More Punjabi Kahaniya  Posts
ਧੁੰਦਲੀਆਂ ਪੈੜਾਂ


ਧੁੰਦਲੀਆਂ ਪੈੜਾਂ, ਭਾਗ : ਦੂਸਰਾ

ਯਤਨਵੀਰ ਦਾ ਚਾਚਾ ਸਵੇਰੇ ਹੀ ਭਖਿਆ ਪਿਆ ਸੀ,ਕਹਿ ਰਿਹਾ ਸੀ , ਮੇਰਾ ਹਿੱਸਾ ਅੱਡ ਕਰੋ ਨਹੀਂ ਤਾਂ ਫ਼ਾਹਾ ਲੈ ਕੇ ਮਰ ਜਾਵਾਂਗਾ, ਕਰਮ ਸਿੰਘ ਚੁੱਪ ਚਾਪ ਤਖ਼ਤਪੋਸ਼ ਉੱਪਰ ਬੈਠਾ ਸਭ ਵੇਖ ਰਿਹਾ ਸੀ, ਜਦੋਂ ਉਹ ਨਾ ਹੱਟਿਆ, ਤਾਂ ਉਹ ਗੁੱਸੇ ਵਿਚ ਬੜਕ ਕੇ ਉੱਠਿਆ ਤੇ ਸ਼ੇਰ ਵਾਂਗੂੰ ਜੱਗਿਆ.. ਤੇ ਬੋਲਣਾ ਸ਼ੁਰੂ ਕਰ ਦਿੱਤਾ…
ਫ਼ਿਰਦਾ ਏ ਪਿੰਡ ਦੇ ਚਾਪਲੂਸਾਂ ਦੀਆਂ ਉਂਗਲੀਆਂ ਉੱਪਰ ਚੜਿਆ, ਤੇਰੇ ਪੱਲੇ ਤਾਂ ਕੱਖ ਨਹੀ ਹੈਗਾ, ਜ਼ਮੀਨ ਦੇ ਠੇਕੇ ਤੋਂ ਦੂਣੀ ਤਾਂ ਤੂੰ ਸ਼ਰਾਬ ਪੀ ਜਾਣਾਂ ਏ, ਤੇ ਵੀਹ ਕਿੱਲੇ ਪਹਿਲਾਂ ਤੂੰ ਆਪਣੇ ਹਿੱਸੇ ਦੇ ਵੇਚ ਚੁੱਕਿਆ ਏ, ਕੀ ਰਹਿ ਕੀ ਗਿਆ ਏ ਤੇਰਾ ਹਿੱਸਾ, ਰੋਟੀ ਆ… ਉਹ ਵੀ ਤੂੰ ਮੇਰੇ ਸਿਰ ਤੋਂ ਖਾਣਾਂ ਏ… ਮੈਨੂੰ ਪਤਾ ਮੈਂ ਕਿਵੇਂ ਅੱਧੀ ਅੱਧੀ ਰਾਤ ਤੈਨੂੰ ਪਿੰਡ ਦੀਆਂ ਸੱਥਾਂ ਵਿੱਚ ਭਾਲ ਭਾਲ ਘਰ ਲੈ ਕੇ ਆਉਣਾ, ਜੇ ਜ਼ਿਆਦਾ ਹੀ ਚਾਅ ਚੜ੍ਹਿਆ ਹੈ, ਤੈਨੂੰ ਪਿੰਡ ਵਿੱਚ ਬਦਨਾਮੀ ਖੱਟਣ ਦਾ, ਤਾਂ ਮੈਂ ਹੁਣੇ ਚਲਾ ਜਾਣਾ ਸਰਪੰਚ ਕੋਲ , ਉਹ ਆ ਜਾਊ , ਕੱਲ੍ਹ ਨੂੰ, ਵੰਡ ਲਵਾਂਗੇ , ਆਪੋ ਆਪਣੇ ਹਿੱਸੇ…ਉਹ ਐਨਾ ਆਖ ਕੇ ਚੁੱਪ ਕਰ ਗਿਆ, ਸਾਰੇ ਜਾਣੇ ਕਰਮ ਸਿੰਘ ਕੰਨੀਂ ਵੇਖ ਰਿਹੇ ਸਨ, ਕਰਮ ਸਿੰਘ ਐਨਾ ਆਖਣ ਸਾਰ ਹੀ, ਸਰਪੰਚ ਦੇ ਘਰ ਨੂੰ ਤੁਰ ਪਿਆ, ਉਹ ਅਜੇ ਬੂਹਾ ਲੰਘਿਆ ਹੀ ਹੋਣਾ, ਯਤਨਵੀਰ ਦਾ ਚਾਚਾ ਭੱਜ ਕੇ ਕੋਠੇ ਤੇ ਚੜ ਗਿਆ, ਤੇ ਉੱਚੀ ਉੱਚੀ ਬੋਲਣ ਲੱਗਿਆਂ, ਉਏ ਵੱਡੇ ਵੀਰ, ਮੈਨੂੰ ਮਾਫ਼ ਕਰਦੇ, ਮੇਰੇ ਕੋਲੋਂ ਗਲਤੀ ਹੋ ਗਈ, ਹਾੜਾ ਵੀਰੇ ਘਰ ਮੁੜਿਆ, ਕਰਮ ਸਿੰਘ ਨੂੰ ਪਤਾ ਨਹੀਂ ਉਸ ਦੇ ਇਹ ਬੋਲ ਸੁਣੇ ਵੀ ਜਾਂ ਨਹੀਂ , ਉਹ ਸਿੱਧਾ ਹੈਂਕੜ ਵਿਚ ਬਿਨਾਂ ਕਿਸੇ ਨੂੰ ‌ਬੋਲਾਏ ,‌ ਨੱਕ ਦੀ ਸੇਧ ਨੂੰ ਸਰਪੰਚ ਕੇ ਘਰ ਨੂੰ ਜਾ ਰਿਹਾ‌ ਸੀ, ਜਦੋਂ ਯਤਨਵੀਰ ਦੇ ਚਾਚੇ ਨੂੰ ਪਤਾ ਲੱਗ ਗਿਆ ਕਿ,‌ਕਰਮ ਸਿੰਘ ਹੁਣ ਨਹੀਂ ਮੁੜਦਾ ਤਾਂ ਉਸਨੇ ਕੋਠੇ ਉਪਰੋਂ ਛਲਾਂਗ ਮਾਰ ਦਿੱਤੀ…ਜਿਸ ਕਾਰਨ ਉਸ ਦੀ ਖੱਬੀ ਲੱਤ ਟੁੱਟ ਗਈ…ਤੇ ਇੱਕ ਹਸ ਵੀ ਟੁੱਟ ਗਿਆ,
ਜਦੋਂ ਕਰਮ ਸਿੰਘ ਸਰਪੰਚ ਕੋਲੋਂ ਆ ਗਿਆ ਤਾਂ ਵੇਖਿਆ ਕਿ ਉਸਦਾ ਛੋਟਾ ਭਰਾ ਮੰਜੇ ਚ ਪਿਆ ਬਿਲਕ ਰਿਹਾ ਸੀ, ਉਸ ਦਿਨੋਂ ਅਜਿਹੇ ਪੁੱਠੇ ਦਿਨ ਚਲੇ ਕਿ ਦਿਨੋਂ ਦਿਨ ਘਰ ਵਿਚ ਕੋਈ ਨਾ ਕੋਈ ਨਵੀਂ ਛਿੰਜ ਛੜੀ ਹੀ ਰਹਿੰਦੀ, ਜਿਹਨਾਂ ਚਿਰ ਉਹ ਵਿਚਾਰਾ ਮੁੱਕਿਆ ਨਹੀਂ , ਉਹਨਾਂ ਚਿਰ ਉਸ ਦਾ ਖੈੜਾ ਨਹੀਂ ਸੁੱਟਿਆ, ਕਰਮ ਸਿੰਘ ਨੇ ਉਸਦੇ ਇਲਾਜ ਤੇ ਆਪਣੇ ਹਿੱਸੇ ਦੀ ਵੀ ਕੁਝ ਵੀ ਪੈਲੀ ਗਹਿਣੇ ਧਰ ਦਿੱਤੀ , ਪਰ ਜੋ ਰੱਬ ਨੂੰ ਕਬੂਲ ਸੀ, ਹੋਣਾ ਤਾਂ ਉਹੀ ਸੀ, ਕੁਝ ਮਹੀਨੇ ਬੀਤੇ ਨਹੀਂ ਕਰਮ ਸਿੰਘ ਦਾ ਦੂਸਰਾ ਛੋਟਾ ਭਰਾ ਵੀ‌ ਅਚਾਨਕ‌ ਬਿਮਾਰ ਹੋਇਆ,‌ਤੇ ਇੱਕ ਹਫ਼ਤੇ ਦੇ ਵਿਚ ਹੀ ਚੱਲ ਵਸਿਆ, ਕੋਈ ਭੇਦ ਨਹੀਂ ਆਇਆ ਕੀ ਹੋਇਆ ਸੀ ਕੀ ਨਹੀਂ… ਹੁਣ ਕਰਮ ਸਿੰਘ ਇੱਕਲਾ ਹੀ ਰਹਿ ਗਿਆ, ਜਾਂ ‌ਯਤਨਵੀਰ ਦੀ ਮਾਂ ਤੇ ਉਸ ਦੀਆਂ ਦੇਰਾਣੀਆਂ, ਨਾਲੇ ਸਿਆਣਿਆਂ ਦੇ ਆਖਣ ਵਾਂਗੂੰ ਘਰ ਤਾਂ ਬੰਦਿਆਂ ਨਾਲ ਹੀ ਸੋਂਹਦੇ ਨੇ, ਬਿਨਾਂ ਬੰਦਿਆਂ ਦੇ ਵੀ ਕੋਈ ਘਰ ਹੁੰਦੇ ਨੇ….

ਕਿਸੇ ਬੁੱਢੇ ਹੋਏ ਰੁੱਖ ਦੇ ਜਿਵੇਂ ਸਭ ਟਹਿਣੇ ਸੁੱਕਦੇ ਨੇ
ਨਾ ਉਹਨੇ ਮੁੜ ਕੇ ਆਉਣਾ ਨਾ ਦੁਨੀਆ ਦੇ ਮਹਿਨੇ ਮੁੱਕਦੇ ਨੇ

ਕੌਣ ਵੇਖਦਾ ਹੁੰਦਾ ਦੱਸ ਚੋਰੀ ਡੁੱਲਦੇ ਹੰਝੂ ਵਿਚਾਰਿਆਂ ਨੂੰ
ਏਥੇ ਕੋਈ ਨਾ ਸਕੇ ਜਿੱਤਾ ਹੱਥੋਂ ਕਿਸਮਤ ਦੇ ਹਾਰਿਆ ਨੂੰ

ਇੱਕ ਇੱਕ ਕਰਕੇ ਸਭ ਦੂਰ ਹੁੰਦੇ ਗੲੇ ਜੋ ਨੇੜੇ ਦਿਲ ਦੇ ਸੀ
ਖ਼ਬਰੇ ਦੇਣੇ ਸੀ ਦੁੱਖ ਪਿੱਛੋਂ ਤਾਹੀਓਂ ਤੇ ਹੱਸ ਹੱਸ ਕੇ ਮਿਲਦੇ ਸੀ

ਤੂੰਹੀਂ ਦੱਸ ਟੁੱਟੇ ਪੱਤੇ ਕਦ ਟਾਹਿਣੀ ਨਾਲ ਜੁੜਦੇ ਨੇ
ਇੱਕ ਵਾਰੀ ਜਾਣਨ ਜੇ ਤੁਰ ਫੇਰ ਨਾ ਕਦੇ ਮੁੜ ਕੇ ਮੁੜਦੇ ਨੇ

ਦਿਲ ਨੂੰ ਦੇ ਦਿਲਾਸੇ ਹੁਣ ਤਾਂ ਬਸ ਸਮਝਾਉਣਾ ਸਿੱਖਦੇ ਹਾਂ
ਉਨ੍ਹਾਂ ਬਾਰੇ ਤਾਂ ‘ ਸੁਖ ਸਿਆਂ’ ਉਂਜ ਕਦ ਦੇ ਲਿਖਦੇ ਆਂ

……….:—–

ਮਹਿਲ ਸਿੰਘ ਕਰਮ ਸਿੰਘ ਦਾ ਲੰਗੋਟੀਆ ਯਾਰ ਸੀ, ਉਸ ਦਾ ਘਰ ਪਿੰਡ ਦੇ ਬਾਹਿਰ ਬਾਹਿਰ ਰਹਿ ਜਾਂਦਾ ਸੀ, ਉਹ ਦੂਰ ਉਸੇ ਹੀ ਜੰਡ ਥੱਲੇ ਬੈਠ ਹੁਕਾ ਪੀ ਰਿਹਾ ਸੀ, ਜਿੱਥੇ ਕਦੇ ਉਹ ਦੋਵੇਂ ਜਾਣੇ ਬੈਠ ਕੇ ਪੀਂਦੇ ਸਨ, ਪਿੰਡ ਦੇ ਵਿੱਚ ਜੇਕਰ ਕੋਈ ਵੀ ਸ਼ਹਿਰੋਂ ਆਉਂਦਾ , ਉਹ ਇਸੇ ਰਾਸਤੇ ਹੀ ਆਉਂਦਾ ਸੀ, ਹੁਣ ਤਾਂ ਮਹਿਲ ਸਿੰਘ ਦੀ ਨਿਗਾਹ ਵੀ ਕਾਫੀ ਕੰਮਜ਼ੋਰ ਹੋ ਚੁੱਕੀ ਸੀ,‌ਉਹ ਉਥੇ ਹੀ ਬੈਠਾ ਰਹਿੰਦਾ ਸੀ ਜ਼ਿਆਦਾਤਰ, ਰੇਡੀਓ ਲਾ ਕੇ , ਹੁਣ ਵੀ ਇੱਕ ਪਾਸੇ ਜੰਡ ਦੀ ਡਾਣੀ ਤੋੜ, ਬਣਾਈ ਖੂਗੀਂ‌ ਤੇ ਟੰਗੇ ਰੇਡੀਓ ਉਪਰ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਗੀਤ ਚੱਲ ਰਿਹਾ ਸੀ, ਵਿਚੇ ਹੀ ਸੀਂ ਸੀਂ ਦੀ ਆਵਾਜ਼ ਆ ਰਹੀ ਏ…
ਜਦੋਂ ਮੈਂ ਦੂਰ ਹੋਵਾਂਗੀ.. ਤੂੰ ਸੁੱਤੀ ਤਕਦੀਰ ਵੇਖੇਂਗਾ.. ਜਦੋਂ ਕੋਈ ਰੂਪ ਦੀ ਰਾਣੀ…ਸਲੇਟੀ ਹੀਰ ਵੇਖੇਂਗਾ… ਮੈਂ ਤੈਨੂੰ ਯਾਦ ਆਵਾਂਗੀ… ਯਾਦ ਆਵਾਂਗੀ … ਮੈਂ ਤੈਨੂੰ ਯਾਦ ਆਵਾਂਗੀ…

ਐਨੇ ਵਿਚ ਇਕ ਅੱਧਖੜ੍ਹ ਜਿਹੀ ਉਮਰ ਦਾ ਜਵਾਨ ਤੇ ਇੱਕ ਉਸ ਤੋਂ ਕੁਝ ਸਾਲ ਉਮਰ ਵਿਚ ਵੱਡੀ ਵਿਖਣ ਵਾਲੀ ਕੁੜੀ ਦਿੱਸਦੀ ਆ… ਕੁੜੀ ਦੀ ਕੁੱਛੜ ਇੱਕ ਜਵਾਕ ਚੁੱਕਿਆ ਹੋਇਆ ਸੀ.ਤੇ ਜਵਾਨ ਨੇ ਇੱਕ ਲੋਹੇ ਦਾ ਭਾਰਾ ਜਿਹਾ ਟਰੰਕ ਸਿਰ ਉੱਪਰ ਧਰਿਆ ਹੋਇਆ ਸੀ, ਤੇ ਇੱਕ ਹੱਥ ਵਿੱਚ ਵੱਡਾ ਸਾਲਾ ਥੈਲਾ ਚੁੱਕਿਆ ਹੋਇਆ ਸੀ, ਉਹ ਸਿੱਧੇ ਮਹਿਲ ਸਿੰਘ ਦੇ ਵੱਲ ਆ ਰਹੇ ਸਨ, ਦੂਰੋਂ ਹੀ ਨਾਲ ਜਨਾਨੀ ਵੇਖਦੇ ਸਾਰ , ਮਹਿਲ ਸਿੰਘ ਨੇ ਰੇਡੀਓ ਦੀ ਆਵਾਜ਼ ਬਿਲਕੁਲ ਧੀਮੀ ਕਰ ਦਿੱਤੀ, ਮਹਿਲ ਸਿੰਘ ਨੂੰ ਬਿਨਾਂ ਕੁਝ ਦੱਸੇ ਪੁੱਛੇ ਹੀ..ਜਵਾਨ ਨੇ ਕਿਹਾ… ਤਕੜਾ ਏਂ ਤਾਇਆ… ਬੈਠਾ ਹੀ ਏ..ਅਜੇ ਮਰਿਆ ਨਹੀ ਤੂੰ… ਮਹਿਲ ਸਿੰਘ ਮੂੰਹ ਵਿੱਚ ਬੁੜਬੁੜ ਕਰਨ ਲੱਗ ਗਿਆ…ਉਹ ਬਿਨਾਂ ਕੁਝ ਦੱਸੇ ਪੁੱਛੇ , ਸਿੱਧਾ ਪਿੰਡ ਨੂੰ ਲੰਘ ਗਏ, ਪਿੰਡ ਦੇ ਨਾਮ ਦੇ ਵਾਂਗ ,‌ਬੰਦਾ‌ ਪਿੰਡ ਪਹੁੰਚਦਾ ਪਹੁੰਚਦਾ ਵੀ ਜ਼ਲੀਲ ਹੋ ਜਾਂਦਾ ਸੀ…

ਕਰਮ ਸਿੰਘ ਖੇਤ ਗੇੜਾ ਮਾਰਨ ਗਿਆ ਹੋਇਆ ਸੀ, ਬੂਹਾ ਖੜਕਿਆ ਯਤਨਵੀਰ ਦੀ ਮਾਂ ਨੂੰ ਲੱਗਿਆ ਕਿ ਕਿਤੇ ਯਤਨਵੀਰ ਦਾ ਬਾਪੂ ਆਇਆ ਹੋਣਾ, ਇੱਕ ਵਾਰ ਬੂਹਾ ਹੋਰ ਖੜਕਿਆ…ਉਹ ਸਬਜ਼ੀ ਕੱਟ ਰਹੀ ਸੀ… ਸਬਜ਼ੀ ਛੱਡ ਕੇ ਬੂਹੇ ਕੰਨੀਂ ਜਾਂਦੀ ਹੋਈ ਹੀ ਆਖਣ ਲੱਗੀ…
ਬੇ ਭਾੲੀ ਕਿਹੜਾ ਏ… ਤੂੰ,
ਕਿਉਂ ਬੁੱਢੀ ਦਾ ਲਹੂ ਪੀ ਜਾਣਾ ਏ…,
ਜਦੋਂ ਉਸ ਨੇ‌ ਬੂਹਾ ਖੋਲ੍ਹਿਆ ਤਾਂ ਉਹ ਆਪਣੀ ਧੀ ਨੂੰ ਵੇਖ ਹੈਰਾਨ ਹੋ ਗੲੀ, ਉਸ ਨੇ ਘੁੱਟ ਕੇ ਉਸ ਨੂੰ ਸੀਨੇ ਨਾਲ ਲਾ ਲਿਆ , ਪਰ ਉਸਨੂੰ ਨਾਲ ਮੁੰਡਾ ਕੌਣ ਸੀ , ਉਸ ਦੀ ਸਿਆਣ ਨਾ ਆਈ, ਨਾ ਤਾਂ ਉਹ ਉਸਦਾ ਪਤੀ ਲੱਗ ਰਿਹਾ ਸੀ ਤੇ ਨਾ ਹੀ‌ ਉਸਦਾ ਕੋਈ ਦੇਓਰ , ਜੇਠ ਸੀ, ਜੇ ਹੁੰਦਾ ਵੀ ਹੁਣ ਤੀਕ ਉਸਨੇ ਦੱਸ ਦੇਣਾ ਸੀ, ਪੰਦਰਾਂ- ਵੀਹ ਸਾਲ ਬਾਅਦ ਅਚਾਨਕ ਆਪਣੀ ਧੀ ਨੂੰ ਵੇਖ ਉਸ ਦਾ ਬਲਾਈਂ ਮਨ ਭਰਿਆ, ਅਗਾਂਹ ਵਿਹੜੇ ਵਿਚ ਜਾ ਉਹ ਬੈਠ ਗੲੀਆਂ , ਉਸਦੀ ਇੱਕ ਚਾਚੀ ਉਸ ਕੋਲ ਬੈਠ ਗੲੀ ਤੇ ਦੂਸਰੀ ਕੱਚੀ ਲੱਸੀ ਬਣਾਉਣ ਲੱਗ ਪਈ, ਤੇ ਉਸਦੀ ਮਾਂ ਨੇ ਜਦੋਂ ਉਸਦੇ ਸੋਹਰੇ ਪਰਿਵਾਰ ਦੀ ਖੈਰ ਸੁਖ ਪੁੱਛੀਂ ਤਾਂ ਇੱਕ ਵਾਰ ਤਾਂ ਕੁੜੀ ਨੇ ਕਹਾ ਵੀ ਹਾਂ ਵਧੀਆ ਨੇ ਉਸਤੋਂ ਬਾਅਦ ਉਸਦਾ ਚਹਿਰਾ ਫਿੱਕਾ ਜਿਹਾ ਪੈ ਗਿਆ, ਜਿਵੇਂ ਉਹ ਕੋਈ ਗੱਲ ਲੁਕਾ ਰਹੀ ਹੋਵੇ, ਜਿਵੇ ਕੋਈ ਵੱਡੀ ਗੱਲਬਾਤ ਹੋ ਗਈ ਹੁੰਦੀ ਏ, ਉਹ ਗੱਲਾਂ ਗੱਲਾਂ ਵਿਚ ਇਹ ਪੁੱਛਣਾ ਹੀ ਭੁੱਲ ਗੲੀ ਕਿ ਭਲਾਂ ਇਹ ਮੁੰਡਾ ਕੌਣ ਹੈ, ਜੋ ਤੇਰੇ ਨਾਲ ਆਇਆ ਹੈ

ਐਨੇ ਵਿਚ ਹੀ ਯਤਨਵੀਰ ਦਾ ਬਾਪੂ ਵੀ ਖੇਤੋਂ ਗੇੜਾ ਮਾਰ ਕੇ ਆ ਗਿਆ, ਕੁੜੀ ਵੇਖਦੇ ਸਾਰ ਹੀ ਯਤਨਵੀਰ ਦੇ ਬਾਪੂ ਦੀਆਂ ਅੱਖਾਂ ਭਰ ਆਈਆਂ, ਇਹ ਪਹਿਲੀ ਵਾਰ ਹੋਇਆ ਸੀ, ਕਿ ਯਤਨਵੀਰ ਦੇ ਬਾਪੂ ਨੇ ਆਪਣੀ ਕਿਸੇ ਧੀ ਨੂੰ ਬੁੱਕਲ ਭਰ ਲਿਆ ਹੋਵੇ, ਕੁੜੀ ਵੀ ਆਪਣੇ ਬਾਪ ਦੇ ਗਲ਼ ਲੱਗ ਹੁਬੱਕੀਆਂ ਹੁਬੱਕੀਆਂ ਰੋਣ ਲੱਗ ਗਈ, ਪਹਿਲਾਂ ਹੀ‌ ਉਹ ਤਾਂ ਖੇਰੂੰ ਖੇਰੂੰ ਹੋੲੇ ਪੲੇ ਟੱਬਰ ‌ਨੂੰ ਯਾਦ ‌ਕਰ ਕਰ ਰੋ ਰਹੀ ਸੀ, ਯਤਨਵੀਰ ਦੇ ਬਾਪੂ ਨੂੰ ਵੀ ਉਸ ਮੁੰਡੇ ਦੀ ਸਿਆਣ ਨਾ ਆਈ ਵੀ ਇਹ ਕੌਣ ਆ, ਉਹ ਇਹ ਸੋਚ ਰੋਟੀ ਖਾ ਜਾ ਆਪਣੇ ਕਮਰੇ ਵਿਚ ਜਾ ਪੈ ਗਿਆ ਕਿ ਚੱਲ ਸਵੇਰ ਪੁੱਛ ਲਵਾਂਗੇ, ਉਂ ਵੀ ਅੱਜ ਉਸਦਾ ਮਨ...

ਕਾਫੀ ਉਦਾਸ ਜਿਹਾ ਹੋਇਆ ਪਿਆ ਸੀ, ਉਸਨੂੰ ਆਪਣੀਆਂ ਦੂਸਰੀਆਂ ਗੁੱਡੀਆ ਦੀ ਵੀ ਯਾਦ ਆ ਰਹੀ ਸੀ,
ਜਦੋਂ ਸਾਰੇ ਜਾਣਿਆ ਨੇ ਰੋਟੀ ਖਾ ਲਈ ਤੇ ਸਾਰਾ ਕੰਮ ਕਾਜ ਸਾਂਭ ਲਿਆ, ਜਿਸ ਬੈਠਕ ਵਿਚ ਸਾਰੇ ਜਾਣੇ ਪੈਂਦੇ ਸਨ, ਯਤਨਵੀਰ ਦੇ ਬਾਪੂ ਨੂੰ ਛੱਡ ਉਹ ਬੂਹੇ ਕੋਲ ਵਾਲੀ ਬੈਠਕ ਵਿਚ ਪੈਦਾ ਸੀ, ਤੇ ਉਸ ਮੁੰਡੇ ਨੂੰ ਯਤਨਵੀਰ ਵਾਲੀ ਬੈਠਕ ਵਿਚ ਬਿਸਤਰ ਲਾ ਦਿੱਤਾ… ਜਦੋਂ ਸਾਰੀਆਂ ਮਾਵਾਂ ਧੀਆਂ ਇੱਕਠੀਆਂ ਪੈਣ ਵਾਲੀ ਬੈਠਕ ਵਿਚ ਗਈਆਂ, ਪਹਿਲਾਂ ਤਾਂ ਉਹ ਏਧਰ ਓਧਰ ਦੀਆਂ ਗੱਲਾਂ ਕਰਦੀਆਂ ਰਹੀਆਂ, ਫੇਰ ਅਚਾਨਕ ਕੁੜੀ ਨੇ ਇਹ ਪੁੱਛ ਲਿਆ ਕੇ ਮਾਂ ਯਤਨਵੀਰ ਵੇਖਿਆ ਹੀ ਨਹੀਂ ਆ ਉਦੋਂ ਦਾ ਉਹ ਕਿੱਥੇ ਆ…( ਉਸ ਨੇ ਇਹ ਸਭ ਜਾਣ ਬੁੱਝ ਕੇ ਪੁੱਛਿਆ, ਉਹ ਜਾਣਨਾ ਚਾਹੁੰਦੀ ਸੀ, ਕਿ ਇਹ ਸਾਰੇ ਕੀ ਸੋਚਦੇ ਨੇ ) ਮਾਂ ਦੇ ਤਪ ਤਪ ਕਰਕੇ ਹੰਝੂ ਬਹਿਣ ਲੱਗ ਪਏ… ਫੇਰ ਉਸਦੀ ਚਾਚੀ ਨੇ ਦੱਸਿਆ ਕੇ ਤੇਰੇ ਵਿਆਹ ਤੋਂ ਪੰਜ ਸੱਤ ਸਾਲ ਬਾਅਦ ਦੀ ਗੱਲ ਆ,‌ਇੱਕ ਦਿਨ ਅਚਾਨਕ ਹੀ ਪਤਾ ਨਹੀਂ ਅੱਧੀ ਰਾਤ ਤੋਂ ਬਾਅਦ ਯਤਨਵੀਰ ਕਿੱਥੇ ‌ਚਲਾ ਗਿਆ, ਅਸੀਂ ਬਹੁਤ ਹਿੰਗ ਫਟਕੜੀ ਲਾਈ ਪਰ ਉਸਦਾ ਕੋਈ ਨਾ ਨੋਂਹ ਥੇਂ ਲੱਭਿਆ… ਹੁਣ ਤਾਂ ਧੀਏ ਇਹ ਵੀ ਨਹੀਂ ਪਤਾ ਕਿ ਉਹ ਜਿਉਂਦਾ ਵੀ ਹੈ ਕਿ ਨਹੀਂ.. ਵੀਰ ਕੌਰ ਕੋਲੋਂ ਰਿਹਾ ਨਾ ਗਿਆ, ਉਸ ਨੇ ਆਖਿਰ ਸਭ ਸੱਚ ਦੱਸ ਹੀ ਦਿੱਤਾ….

ਉਸਨੇ ਨੇ ਕਿਹਾ ਕਿ ਤੁਸੀਂ ਕਿਸੇ ਨੇ ਮੈਨੂੰ ਇਹ ਨਹੀਂ ਪੁੱਛਿਆ ਕਿ ਜੋ ਮੁੰਡਾ ਤੇਰੇ ਨਾਲ ਆਇਆ ਹੈ ਉਹ ਕੌਣ ਹੈ, ਕੀ ਤੁਹਾਨੂੰ ਪਤਾ ਉਹ ਕੌਣ ਹੈ :–

ਫੇਰ ਉਸਨੇ ਦੱਸਣਾ ਸ਼ੁਰੂ ਕੀਤਾ ਕਿ ਮੇਰੇ ਬਾਪੂ ਨੇ ਜਿੱਥੇ ਮੇਰਾ ਵਿਆਹ ਕਰਿਆ ਸੀ, ਉਹ ਮੈਨੂੰ ਬਹੁਤ ਹੀ ਕੁੱਟਦੇ ਮਾਰਦੇ ਸਨ‌, ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਦੇ, ਮੈਂ ਦਿਨ ਰਾਤ ਇੱਕ ਕਰਕੇ ਉਹਨਾਂ ਦਾ ਸਾਰਾ ਘਰ ਦਾ ਕੰਮ ਕਾਰ ਕਰਦੀ , ਪਰ ਫੇਰ ਵੀ ਕੲੀ ਕੲੀ ਵਾਰ ਤਾਂ ਮੈਂ ਬਿਨਾਂ ਰੋਟੀ ਖਾਂਦੇ ਵੀ ਕਿੰਨੇ ਕਿੰਨੇ ਦਿਨ ਲੰਘਾਏ, ਮੈਂ ਮੇਰੇ ਬਾਪੂ ਨੂੰ ਵੀ ਕਿੰਨੀਆਂ ਚਿੱਠੀਆਂ ਲਿਖੀਆਂ, ਪਰ ਉਸਨੇ ਮੈਨੂੰ ਉਸ ਨਰਕ ਵਿੱਚ ਸੁੱਟਣ ਤੋਂ ਬਾਅਦ ਕਦੇ ਅੱਖ ਚੁੱਕ ਵੀ ਨਹੀਂ ਵੇਖਿਆ, ਕਿ ਮੈਂ ਜਿਉਂਦੀ ਵੀ ਹਾਂ ਕਿ ਨਹੀ,ਉਹਨਾਂ ਦਿਨਾਂ ਵਿੱਚ ਮੈਨੂੰ ਲੱਗਦਾ ਸੀ, ਕਿ ਮੈਂ ਕੁਝ ਖਾ ਕੇ ਮਰ ਜਾਵਾਂ ‌, ਫੇਰ ਮੈਂ ਇੱਕ ਚਿੱਠੀ ਯਤਨਵੀਰ ਨੂੰ ਲਿਖੀ, ਉਸਨੇ ਕਿਹਾ ‌ਕਿ ਮੈਂ ਬਾਪੂ ਨਾਲ ਗੱਲ ਕਰਦਾ , ਅਸੀਂ ਦੋਵੇਂ ਇਹਨਾਂ ਕੋਲ ਆਵਾਂਗੇ, ਤੇ ਤੈਨੂੰ ਵਾਪਿਸ ਆਪਣੇ ਘਰ ਲੈ ਆਉਣਾ ਹੈ, ਜੇ ਉਹਨਾਂ ਨੇ ਇਹ ਗੱਲ ਨਾ ਮੰਨੀ ਫੇਰ ਬਾਪੂ ਨੇ ਕੋੲੀ ਨਾ ਕੋਈ ਹੱਲ ਕੱਢ ਹੀ ਲੈਣਾ ਏ, ਫੇਰ ਮੈਂ ਉਸ ਨੂੰ ਦੱਸਿਆ ਕਿ ਮੈਂ ਇਸ ਤੋਂ ਪਹਿਲਾਂ ਵੀ ਕਈ ਚਿੱਠੀਆਂ ਲਿਖ ਚੁੱਕੀ ਆਂ‌, ਜੋ ਬਾਪੂ ਨੂੰ ਹੀ ਲਿਖੀਆਂ ਸੀ , ਪਰ ਉਹਨਾਂ ਨੇ ਮੇਰੀ ਕੋਈ ਅਰਜ਼ ਨਹੀਂ ਸੁਣੀ, ਮੈਂ ਯਤਨਵੀਰ ਨੂੰ ਦੱਸਿਆ ਕਿ ਮੈਨੂੰ ਚਿੱਠੀਆਂ ਲਿਖ ਲਿਖ ਭੇਜ ਰਹੀ ਨੂੰ ਪੰਜ‌ ਮਹੀਨੇ ਤੋਂ ਜ਼ਿਆਦਾ ਹੋ ਚੁੱਕਿਆ ਹੈ, ਮੈਂ ਅਖੀਰ ਤੇ ਜਦੋਂ ਮਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਤੈਨੂੰ ਚਿੱਠੀ ਲਿਖੀ ਹੈ, ਫੇਰ ਯਤਨਵੀਰ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਅਜਿਹੇ ਨਰਕ ਵਿੱਚ ਮਰਦੀ ਨੂੰ ਇੱਕਲੀ ਨਹੀਂ ਛੱਡਦਾ, ਮੈਂ ਤੈਨੂੰ ਆਪਣੀ ਭੈਣ ਨਹੀਂ ਮਾਂ ਮੰਨਦਾ ਹਾਂ , ਫੇਰ ਉਸ ਨੇ ਕਿਹਾ ਕਿ ਮੈਂ ਤੈਨੂੰ ਬੀਕਾਨੇਰ ਸਟੇਸ਼ਨ ਤੇ ਲੈਣ ਆਵਾਂਗਾ,‌ਉਸ ਨੇ ਮੈਨੂੰ ਇੱਕ ਚਿੱਠੀ ਵਿੱਚ ਸਭ ਦੱਸ ਦਿੱਤਾ, ਉਹ ਇੱਕ ਰਾਤ ਪਹਿਲਾਂ ਬਿਨਾਂ ਕਿਸੇ ਨੂੰ ਦੱਸੇ ਘਰੋਂ ਭੱਜ ਗਿਆ, ਕਿਵੇਂ ਨਾ ਕਿਵੇਂ ਉਹ ਮੈਨੂੰ ਦੱਸੇ ਸਮੇਂ ਮੁਤਾਬਿਕ ਬੀਕਾਨੇਰ ਰੇਲਵੇ ਸਟੇਸ਼ਨ ਤੇ ਮਿਲ ਗਿਆ, ਅਸੀਂ ਦੋਵਾਂ ਨੇ ਏਹੀ ਸੋਚਿਆ ਸੀ ਕਿ ਇਸਤੋਂ ਬਾਅਦ ਅਸੀਂ ਆਪਣੇ ਪਿੰਡ ਚਲੇ ਆਵਾਂਗੇ, ਪਰ ਹੋਇਆ ਕੀ, ਮੇਰੇ ਸੋਹਰਿਆਂ ਨੇ ਸਾਡੇ ਪਿੱਛੇ ਬੰਦੇ ਲਗਾ ਦਿੱਤੇ, ਤੇ ਉਹਨਾਂ ਨੂੰ ਇਹ ਆਖ ਦਿੱਤਾ ਕਿ , ਜੇਕਰ ਮੈਂ ਉਹਨਾਂ ਨੂੰ ਕਿਤੇ ਵੀ ਮਿਲਾਂ , ਉਹ ਮੈਨੂੰ ਅਜਿਹੀ ਮੌਤ ਮਾਰਨ ਜੋ ਅੱਗੇ ਤੋਂ ਅਜਿਹਾ ਕਦਮ ਚੁੱਕਣ ਬਾਰੇ ਕੋਈ ਸੋਚੇ ਵੀ ਨਾ, ਫੇਰ ਅਸੀਂ ‌ਬੀਕਾਨੇਰ ਤੋਂ ਬਾਅਦ ਇੱਕ ਵੈਰਾਨ ਇਲਾਕੇ ਵਿਚ ਚਲੇ ਗਏ, ਜੋ ਏਥੋਂ ਬਹੁਤ ਹੀ ਜ਼ਿਆਦਾ ਦੂਰ ਹੈ, ਅਸੀਂ ਦੋ – ਦੋ ਸਾਲ ਲਗਾ ਜਗਾਹ ਬਦਲਦੇ ਰਹੇ ਸਾਨੂੰ ਡਰ ਸੀ ਕਿ ਉਹ ਕਿਤੇ ਸਾਨੂੰ ਮਾਰ ਨਾ ਦੇਣ, ਪਰ ਯਤਨਵੀਰ ਤੁਹਾਨੂੰ ਬਹੁਤ ਹੀ ਯਾਦ ਕਰਦਾ ਸੀ,‌ਉਸਨੇ ਮੇਰੇ ਲਈ ਉਹ ਕੀਤਾ, ਜੋ ਹਰ ਇਕ ਭਾਈ ਆਪਣੀ ‌ਭੈਣ ਲਈ ਕਰਨਾ ਚਾਹੁੰਦਾ ਏ, ਤੇ ਜੋ ਹਰ ਇਕ ਭਾਈ ਨੂੰ ਕਰਨਾ ਚਾਹੀਦਾ ਏ,‌ ਜੇਕਰ ਸਾਡੇ ਮਾਪਿਆਂ ਕੋਲੋਂ ਸਾਡੇ ਲਈ ਚੰਗਾ ਵਰ ਨਹੀਂ ਚੁਣ ਹੁੰਦਾ ਤਾਂ ਉਹ ਸਾਡੀ ਕਿਸਮਤ ਨੂੰ ਦੋਸ਼ੀ ਕਰਾਰ ਦੇ ਦੇਂਦੇ ਨੇ, ਤੇ ਸਾਨੂੰ ਉਹਨਾਂ ਦੇ ਮਹਿਨੇ ਸਹਿਣ ਤੇ ਮਜਬੂਰ ਕਰ ਦੇਂਦੇ ਨੇ , ਜੇਕਰ ਅਸੀਂ ਆਪਣੀ ਮਰਜ਼ੀ ਨਾਲ ਵਰ ਟੋਹਲਦੀਆਂ ਹਾਂ, ਤਾਂ ਸਾਨੂੰ ਦੁਨੀਆਂ ਵੱਲੋਂ ਲੱਖਾਂ ਮੇਹਿਨੇ ਮਾਰੇ ਜਾਂਦੇ ਨੇ ਤੇ ਹੋਰ ਕੲੀ ਅਪਸ਼ਬਦ ਬੋਲੇ ਜਾਂਦੇ ਨੇ, ਸਾਡੇ ਅੱਧੇ ਚਾਅ ਤਾਂ ਸਾਡੇ ਮਾਂ ਬਾਪ ਪੱਥਰ ਆਖ ਕੇ ਹੀ ਮਾਰ ਦੇਂਦੇ ਨੇ, ਤੇ ਹੋਰ ਪਤਾ ਨਹੀਂ ਕੀ ਕੀ ਆਖ ਭੰਡਿਆ ਜਾਂਦਾ ਏ.., ਅਸੀਂ ਅੱਧੀਆਂ ਤਾਂ ਮਾਪਿਆਂ ਵੱਲੋਂ ਜੰਮਦੀਆਂ ਹੀ ਮਾਰ ਦਿੱਤੀਆਂ ਜਾਂਦੀਆਂ ਹਾਂ, ਤੇ ਬਾਕੀ ਜਦੋਂ ਦਿਲ ਦਾ ਦਰਦ ਸੁਣਾਉਣ ਵਾਲਾ ਨਹੀਂ ਮਿਲਦਾ, ਫੇਰ ਅਸੀ ਆਪਣੇ ਜਜ਼ਬਾਤਾਂ ਦੇ ਬੂਟੇ ਨਾਲ ਫਾਹਾ ਲੈ ਆਪਣੀਆਂ ਸਾਰੀਆਂ ਖੁਸ਼ੀਆਂ ਨੂੰ ਧੂਣੀ ਵਿਚ ਸਾੜ ਦਿੰਨੀਆਂ ਹਾਂ, ਮੈਂ ਇਹੀ ਆਖਣਾ ਏ , ਕਿ ਰੱਬ ਯਤਨਵੀਰ ਵਰਗਾ ਭਾਈ ਹਰ ਇਕ ਭੈਣ ਨੂੰ ਦੇਵੇ, ਜੋ ਉਸਨੂੰ ਖੁਦ ਤੋਂ ਵੀ ਜ਼ਿਆਦਾ ਸਮਝੇ ….
ਅਖੀਰ ਜਦੋਂ ਸਾਨੂੰ ਲੱਗਿਆ ਕਿ ਹੁਣ ਸਾਨੂੰ ਕੋਈ ਡਰ ਨਹੀਂ ਏ, ਤਾਂ ਮੈਂ ਯਤਨਵੀਰ ਨਾਲ ਘਰ ਮੁੜ ਵਾਪਸ ਆਉਣ ਦੀ ਗੱਲ ਕਰੀਂ, ਪਰ ਯਤਨਵੀਰ ਨੂੰ ਬਾਪੂ ਦੀ ਉਹ ਵਾਲੀ ਲੁੱਕ ਉਸ ਨੂੰ ਬੜੀ‌ ਹੀ ਚੁੱਬਦੀ ਸੀ, ਉਸਨੂੰ ਉਹ ਬਾਪ ਨੂੰ ਬਾਪ ਆਖਦੇ ਨੂੰ ਸ਼ਰਮ ਆਉਂਦੀ ਸੀ ਪਰ ਕੲੀ ਵਾਰ ਹਾਲਾਤ ਬੰਦੇ ਦੇ ਹੱਥ ਵੀ ਨਹੀਂ ਹੁੰਦੇ,‌ ਫੇਰ ਮੈਂ ਯਤਨਵੀਰ ਨੂੰ ਸਮਝਾਇਆ,ਤੇ ਉਹ ਘਰ ਵਾਪਿਸ ਆਉਣ ਲਈ ਮਨਾਇਆ , ਉਹ ਘਰ ਵਾਪਿਸ ਆਉਣ ਲਈ ਤਾਂ ਮੰਨ ਗਿਆ, ਪਰ ਉਸਨੇ ਕਿਹਾ ਕਿ ਤੂੰ ਮੇਰੇ ਬਾਰੇ ਕਿਸੇ ਨੂੰ ਕੁਝ ਨਹੀ ਦੱਸਣਾ, ਕਿਉਂਕਿ ਸਾਨੂੰ ਯਕੀਨ ਸੀ, ਕਿ ਜਿਨਾਂ ਕੂ ਉਹ ਬਦਲ ਚੁੱਕਿਆ ਹੈ, ਉਸਨੂੰ ਪਹਿਚਾਣਨਾ, ਵੱਸ ਦੀ ਗੱਲ ਨਹੀਂ ਆ …

ਉਸ ਦੀਆਂ ਅੱਖਾਂ ਭਰ ਆਈਆਂ ਜਦੋਂ ਉਸ ਨੇ ਇਹ ਦੱਸਿਆ ਕਿ ਜੋ ਮੁੰਡਾ ਮੇਰੇ ਨਾਲ ਆਇਆ ਹੈ, ਉਹ ਕੋਈ ਹੋਰ ਨਹੀਂ ਆਪਣਾ ਯਤਨਵੀਰ ਹੀ ਹੈ, ਉਸ ਦੀ ਮਾਂ ਭੱਜ ਕੇ ਉੱਠੀ , ਤੇ ਜਦੋਂ ਬੈਠਕ ਵਿਚ ਗੲੀ , ਤੇ ਬੱਤੀ ਜਗਾਈ , ਯਤਨਵੀਰ ਉਥੇ ਨਹੀ ਸੀ, ਰਾਤ ਦੇ ਗਿਆਰਾਂ ਵੱਜ ਗਏ ਸਨ, ਬਿਲਕੁਲ ਘੁੱਪ ਹਨੇਰਾ ਸੀ, ਬੂਹੇ ਦਾ ਕੁੰਡਾ ਖੜਕਿਆ, ਇਉਂ ਲੱਗਿਆ ਜਿਵੇਂ ਬੂਹੇ ਨੂੰ ਖੋਲ ਕੇ ਕੋਈ ਲੰਘਿਆ ਹੋਵੇ, ਪਰ ਜਦੋਂ ਸਾਰੇ ਜਾਣੇ ਬੂਹੇ ਕੋਲ ਗਏ ਤਾਂ ਬੂਹਾ ਖੁੱਲ੍ਹਾ ਪਿਆ ਸੀ, ਤੇ ਕੁੰਡਾ ਹਿਲ ਰਿਹਾ ਸੀ, ਤੇ ਜਦੋਂ ਅੱਗੇ ਹੋ ਕਿ ਵੇਖਿਆ, ਇੱਕ ਲੰਬੇ ਜਿਹੇ ਕੱਦ ਦਾ ਕੰਬਲ ਦੀ ਬੁੱਕਲ ਮਾਰੀ ਧੁੰਦਲੀਆਂ ਜਿਹੀਆਂ ਪੈੜਾਂ ਪੁੱਟਦਾ ,‌ ਜਵਾਨ ਹਨੇਰੇ ਵਿਚ ਗੁੱਪਤ ਹੋ ਰਿਹਾ ਸੀ, ਵੀਰ ਕੌਰ ਨੇ ਆਵਾਜ਼ ਲਗਾਈ, ਵੀਰੇ , … ਯਤਨਵੀਰ ,… ਯਤਨਵੀਰ ਵੀਰੇ… ਪਿਛੇ ਹੀ ਮਾਂ ਨੇ ਕਿਹਾ… ਯਤਨਵੀਰ ਪੁੱਤ…ਵੇ ਯਤਨ ਵੀਰ …ਵੇ ਯਤਨ ਸਿਆਂ….ਪਰ ਉਹ ਜਵਾਨ ਪਿਛੇ ਮੁੜ ਕੇ ਨਾ ਆਇਆ…ਤੇ ਨਾ ਹੀ ਉਸਨੇ ਮੂੰਹ ਘੁਮਾ ਕਿ ਵੇਖਿਆ…ਪਤਾ ਨਹੀਂ ਉਹ ਯਤਨਵੀਰ ਸੀ .. ??, ਵੀ ਕਿ ਨਹੀਂ….???

✍️ ਸੁਖਦੀਪ ਸਿੰਘ ਰਾਏਪੁਰ
ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਸੁਖਦੀਪ ਸਿੰਘ ਰਾਏਪੁਰ ( 8699633924 )
ਰਮਨਦੀਪ ਸਿੰਘ ( 8591875296 )

...
...Related Posts

Leave a Reply

Your email address will not be published. Required fields are marked *

One Comment on “ਧੁੰਦਲੀਆਂ ਪੈੜਾਂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)