੀਨ ਬੁੱਕਲੈੱਟਾਂ ਛਪਾਈਆਂ ਜਾਂਦੀਆਂ ਹਨ, ਜਿਹਨਾਂ ਨੂੰ ਬ੍ਰੋਸ਼ਚਰ ਕਿਹਾ ਜਾਂਦਾ ਹੈ। ਇਸ ਵਿਚ ਉਹਨਾਂ ਨੇ ਆਪਣੇ ਪ੍ਰੋਡਕਟਾਂ ਬਾਰੇ ਜਾਂ ਡਿਸਕਾਊਂਟ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ। ਇਹ ਬ੍ਰੋਸ਼ਚਰ ਹਰ ਇਲਾਕੇ ਦੇ ਘਰਾਂ ਵਿਚ ਉਥੋਂ ਦੇ ਲੋਕਲ ਸਟੋਰਾਂ ਜਾਂ ਸ਼ੋਅਰੂਮਾਂ ਵੱਲੋਂ ਭੇਜੇ ਜਾਂਦੇ ਹਨ। ਇਹ ਵੀ ਵੱਡੇ ਪੱਧਰ ਦਾ ਕਾਰੋਬਾਰ ਹੈ, ਪਰ ਭਾਰਤ ਵਿਚ ਇਸਦਾ ਚਲਨ ਨਹੀਂ ਹੈ। ਉਸ ਇਲਾਕੇ ਦਾ ਡੀਲਰ ਅਗਾਂਹ ਕਮਿਸ਼ਨ ਪੱਧਰ ‘ਤੇ ਬੰਦੇ ਰੱਖਦਾ ਹੈ। ਪਹਿਲਾਂ ਡੀਲਰ ਕੋਲੋਂ ਅੱਠ ਦਸ ਜਾਂ ਕਈ ਵਾਰ ਵਧੇਰੇ ਬ੍ਰੋਸ਼ਚਰ ਚੁੱਕਣੇ ਹੁੰਦੇ ਸਨ, ਮੁੜ ਉਹਨਾਂ ਦੀ ਛਾਂਟਾ-ਛਟਾਈ ਕਰਨੀ ਪੈਂਦੀ ਸੀ, ਤੇ ਸਾਰੇ ਕਿਸਮ ਦੇ ਬ੍ਰੋਸ਼ਚਰ ਘਰਾਂ ਵਿਚ ਪਾਉਣ ਲਈ ਬੰਡਲ ਬਣਾਏ ਜਾਂਦੇ ਸਨ। ਜਿੰਨੇ ਬ੍ਰੋਸ਼ਚਰਾਂ ਦਾ ਭਾਰ...
ਖੱਬੀ ਬਾਂਹ ਝੱਲ ਸਕਦੀ, ਓਨੇ ਚੁੱਕ ਲੈਂਦਾ ਤੇ ਸੱਜੇ ਹੱਥ ਨਾਲ ਲੈਟਰ ਬਕਸਾਂ ਵਿਚ ਬ੍ਰੋਸ਼ਚਰ ਪਾਉਂਦਾ। ਗਲੀਆਂ ਵਿਚ ਘੁੰਮ-ਘੁੰਮ ਕੇ ਇਹ ਕੰਮ ਕੀਤਾ ਜਾਂਦਾ ਸੀ।
ਪੂਜਾ ਨੂੰ ਇੱਕ ਇੰਡੀਅਨ ਰੈਸਟੋਰੈਂਟ ਵਿਚ ਕੰਮ ਮਿਲਿਆ। ਉਸਨੂੰ ਰਾਤ ਗਿਆਰਾਂ ਵਜੇ ਛੁੱਟੀ ਹੋਇਆ ਕਰਦੀ ਸੀ। ਪੰਜਾਂ ਘੰਟਿਆਂ ਦੇ ਪੈਂਤੀ ਡਾਲਰ ਮਿਲਦੇ ਸਨ। ਮੈਂ ਪੌਣੇ ਗਿਆਰਾਂ ਵਜੇ ਤੱਕ ਆਪਣਾ ਕੰਮ ਕਰਕੇ ਪੂਜਾ ਨੂੰ ਲੈਣ ਲਈ ਰੈਸਟੋਰੈਂਟ ਜਾਣਾ ਹੁੰਦਾ ਸੀ। ਰੈਸਟੋਰੈਂਟ ਵਿਚੋਂ ਉਸਨੂੰ ਤਿੰਨ ਨਾਨ ਤੇ ਸਬਜ਼ੀ ਦੀ ਇੱਕ ਪਲੇਟ ਮਿਲਦੀ ਹੁੰਦੀ ਸੀ। ਅਸੀਂ ਕਰੀਬ ਸਾਢੇ ਗਿਆਰਾਂ ਵਜੇ ਘਰ ਪਹੁੰਚਦੇ ਤੇ ਡੇਢ-ਡੇਢ ਨਾਨ ਖਾ ਕੇ ਹੀ ਗੁਜਾਰਾ ਕਰਿਆ ਕਰਦੇ। ਆਰਥਿਕ ਹਾਲਾਤ ਬਹੁਤ ਮੰਦੇ ਹੋਣ ਕਰਕੇ ਰਾਤ ਦੀ ਰੋਟੀ ਬਨਾਉਣ ਤੋਂ ਅਸੀਂ ਗੁਰੇਜ਼ ਹੀ ਕਰਦੇ, ਕਿ ਇੰਝ ਕੁਝ ਪੈਸੇ ਬਚ ਜਾਂਦੇ ਸਨ।
ਅੱਜ ਮੈਂ ਆਪਣੇ ਘਰ ਬੂਟਿਆਂ ਨੂੰ ਪਾਣੀ ਦੇ ਰਿਹਾ ਸੀ, ਕਿ ਇੱਕ ਔਰਤ ਆਪਣੀ ਧੀ ਨਾਲ ਘਰਾਂ ਵਿਚ ਬ੍ਰੌਸ਼ਚਰ ਪਾਉਂਦੀ ਆ ਗਈ। ਜਦੋਂ ਉਸਨੇ ਆਪਣੇ ਲੈਟਰ ਬਕਸ ਵਿਚ ਬ੍ਰੌਸ਼ਚਰਾਂ ਦਾ ਬੰਡਲ ਪਾਇਆ ਤਾਂ ਮੈਂ ਇੱਕ ਦਮ “ਕੁਰਾਲਟਾ ਪਾਰਕ” ਇਲਾਕੇ ਦੀਆਂ ਉਹਨਾਂ ਗਲੀਆਂ ਵਿਚ ਪਹੁੰਚ ਗਿਆ, ਜਿੱਥੇ ਮੈਂ ਬ੍ਰੌਸ਼ਚਰ ਪਾਇਆ ਕਰਦਾ ਸੀ। ਮੇਰਾ ਮਨ ਦਾਤਾਰ ਦੇ ਸ਼ੁਕਰਾਨੇ ਨਾਲ ਭਰ ਹੋ ਗਿਆ, ਤੇ ਰੋਮ-ਰੋਮ “ਸ਼ੁਕਰ ਦਾਤਿਆ” ਪੁਕਾਰ ਉਠਿਆ। ਸੱਚ ਹੈ! ਦਸਾਂ ਨੌਹਾਂ ਦੀ ਕਿਰਤ ਤੇ ਸੱਚੇ ਦਿਲੋਂ ਕੀਤੀ ਮਿਹਨਤ ਨੂੰ ਭਾਗ ਤਾਂ ਲੱਗਦੇ ਹੀ ਹਨ, ਦੇਰ-ਸਵੇਰ ਬੇਸ਼ੱਕ ਹੋ ਜਾਵੇ!
– ਰਿਸ਼ੀ