(ਸਮਰੱਥ)
ਬੜੇ ਦਿਨਾਂ ਤੋਂ ਵੋਟਾਂ ਵਾਲਿਆ ਦੇ ਸਪੀਕਰ ਚੱਲ ਰਹੇ ਸਨ। ਕਲਾਸ ਵਿੱਚ ਪੜ੍ਹਾਇਆ ਵੀ ਚੰਗੀ ਤਰ੍ਹਾ ਨਹੀਂ ਸੀ ਜਾਂਦਾ। ਜਦੋਂ ਸਮਝਾਉਣਾ ਹੁੰਦਾ ਕੋਈ ਨਾ ਕੋਈ ਆਵਾਜ ਆਈ ਜਾਂਦੀ ਸੀ।
ਪੰਜਾਬ ਵਾਸੀਉ! ਇਸ ਵਾਰ ਆਪਣੀ ਤੱਕੜੀ ਨੂੰ ਵੋਟ ਪਾਉ, ਅਜੇ ਉਸ ਜਾਂਦਾ ਹੀ ਸੀ ਕਿ ਫਿਰ ਕਮਲ ਦਾ ਫੁੱਲ ਆ ਜਾਂਦਾ, ਕਮਲ ਦੇ ਫੁੱਲ ਦੇ ਜਾਂਦਿਆ ਹੀ ਪੰਜੇ ਵਾਲੇ ਵੀਰ ਦਾ ਸਪੀਕਰ ਆ ਜਾਂਦਾ, ਫਿਰ ਆਵਾਜ਼ ਆਉਂਦੀ ਇਸ ਵਾਰ ਝਾੜੂ ਨੂੰ ਮੌਕਾ ਜਰੂਰ..ਜਰੂਰ ਦਿਉ।
ਦਿਲ ਕਰਦਾ ਕਿ ਜੇ ਕੋਈ ਰਾਹ ਵਿੱਚ ਮਿਲੇ ਤਾਂ ਇਹ ਜਰੂਰ ਕਹਾ, ਕਿ ਸਾਨੂੰ ਵੀ ਪੜ੍ਹਾਉਣ ਦਾ ਮੌਕਾ ਦਿਉ। ਬੜੀ ਮੁਸ਼ਕਲ ਨਾਲ ਸਕੂਲ ਖੁੱਲ੍ਹੇ ਹਨ। ਜੇਕਰ ਅਸੀਂ ਕੁਝ ਪੜ੍ਹਾਈ ਦਾ ਕੰਮ ਕਰਵਾ ਸਕੀਏ ਤਾਂ ਕਰਵਾਉਣ ਦਿਉ ਭਰਾਵੋਂ! ਪਿੱਛੇ ਪੇਪਰ ਦੌੜ-ਦੌੜ ਕੇ ਆ ਰਹੇ ਹਨ। ਬੱਚਿਆਂ ਦੀ ਪੜ੍ਹਾਈ ਦਾ ਬੁਰਾ ਹਾਲ ਹੈ। ਲਿਖਣਾ ਭੁੱਲ ਗਏ ਹਨ। ਚਾਰ ਦਿਨ ਮਿਹਨਤ ਕਰਵਾਉਣ ਦਿਉ।ਸਾਨੂੰ ਇਹਨਾਂ ਦੀ ਫ਼ਿਕਰ ਹੈ। ਇਹਨਾਂ ਨੂੰ ਕੁਝ ਕੁ ਗਿਆਨ ਦੇ ਚਾਰ ਅੱਖਰ ਤਾਂ ਸਿਖਾ ਲੈਣ ਦਿਉ।ਇਹਨਾਂ ਕਰੂੰਬਲਾਂ ਦਾ ਕੀ ਦੋਸ਼ ਹੈ। ਕੱਲ੍ਹ ਨੂੰ ਅਸੀਂ ਹੀ ਕਹਿਣਾ ਹੈ ਇਹਨਾਂ ਨੂੰ ਅਕਲ ਨਹੀਂ ਹੈ। “ਜੋ ਬੀਜਾਂਗੇ, ਉਹੀ ਵੱਢਾਗੇ ਭਰਾਵੋ।” ਮਜਬੂਰੀ ਵੱਸ ਜੇਕਰ ਅਸੀਂ ਗਿਆਨ ਦੇ ਸਾਗਰ ਵਿੱਚ ਇਹਨਾਂ ਨੂੰ ਤਾਰੀਆਂ ਨਹੀਂ ਲਗਵਾ ਸਕੇ, ਤਾਂ ਕਮ ਸੇ ਕਮ ਨਹਾਉਂਣਾ ਤਾਂ ਸਿੱਖਾ ਦਈਏ।
ਅੱਜ ਸਵੇਰੇ ਸਕੂਲ ਜਾਂਦਿਆਂ ਸੋਚਿਆ ਕਿ ਸ਼ੁਕਰ ਹੈ ਰੱਬਾ! ਅੱਜ ਰੌਲਾ ਨਹੀਂ ਪਵੇਗਾ। ਪੜ੍ਹਾਉਣ ਸਮੇਂ ਕੰਨ ਪਾੜਵੀਆ ਅਵਾਜ਼ਾ ਤੰਗ ਨਹੀਂ ਕਰਨਗੀਆਂ। ਪਹਿਲੇ ਦੋ ਪੀਰੀਅਡ ਬੜੇ ਵਧੀਆ ਲੰਘੇ। ਜਿਵੇਂ ਹੀ...
ਤੀਸਰੇ ਪੀਰੀਅਡ ਕਲਾਸ ਵਿੱਚ ਜਾ ਕੇ ਕੰਮ ਕਰਵਾਉਣ ਲੱਗੀ ਤਾਂ ਅਵਾਜ ਆਉਣੀ ਸ਼ੁਰੂ ਹੋ ਗਈ। “ਸੌ ਦੇ ਢਾਈ ਕਿਲੋ.., ਵਧੀਆ ਮਿੱਠੇ…, ਸ਼ਹਿਦ ਵਰਗੇ.., ਪੱਕੇ ਪਪੀਤੇ ਲਉ ਜੀ .. ਪਪੀਤੇ….।” ਮੈਂ ਕੁਝ ਬੋਲਦੀ , ਮੇਰੇ ਬੋਲਣ ਤੋਂ ਪਹਿਲਾਂ ਹੀ ਬੱਚਿਆਂ ਨੇ ਖਿੜਕੀਆਂ ਬੰਦ ਕਰਨੀਆਂ ਸ਼ੁਰੂ ਕਰ ਦਿੱਤੀਆ। ਕਿਉਂਕਿ ਉਹ ਪਹਿਲਾਂ ਵੀ ਮੇਰੇ ਕਹਿਣ ‘ਤੇ ਖਿੜਕੀਆਂ ਨੂੰ ਥੋੜਾ ਬੰਦ ਕਰ ਲੈਂਦੇ ਸਨ, ਤਾਂ ਕਿ ਅਵਾਜ਼ ਕੁੱਝ ਘੱਟ ਆਵੇ, ਪਰ ਅੱਜ ਮੇਰੇ ਕਹਿਣ ਤੋਂ ਬਿੰਨਾਂ ਹੀ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਬੇਸ਼ੱਕ ਇਹ ਅਵਾਜ਼ ਉਨੀ ਕੰਨ ਪਾੜਵੀ ਤਾਂ ਨਹੀਂ ਸੀ, ਪਰ ਫਿਰ ਵੀ….. ਮੈਨੂੰ ਲੱਗਿਆ ਜਿਵੇਂ ਇਹ ਤਾਂ ਪੜ੍ਹਨਾ ਚਾਹੁੰਦੇ ਹਨ ਪਰ, ਸਾਡੇ ਅਤੇ ਸਾਡੇ ਸਿਸਟਮ ਵਿੱਚ ਹੀ ਕੁਝ ਕਮੀਆਂ ਹਨ।
ਸੋਚਦੀ ਹਾਂ….ਇਹ ਅਵਾਜਾਂ ਦਾ ਵੱਧਦਾ ਸ਼ੋਰ ਕਦੋਂ ਘੱਟ ਹੋਵੇਗਾ। ਅਸੀਂ ਰੌਲੇ ਰੱਪੇ ਵਿੱਚੋਂ ਨਿਕਲ ਕੇ ਕਦੋਂ ਵਧੀਆ ਸਲੀਕੇ ਨਾਲ ਚੱਲਣਾ ਸਿੱਖਾਂਗੇ। ਸਾਨੂੰ ਆਪਣੀ ਗੱਲ ਤਾਂ ਰੌਲਾ ਪਾ-ਪਾ ਕੇ ਸੁਣਾਉਣ ਦੀ ਆਦਤ ਪੈ ਗਈ ਹੈ। ਅਸੀਂ ਕਦੋਂ ਦੂਸਰਿਆਂ ਦੇ ਦਿਲ ਦੇ ਹਾਲ ਨੂੰ ਜਾਨਣ ਦੇ ਸਮਰੱਥ ਹੋਵਾਂਗੇ? ਕਦੋਂ ਅਸੀਂ ਸ਼ਾਤ ਰਹਿ ਕੇ ਗੱਲ ਕਹਿਣ ਅਤੇ ਮੰਨਵਾਉਣ ਦੇ ਸਮਰੱਥ ਹੋਵਾਂਗੇ?
ਪਰਵੀਨ ਕੌਰ ਸਿੱਧੂ
19/02/2022