More Punjabi Kahaniya  Posts
ਸ਼ੀਤਲਤਾ


ਮਾਂ ਸ਼ੀਤਲ ਕੌਰ ਤੇ ਬਾਪ ਨਿਰਮਲ ਸਿੰਘ..
ਪਰ ਜਦੋ ਲੜ ਪੈਂਦੇ ਤਾਂ ਨਾਵਾਂ ਵਿਚਲੀ ਸ਼ੀਤਲਤਾ ਅਤੇ ਨਿਰਾਲਾ ਪਣ ਕਿਧਰੇ ਖੰਬ ਲਾ ਕੇ ਉੱਡ ਜਾਇਆ ਕਰਦਾ!
ਨਿੱਕੀ ਗੱਲ ਤੋਂ ਸ਼ੁਰੂ ਹੁੰਦੀ ਫੇਰ ਕਿੰਨੀ ਦੂਰ ਤੱਕ ਅੱਪੜ ਜਾਇਆ ਕਰਦੀ..
ਕਲੇਸ਼ ਦੀ ਵਜਾ ਕਦੇ ਖਰਚਾ ਬਣਦਾ..ਕਦੀ ਕਿਸੇ ਵੱਲੋਂ ਆਖੀ ਗੱਲ..ਤੇ ਕਦੀ ਚਾਚਿਆਂ ਤਾਇਆਂ ਵੱਲੋਂ ਕੀਤਾ ਗਿਆ ਕੋਈ ਧੋਖਾ..!
ਕਦੀ ਕਦੀ ਡੈਡੀ ਸ਼ਰਾਬ ਪੀ ਕੇ ਆਣ ਵੜਦਾ ਤਾਂ ਮਿਲੇ ਘੱਟ ਦਾਜ ਨੂੰ ਲੈ ਕੇ ਮੇਰੇ ਨਾਨਕਿਆਂ ਨੂੰ ਬੁਰਾ ਭਲਾ ਆਖਣਾ ਸ਼ੁਰੂ ਕਰ ਦਿੰਦਾ..!
ਮਾਂ ਖਿਝਦੀ..ਪ੍ਰਤੀਕਰਮ ਵੱਜੋਂ ਫੇਰ ਉਸਦਾ ਗੁੱਸਾ ਆਪਣੇ ਸਹੁਰਿਆਂ ਤੇ ਨਿੱਕਲਦਾ..
ਕੁਝ ਐਸੀਆਂ ਗੱਲਾਂ ਵੀ ਹੁੰਦੀਆਂ ਜਿਹਨਾਂ ਦਾ ਸਬੰਧ ਸਾਡੇ ਜਨਮ ਤੋਂ ਪਹਿਲਾਂ ਵਾਲੇ ਟਾਈਮ ਨਾਲ ਵੀ ਹੁੰਦਾ..!
ਮਾਂ ਵਿਚ ਹੀਣੰ ਭਾਵਨਾ ਵੀ ਬਹੁਤ ਜਿਆਦਾ ਸੀ..
ਹਮੇਸ਼ਾਂ ਰੱਬ ਨੂੰ ਉਲਾਹਮੇਂ..ਗਿਲੇ ਸ਼ਿਕਵੇ..ਆਹ ਨੀ ਮਿਲਿਆ..ਅਹੁ ਨੀ ਦਿੱਤਾ..ਏਦਾਂ ਨੀ ਹੋਇਆ..ਓਦਾਂ ਨਹੀਂ ਵਾਪਰਿਆ..ਫਲਾਣਾ ਸਾਥੋਂ ਅੱਗੇ ਲੰਘ ਗਿਆ..!
ਕਈ ਵਾਰ ਉਸਦੀ ਆਖੀ ਕਿਸੇ ਗੱਲ ਤੋਂ ਤੈਸ਼ ਵਿਚ ਆ ਕੇ ਡੈਡੀ ਆਪਣੇ ਭਰਾਵਾਂ ਨਾਲ ਜਾ ਲੜਦਾ..ਇੰਝ ਸਾਡੇ ਘਰ ਵਿਚ ਹਮੇਸ਼ਾ ਹੀ ਕੁਝ ਨਾ ਕੁਝ ਅਣਸੁਖਾਵਾਂ ਵਾਪਰਦਾ ਹੀ ਰਹਿੰਦਾ!
ਫੇਰ ਮੈਂ ਪੰਦਰਾਂ ਕੂ ਸਾਲ ਦੀ ਹੋਈ..
ਸਰੀਰਕ ਅਤੇ ਮਾਨਸਿਕ ਪੱਧਰ ਤੇ ਕਿੰਨੀਆਂ ਸਾਰੀਆਂ ਤਬਦੀਲੀਆਂ ਵੀ ਆਈਆਂ..
ਆਲੇ ਦਵਾਲੇ ਦੀ ਥੋੜੀ ਬਹੁਤ ਸਮਝ ਆਉਣੀ ਸ਼ੁਰੂ ਹੋ ਗਈ..
ਕੁਝ ਲੋਕ ਜੋ ਹਮੇਸ਼ਾਂ ਸਾਡੇ ਘਰ ਵਿਚ ਲੜਾਈ-ਝਗੜੇ ਦੀ ਵਜਾ ਬਣਿਆ ਕਰਦੇ..ਮੈਨੂੰ ਬਿਲਕੁਲ ਵੀ ਚੰਗੇ ਨਾ ਲੱਗਦੇ..!
ਕੁਝ ਸੁਲਹ ਕਰਾਉਣ ਆਇਆਂ ਦਾ ਧਿਆਨ ਕਲੇਸ਼ ਵੱਲ ਘੱਟ ਤੇ ਮੇਰੇ ਵਜੂਦ ਵੱਲ ਜਿਆਦਾ ਹੁੰਦਾ..
ਅਜੀਬ ਤਰਾਂ ਦੀ ਇਹ ਕੈਫ਼ੀਅਤ,ਮਾਨਸਿਕਤਾ ਅਤੇ ਹਾਸਾ..
ਮੈਨੂੰ ਹਰੇਕ ਨਾਲ ਨਫਰਤ ਜਿਹੀ ਹੋ ਗਈ..ਦੁਨੀਆ ਦਾ ਹਰ ਬੰਦਾਂ ਫਰੇਬੀ ਤੇ ਧੋਖੇਬਾਜ ਲੱਗਦਾ!
ਮੈਂ ਦਿਲ ਦੀ ਗੱਲ ਆਪਣੀ ਮਾਂ ਨੂੰ...

ਦੱਸਦੀ..
ਪਰ ਉਸਨੂੰ ਸ਼ਾਇਦ ਮੇਰੀ ਗੱਲ ਨਾਲੋਂ ਆਪਸੀ ਲੜਾਈ ਵੱਲ ਧਿਆਨ ਦੇਣਾ ਜਿਆਦਾ ਬੇਹਤਰ ਲੱਗਦਾ!
ਕਈ ਵਾਰ ਮਨ ਵਿਚ ਆਉਂਦਾ ਮੈਂ ਵਿਆਹ ਹੀ ਨੀ ਕਰਾਉਣਾ..
ਗ੍ਰਿਹਸਥ ਜੀਵਨ..ਪਵਾੜੇ ਦੀ ਜੜ!
ਕਦੀ ਸੋਚਦੀ ਇਹਨਾਂ ਦੋਹਾਂ ਦੇ ਸੁਭਾ ਆਪਣੇ ਨਾਵਾਂ ਨਾਲੋਂ ਕਿੰਨੇ ਵੱਖਰੇ ਨੇ..!
ਸਹੇਲੀਆਂ ਨਾਲ ਦੁੱਖ-ਸੁਖ ਫਰੋਲਦੀ..
ਇਥੇ ਵੀ ਜਿਆਦਾਤਰ ਤਰਸ ਹਮਦਰਦੀ ਦੀ ਪਰਤ ਹੇਠਾਂ ਤਮਾਸ਼ਾ ਤੱਕਦੀ ਇੱਕ ਫਰੇਬੀ ਮਾਨਸਿਕਤਾ ਹੀ ਦਿਸਦੀ!
ਫੇਰ ਇੱਕ ਦਿਨ ਉਹ ਮੇਰੀ ਜਿੰਦਗੀ ਵਿਚ ਆ ਹੀ ਗਿਆ..!
ਕਿਸਮਤ ਅਤੇ ਨਾਵਾਂ ਦੇ ਬੇਜ਼ੋੜ ਸੁਮੇਲ ਬਾਰੇ ਬਣੀ ਮੇਰੀ ਧਾਰਨਾ ਝੂਠੀ ਜਿਹੀ ਪੈ ਗਈ..
ਮੇਰੀ ਜਿੰਦਗੀ ਦਾ ਵਹਿਣ ਇੱਕ ਬਿਲਕੁਲ ਹੀ ਵੱਖਰੇ ਅੰਦਾਜ ਵਿਚ ਵੱਖਰੀ ਹੀ ਦਿਸ਼ਾ ਵੱਲ ਨੂੰ ਵਹਿ ਤੁਰਿਆ..!
ਉਹ ਸਿਰਫ ਨਾਮ ਦਾ ਹੀ ਸੁਖਚੈਨ ਸਿੰਘ ਨਹੀਂ ਸੀ..
ਸਗੋਂ ਉਸਦੀ ਸੀਰਤ ਤੇ ਕਾਰ ਵਿਹਾਰ ਵਿਚੋਂ ਵੀ ਇੱਕ ਅਜੀਬ ਤਰਾਂ ਦੀ ਸ਼ੀਤਲਤਾ ਅਤੇ ਪਿਆਰ ਡੁੱਲ-ਡੁੱਲ ਕੇ ਪੈਂਦਾ ਹੀ ਰਹਿੰਦਾ..ਬਿਨਾ ਜਵਾਰਭਾਟੇ ਦੇ ਸਮੁੰਦਰ ਵਾਂਙ ਸ਼ਾਂਤ ਅਤੇ ਦੁਖਾਂ ਦੇ ਕਿੰਨੇ ਸਾਰੇ ਦਰਿਆ ਚੁੱਪ ਚਾਪ ਆਪਣੇ ਵਜੂਦ ਵਿਚ ਸਮੋ ਲੈਣ ਦੀ ਸਮਰੱਥਾ!
ਸੋ ਦੋਸਤੋ ਖੁਦ ਨਾਲ ਹੋ ਗਏ ਅਨੇਕਾਂ ਧੋਖਿਆਂ ਅਤੇ ਦੁਨੀਆਂਵੀਂ ਕਰਮਕਾਂਡਾ ਦੇ ਬੇਹੂਦਾ ਅਤੇ ਆਪਹੁਦਰੇ ਵਰਤਾਰਿਆਂ ਤੋਂ ਡਰ ਕੇ ਜਿੰਦਗੀ ਦੀਆਂ ਰਾਹਾਂ ਤੇ ਅਕਸਰ ਹੀ ਬੰਦ ਮਿਲ ਜਾਂਦੇ ਕਿੰਨੇ ਸਾਰੇ ਦਰਵਾਜਿਆਂ ਨੂੰ ਖੋਲਣ ਤੋਂ ਕਦੀ ਵੀ ਡਰੋ-ਝਿਜਕੋ ਨਾ!
ਹੋ ਸਕਦਾ ਇਸੇ ਤਰਾਂ ਹੀ ਕਿਸੇ ਬੰਦ ਪਏ ਦਰਵਾਜੇ ਮਗਰ ਖਲੋਤੇ ਕਿਸੇ ਸਾਫ ਦਿਲ ਸੁਖਚੈਨ ਸਿੰਘ ਨੂੰ ਤੁਹਾਡੀ ਆਮਦ ਦਾ ਬੇਸਬਰੀ ਨਾਲ ਇੰਤਜਾਰ ਹੋਵੇ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)