ਮਿੰਨੀ ਕਹਾਣੀ
ਮਹਿਲਨੁਮਾ ਕੋਠੀ
ਵਿਵੇਕ ਬੱਚਿਆਂ ਨੂੰ ਅਗਵਾ ਕਰਕੇ ਅਮੀਰ ਲੋਕਾਂ ਨੂੰ ਉੱਚੀਆਂ ਕੀਮਤਾਂ ਤੇ ਵੇਚ ਦਿੰਦਾ। ਕਾਫੀ ਦੇਰ ਤਾਂ ਉਹ ਇਹ ਧੰਦਾ ਕਰਦਾ ਰਿਹਾ। ਪਰ ਉਹ ਆਪਣੀ ਇਸ ਕੰਮ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਸੀ। ਉਹ ਤਾਂ ਬਹੁਤ ਹੀ ਜ਼ਿਆਦਾ ਅਮੀਰ ਬਣਨਾ ਚਾਹੁੰਦਾ ਸੀ।
ਇਸੇ ਚਾਹਤ ‘ਚ ਉਸਨੇ ਨਵਾਂ ਈ ਕੰਮ ਸ਼ੁਰੂ ਕਰ ਲਿਆ। ਉਹ ਛੋਟੇ ਬੱਚਿਆਂ ਨੂੰ ਅਗਵਾ ਕਰਦਾ, ਉਨ੍ਹਾਂ ਨੂੰ ਮਾਰਦਾ ਤੇ ਉਨ੍ਹਾਂ ਦੀ ਚੀਰ – ਫਾੜ ਕਰਕੇ ਉਨ੍ਹਾਂ ਦੇ ਅੰਗ ਕਰੋੜਾਂ ‘ਚ ਵੇਚ ਦਿੰਦਾ। ਇਸ ਖੂਨੀ ਖੇਡ ਨਾਲ ਉਹ ਦਿਨਾਂ ਚ ਮਾਲਦਾਰ ਬਣ ਗਿਆ। ਉਸਨੇ ਕੁਝ ਹੀ ਦੇਰ ‘ਚ ਮਹਿਲਨੁਮਾ ਕੋਠੀ ਬਣਾ ਲਈ । ਵੱਡੀ ਕਾਰ ਲੈ ਲਈ। ਗੱਲ ਕਿ ਅਮੀਰੀ ਦੀ ਹਰ ਸਹੂਲਤ ਉਸਦੇ ਕੋਲ ਸੀ।
ਵਿਵੇਕ ਹੁਣ ਬਹੁਤ ਹੀ ਖੁਸ਼ ਸੀ। ਪਰ…… ਇਹ ਖੁਸ਼ੀ ਬਹੁਤੀ ਦੇਰ ਟਿਕ ਨਾ ਸਕੀ ।
ਹੁਣ ਪਤਾ ਨਹੀਂ ਕੀ ਹੋਣ ਲੱਗਾ ਸੀ। ਰਾਤ ਨੂੰ ਜਦ ਵੀ ਉਹ ਸੌਂਦਾ , ਉਸ ਨੂੰ ਬੇਸ਼ੁਮਾਰ ਚੀਕਾਂ ਦੀਆਂ ਆਵਾਜ਼ਾਂ ਸੁਣਾਈ ਪੈਂਦੀਆਂ। ਕਿਸੇ ਤੋਂ ਨਾ ਡਰਨ ਵਾਲਾ ਵਿਵੇਕ ਨੀਂਦ ਤੋਂ ਤ੍ਰਬਕ ਕੇ ਉੱਠ ਪੈਂਦਾ । ਹੌਲੇ -ਹੌਲੇ ਚੀਕਾਂ ਦੀਆਂ ਆਵਾਜ਼ਾਂ ਗੂੜ੍ਹੀਆਂ ਹੁੰਦੀਆਂ ਗਈਆਂ ।ਉਹ ਬੈੱਡ ਤੇ ਲੇਟ ਕੇ ਅਜੇ ਅੱਖਾਂ ਹੀ ਬੰਦ ਕਰਦਾ , ਉਸਦੇ ਕੰਨਾਂ ‘ਚ ਚੀਕ ਚਿਹਾੜਾ ਜਿਹਾ ਮੱਚ ਜਾਂਦਾ… ਜਿਵੇਂ ਸੁੰਨੀ ਹੋਈ ਗੋਦ ਵਾਲੀਆ ਮਾਵਾ ਕੀਰਨੇ ਪਾਉਂਦੀਆਂ ਉਸ ਵੱਲ ਤੇਜ਼ – ਤੇਜ਼ ਭੱਜੀਆਂ ਆਉਂਦੀਆਂ ਹੋਣ। ਖੈਰ ! ਜਿਵੇਂ ਕਿਵੇਂ ਵੀ ਉਹ ਸੌਂ ਜਾਂਦਾ । ...
ਅੱਜ ਉਹ ਸਵੇਰੇ ਉੱਠਿਆ ….ਅਜੇ ਉਹ ਨੀਂਦ ਵਿੱਚ ਹੀ ਸੀ ਕਿ ਉਸ ਨੂੰ ਐਵੇਂ ਲੱਗਾ ਜਿਵੇਂ ਉਸ ਦੇ ਮਹਿਲ ਦੀਆਂ ਸੁੰਦਰ ਕੰਧਾਂ ਚੋਂ ਖੂਨ ਚੋਅ ਰਿਹਾ ਹੋਵੇ । ਇਹ ਦੇਖ ਵਿਵੇਕ ਤਾਂ ਇਕਦਮ ਘਬਰਾ ਹੀ ਗਿਆ ਉਸ ਨੇ ਜਲਦੀ ਨਾਲ ਮੂੰਹ ਧੋਤਾ ਤਾਂ ਦੇਖਿਆ ਉੱਥੇ ਕੁਝ ਵੀ ਨਹੀਂ ਸੀ।
ਵਿਵੇਕ ਨੇ ਇੱਕ ਮਹਿੰਗੇ ਮਨੋਵਿਗਿਆਨਕ ਨੂੰ ਦਿਖਾਇਆ । ਦਵਾਈਆਂ ਸ਼ੁਰੂ ਹੋ ਗਈਆਂ। ਉਹ ਦਵਾਈਆਂ ਦੇ ਨਸ਼ੇ ‘ਚ ਪਿਆ ਰਹਿੰਦਾ । ਜਦ ਵੀ ਅੱਖਾਂ ਖੋਲ੍ਹਦਾ ਉਸ ਨੂੰ ਫਰਸ਼ ਤੇ ਵੀ ਖੂਨ ਡੁੱਲਿਆ ਪ੍ਰਤੀਤ ਹੁੰਦਾ। ਛੱਤ ਚੋਂ ਵੀ ਖੂਨ ਦੇ ਤੁਪਕੇ ਡਿਗਦੇ ਦਿਖਦੇ । ਪਰ ਜਦ ਸੰਭਲਦਾ ਤਾਂ ਕੁੱਝ ਵੀ ਨਾ ਹੁੰਦਾ ।
ਉਹ ਦਵਾਈਆਂ ਤੇ ਦਵਾਈਆਂ ਨਿਗਲੀ ਜਾਂਦਾ ਪਰ ਕੋਈ ਫ਼ਰਕ ਨਾ ਪਿਆ ਤੇ ਇੱਕ ਦਿਨ ਮਨੋਰੋਗੀ ਵਿਵੇਕ ਨੇ ਇਸੇ ਭੰਬਲ ਭੂਸੇ ‘ਚ ਕੰਧ ਨਾਲ ਜ਼ੋਰ -ਜ਼ੋਰ ਦੀ ਸਿਰ ਮਾਰਨਾ ਸ਼ੁਰੂ ਕਰ ਦਿੱਤਾ । ਸਿਰ ਮਾਰਦਾ ਖ਼ੂਨੋਂ-ਖ਼ੂਨ ਹੋਇਆ ਵਿਵੇਕ ਪਟਾਕ ਜ਼ਮੀਨ ਤੇ ਮੁੱਧੇ ਮੂੰਹ ਡਿੱਗ ਪਿਆ ਤੇ ਉਸਦੇ ਪ੍ਰਾਣ ਨਿਕਲ ਗਏ।
…..ਤੇ ਹੁਣ ……ਹੁਣ ਮਹਿਲਨੁਮਾ ਕੋਠੀ ‘ਚ ਕੋਈ ਵੀ ਉਸਦੀ ਲਾਸ਼ ਚੁੱਕਣ ਵਾਲਾ ਨਹੀਂ ਸੀ । ਉਸ ਦਾ ਸਰੀਰ ਪਿਆ ਪਿੰਜਰ ਬਣ ਗਿਆ । ਭਾਂਅ- ਭਾਂਅ ਕਰਦੀ ਖ਼ੂਬਸੂਰਤ ਤੇ ਮਹਿੰਗੀ ਕੋਠੀ ਚ ਹੁਣ ਸਿਰਫ਼ ਉੱਲੂ ਹੀ ਬੋਲਦੇ ਸਨ ।
ਮਨਪ੍ਰੀਤ ਕੌਰ ਭਾਟੀਆ
ਐਮ.ਏ. ਬੀ. ਐੱਡ।