ਬਾਦਸ਼ਾਹ ,ਦੁਹਾਈ -ਦੁਹਾਈ ,ਬਹੁਤ ਮਾੜਾ ਹੋ ਗਿਆ!! ਬਾਦਸ਼ਾਹ!
ਦਰਬਾਰੀ ਨੇ ਸਾਹੋ ਸਾਹ ਹੁੰਦਿਆਂ ਬਾਦਸ਼ਾਹ ਦੀ ਮਹਿਫ਼ਲ ਵਿੱਚ ਦਾਖ਼ਲ ਹੋ ਕੇ ਕਿਹਾ ।ਬਾਦਸ਼ਾਹ ਜਿਹੜਾ ਕਿ ਸ਼ਹਿਰ ਤੋਂ ਦੂਰ ਨਦੀ ਕਿਨਾਰੇ ਆਪਣੇ ਰੰਗ ਮਹਿਲ ਵਿੱਚ ਸ਼ਰਾਬ ਦਾ ਆਨੰਦ ਲੈ ਰਿਹਾ ਸੀ ,ਅਚਾਨਕ ਆਏ ਇਸ ਦਰਬਾਰੀ ਦੀ ਗੱਲ ਸੁਣ ਕੇ ਹੈਰਾਨ ਅਤੇ ਗੁੱਸੇ ਹੋ ਗਿਆ । ਬਾਦਸ਼ਾਹ ਨੇ ਕੱਚ ਦੇ ਗਲਾਸ ਵਿਚ ਆਪਣੇ ਭਤੀਜੇ ਦੀ ਬਣਾਈ ਵਧੀਆ ਕਿਸਮ ਦੀ ਸ਼ਰਾਬ ਦੀ ਘੁੱਟ ਭਰ ਕੇ ਦਰਬਾਰੀ ਨੂੰ ਕਿਹਾ, “ਕੀ ਹੋ ਗਿਆ ,ਕਿਉਂ ਡਰਿਆ ਫਿਰਦੈਂ ?? ”
ਜਨਾਬ ਰਾਜ ਵਿੱਚ ਮਹਾਂਮਾਰੀ ਫੈਲ ਗਈ ।ਲੋਕ ਧੜਾਧੜ ਮਰ ਰਹੇ ਨੇ। ਜਵਾਨ ਪੁੱਤ ਹੱਥਾਂ ਵਿਚ ਆ ਗਏ ,ਬਜ਼ੁਰਗਾਂ ਨੂੰ ਮੋਢਾ ਦੇਣ ਵਾਲਾ ਵੀ ਨਹੀਂ ਕੋਈ।
ਤੁਹਾਡੇ ਰਾਜ ਵਿੱਚ ਮੌਤ ਦਾ ਰਾਜ ਚੱਲ ਰਿਹਾ ਹੈ ,ਬਾਦਸ਼ਾਹ ।
ਬਾਦਸ਼ਾਹ ਨੇ ਗੁੱਸੇ ਨਾਲ ਆਪਣੇ ਮੰਤਰੀ ਵੱਲ ਦੇਖਿਆ, ਅਤੇ ਕਿਹਾ “ਮੰਤਰੀ ਸਾਹਬ ,ਮੈਂ ਤੁਹਾਨੂੰ ਕਿੰਨੀ ਵਾਰ ਕਿਹੈ ਏਹੋ ਜਿਹੀਆਂ ਮਨਹੂਸ ਖ਼ਬਰਾਂ ਇਸ ਮਹਿਲ ਵਿੱਚ ਨਹੀਂ ਪਹੁੰਚਣੀਆਂ ਚਾਹੀਦੀਆਂ ‘ ਇਸ ਕਜੀਏ ਕਲੇਸ਼ ਤੋਂ ਦੂਰ ਰਹਿਣ ਕਰਕੇ ਤਾਂ ਮੈਂ ਇਸ ਨਦੀ ਕਿਨਾਰੇ ਆਪਣਾ ਰੰਗ ਮਹਿਲ ਬਣਾਇਆ ਹੈ , ਆਮ ਲੋਕਾਂ ਦੀ ਮੌਤ ਦੀ ਘਟੀਆ ਖ਼ਬਰ ਦੇਣ ਲਈ ਇਸ ਦਰਬਾਰੀ ਨੂੰ ਇੱਥੇ ਆਉਣ ਦੀ ਆਗਿਆ ਕਿਸ ਨੇ ਦਿੱਤੀ ਹੈ ?”
“ਜਨਾਬ ਇਹ ਆਪਣਾ ਖ਼ਾਸ ਦਰਬਾਰੀ ਆ, ਇਹਦੇ ਕੋਲ ਹਰ ਕਿਤੇ ਆਉਣ ਦੇ ਅਧਿਕਾਰ ਹਨ , ਜਦੋਂ ਕੋਈ ਮੁਸੀਬਤ ਆ ਜਾਂਦੀ ਹੈ ਤਾਂ ਇਹ ਕਿਸੇ ਸਮੇਂ ਵੀ ਆ ਕੇ ਤੁਹਾਨੂੰ ਉਹ ਖ਼ਬਰ ਦੇ ਸਕਦੈ ,ਇਹ ਅਧਿਕਾਰ ਤੁਸੀਂ ਹੀ ਦਿੱਤੇ ਨੇ ” ਮੰਤਰੀ ਨੇ ਸ਼ਰਮਿੰਦੇ ਹੁੰਦਿਆਂ ਕਿਹਾ ।
ਸ਼ਰਾਬ ਦੇ ਗਲਾਸ ਵਿੱਚੋਂ ਆਖ਼ਰੀ ਘੁੱਟ ਭਰ ਕੇ ,ਕੋਲ ਪਏ ਭੁੰਨੇ ਹੋਏ ਮਾਸ ਦੀ ਇੱਕ ਬੋਟੀ ਮੂੰਹ ਵਿੱਚ ਪਾ ਕੇ ਬਾਦਸ਼ਾਹ ਨੇ ਦਰਬਾਰੀ ਨੂੰ ਕਿਹਾ, “ਜਾ ਕੇ ਆਮ ਲੋਕਾਂ ਨੂੰ ਸੁਨੇਹਾ ਦੇ ਦਿਉ ,ਕਿ ਬਾਦਸ਼ਾਹ ਇਸ ਮਹਾਂਮਾਰੀ ਉੱਪਰ ਅਗਲੇ ਮਹੀਨੇ ਦੀ ਮੱਸਿਆ ਨੂੰ ਬੈਠਕ ਕਰਨਗੇ ਅਤੇ ਕੋਈ ਫ਼ੈਸਲਾ ਲੈਣਗੇ”।
“ਬਾਦਸ਼ਾਹ ,ਪਰ ਉਸ ਮੱਸਿਆ ਵਿੱਚ ਤਾਂ ਹਾਲੇ ਚਾਲੀ ਦਿਨ ਬਾਕੀ ਨੇ ,ਲੋਕ ਤਾਂ ਅੱਜ ਮਰ ਰਹੇ ਨੇ ” ਦਰਬਾਰੀ ਨੇ ਡਰਦੇ ਡਰਦੇ ਇਹ ਗੱਲ ਆਖੀ
“ਤੈਨੂੰ ਜਿੰਨੀ ਗੱਲ ਕਹੀ ਹੈ ਉਨੀ ਕਰ “ਬਾਦਸ਼ਾਹ ਕੜਕਿਆ।
ਦਰਬਾਰੀ ਝੁਕ ਕੇ ਬਾਹਰ ਚਲਿਆ ਗਿਆ ।
“ਦਰਬਾਰੀ ਨੇ ਤਾਂ ਮੂਡ ਹੀ ਖ਼ਰਾਬ ਕਰ ਦਿੱਤਾ ਭਤੀਜਿਆ ,ਤੇਰੇ ਕਾਰਖਾਨੇ ਦੀ ਬਣੀ ਵਧੀਆ ਕਿਸਮ ਦੀ ਸ਼ਰਾਬ ਦਾ ਇਕ ਗਲਾਸ ਹੋਰ ਭਰ ”
ਬਾਦਸ਼ਾਹ ਨੇ ਕੋਲ ਬੈਠੇ ਆਪਣੇ ਭਤੀਜੇ ਨੂੰ ਕਿਹਾ ,ਜੋ ਕਿ ਰਾਜ ਵਿੱਚ ਵਿਕਦੀ ਸਾਰੀ ਸ਼ਰਾਬ ਦਾ ਮਾਲਕ ਸੀ ।
ਉਧਰ ਸਾਰੇ ਰਾਜ ਵਿੱਚ ਇਹ ਖ਼ਬਰ ਫੈਲ ਗਈ ਕਿ ਬਾਦਸ਼ਾਹ ਖ਼ੁਦ ਅਗਲੀ ਮੱਸਿਆ ਨੂੰ ਇਸ ਮਹਾਂਮਾਰੀ ਉੱਪਰ ਕੋਈ ਜ਼ਰੂਰੀ ਫੈਸਲਾ ਲੈਣਗੇ ।
ਆਮ ਲੋਕ ਇੱਕ ਦੂਜੇ...
ਨਾਲ ਗੱਲਾਂ ਕਰਨ ਲੱਗੇ ।
“ਮੋਹਣਿਆ ,ਬਾਦਸ਼ਾਹ ਨੇ ਕੰਮ ਲੇਟ ਨੀ ਕਰਤਾ ਯਰ
ਚਾਲੀ ਦਿਨਾਂ ਨੂੰ ਬੈਠਕ ਰੱਖੀ ਹੈ ਲੋੜ ਤਾਂ ਅੱਜ ਸੀ ਕੁਸ਼ ਕਰਨ ਦੀ ”
ਸ਼ੇਰੂ ਨੇ ਆਪਣੇ ਸਿਰ ਦਾ ਪਰਨਾ ਠੀਕ ਕਰਦਿਆਂ ਆਪਣੇ ਮਿੱਤਰ ਮੋਹਨੇ ਨੂੰ ਕਿਹਾ ।
“ਯਾਰ ਤੂੰ ਵੀ ਬੱਸ ਨੌੰ ਦਾ ਈ ਸ਼ੇਰੂ ਆ, ਪਤਾ ਤੈਨੂੰ ਆਨੇ ਦਾ ਨੀ, ਉਏ ਇਹੋ ਜਿਹੀਆਂ ਬੈਠਕਾਂ ਕਰਨ ਲਈ ਫ਼ੈਸਲੇ ਲੈਣ ਲਈ ਟਾਇਮ ਲਗਦਾ ਹੁੰਦਾ ।ਬਾਦਸ਼ਾਹ ਨੇ ਸਲਾਹਕਾਰਾਂ ਦੀ ਫ਼ੌਜ ਬੁਲਾਉਣੀ ਹੈ ,ਸਲਾਹ ਹੋਊਗੀ ਤਾਂ ਜਾ ਕੇ ਬਾਦਸ਼ਾਹ ਫ਼ੈਸਲਾ ਲਊ”
“ਚੱਲ ਫ਼ੈਸਲਾ ਤਾਂ ਜਦੋਂ ਮਰਜ਼ੀ ਲੈ ਲਵੇ ਪਰ ਕੋਈ ਚੱਜ ਦਾ ਫ਼ੈਸਲਾ ਲਵੇ ਬਾਦਸ਼ਾਹ ”
ਕੋਲ ਖੜ੍ਹਾ ਹੀ ਜੱਗਰ ਬੋਲਿਆ ।
“ਮੈਨੂੰ ਲਗਦੈ ਬਾਦਸ਼ਾਹ ਨਵੇਂ ਦਵਾਖਾਨੇ ਖੋਲੂ” ਸ਼ੇਰੂ ਬੋਲਿਆ। “ਹਾਂ ਨਾਲੇ ਮਰੀਜ਼ਾਂ ਨੂੰ ਭਰਤੀ ਕਰਨ ਵਾਸਤੇ ਨਵੇਂ ਭਵਨ ਵੀ ਖੋਲ੍ਹਣੇ ਪੈਣਗੇ ” ਜੱਗਰ ਨੇ ਵੀ ਸ਼ੇਰੂ ਦੀ ਹਾਂ ਚ ਹਾਂ ਮਿਲਾਈ।
“ਹੋਰ ਹਜ਼ਾਰਾਂ ਲੋਕ ਮਰ ਰਹੇ ਨੇ ,ਕੰਮ ਵੀ ਨਹੀਂ ਮਿਲ ਰਿਹਾ, ਲੱਗਦਾ ਬਾਦਸ਼ਾਹ ਰਾਸ਼ਨ ਦੇ ਭੰਡਾਰ ਵੀ ਖੋਲ੍ਹੇਗਾ ” ਮੋਹਨੇ ਨੇ ਬਾਦਸ਼ਾਹ ਦੀ ਤਾਰੀਫ਼ ਚ ਕਿਹਾ ।
“ਚਲੋ ਦੇਖਦੇ ਆਂ ਬਾਦਸ਼ਾਹ ਕੀ ਕੀ ਖੋਲ੍ਹਦੈ ,ਆਸ ਤਾਂ ਵੈਸੇ ਘੱਟ ਹੈ” ਸ਼ੇਰੂ ਜੁੱਤੀ ਝਾੜਦੇ ਬੋਲਿਆ।
“ਚਲੋ ਮੈਂ ਚਲਦਾਂ ਘਰੇ ਲਾਣੇਦਾਰਨੀ ਬੀਮਾਰ ਆ, ਜਾ ਕੇ ਕਰਦਾਂ ਕੋਈ ਓਹੜ ਪੋਹੜ ,ਹਾਲੇ ਨਵੇਂ ਦਵਾਖਾਨੇ ਤਾਂ ਖੁੱਲ੍ਹੇ ਨਹੀਂ “।
ਗਿਣਦੇ ਗਿਣਦੇ ਲੋਕਾਂ ਦੇ ਮਸਾਂ ਚਾਲੀ ਦਿਨ ਆਏ।
40 ਦਿਨਾਂ ਚ ਮਰਨ ਆਲਿਆਂ ਨੂ ਕੱਫ਼ਣ ਵੀ ਨਹੀ ਨਸੀਬ ਹੋਏ ਅਤੇ ਅੱਜ ਬਾਦਸ਼ਾਹ ਦੀ ਬੈਠਕ ਸੀ।
ਦੂਰੋਂ ਦੂਰੋਂ ਰਾਜੇ ਦੇ ਖ਼ਾਸ ਅਹੁਦੇਦਾਰ ਆਪਣੇ ਘੋੜਿਆਂ ਤੇ ਲਾਲ ਝੰਡੇ ਲਾ ਕੇ ਮਹਿਲ ਵੱਲ ਜਾ ਰਹੇ ਸੀ । ਲੋਕ ਆਸ ਉਮੀਦ ਲਾ ਕੇ ਬੈਠੇ ਸੀ ਵੀ ਬਾਦਸ਼ਾਹ ਅੱਜ ਬੀਮਾਰ ਲੋਕਾਂ ਲਈ ਕੀ ਕੀ ਖੋਲ੍ਹਦਾ ।
ਸ਼ਾਮ ਚਾਰ ਵਜੇ ਮੀਟਿੰਗ ਖਤਮ ਹੋਣ ਦਾ ਐਲਾਨ ਹੋ ਗਿਆ।
ਬਾਹਰ ਆ ਕੇ ਦਰਬਾਰੀ ਨੇ ਐਲਾਨ ਕਰਿਆ ਕਿ ਮਹਾਮਾਰੀ ਦੇ ਦੇਖਦੇ ਹੋਏ ਬਾਦਸ਼ਾਹ ਨੇ ਵੱਡਾ ਐਲਾਨ ਕਰਿਆ ਹੈ ਕਿ ਅੱਜ ਤੋਂ ਸਾਰਾ ਸ਼ਹਿਰ ਬੰਦ ਹੋਵੇਗਾ। ਕਿਸੇ ਨੂੰ ਵੀ ਘਰੋਂ ਬਾਹਰ ਨਿਕਲਣ ਦੀ ਆਗਿਆ ਨਹੀਂ । ਜੇ ਕੋਈ ਬਿਨਾਂ ਕੰਮ ਤੋਂ ਬਾਹਰ ਨਿਕਲੇਗਾ ਤਾਂ ਉਸ ਨੂੰ ਫੌਰਨ ਜੇਲ੍ਹਖਾਨੇ ਸੁੱਟ ਦਿੱਤਾ ਜਾਵੇਗਾ।
ਸ਼ੇਰੂ ਨੇ ਗੁੱਸੇ ਨਾਲ ਦਰਬਾਰੀ ਵੱਲ ਦੇਖਿਆ ਤੇ ਬੋਲਿਆ “ਜਨਾਬ ਕੁਸ਼ ਖੁੱਲ੍ਹਾ ਵੀ ਰਹੇਗਾ ਕ ਨਹੀ ”
“ਹਾਂ ਸਿਰਫ਼ ਸ਼ਰਾਬਖਾਨੇ ਖੁੱਲ੍ਹੇ ਰਹਿਣਗੇ” ਦਰਬਾਰੀ ਬੋਲਿਆ।
ਗੁਰਪਿੰਦਰ ਨਰੈਣਗੜ੍ਹ..