ਤਲਾਕ
ਸੰਤਰੀ ਰੰਗ ਦਾ ਸੂਟ ਤੇ ਗਹਿਰੇ ਸਲੇਟੀ ਰੰਗ ਦੀ ਚੁੰਨੀ ਉਹਦੇ ਉੱਤੇ ਫੱਬ ਰਹੇ ਸਨ। ਕਿਸੇ ਪਾਰਟੀ ਵਿਚ ਆਏ ਹੋਏ ਅਮਿਤੋਜ ਸਿੰਘ ਅਤੇ ਜਪਲੀਨ ਕੌਰ ਦੀ ਕਿਸੇ ਗੱਲੋਂ ਆਪਸ ਵਿਚ ਕਹਾ ਸੁਣੀ ਹੋ ਗਈ ਤੇ ਜਪਲੀਨ ਨਰਾਜ਼ ਹੋ ਕੇ ਅੱਡ ਤੋਂ ਪਾਰਟੀ ਵਿੱਚ ਵਿਚਰਨ ਲੱਗੀ। ਅਮਿਤੋਜ ਸਿੰਘ ਉਸ ਨੂੰ ਮਨਾਉਣ ਲਈ ਬਥੇਰੀਆਂ ਮਿੰਨਤਾਂ ਤਰਲੇ ਕਰਦਾ ਹੈ ਤੇ ਤਰਲੋ ਮੱਛੀ ਹੁੰਦਾ ਹੈ।
ਪਰ ਜਪਲੀਨ ਖਾਸੀ ਨਾਰਾਜ਼ ਸੀ। ਘਰ ਪੁੱਜਣ ਤੇ ਵੀ ਓਹ ਉਸੇ ਤਰ੍ਹਾਂ ਹੀ ਸੀ। ਉਸਦੀ ਨਾਰਾਜ਼ਗੀ ਏਨੀ ਡਾਢੀ ਹੋ ਗਈ ਕਿ ਲੜਾਈ ਦਾ ਰੂਪ ਧਾਰਨ ਕਰ ਗਈ ਤੇ ਨੌਬਤ ਤਲਾਕ ਤੱਕ ਪਹੁੰਚ ਗਈ। ਉਸ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਮੈਨੂੰ ਤਲਾਕ ਚਾਹੀਦਾ ਹੈ। ਐਨੀ ਗੱਲ ਕਹਿਣ ਦੀ ਦੇਰ ਸੀ ਕੇ ਅਮਿਤੋਜ ਬਿਸਤਰ ਤੇ ਅੱਬੜਵਾਹੇ ਉੱਠ ਖੜ੍ਹਿਆ। ਮੋਬਾਈਲ ਤੇ ਸਮਾਂ ਦੇਖਿਆ ਤਾਂ ਸਵੇਰ ਦੇ ਸਵਾ ਪੰਜ...
ਵਜੇ ਹੋਏ ਸਨ। ਬਿਸਤਰ ਦੇ ਲਾਗੇ ਲੱਗੀ ਤਸਵੀਰ ਦੇਖ ਕੇ ਉਹ ਹਕੀਕਤ ਨਾਲ ਰੂਬਰੂ ਹੋਇਆ ਕਿ ਉਸਦੀ ਜਪਲੀਨ ਤਾਂ ਸਦਾ ਲਈ ਵਿਛੜ ਜਾਣ ਵਾਲਾ ਤਲਾਕ ਦੇ ਚੁੱਕੀ ਹੈ। ਅਜਿਹਾ ਤਲਾਕ ਜਿਸ ਵਿੱਚ ਵਿੱਛੜ ਚੁੱਕਾ ਦੁਬਾਰਾ ਨਜ਼ਰ ਨਹੀਂ ਆਉਂਦਾ।
ਸਾਰਾ ਦਿਨ ਉਸਦੇ ਜ਼ਿਹਨ ਵਿੱਚ ਇਹ ਸੁਪਨਾ ਘੁੰਮਦਾ ਰਿਹਾ ਤੇ ਓਹ ਸੁਪਨੇ ਨੂੰ ਯਾਦ ਕਰਕੇ ਆਪਣੇ ਅੰਦਰਲੇ ਵੇਗ ਨੂੰ ਸਮੇਟਦੇ ਹੋਏ ਦਿਨ ਦਾ ਕਾਰ ਵਿਹਾਰ ਕਰਦਾ ਰਿਹਾ ਤੇ ਕਿਤੇ ਨਾ ਕਿਤੇ ਆਪਣੇ ਇਸ ਹਾਲ ਲਈ ਖ਼ੁਦ ਨੂੰ ਵੀ ਕਸੂਰਵਾਰ ਸਮਝਦਾ ਰਿਹਾ ਤੇ ਜਿਵੇਂ ਹੀ ਰਾਤ ਨੇ ਆਪਣੇ ਪੈਰ ਪਸਾਰੇ, ਉਸਨੇ ਬੱਚਿਆਂ ਤੋਂ ਲੁੱਕ ਕੇ ਆਪਣਾ ਗ਼ੁਬਾਰ ਕੱਢ ਲਿਆ।
-ਕੰਵਰ ਅੰਮ੍ਰਿਤ ਪਾਲ ਸਿੰਘ