ਸ਼ਾਬਾਸ਼ੀ।
ਤਕਰੀਬਨ ਵੀਹ ਕੁ ਸਾਲ ਪੁਰਾਣੀ ਇੱਕ ਗੱਲ ਜੋ ਸਾਂਝੀ ਕਰ ਰਿਹਾਂ… ਮੇਰੇ ਤਾਂ ਦਿਲ ਨੂੰ ਛੂਹ ਗਈ ਸੀ ਤੇ ਅੱਜ ਤਕ ਕਲ ਦੀ ਗੱਲ ਵਾਂਗ ਚੇਤੇ ਹੈ..
ਸ਼ਾਇਦ ਆਪ ਸਭ ਨੂੰ ਵੀ ਪਸੰਦ ਆਏ..
ਮੇਰੇ ਵੱਡੇ ਮਾਮਾ ਜੀ ਦੇ ਪੁੱਤਰ ਮਤਲਬ ਮੇਰੇ ਵੀਰ ਦੀ ਕੁੜਮਾਈ ਦਾ ਫੰਕਸ਼ਨ ਸੀ.. ਸਾਰਾ ਪਰਿਵਾਰ ਨਾਨਕਾ ਮੇਲ ਇਕੱਠਾ ਹੋਇਆ .. ਫੰਕਸ਼ਨ ਵੀ ਸ਼ਾਨਦਾਰ ਕੀਤਾ ਤੇ ਕੁੜੀ ਵਾਲਿਆਂ ਦਾ ਪਰਿਵਾਰ ਵੀ ਚੰਗਾ ਰਸੂਖਦਾਰ ਤੇ ਮੁੰਡੇ ਕੁੜੀ ਦੀ ਜੋੜੀ ਚੰਗੀ ਢੁਕਵੀਂ ਸੀ.. ਚੰਗੀ ਰੋਣਕ ਲੱਗੀ.. ਸਾਰਾ ਪਰਿਵਾਰ ਤੇ ਰਿਸ਼ਤੇਦਾਰ ਮਾਮਾਜੀ ਨੂੰ ਵਧਾਈਆਂ ਦੇ ਰਹੇ ਸੀ…ਮੇਰੇ ਮੰਮੀ ਜੀ ਤੇ ਹੋਰ ਮਾਸੀਆਂ ਨਾਲ ਸਨ…
ਯਕਾ ਯਕ ਮੇਰੇ ਮਾਮਾ ਜੀ ਦਾ ਗੱਚ ਭਰ ਆਇਆ ਤੇ ਅੱਖਾਂ ਵਿਚੋ ਅੱਥਰੂ ਨਿਕਲਣ ਲੱਗ ਪਏ… ਮੇਰੇ ਮੰਮੀ ਜੀ ਕਹਿਣ ਲੱਗੇ ਵੀਰ ਜੀ ਇਹ ਕੀ??…
ਇੰਨਾ ਚੰਗਾ ਮੇਲ ਜੁੜਿਆ ਤੇ ਲੋਕ ਵਧਾਈ ਦੇ ਰਹੇ ਨੇ… ਤੁਸੀਂ ਮੰਨ ਕਿਉ ਭਰ ਰਹੇ ਹੋ?
ਉਹ ਕਹਿਣ...
ਲੱਗੇ, ਕੀ ਕਰਾਂ?
ਅੱਜ ਵਧਾਈਆਂ ਦੇਣ ਵਾਲੇ ਤਾਂ ਬਹੁਤ ਨੇ ਪਰ ਸ਼ਾਬਾਸ਼ੀ ਦੇਣ ਵਾਲਾ ਕੋਈ ਨਹੀ.. ਮੈਨੂੰ ਬੜੀ ਘਾਟ ਮਹਿਸੂਸ ਹੋ ਰਹੀ…
ਇੰਨਾ ਸੁਣਦੇ ਹੀ ਮਾਮਾ ਜੀ ਨੂੰ ਮੰਮੀ ਨੇ ਗੱਲ ਲਾ ਲਿਆ ਤੇ ਦੋਵੇਂ ਇਕ ਦੂਜੇ ਨੂੰ ਹੋਂਸਲਾ ਦੇਣ ਲੱਗੇ..
ਮੈ ਸਮਝ ਗਿਆ ਕਿ ਨਾਨੀ ਜੀ ਨੂੰ ਯਾਦ ਕਰਕੇ ਅੱਖਾਂ ਵਿਚ ਹੰਝੂ ਆਏ ਹਨ…
ਪਰ ਅੱਜ ਵੀਹ ਸਾਲਾਂ ਬਾਅਦ ਕਿਸੇ ਚੰਗੇ ਕੰਮ ਦੀ ਵਧਾਈ ਲੋਕਾਂ ਕੋਲ ਤੇ ਸ਼ਾਬਾਸ਼ੀ ਆਪਣੇ ਮਾਤਾ ਪਿਤਾ ਤੋਂ ਮਿਲਦੀ ਵੇਖ ਗੱਲ ਯਾਦ ਆ ਜਾਂਦੀ ਤੇ ਦੋਹਾਂ ਵਿੱਚ ਫ਼ਰਕ ਵੀ ਸਾਫ਼ ਨਜ਼ਰ ਆਉੰਦਾ… ਸ਼ਾਬਾਸੀ਼ ਦੀ ਕਿੰਨੀ ਜਰੂਰਤ ਹੁੰਦੀ ਹੈ ਉਹ ਸਮਝ ਵੀ ਆਉੰਦੀ ਹੈ..
✒ ਰਵਿੰਦਰਸਿੰਘ