ਫੋਟੋ ਤਕਰੀਬਨ ਪੈਂਤੀ ਸਾਲ ਪੂਰਾਣੀ ਏ..ਮਾਸੀ ਦੇ ਮੁੰਡੇ ਦੇ ਵਿਆਹ ਵੇਲੇ ਦੀ..ਕਾਦੀਆਂ ਹਰਚੋਵਾਲ ਤੋਂ ਅੱਗੇ ਨਵੀਂ ਕੀੜੀ ਅਤੇ ਪੂਰਾਣੀ ਕੀੜੀ ਪਿੰਡਾਂ ਦੇ ਵਿਚਕਾਰਲੇ ਇਲਾਕੇ ਵਿਚ ਬਣਿਆ ਫਾਰਮ ਹਾਊਸ ਸੀ..ਗਲ਼ ਪਾਈ ਬੁਸ਼ਰ੍ਟ ਅਮ੍ਰਿਤਸਰ ਲੰਡੇ ਬਜਾਰੋਂ ਲਈ ਸੀ..ਸ਼ਾਇਦ ਪੰਜ ਰੁਪਈਆਂ ਦੀ..ਹੇਠਾਂ ਪਾਈ ਪੇਂਟ ਵੀ ਬਾਪੂ ਹੁਰਾਂ ਦੀ ਹੀ ਛੋਟੀ ਕੀਤੀ ਸੀ..ਫਿਰੋਜੀ ਰੰਗ ਦੀ ਪੱਗ ਅਜੇ ਵੀ ਮੇਰਾ ਮਨਪਸੰਦ ਰੰਗ ਏ..!
ਪੰਗਤ ਵਿੱਚ ਬੈਠੀ ਸੰਗਤ ਲਾਗੇ ਦੇ ਡੇਰਿਆਂ ਤੋਂ ਸੀ..ਹਰ ਕੋਈ ਮੈਨੂੰ ਮੇਰੀ ਮਾਂ ਦੇ ਨਾਮ ਤੋਂ ਜਾਣਦਾ ਸੀ..ਸਣਟੱਬਰੇ ਰੋਟੀ ਵਰਜੀ ਸੀ..ਝੋਨੇ ਦੀ ਵਾਢੀ ਮਗਰੋਂ ਖੁੱਲੇ ਖੇਤਾਂ ਵਿੱਚ ਮੰਜੇ ਡੱਠੇ ਹੁੰਦੇ..ਦੇਰ ਰਾਤ ਤੀਕਰ ਗੱਲਾਂ ਚੱਲਦੀਆਂ ਰਹਿੰਦੀਆਂ..ਖੁੱਲੀ ਸ਼ਰਾਬ ਵਰਜਿਤ ਸੀ ਪਰ ਅੰਦਰੋਂ ਅੰਦਰ ਕਈ ਝੁੱਟੀ ਲਾ ਹੀ ਆਇਆ ਕਰਦੇ..ਬਾਬੇ ਤੂਫ਼ਾਨ ਸਿੰਘ ਦਾ ਇਲਾਕਾ ਅਤੇ ਬੋਲਬਾਲਾ..ਕਿਸੇ ਨੂੰ ਕੋਈ ਨਜਾਇਜ ਤੰਗ ਪ੍ਰੇਸ਼ਾਨ ਨਹੀਂ..ਇੱਕ ਰਾਤ ਉਹ ਵੀ ਪ੍ਰਛਾਦਾ ਸ਼ਕ ਕੇ ਗਏ ਸਨ..!
ਅਗਲੇ ਦਿਨ ਇੱਕ ਅੰਬੈਸਡਰ ਅਤੇ ਇੱਕ ਮਿੰਨੀ ਬੱਸ ਵਿੱਚ ਬਰਾਤ ਗਈ ਸੀ..ਐਨ ਬਾਡਰ ਤੇ..ਉਸ ਸਾਲ ਸਾਉਣ ਭਾਦਰੋਂ ਕਾਫੀ ਹੜ ਆਏ ਸਨ..ਦੱਸਦੇ ਭਾਖੜਾ ਦਾ ਪਾਣੀ ਪਹਿਲੋਂ ਜਾਣ ਬੁੱਝ ਕੇ ਇੱਕਠਾ ਕੀਤਾ ਗਿਆ ਫੇਰ ਅਚਾਨਕ ਬਿਨਾ ਕਿਸੇ ਚੇਤਾਵਨੀ ਦੇ ਛੱਡਿਆ..ਮਾਝੇ ਦੀ ਬੈਲਟ ਨੂੰ ਸਬਕ ਸਿਖਾਉਣ ਲਈ..ਬੜਾ ਨੁਕਸਾਨ ਹੋਇਆ..ਡੰਗਰ ਵੱਛਾ ਦਾਣੇ ਫਸਲ ਸਬ ਕੁਝ ਬਰਬਾਦ..!
ਜੰਝ ਹਰਚੋਵਾਲ ਥਾਣੀਂ ਗੁਰਦਾਸਪੁਰ ਤੇ ਫੇਰ ਓਥੋਂ ਬਾਡਰ ਤੇ ਵੱਸੇ ਪਿੰਡ ਸ਼ਹੂਰ ਵਿੱਚ..ਰਾਹ ਵਿੱਚ ਅਜੇ ਵੀ ਪੰਦਰਾਂ ਪੰਦਰਾਂ ਫੁੱਟ ਪਾਣੀ ਦੇ ਨਿਸ਼ਾਨ..ਸਾਮਣੇ ਪਾਕਿਸਤਾਨ ਦਿਸਦਾ ਸੀ..ਕੰਡਿਆਲੀ ਵਾੜ ਨਹੀਂ ਸੀ ਲੱਗੀ..ਮਾਸੜ ਬਿਜਲੀ ਬੋਰਡ ਦੀ ਪੁਲਸ ਵਿੱਚ ਛੋਟਾ ਥਾਣੇਦਾਰ..ਸਾਫ ਦਿਲ ਇਨਸਾਨ..ਬੜੇ ਵਧੀਆ ਦਿਨ ਸਨ..ਮੁੱਠੀ ਵਿਚੋਂ ਰੇਤ ਵਾਂਗ਼ਰ ਕਿਰ ਗਏ..ਜੇ ਮੈਂ ਜਾਣਦੀ ਜੱਗੇ ਮਰ...
ਜਾਣਾ..ਇੱਕ ਦੇ ਮੈਂ ਦੋ ਜਣਦੀ..!
ਹੁਣ ਰੀਤੀ ਰਿਵਾਜ..ਰਹਿਣੀ ਸਹਿਣੀ ਸਭ ਕੁਝ ਬਦਲ ਗਿਆ..ਚੇਹਰਿਆਂ ਦੇ ਹਾਵ ਭਾਵ ਅਜੀਬ ਹੋ ਗਏ..ਘਰਾਂ ਵਿੱਚ ਟੋਇਲੇਟਾਂ ਕਦੀ ਨਹੀਂ ਸਨ ਸੁਣੀਆਂ..ਸੁਵੇਰੇ ਖੇਤਾਂ ਵੱਲ ਜਾਂਦਿਆਂ ਸੈਰ ਦੇ ਨਾਲ ਨਾਲ ਆਂਢ-ਗਵਾਂਢ ਦੀ ਸੁੱਖ ਸਾਂਦ ਵੀ ਪਤਾ ਲੱਗ ਜਾਂਦੀ..ਫੇਰ ਸੁਖਰਹਿਣੀ ਜਿੰਦਗੀ ਤੇ ਇੱਕ ਹੋਰ ਡਾਕਾ ਵੱਜਿਆ..ਸੈੱਲ ਫੋਨ ਆ ਗਏ..ਇਨਸਾਨੀਅਤ ਅੱਠ ਵਰਗ ਇੰਚ ਰਕਬੇ ਦੀ ਗੁਲਾਮ ਬਣ ਕੇ ਰਹਿ ਗਈ..ਇਹਨਾਂ ਤੋਂ ਬਗੈਰ ਵੀ ਇੱਕ ਜਿੰਦਗੀ ਅੱਖੀਂ ਵੇਖੀ..ਸ਼ਾਂਤ ਚੁੱਪ ਚਾਪ ਵਗੀ ਤੁਰੀ ਜਾਂਦੇ ਦਰਿਆ ਦੇ ਪਾਣੀਆਂ ਵਰਗੀ..ਹਫੜਾ-ਦਫੜੀ ਅਤੇ ਫੜਲੋ-ਫੜਲੋ ਨਹੀਂ ਸੀ ਹੋਇਆ ਕਰਦੀ..ਲੋਕ ਆਪੋ ਵਿੱਚ ਗੱਲਾਂ ਕਰਦੇ..ਹੱਸਦੇ ਖੇਡਦੇ..ਮਖੌਲ..ਠੱਠਾ..ਗੁੱਸੇ ਗਿਲੇ..ਗਿਲੇ ਸ਼ਿਕਵੇ..ਪਿਆਰ ਮੁਹੱਬਤਾਂ..ਵੇਖਾ ਵਿਖਾਈਆਂ..ਜਣੇਪੇ ਵਧਾਈਆਂ ਭਾਜੀਆਂ ਬੂੰਦੀ ਸ਼ੱਕਰ ਗੁੰਦਵੇਂ ਲੱਡੂ ਸ਼ੱਕਰ ਪਾਰੇ ਜਲੇਬੀਆਂ ਬਰਫ਼ੀ ਵੇਸਣ ਪੂਣੀਆਂ ਸੇਵੀਆਂ ਮੱਖਣ ਦੁੱਧ ਮਲਾਈਆਂ ਲਵੇਰੇ ਦਾਤੀਆਂ ਟੋਕੇ ਚੀਰਨੀਆਂ ਸ਼ਟਾਲੇ ਗਤਾਵੇ ਗੀਰੇ ਤੰਗਲੀਆਂ ਚਾਦਰੇ ਕੁੜਤੇ ਕੈਂ ਅਤੇ ਪਿੱਤਲ ਦੇ ਭਾਂਡੇ..ਮਿੱਟੀ ਦੀਆਂ ਪੜਛੱਤੀਆਂ..ਘੜਵੰਜੀਆਂ..ਰਿੜਕਣੀਆਂ..ਛਿੱਕੂ..ਹੋਰ ਵੀ ਕਿੰਨਾ ਕੁਝ..!
ਨਵੀਂ ਪੀੜੀ ਭਾਵੇਂ ਇਹ ਅਜੀਬ ਜਿਹੇ ਨਾਮ ਵੇਖ ਅਗਿਓਂ ਪੜਨਾ ਬੰਦ ਕਰ ਦੇਵੇ ਪਰ ਅਸਲੀਅਤ ਇਹ ਹੈ ਕੇ ਕਦੇ ਜਿੰਦਗੀ ਇਸ ਸਭ ਕੁਝ ਵਿੱਚ ਨੱਚਿਆ ਟੱਪਿਆ ਕਰਦੀ ਸੀ..!
ਬੇਸ਼ੱਕ ਕੇਰਾਂ ਪੁਲ ਹੇਠੋਂ ਲੰਘ ਗਏ ਵਾਪਿਸ ਪਰਤ ਕੇ ਕਦੀ ਨਹੀਂ ਆਉਂਦੇ ਪਰ ਓਹਨਾ ਵੇਲਿਆਂ ਦੀ ਗੱਲ ਬਾਤ ਤੇ ਹੋ ਹੀ ਸਕਦੀ..ਕਰਦੇ ਵੀ ਰਹਿਣਾ ਚਾਹੀਦਾ ਓਦੋਂ ਤੱਕ ਜਦੋਂ ਤੱਕ ਆਪ ਮੋਏ ਜੱਗ ਪਰਲੋ ਨਹੀਂ ਹੋ ਜਾਂਦੇ!
ਹਰਪ੍ਰੀਤ ਸਿੰਘ ਜਵੰਦਾ