ਨੋਟ ਆ ਬਿੱਗ ਡੀਲ
” ਡੈਡੀ, ਅੱਜ ਵੀ ਤੁਸੀਂ ਮੇਰੇ ਲਈ ਨਵੀਂ ਯੂਨੀਫ਼ਾਰਮ ਨਹੀਂ ਲੈ ਕੇ ਆਏ? ਕੱਲ੍ਹ ਮੈਨੂੰ ਫਿਰ ਸਕੂਲ ਵਿੱਚ ਪੁਨਿਸ਼ਮੈਂਟ ਮਿਲੇਗੀ।” ਰਮੇਸ਼ ਦਾ ਪੰਜ ਸਾਲਾਂ ਪੁੱਤਰ ਰਵੀ ਰੋਣਹਾਕੀ ਆਵਾਜ਼ ਵਿੱਚ ਉਸਨੂੰ ਕਹਿ ਰਿਹਾ ਸੀ।
” ਕੋਈ ਗੱਲ ਨਹੀਂ ਬੇਟਾ, ਮੈਂ ਕੱਲ੍ਹ ਜਾ ਕੇ ਤੇਰੀ ਪ੍ਰਿੰਸੀਪਲ ਨਾਲ ਗੱਲ ਕਰ ਲਵਾਂਗਾ। ਤੂੰ ਜਾ ਕੇ ਖੇਡ।” ਰਮੇਸ਼ ਨੇ ਪਿਆਰ ਨਾਲ ਰਵੀ ਨੂੰ ਧਰਵਾਸ ਦਿੰਦਿਆ ਕਿਹਾ।
” ਕੀ ਗੱਲ ਕਰ ਲਵੋਗੇ ਤੁਸੀ? ਇਹ ਕਿਹੜਾ ਕੋਈ ਅੱਜ ਦਾ ਮਸਲਾ ਹੈ? ਨਿੱਤ ਦਾ ਇਹੀ ਕੁਛ ਤਾਂ ਹੈ, ਕਦੇ ਇਸਦੇ ਸਕੂਲ ਦਾ ਕੋਈ ਖਰਚਾ ਤੇ ਕਦੇ ਕੋਈ। ਹੁਣ ਆਹ ਯੂਨੀਫਾਰਮ, ਪੁਰਾਣੀ ਯੂਨੀਫਾਰਮ ਤੇ ਛੋਟਾ ਜਿਹਾ ਦਾਗ਼ ਹੀ ਤਾ ਹੈ; ਪਰ ਕਹਿੰਦੇ ਸਾਡੇ ਸਕੂਲ ਦੀ ਰੈਪੂਟੇਸ਼ਨ ਦਾ ਸਵਾਲ ਹੈ ਨਵੀਂ ਯੂਨੀਫ਼ਾਰਮ ਦਵਾਓ। ਕਿਹਾ ਸੀ ਥੋਨੂੰ ਨਾ ਕਰਾਓ ਰਵੀ ਦਾ ਦਾਖਲਾ ਇਹਨੇ ਮਹਿੰਗੇ ਸਕੂਲ ‘ਚ, ਪਰ ਤੁਸੀ ਕਿਸੇ ਦੀ ਮੰਨੇ ਤਾਂ ਨਾ।” ਰਮੇਸ਼ ਦੀ ਪਤਨੀ ਸੁਮਨ ਗੁੱਸੇ ਵਿੱਚ ਬੋਲ ਰਹੀ ਸੀ।
ਰਮੇਸ਼ ਇੱਕ ਛੋਟੀ ਜਿਹੀ ਕੰਪਨੀ ਵਿੱਚ ਕਰਮਚਾਰੀ ਸੀ।ਤਨਖਾਹ ਵੀ ਬਸ ਏਨੀ ਕੁ ਸੀ ਕਿ ਗੁਜ਼ਾਰਾ ਚਲਦਾ ਰਹੇ। ਪਰ ਉਸਦੀ ਦਿਲੀ ਇੱਛਾ ਸੀ ਕਿ ਉਸਦਾ ਇਕਲੌਤਾ ਪੁੱਤਰ ਰਵੀ ਨੰਬਰ ਵਨ ਸਕੂਲ ਵਿੱਚ ਪੜ੍ਹੇ। ਇਸ ਲਈ ਉਸਨੇ ਰਵੀ ਦਾ ਦਾਖਲਾ ਜਿਲ੍ਹੇ ਦੇ ਸਭ ਤੋਂ ਵਧੀਆ ਸਕੂਲ ਵਿੱਚ ਕਰਵਾਇਆ ਸੀ। ਹਾਲਾਕਿ ਇਸ ਸਕੂਲ ਦਾ ਖਰਚ ਉਸਦੇ ਵਿੱਤੋ ਬਾਹਰ ਦੀ ਗੱਲ ਸੀ ਪਰ ਆਪਣੇ ਪੁੱਤਰ ਲਈ ਉਹ ਸਭ ਕੁਝ ਕਰ ਰਿਹਾ ਸੀ।
” ਸੁਮਨ, ਮੈਂ ਤੈਨੂੰ ਕਲ ਜੋ, ਹਜ਼ਾਰ ਰੁਪਏ ਦਿੱਤੇ ਸੀ, ਉਹ ਲੈ ਆ ਤੇ ਛੇਤੀ ਤਿਆਰ ਹੋ ਜਾ। ਆਪਾ ਰਵੀ ਦੀ ਯੂਨੀਫ਼ਾਰਮ ਲੈਣ ਜਾਣਾ।” ਰਮੇਸ਼ ਨੇ ਸੁਮਨ ਨੂੰ ਆਵਾਜ਼ ਦੇ ਕੇ ਕਿਹਾ।
” ਪਰ ਉਹ ਪੈਸੇ ਤਾਂ ਤੁਸੀਂ ਆਪਣੀ ਦਵਾਈ ਲਈ ਰੱਖੇ ਸੀ? ਕਿੰਨੇ ਦਿਨਾਂ ਤੋਂ ਤੁਹਾਡੀ ਤਬੀਅਤ ਖਰਾਬ ਹੈ,ਇਹਨਾਂ ਪੈਸਿਆਂ ਦੀ ਚੰਗੀ ਜਿਹੀ ਦਵਾਈ ਹੀ ਲੈ ਕੇ ਆਓ। ਤੇ ਮੇਰੀ ਮੰਨੋ ਰਵੀ ਦਾ ਦਾਖਲਾ ਕਿਸੇ ਹੋਰ ਸਕੂਲ ‘ਚ ਕਰਵਾ ਦਿਓ, ਏਨੇ ਮਹਿੰਗੇ ਸਕੂਲ ਦਾ ਖਰਚ ਸਾਡੇ ਵੱਸ ਦੀ ਗੱਲ ਨਹੀਂ।” ਸੁਮਨ ਰਮੇਸ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ।
” ਦੇਖ ਸੁਮਨ, ਰਵੀ ਆਪਣਾ ਇਕਲੌਤਾ ਬੇਟਾ ਹੈ, ਤੇ ਉਸਦੇ ਭਵਿੱਖ ਨਾਲ ਮੈਂ ਕੋਈ ਵੀ ਸਮਝੌਤਾ ਨਹੀਂ ਕਰਨਾ। ਰਹੀ ਗੱਲ ਮੇਰੀ ਦਵਾਈ ਦੀ ਤਾਂ ਮੈਂ ਬਿਲਕੁਲ ਠੀਕ ਹਾਂ, ਮੈਨੂੰ ਕੁਛ ਨਹੀਂ ਹੋਇਆ।” ਰਮੇਸ਼ ਸਖਤੀ ਨਾਲ ਬੋਲਿਆ।
“ਪਰ…।”
” ਪਰ ਵਰ ਕੁਛ ਨਹੀਂ ।” ਰਮੇਸ਼ ਸੁਮਨ ਦੀ ਗੱਲ ਕੱਟਦਿਆ ਬੋਲਿਆ। “ਛੇਤੀ ਤਿਆਰ ਹੋ ਤੇ ਬਾਜ਼ਾਰ ਚੱਲ।”
ਅਗਲੇ ਦਿਨ ਰਵੀ ਨਵੀਂ ਯੂਨੀਫ਼ਾਰਮ ਪਾ ਕੇ ਬਹੁਤ ਖੁਸ਼ ਸੀ।...
ਉਸਨੂੰ ਖੁਸ਼ ਦੇਖ ਕੇ ਰਮੇਸ਼ ਨੂੰ ਵੀ ਬਹੁਤ ਫਖਰ ਮਹਿਸੂਸ ਹੋ ਰਿਹਾ ਸੀ।
ਕੁਝ ਦਿਨਾਂ ਪਿੱਛੋਂ ਰਵੀ ਦੇ ਸਕੂਲ ਵਿਚੋਂ ਇਕ ਨੋਟਿਸ ਆਇਆ, ਜਿਸ ਵਿੱਚ ਲਿਖਿਆ ਸੀ ਕਿ ਵਿਦਿਆਥੀਆ ਦੀ ਵਰਦੀ ਬਦਲ ਦਿੱਤੀ ਗਈ ਹੈ ਤੇ ਬੱਚੇ ਨੂੰ ਹੁਣ ਤੋਂ ਸਕੂਲ ਦੀ ਨਵੀਂ ਯੂਨੀਫ਼ਾਰਮ ਪਾ ਕੇ ਸਕੂਲ ਭੇਜਿਆ ਜਾਵੇ।
” ਹੁਣ ਕੀ ਕਰਾਂਗੇ? ਅਜੇ ਹਫ਼ਤਾ ਪਹਿਲਾ ਹੀ ਤਾਂ ਨਵੀਂ ਵਰਦੀ ਲਿਆ ਕੇ ਦਿੱਤੀ ਹੈ।” ਸੁਮਨ ਚਿੰਤਾ ਨਾਲ ਕਹਿ ਰਹੀ ਸੀ।
“ਤੂੰ ਫ਼ਿਕਰ ਨਾ ਕਰ, ਮੈਂ ਕਰਦਾ ਗੱਲ ਕੱਲ ਸਕੂਲ ਜਾ ਕੇ।” ਰਮੇਸ਼ ਸੁਮਨ ਨੂੰ ਦਿਲਾਸਾ ਦਿੰਦਾ ਬੋਲਿਆ।
ਅਗਲੇ ਹੀ ਦਿਨ ਰਮੇਸ਼ ਸਕੂਲ ਗਿਆ ਤੇ ਪ੍ਰਿੰਸੀਪਲ ਤੋ ਯੂਨੀਫ਼ਾਰਮ ਬਦਲਣ ਦਾ ਕਾਰਨ ਪੁੱਛਿਆ।
” ਦੇਖੋ ਮਿ: ਰਮੇਸ਼, ਸਾਡਾ ਸਕੂਲ ਡਿਸਟ੍ਰਿਕਟ ਦਾ ਨੰਬਰ ਵਨ ਸਕੂਲ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਸਕੂਲ ਦੀ ਹਰ ਇੱਕ ਚੀਜ਼ ਬੈਸਟ ਹੋਵੇ ਤੇ ਜੋ ਪੁਰਾਣੀ ਯੂਨੀਫ਼ਾਰਮ ਹੈ ਉਹ ਸਾਡੇ ਸਕੂਲ ਦੇ ਸਟੈਂਡਰਡ ਲੈਵਲ ਤੋਂ ਥੋੜਾ ਘੱਟ ਹੈ। ਵੈਸੇ ਵੀ ਬਹੁਤ ਜਲਦੀ ਸਾਡੇ ਸਕੂਲ ਦੀ ਐਨੁਅਲ ਇੰਸਪੈਕਸ਼ਨ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਕਾਰਨ ਵੀ ਸਾਡਾ ਸਕੂਲ ਪਿੱਛੇ ਰਹੇ। ਇਸ ਲਈ ਯੂਨੀਫ਼ਾਰਮ ਚੇਂਜ ਕਰਨਾ ਕੰਪਲਸਰੀ ਸੀ।” ਪ੍ਰਿੰਸੀਪਲ ਰਮੇਸ਼ ਨੂੰ ਸਮਝਾਉਂਦਿਆਂ ਬੋਲੀ।
“ਪਰ ਮੈਮ, ਅਸੀ ਤਾਂ ਅਜੇ ਥੋੜੇ ਦਿਨ ਪਹਿਲਾ ਹੀ ਤੁਹਾਡੇ ਕਹਿਣ ਤੇ ਰਵੀ ਨੂੰ ਨਿਊ ਯੂਨੀਫ਼ਾਰਮ ਲੈ ਕੇ ਦਿੱਤੀ ਹੈ। ਹੁਣ ਏਨੀ ਜਲਦੀ ਫਿਰ ਤੋਂ ਯੂਨੀਫਾਰਮ ਕਿਵੇਂ ਲਈਏ?” ਰਮੇਸ਼ ਥੋੜਾ ਸਿਕਾਇਤ ਵਾਲੀ ਸੁਰ ਵਿੱਚ ਬੋਲਿਆ।
“ਦੈਨ ਵੱਟ ਮਿ: ਰਮੇਸ਼? ਤੁਹਾਡਾ ਬੇਟਾ ਨੰਬਰ ਵਨ ਸਕੂਲ ‘ਚ ਸਟੱਡੀ ਕਰ ਰਿਹਾ ਹੈ, ਇਹ ਤੁਹਾਡੇ ਲਈ ਬਹੁਤ ਪਰਾਉਡ ਦੀ ਗੱਲ ਹੈ। ਉਸਨੂੰ ਨਿਊ ਯੂਨੀਫ਼ਾਰਮ ਲੈ ਕੇ ਦਿਓ। ਡੋਂਟ ਵਰੀ, ਇਟ ਇਜ਼ ਨੋਟ ਆ ਥਿੰਗ ਡੀਲ। ਪਰ ਜੇਕਰ ਫਿਰ ਵੀ ਤੁਹਾਨੂੰ ਕੋਈ ਓਬਜੈਕਸ਼ਨ ਹੈ ਤਾਂ ਤੁਸੀਂ ਆਪਣੇ ਬੇਟੇ ਦੀ ਐਡਮਿਸ਼ਨ ਕਿਸੇ ਹੋਰ ਸਕੂਲ ‘ਚ ਕਰਵਾ ਦਿਓ।ਨਾਓ ਯੂ ਪਲੀਜ਼ ਲੀਵ, ਆਈ ਹੈਵ ਸਮ ਵਰਕ।” ਆਪਣੀ ਗੱਲ ਖਤਮ ਕਰਕੇ ਪ੍ਰਿੰਸੀਪਲ ਬਾਹਰ ਚਲੀ ਗਈ।
ਰਮੇਸ਼ ਚੁੱਪਚਾਪ ਘਰ ਆ ਗਿਆ। ਦਵਾਈ ਨਾ ਲੈਣ ਕਾਰਨ ਤੇ ਤਣਾਅ ਕਾਰਨ ਉਸਦੀ ਤਬੀਅਤ ਹੋਰ ਵੀ ਖਰਾਬ ਹੋ ਗਈ ਤੇ ਉਸ ਨੂੰ ਚੱਕਰ ਜਿਹਾ ਆ ਗਿਆ।
“ਕੀ ਹੋਇਆ, ਤੁਸੀ ਠੀਕ ਤਾਂ ਹੋ?” ਸੁਮਨ ਨੇ ਘਬਰਾ ਕੇ ਪੁੱਛਿਆ।
“ਡੋਂਟ ਵਰੀ, ਇਟ ਇਜ਼ ਨੋਟ ਆ ਬਿੱਗ ਡੀਲ।” ਰਮੇਸ਼ ਨੇ ਆਪਣੇ ਆਪ ਨੂੰ ਸੰਭਾਲਦਿਆ ਕਿਹਾ।
ਕੰਚਨ ਬਾਂਸਲ