ਨਿੱਕੇ ਹੁੰਦਿਆਂ ਤੋਂ ਮੇਰੀ ਇੱਕ ਅਜੀਬ ਜਿਹੀ ਆਦਤ ਹੋਇਆ ਕਰਦੀ..ਜਿੰਨੀਆਂ ਮਰਜੀ ਝਿੜਕਾਂ ਪੈ ਜਾਣ ਕਦੀ ਕਿਸੇ ਸਾਮਣੇ ਰੋਈ ਨਹੀਂ ਸਾਂ..ਬੱਸ ਸਭ ਕੁਝ ਅੰਦਰ ਹੀ ਡੱਕ ਕੇ ਰੱਖਦੀ ਫੇਰ ਜਦੋਂ ਮੌਕਾ ਮਿਲਦਾ ਤਾਂ ਕੱਲੀ ਕਮਰੇ ਵਿਚ ਬੰਦ ਹੋ ਕੇ ਰੱਜ ਕੇ ਗੁਬਾਰ ਕੱਢ ਲੈਂਦੀ..!
ਐੱਮ.ਐੱਡ ਮਗਰੋਂ ਪਹਿਲੀ ਪੋਸਟਿੰਗ ਐਨ ਬਾਡਰ ਕੋਲ ਵੱਸੇ ਪਿੰਡ ਵਿਚ ਹੋ ਗਈ ਤਾਂ ਘਰੋਂ ਏਨੀ ਦੂਰ ਬੈਠੀ ਦਾ ਕਈ ਵੇਰ ਰੋਣ ਨਿੱਕਲ ਜਾਇਆ ਕਰਦਾ..ਫੇਰ ਵਾਹਿਗੁਰੂ ਅਗੇ ਅਰਦਾਸ ਕਰਦੀ ਕੇ ਕਦੋਂ ਛੇ ਮਹੀਨੇ ਪੂਰੇ ਹੋਣ ਤੇ ਕਦੋ ਆਪਣੇ ਸ਼ਹਿਰ ਕੋਲ ਵਾਪਿਸ ਪਰਤ ਜਾਵਾਂ..!
ਵੈਸੇ ਤਾਂ ਇਥੇ ਸਕੂਲ ਦੇ ਸਾਰੇ ਬੱਚੇ ਹੀ ਇੰਝ ਦੇ ਸਨ ਪਰ ਤੀਜੀ ਜਮਾਤ ਦਾ ਉਹ ਮੁੰਡਾ ਬੜਾ ਹੀ ਅਜੀਬ ਸੀ..ਜਦੋਂ ਵੀ ਕਾਪੀ ਚੈੱਕ ਕਰਵਾ ਕੇ ਜਾਂਦਾ ਤਾਂ ਮਗਰੋਂ ਉਸਦੇ ਕੱਪੜਿਆਂ ਕੋਲੋਂ ਆਉਂਦੀ ਅਜੀਬ ਜਿਹੀ ਮੁਸ਼ਕ ਨਾਲ ਮੈਨੂੰ ਛਿੱਕਾਂ ਛਿੜ ਜਾਂਦੀਆਂ..ਖਾਸ ਕਰਕੇ ਰੰਗ ਬਰੰਗੇ ਅੱਧੀ ਬਾਂਹ ਦੇ ਸਵੈਟਰ ਕੋਲੋਂ ਤਾਂ ਇੰਝ ਲੱਗਦਾ ਜੀਵੇਂ ਬੇਹੋਸ਼ ਹੋ ਕੇ ਹੀ ਡਿੱਗ ਪਵਾਂਗੀ..!
ਅਕਸਰ ਹੀ ਉਸ ਨੂੰ ਜਾਣ ਬੁੱਝ ਕੇ ਹੀ ਸਭ ਤੋਂ ਮਗਰੋਂ ਬੁਲਾਉਂਦੀ ਤੇ ਫੇਰ ਛੇਤੀ ਨਾਲ ਫਾਰਗ ਕਰਕੇ ਵਾਪਿਸ ਤੋਰ ਦਿਆ ਕਰਦੀ..!
ਇੱਕ ਦਿਨ ਮੇਰੀ ਤਬੀਅਤ ਥੋੜਾ ਢਿੱਲੀ ਸੀ..ਉਸਦਾ ਗੱਲ ਪਾਇਆ ਸਵੈਟਰ ਵੇਖ ਉਸਨੂੰ ਜਾਣ ਬੁੱਝ ਕੇ ਹੀ ਨਜਰਅੰਦਾਜ ਜਿਹਾ ਕੀਤਾ..ਆਪਣੇ ਕੋਲ ਸੱਦਿਆ ਹੀ ਨਹੀਂ..!
ਘੜੀ ਕੂ ਮਗਰੋਂ ਹੀ ਪੇਂਟ ਝਾੜਦਾ ਉੱਠ ਖਲੋਤਾ..ਫ਼ਿਕਰਮੰਦੀ ਦੇ ਆਲਮ ਵਿਚ ਆਖਣ ਲੱਗਾ ਮੈਡਮ ਜੀ ਮੇਰੀ ਕਾਪੀ ਰਹਿ ਗਈ ਏ..!
ਫੇਰ ਮਜਬੂਰਨ ਸੱਦਣਾ ਪਿਆ..ਫੇਰ ਕਾਪੀ ਵਾਪਿਸ ਫੜਾਉਂਦੀ ਹੋਈ ਨੇ ਪੁੱਛ ਹੀ ਲਿਆ ਕੇ ਓਏ ਤੂੰ ਨਹਾਉਂਦਾ ਕਿਓਂ ਨਹੀਂ?
ਨੀਵੀਂ ਪਾ ਲਈ..ਆਖਣ ਲੱਗਾ ਜੀ ਬਾਪੂ ਰੋਜ ਸੁਵੇਰੇ ਉਠਾ ਆਲੂ ਪੁੱਟਣ ਆਪਣੇ ਨਾਲ ਲੈ ਜਾਂਦਾ ਤੇ ਫੇਰ ਓਥੋਂ...
ਸਿੱਧਾ ਹੀ ਸਕੂਲੇ ਆਉਣਾ ਪੈਂਦਾ..ਰਾਹ ਵਿਚ ਕਿੱਕਰ ਦੀ ਦਾਤਣ ਕਰਨ ਮਗਰੋਂ ਹੱਥ ਮੂੰਹ ਵੀ ਰਾਹ ਵਿਚ ਪੈਂਦੀ ਕੱਸੀ ਵਿਚੋਂ ਹੀ ਧੋਣਾ ਪੈਂਦਾ..!
ਗਲ਼ ਪਾਏ ਸਵੈਟਰ ਵੱਲ ਇਸ਼ਾਰਾ ਕਰਦਾ ਦੱਸਣ ਲੱਗਾ ਜੀ ਇਹ ਵੀ ਮੇਰੀ ਮਾਂ ਰਾਤ ਨੂੰ ਨਵੀਂ ਸੂਈ ਬੱਕਰੀ ਦੇ ਲੇਲੇ ਨੂੰ ਪਵਾ ਦਿੰਦੀ ਏ..ਆਖਦੀ ਜੇ ਇਹ ਠੰਡ ਨਾਲ ਮਰ ਗਿਆ ਤਾਂ ਬੱਕਰੀ ਦੁੱਧੋਂ ਨੱਸ ਜਾਊ ਤੇ ਫੇਰ ਚਾਹ ਕਾਹਦੀ ਬਣਾਉਣੀ ਏ..!
ਸਕੂਲੋਂ ਮੁੜਦੇ ਹੋਏ ਨੂੰ ਰਾਹ ਵਿਚੋਂ ਘਾਹ ਦੀ ਪੰਡ ਵੱਢ ਘਰੇ ਖੜਨੀ ਪੈਂਦੀ ਏ..ਕਈ ਵੇਰ ਜਦੋਂ ਰਾਹ ਵਿਚ ਲੁਕਾਈ ਦਾਤਰੀ ਗਵਾਚ ਜਾਵੇ ਤਾਂ ਘਰੋਂ ਬੜੀ ਕੁੱਟ ਪੈਂਦੀ ਏ..!
ਜਿਸਨੂੰ ਅੱਜ ਤੱਕ ਮੈਂ ਗੂੰਗਾ ਹੀ ਸਮਝਦੀ ਆਈ ਸਾਂ ਅੱਜ ਬੋਲੀ ਜਾ ਰਿਹਾ ਸੀ..ਲਗਾਤਾਰ..ਬਿਨਾ ਰੁਕੇ..ਇੱਕੋ ਸਾਹੇ..ਸ਼ਾਇਦ ਅੱਜ ਅਗਲੀਆਂ ਪਿਛਲੀਆਂ ਸਾਰੀਆਂ ਗਲਤਫਹਿਮੀਆਂ ਦੂਰ ਕਰ ਦੇਣਾ ਚਾਹੁੰਦਾ ਸੀ..ਸਦਾ ਲਈ..ਤਾਂ ਕੇ ਨਜ਼ਰਅੰਦਾਜ਼ੀ ਵਾਲਾ ਹਰ ਰੋਜ ਸੀਨੇ ਖੁੱਬਦਾ ਤਿੱਖਾ ਖੰਜਰ ਹਮੇਸ਼ਾਂ ਲਈ ਹੀ ਖੂਬਣੋਂ ਬੰਦ ਹੋ ਜਾਵੇ..!
ਅਖੀਰ ਮੈਨੂੰ ਸੁਣਨਾ ਬੰਦ ਹੋ ਗਿਆ ਤੇ ਫੇਰ ਘੜੀ ਕੂ ਮਗਰੋਂ ਦਿਸਣਾ ਵੀ..ਕਿਓੰਕੇ ਮੈਂ ਰੋ ਪਈ ਸਾਂ..ਪਹਿਲੀ ਵੇਰ ਅੱਜ ਕੱਲੀ ਨਹੀਂ ਸਗੋਂ ਸਾਰੀ ਜਮਾਤ ਸਾਮਣੇ ਰੋਈ..ਫੇਰ ਘੜੀ ਕੂ ਮਗਰੋਂ ਉਹ ਵੀ ਰੋ ਪਿਆ..!
ਮੇਰੇ ਹੰਝੂਆਂ ਵਿਚੋਂ ਤਾਂ ਇੱਕ ਪਛਤਾਵੇ ਦੀ ਝਲਕ ਸੀ ਤੇ ਪਰ ਉਸਦੇ ਕੋਇਆਂ ਵਿਚੋਂ ਵਗਦੇ ਹੋਏ ਦਰਿਆ ਵਿਚੋਂ ਇੱਕ ਵੱਖਰੀ ਖੁਸ਼ੀ ਦੀ..!
ਉਹ ਖੁਸ਼ੀ ਜਿਹੜੀ ਦੁਨੀਆਂ ਨੂੰ ਇੱਕ ਅਸਲੀਅਤ ਸਮਝਾਉਣ ਮਗਰੋਂ ਅੱਜ ਉਸਦੀ ਰੂਹ ਵਿਚ ਸਮੋਂ ਗਈ ਸੀ..ਮੁਸ਼ਕ ਮਾਰਦੇ ਸਵੈਟਰ ਦੀ ਅਸਲੀਅਤ..!
ਹਰਪ੍ਰੀਤ ਸਿੰਘ ਜਵੰਦਾ