More Punjabi Kahaniya  Posts
ਨਾਨਕੇ


ਬੀਬੀ ਉਦਮਾਂ ਦੀ ਦੇਵੀ ਸੀ। ਅੰਮਿ੍ਤ ਵੇਲੇ ਕੇਸੀਂ ਅਸ਼ਨਾਨ ਕਰ ਉਸ ਆਪ ਵੀ ਤੇ ਮੈਨੂੰ ਵੀ ਨੁਹਾ-ਧੁਵਾ ਨਵੇਂ ਕਪੜੇ ਪਾ ਦਿੱਤੇ ।
ਉਸ ਇਕ ਝੋਲੇ ਵਿੱਚ ਥੋਮ ਦੇ ਕੁੱਝ ਮੁੱਠੇ , ਅਲਸੀ ਤੇ ਸੱਕਰ ਪਾ ਤਣੀਆਂ ਨੂੰ ਗੰਢ ਮਾਰ ਲਈ। ਦੂਸਰੇ ਵਿੱਚ ਮੇਰੇ ਕਪੜੇ ਤੇ ਕੇਸਮੇੰਟ ਦੀ ਇਕ ਕੋਰੀ ਚਾਦਰ ਰੱਖੀ ਤੇ ਛੋਹਲੇ ਪੈਰੀਂ ਤੁਰਦਿਆਂ ਨਾਨਕਿਆਂ ਵਾਲੀ ਬੱਸ ਤੇ ਆਣ ਚੜ੍ਹੀ ।
ਕੰਲੀਡਰ ਦੀ ਵਜਾਈ ਸੀਟੀ ਨਾਲ ਬੱਸ ਨੇ ਤੇ ਦੌੜਨਾ ਹੀ ਸੀ…ਪਰ ” ਇਹ ਕੀ ?” ਜਦੋਂ ਮੈਂ ਸ਼ੀਸ਼ੇ ਥਾਂਣੀ ਬਾਹਰ ਵੇਖਿਆ ਤਾਂ ਸਾਰੀ ਕਾਇਨਾਤ ਦੌੜ ਉੱਠੀ। ਜਿਵੇਂ ਕਲੀੰਡਰ ਨੇ ਸਾਰਿਆਂ ਨੂੰ ਭੱਜਣ ਲਈ ਕਹਿ ਦਿੱਤਾ ਹੋਵੇ। ਰੁੱਖ , ਟਾਂਗੇ ,ਪਸ਼ੂ ਅਤੇ ਖੇਤ ਸਭ ਭੱਜੇ ਜਾ ਰਹੇ ਸਨ। ਬਚਪਨ ਬੜਾ ਨਿਆਰਾ ਹੁੰਦਾ । ਉਸ ਉਮਰ ਵਿੱਚ ਅਧੂਰਾ ਗਿਆਨ ਵੀ ਕਈ ਤਰ੍ਹਾਂ ਦੇ ਨਜ਼ਾਰੇ ਬੰਨ ਮਨਪ੍ਰਚਾਵਾ ਕਰ ਦੇੰਦਾ।
ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੇ ਜਾਣਾ ਹੋਵੇ । ਭਲਾ ਕਿਨੂੰ ਚਾਅ ਨਹੀਂ ਚੜ੍ਹਨਗੇ !! ਮੇਰੇ ਕੋਲੋਂ ਵੀ ਇਹ ਚਾਅ ਸਾਂਭਿਆ ਨਹੀਂ ਸੀ ਸਾਂਭੇ ਜਾ ਰਿਹੇ। ਚਿਰਾਂ ਬਾਅਦ ਬੱਸ ਦਾ ਮਿਲਿਆ ਝੂਟਾ ਮੇਰੀਆਂ ਵੱਖੀਆਂ ਥਾਣੀ ਹਾਸਾ ਕੱਢੀ ਜਾਂਦਾ । ਮੇਰੀ ਇਸ ਅਜੀਬ ਹਰਕਤ ਨੂੰ ਵੇਖ .. ਬੀਬੀ ਨੇ ਪਟੋਕੀ ਮਾਰ ਵਰਜਦਿਆਂ ਕਿਹਾ , ” ਛੂਦੇਣ ਤਾਂ ਨਹੀ ਹੋ ਗਈ , ਤੈਨੂੰ ਅਲੋਕਾਰ ਮਜ਼ਾ ਆਉੰਦਾ , ਹਿੱਚ-ਹਿੱਚ ਕਰੀ ਜਾਂਨ਼ੀ ਏੰ।” ਪਰ ਕੁਦਰਤੀ ਖੁਸ਼ੀ ਦੇ ਪਰਵਾਹ ਨੂੰ ਕੌਣ ਰੋਕ ਸਕਿਆ । ਬੀਬੀ ਦੀਆਂ ਝਿੱੜਕਾਂ ਵੀ ਸੁਣੀਆਂ ਤੇ ਪਟੋਕੀਆਂ ਵੀ ਖਾਧੀਆਂ ਪਰ ਮੇੇਰਾ ਹਾਸਾ ਨਾ ਰੁਕਿਆ। ਅੱਜ ਵਿਸ਼ੇਸ਼ ਸਹੂਲਤਾਂ ਵਾਲੇ ਜਹਾਜ਼ਾਂ ਵਿੱਚ ਕੀਤਾ ਸਫਰ …. ਉਸ ਬੱਸ ਦੀ ਕੀਤੀ ਸਵਾਰੀ ਦੇ ਨੇੜੇ -ਤੇੜੇ ਵੀ ਨਹੀਂ ਫ਼ੱੜਕਦਾ।
ਬੱਸੋਂ ਉਤਰੀਆਂ ਤਾਂ ਨਾਨਕੇ ਪਿੰਡ ਨੂੰ ਜਾਣ ਵਾਲੇ ਟਾਂਗੇ ਤੇ ਸਵਾਰ ਹੋ ਗਈਆਂ। ਭਾਵੇਂ ਹਾਲੇ ਟਾਂਗਾ ਸਵਾਰੀਆਂ ਤੋਂ ਊਣਾ ਸੀ ਪਰ ਭਾਈ ਨੇ ਘੋੜੀ ਨੂੰ ਇਹ ਕਹਿੰਦਿਆਂ, ” ਚਲ ਬਿੱਲੋ ਕਰਮਾਂ ਵਾਲੀਏ” ਟਾਂਗਾ ਤੋਰ ਲਿਆ। ਸੜਕ ਤੇ ਸਪਾਟ ਦੌੜਦੀ ਬਿੱਲੋ ਦੇ ਪੌੜਾਂ ਦੀ ਟੱਪਕ ਤੇ ਭਾਈ ਦੇ ਬਾਰਬਾਰ ਟਾਂਗੇ ਦੇ ਪਹੀਏ ਉਤੇ ਛਾਂਟੇ ਦੀ ਰਗੜ ਅਨੋਖਾ ਸੰਗੀਤ ਛੇੜ ਫਿਜ਼ਾ ਨੂੰ ਮਨਮੋਹਕ ਬਣਾ ਰਹੀਆਂ ਸਨ। ਅੱਧੀ ਕੁ ਵਾਟ ਮੁੱਕੀ ਹੋਊ ਕਿ ਭਾਈ ਨੇ ਸੜਕ ਕਿਨਾਰੇ ਸੰਘਣੇ ਬੋਹੜ ਦੀ ਛਾਂਵੇ...

ਟਾਂਗਾ ਰੋਕ ਦਿੱਤਾ। ਉਸ ਸੀਟਾਂ ਹੇਠੋਂ ਬਾਲਟੀ ਕੱਢ ਨਲਕੇ ਤੋਂ ਬਿੱਲੋ ਨੂੰ ਰੱਝਵਾਂ ਪਾਣੀ ਪੀਆਇਆ ਤੇ ਸਵਾਰੀਆਂ ਨੂੰ ਵੀ ਪਾਣੀ ਦੇ ਭਰ ਭਰ ਗਲਾਸ ਦਿੱਤੇ । ਸੂਰਜ ਦੀ ਤਿੱਖੀ ਧੁੱਪ ਵਿੱਚ ਠੰਡਾ ਸ਼ੀਤਲ ਜਲ ਹਿਰਦੇ ਠਾਰ ਗਿਆ।
ਟਾਂਗੇ ਤੋਂ ਉਤਰ ਬੀਬੀ ਨੇ ਭਾਈ ਨੂੰ ਕਰਾਏ ਦੇ ਪੈਸੇ ਦੇਣੇ ਚਾਹੇ ਤਾਂ ਉਹ ਨਾਂਹ ਕਰਦਾ ਬੋਲਿਆ , ” ਪਿੰਡ ਦੀਆਂ ਧੀਆਂ ਭੈਣਾਂ ਤੋਂ ਪੈਸੇ ਨਹੀਂ ਲਈਦੇ ਨਹੀਂ ਦੇਈਦੇ ਨੇ.. ਭੈਣ ਤੂੰ ਸਰੈਣ ਸਿਉੰ ਦੀ ਧੀ ਜਾਪਦੀਂ …….ਬੜਾ ਨੇਕ ਇਨਸਾਨ ਸੀ ,ਹਮੇਸ਼ਾ ਲੋੜਮੰਦਾਂ ਦੀ ਮਦਦ ਕਰਦਾ।” ਉਸ ਖੀਸੇ ਚੋਂ ਇਕ ਰੁਪੱਈਆ ਕੱਢ ਮੇਰੀ ਹਥੇਲੀ ਤੇ ਰੱਖਿਆ ਤੇ ਅਸੀਸ ਦਿੱਤੀ , “ਜੁੱਗ ਜੁੱਗ ਜੀਵੇ ਸਾਡੀ ਭਣੇਵੀੰ।” ਮੇਰੇ ਤੇ ਬੇਬੇ ਦੇ ਨਾਂਹ-ਨੁਕਰ ਕਰਨ ਤੇ ਵੀ ਉਹ ਨਾ ਮੰਨਿਆ। ਇਕ ਰੁਪਏ ਦੇ ਉਸ ਸਿੱਕੇ ਆਪਸੀ ਮੁਹੱਬਤਾਂ ਦਾ ਮੀਲ ਪੱਥਰ ਗੱਡ ਦਿੱਤਾ। ਇਹ ਛੋਟੇ ਛੋਟੇ ਉਪਹਾਰ ਸਾਡੇ ਵਿਰਸੇ ਦੀ ਅਮੀਰੀ ਦੀ ਨਿਸ਼ਾਨੀ ਸਨ।
ਨਾਨਕਾ ਟੱਬਰ ਅਜੇ ਸ਼ਾਹਵੇਲਾ ਹੀ ਕਰ ਰਿਹਾ ਸੀ ਕਿ ਅਸੀਂ ਜਾ ਸੱਸਰੀ ਕਾਲ ਬੁਲਾਈ। ਰੋਟੀ ਖਾਂਧਿਆ ਮਾਮੀ ਦੇ ਹੱਥ ਭਾਵੇਂ ਸਲੂਨੇ ਨਾਲ ਲਿਬੜੇ ਸਨ ਪਰ ਉਸ ਅਰਕਾਂ ਨਾਲ ਹੀ ਮੈਨੂੰ ਗੱਲਵਕੜੀ ਪਾ …ਹਿੱਕ ਨਾਲ ਲਾ ਲਿਆ। ਇਹ ਮੋਹ ਭਿੱਜਾ ਅਹਿਸਾਸ ਨਾਨਕਿਆਂ ਤੋਂ ਮਿਲੇ ਨਿੱਘ ਦਾ ਖੂਬਸੂਰਤ ਨਮੂਨਾ ਸੀ ਜੋ ਅੱਜ ਵੀ ਯਾਦਾਂ ਵਿੱਚ ਸਮੋਇਆ ਪਿਆ। ਹੁਣ ਉਨ੍ਹਾਂ ਅਨਮੋਲ ਪਲਾਂ ਕਦੀ ਜਿੰਦਗੀ ਵਿੱਚ ਦੁਬਾਰਾ ਗੇੜਾ ਨਹੀਂ ਮਾਰਨਾ।
ਮਾਮੀ ਜਿਨ੍ਹਾਂ ਚਿਰ ਸਾਡੇ ਲਈ ਥਾਲਾਂ ਵਿੱਚ ਸ਼ਾਹਵੇਲਾ ਪਾਕੇ ਨਹੀਂ ਲੈ ਆਈ ਉਨ੍ਹਾਂ ਚਿਰ …ਮਜਾਲ ਹੈ ਕਿਸੇ ਜੀਅ ਮੂੰਹ ਨੂੰ ਬੁਰਕੀ ਛੂਹਾਈ ਹੋਵੇ। ਸਗੋਂ ਸਾਡੇ ਪਰਵਾਰ ਦੀ ਸੁੱਖ ਸਾਂਦ ਪੁੱਛਦੇ ਰਹੇ। ਇਸ ਤਰ੍ਹਾਂ ਦੀ ਖਿਦਮਤਗੀਰੀ ਦੇ ਦਿਨ ਲੱਦ ਚੁੱਕੇ ਹਨ। ਅਧੁਨਿਕਤਾ ਦੇ ਦੌਰ ਦੀ ਰੇਸ ਵਿੱਚ ਸ਼ਾਮਲ ਮਨੁੱਖ ਰਿਸ਼ਤਿਆਂ ਤੋਂ ਪਾਸਾ ਵੱਟੀ ਬੈਠਾ । ਮੌਲਾ ਆਪਣੇ ਬੰਦਿਆਂ ਨੂੰ ਸੁਮੱਤ ਬਖਸ਼ੀਂ…… ਜੀਵਨ ਵਿੱਚ ਜਿਆਦਾ ਕਾਹਲ ਚੰਗੀ ਨਹੀਂ ਹੁੰਦੀ ..ਠਹਰਾਓ ਜਿੰਦਗੀ ਨੂੰ ਬਲ ਦੇੰਦਾ । ਦੁਨਿਆਵੀ ਦੌੜ ਚੋਂ ਕੁੱਝ ਪਲ ਰੁੱਕ …ਅਤੀਤ ਬਾਰੇ ਸੋਚਨਾ ਸਭਿਅਕ ਕਦਰਾਂ -ਕੀਮਤਾਂ ਨੂੰ ਸਿਜਦਾ ਕਰਨਾ ਹੈ । ( ਚਲਦਾ )
✍:- ਗੁਰਨਾਮ ਨਿੱਜਰ=06/06/2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)