Posts Uploaded By ਪੰਜਾਬੀ ਕਹਾਣੀਆਂ

Sub Categories

ਸੱਭ ਦੀ ਜਿੰਦਗੀ ਚ ਕੋਈ ਨਾ ਕੋਈ ਪਿਆਰ ਕਹਾਣੀ ਹੁੰਦੀ ਹੈ..
ਇਵੇਂ ਹੀ ਮੇਰੀ ਜਿੰਦਗੀ ਵਿੱਚ ਵੀ ਇੱਕ ਉਹ ਮਨੁੱਖ ਆਇਆ ਜਿਸ ਨੇ ਮੇਰੀ ਸਾਰੀ ਜਿੰਦਗੀ ਹੀ ਬਦਲ ਦਿੱਤੀ ਸੀ।
ਮੈਂ ਸਕੂਲ ਵਿੱਚ ਪੜ੍ਹਦੀ ਸੀ ਤੇ ਨਾਲ ਹੀ ਆਪਣੇ ਪਿੰਡ ਵਿੱਚ ਟਿਊਸ਼ਨ ਜਾਂਦੀ ਸੀ। ਤੇ ਮੇਰਾ ਮਿਲਾਪ ਮੇਰੇ ਪਿੰਡ ਦੇ ਇੱਕ ਮੁੰਡੇ ਨਾਲ ਹੋਇਆ ਜਿਸ ਨੂੰ ਮੈਂ ਕਦੇ ਬੁਲਾਇਆ ਵੀ ਨਹੀਂ ਸੀ। ਉਸ ਮੁੰਡੇ ਨੇ ਆਪਣੇ ਦੋਸਤ ਰਾਹੀਂ ਜੋ ਕਿ ਮੇਰੇ ਨਾਲ ਟਿਊਸ਼ਨ ਪੜ੍ਹਦਾ ਸੀ, ਸੁਨੇਹਾ ਭੇਜੇਆ। ਇਸ ਸੁਨੇਹੇ ਤੋਂ ਬਾਅਦ ਅਸੀਂ ਫੇਸਬੁਕ ਤੇ ਗੱਲ ਕਰਨ ਲੱਗੇ। ਹੌਲੀ ਹੌਲੀ ਉਸ ਇਨਸਾਨ ਨਾਲ ਮੇਥਾ ਪਿਆਰ ਵੱਧ ਦਾ ਗਿਆ ਤੇ ਉਹ ਇਹਨਾਂ ਵੱਧ ਗਿਆ ਸੀ ਕਿ ਮੈਂ ਪਿੱਛੇ ਵੀ ਨਹੀਂ ਸੀ ਹੱਟ ਸਕਦੀ। ਫਿਰ ਇੱਕ ਦਿਨ ਇਸ ਬਾਰੇ ਮੇਰੇ ਘਰ ਪੱਤਾ ਲੱਗ ਗਿਆ ਤੇ ਉਸ ਮੁੰਡੇ ਨੇ ਮੈਨੂੰ ਛੱਡ ਦਿੱਤਾ। ਮੈਨੂੰ ਇੰਝ ਲੱਗ ਰਿਹਾ ਸੀ ਕਿ ਮੇਰੀ ਜਿੰਦਗੀ ਹੀ ਖ਼ਤਮ ਹੋ ਗਈ ਹੈ। ਪਰ ਮੈਂ ਆਪਣੇ ਆਪ ਨੂੰ ਸਾਂਭ ਲਿਆ ਸੀ। ਫਿਰ ਮੈਨੂੰ ਇੱਕ ਦਿਨ ਪਤਾ ਲੱਗਾ ਕਿ ਉਸ ਦਾ ਰਿਸ਼ਤਾ ਪੱਕਾ ਹੋ ਗਿਆ ਹੈ ਤੇ ਉਹ ਵੀ ਲਵ ਮੈਰਿਜ। ਕੁਝ ਕੁ ਸਮੇਂ ਬਾਅਦ ਕਿਸੇ ਕਾਰਨ ਪਿੱਛੇ ਉਸ ਦਾ ਮੰਗਣਾ ਟੁੱਟ ਗਿਆ। ਤੇ ਹੁਣ ਮੈਂ ਕਾਲਜ ਜਾਂਦੀ ਸੀ। ਅਤੇ ਅਚਾਨਕ ਮੈਨੂੰ ਉਸਦਾ ਮੈਸਿਜ਼ ਆਇਆ ਤੇ ਮੈਂ ਖੁਸ਼ੀ ਵਿੱਚ ਪਾਗਲ ਹੋ ਗਈ। ਤੇ ਮੇਰੀ ਫਿਰ ਉਹਦੇ ਨਾਲ ਗੱਲਬਾਤ ਸ਼ੁਰੂ ਹੋ ਗਈ ਮੇਰਾ ਪਿਆਰ ਅੱਜ ਵੀ ਉਵੇਂ ਹੀ ਸੀ ਜਿਵੇਂ ਪਹਿਲੇ ਦਿਨ ਸੀ। ਪਰ ਉਸ ਨੇ ਦੱਸ ਕੁ ਦਿਨ ਗੱਲ ਕਰਕੇ ਫਿਰ ਮੈਨੂੰ ਕੱਲੀ ਨੂੰ ਛੱਡ ਗਿਆ। ਤੇ ਮੈਂ ਅੱਜ ਫਿਰ ਉਸਦੇ ਪਿੱਛੇ ਉਂਝ ਹੀ ਰੋਂਦੀ। ਮੈਂ ਜਿੰਨੀ ਕੁ ਵਾਰ ਗਲਤੀ ਕੀਤੀ ਉਸ ਨੂੰ ਅਪਣਾ ਕੇ ਉਸ ਨੇ ਉੰਨੀ ਵਾਰ ਹੀ ਧੋਖਾ ਦਿੱਤਾ…

ਸੁੱਖ

...
...

ਸ਼ਾਇਦ ਅਠਾਸੀ-ਉਣੰਨਵੇਂ ਦੀ ਗੱਲ ਏ..
ਜਸਬੀਰ ਸਿੰਘ ਉਰਫ ਪਿੰਕਾ ਮੁਹਾਲੀ ਨਾਮ ਦਾ ਬਿੱਲੀਆਂ ਅੱਖਾਂ ਵਾਲਾ ਇੱਕ ਗੱਭਰੂ ਰੁਟੀਨ ਚੈਕ-ਅੱਪ ਦੇ ਦੌਰਾਨ ਲੁਧਿਆਣਾ ਪੁਲਸ ਵੱਲੋਂ ਚੁੱਕ ਲਿਆ ਗਿਆ..!

ਸੁਮੇਧ ਸੈਣੀ ਉਸ ਵੇਲੇ ਲੁਧਿਆਣੇ ਦਾ ਐੱਸ.ਐੱਸ.ਪੀ ਹੋਇਆ ਕਰਦਾ ਸੀ..

ਉਸ ਵੇਲੇ ਦੇ ਦਸਤੂਰ ਮੁਤਾਬਿਕ ਸੀ ਆਈ ਏ ਸਟਾਫ ਦਾ ਅੰਨਾ ਤਸ਼ੱਦਤ ਸ਼ੁਰੂ ਹੋ ਗਿਆ..
ਡਾਂਗ,ਘੋਟਣੇ,ਸਿਕੰਜਾ..ਅਤੇ ਹੋਰ ਵੀ ਕਿੰਨੇ ਸਾਰੇ ਥਰਡ-ਡਿਗਰੀ..ਕੋਈ ਖਾਸ ਜਾਣਕਾਰੀ ਨਾ ਕਢਵਾ ਸਕੇ..!
ਅਖੀਰ ਕਮਾਨ ਸੈਣੀ ਨੇ ਖੁਦ ਆਪਣੇ ਹੱਥਾਂ ਵਿਚ ਲੈ ਲਈ..

ਜਦੋਂ ਪੂਰੀ ਵਾਹ ਲਾ ਕੇ ਵੀ ਗੱਲ ਨਾ ਬਣਦੀ ਦਿੱਸੀ ਤਾਂ ਸੈਣੀ ਨੇ ਖਿਝ ਕੇ ਸਾਈਨਾਈਡ (ਜਹਿਰ) ਦਾ ਕੈਪਸੂਲ ਉਸਦੇ ਮੂੰਹ ਵਿਚ ਤੁੰਨ ਦਿੱਤਾ..
ਕੈਪਸੂਲ ਗਿੱਲਾ ਹੋਣ ਕਰਕੇ ਅਸਰ ਨਾ ਵਿਖਾ ਸਕਿਆ..

ਫੇਰ ਫਸਲਾਂ ਤੇ ਛਿੜਕੀ ਜਾਣ ਵਾਲੀ ਕੀੜੇ ਮਾਰ ਦਵਾਈ ਦਾ ਡੱਬਾ ਮੰਗਵਾਇਆ..
ਅੱਧਮੋਏ ਹੋਏ ਨੂੰ ਜਬਰਦਸਤੀ ਅੱਧਾ ਡੱਬਾ ਪਿਆ ਦਿੱਤਾ..

ਇਸ ਵਾਰ ਵੀ ਜਿੰਦਗੀ ਮੌਤ ਤੇ ਭਾਰੂ ਰਹੀ..ਉਹ ਫੇਰ ਬਚ ਗਿਆ..!

ਪਰ ਜਾਨਵਰ ਬਿਰਤੀ ਵਾਲੇ ਬੇਰਹਿਮ ਇਨਸਾਨ ਏਨਾ ਚਿਰ ਕਿਥੇ ਉਡੀਕ ਕਰਦੇ..
ਸੈਣੀ ਨੇ ਇੱਕੋ ਦਮ ਨਾਲਦੇ ਦਾ ਸਰਵਿਸ ਰਿਵਾਲਵਰ ਫੜਿਆ ਤੇ ਮੁੰਡੇ ਦੀ ਪੁੜਪੁੜੀ ਤੇ ਰੱਖ ਘੋੜਾ ਦੱਬ ਦਿੱਤਾ..
ਸਿਰ ਉਚਾਈ ਤੋਂ ਡਿੱਗੇ ਹਦਵਾਣੇ ਵਾਂਙ ਖੱਖੜੀ-ਖੱਖੜੀ ਹੋ ਗਿਆ..!

ਚਾਰੇ ਪਾਸੇ ਚੁੱਪ ਛਾ ਗਈ..
ਦੱਸਦੇ ਉਸ ਵੇਲੇ ਮੌਕੇ ਤੇ ਕੋਲ ਖਲੋਤੇ ਸੈਣੀ ਦੇ ਇੱਕ ਚਹੇਤੇ ਨੇ ਦੱਬੀ ਅਵਾਜ ਵਿਚ ਅੱਖ ਦਿੱਤਾ ਕੇ ਸਾਬ ਜੀ ਲੱਗਦੇ ਹੱਥ ਮੇਰੀ ਪ੍ਰਮੋਸ਼ਨ ਦਾ ਨੰਬਰ ਲੁਆ ਦਿਓ..!

ਦੱਸਦੇ ਸੈਣੀ ਦੇ ਸਿਰ ਤੇ ਉਸ ਵੇਲੇ ਖੂਨ ਸਵਾਰ ਸੀ..
ਆਖਣ ਲੱਗਾ ਪ੍ਰੋਮੋਸ਼ਨ ਚਾਹੀਦੀ..ਇੰਝ ਕਰ ਆਹ ਜਿਹੜਾ ਦਵਾਈ ਵਾਲਾ ਅੱਧਾ ਕੈਨ ਬਚਿਆ..ਇਹ ਪੀ ਜਾ..ਹੁਣੇ ਨੰਬਰ ਆਡਰ ਕਰ ਦਿੰਨਾ..
ਸੈਣੀ ਦੇ ਆਖਣ ਦੇ ਲਹਿਜੇ ਤੋਂ ਉਹ ਮਤਾਹਿਤ ਬੇਹੱਦ ਡਰ ਗਿਆ ਕੇ ਕਿਧਰੇ ਸੱਚੀ ਹੀ ਨਾ ਪਿਆ ਦੇਵੇ..
ਮਗਰੋਂ ਉਸ ਨੇ ਛੇਤੀ ਨਾਲ ਓਥੋਂ ਖਿਸਕਣ ਵਿਚ ਹੀ ਭਲਾਈ ਸਮਝੀ!

ਇਹ ਘਟਨਾ ਦਾ ਵੇਰਵਾ ਉਸ ਵੇਲੇ ਦੇ ਕੋਲ ਖਲੋਤੇ ਮੌਕੇ ਦੇ ਚਸ਼ਮਦੀਦ ਗਵਾਹ ਪਿੰਕੀ ਕੈਟ ਨੇ ਖੁਦ ਚੈਨਲ ਤੇ ਆ ਕੇ ਦੱਸੀ..
ਇਹ ਉਸ ਵੇਲੇ ਦੇ ਦੌਰ ਦਾ ਆਮ ਜਿਹਾ ਵਰਤਾਰਾ ਹੋਇਆ ਕਰਦਾ ਸੀ..
ਜੋ ਜਿਆਦਾ ਉੱਚੇ ਢੇਰ ਲਾਇਆ ਕਰਦਾ..ਦਿਨਾਂ ਵਿਚ ਹੀ ਤਰੱਕੀ ਕਰ ਟੀਸੀ ਤੇ ਅੱਪੜ ਜਾਇਆ ਕਰਦਾ..!

ਦੱਸਦੇ ਜਦੋ ਸਤਾਨਵੇਂ ਵਿਚ ਪੰਥਕ ਸਰਕਾਰ ਬਣਨ ਤੇ ਬੀਬੀ ਪਰਮਜੀਤ ਕੌਰ ਖਾਲੜਾ ਪੰਥ ਰਤਨ ਕੋਲ ਪੇਸ਼ ਹੋਈ ਕੇ ਹੁਣ ਜਸਵੰਤ ਸਿੰਘ ਖਾਲੜੇ ਦੇ ਕਾਤਲਾਂ ਨੂੰ ਫਾਹੇ ਟੰਗਿਆ ਜਾਵੇ ਤਾਂ ਅੱਗੋਂ ਹੱਸਦਾ ਹੋਇਆ ਆਖਣ ਲੱਗਾ ਬੀਬੀ ਜੀ ਛੱਡੋ ਪਰਾਂ..ਹੁਣ ਤੇ ਗੱਲ ਪੂਰਾਣੀ ਹੋ ਗਈ..ਜੇ ਕੋਈ ਚੇਅਰਮੈਨੀ ਤੇ ਜਾ ਫੇਰ ਬਲਾਕ ਸੰਮਤੀ ਦੀ ਪ੍ਰਧਾਨਗੀ ਚਾਹੀਦੀ ਤਾਂ ਦੱਸੋ..ਹੁਣੇ ਆਡਰ ਕਰ ਦਿੰਨਾ ਹਾਂ..!

ਬੀਬੀ ਖਾਲੜਾ ਨੂੰ ਤੇ ਜਮੀਨੀ ਹਕੀਕਤ ਓਸੇ ਦਿਨ ਹੀ ਸਮਝ ਆ ਗਈ ਸੀ ਪਰ ਜਿਆਦਤਰ ਬੁਧੀਜੀਵੀ ਵਰਗ ਅਜੇ ਵੀ ਭੁਲੇਖੇ ਵਿਚ ਤੁਰਿਆ ਫਿਰਦਾ ਏ..!

ਦੱਸਦੇ ਇੱਕ ਵਾਰ ਭੇਡਾਂ ਦੇ ਵੱਗ ਨੂੰ ਇੱਕ ਖੁਸ਼ਖਬਰੀ ਸੁਣਾਈ ਗਈ ਕੇ ਤੁਹਾਨੂੰ ਛੇਤੀ ਹੀ ਗਰਮ ਕੰਬਲ ਵੰਡੇ ਜਾਣਗੇ..
ਏਨੀ ਗੱਲ ਸੁਣਦੇ ਸਾਰ ਸਾਰੀਆਂ ਭੇਡਾਂ ਖੁਸ਼ੀ ਵਿਚ ਨੱਚਣ ਲੱਗ ਪਈਆਂ..ਬਗੈਰ ਇਸ ਗੱਲ ਤੇ ਗੌਰ ਕੀਤੇ ਕੇ ਕੰਬਲ ਬਣਾਉਣ ਵੇਲੇ ਜਿਹੜੀ ਉੱਨ ਵਰਤੀ ਜਾਣੀ ਏ..ਉਹ ਖੁਦ ਓਹਨਾ ਦੀ ਹੀ ਚਮੜੀ ਤੋਂ ਮੁੰਨ ਕੇ ਲਾਹੀ ਜਾਣੀ ਏ!

ਹਰਪ੍ਰੀਤ ਸਿੰਘ ਜਵੰਦਾ

...
...

ਫ਼ੈਜ ਭੋਲਾਭਾਲਾ ਲੜਕਾ ਸੀ। ਕਸਮੀਰ ਦੀਆਂ ਪਹਾੜੀਆਂ ਵਿੱਚ ਉਹਨਾਂ ਦਾ ਨਿੱਕਾ ਜਿਹਾ ਝੌਂਪੜੀ ਨੁਮਾ ਘਰ ਸੀ। ਉਸਦੀ ਅੰਮੀ ਜਾਨ ਆਬਿਦਾ ਅੱਲਾ ਨੂੰ ਪਿਆਰ ਕਰਨ ਵਾਲੀ ਸੀ ਤੇ ਉਸਦਾ ਅੱਬੂ ਪਰਵੇਜ ਭੱਟ ਹਮੇਸ਼ਾ ਹੀ ਇੱਕ ਬਾਗੀ ਕਿਸਮ ਦਾ ਇਨਸਾਨ ਸੀ। ਉਹ ਦੇਸ ਵਿਰੋਧੀ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਭਾਗ ਲੈਂਦਾ ਸੀ ਤੇ ਅੱਤਵਾਦੀ ਸੰਗਠਨਾਂ ਨਾਲ ਰਲ ਕੇ ਆਮ ਖ਼ਲਕਤ ਦੀ ਮਾਰਾ-ਮਰਾਈ ਕਰਦਾ ਸੀ। ਪਹਿਲਾਂ ਉਹ ਘਰ ਦਾ ਮਾੜਾ ਮੋਟਾ ਕੰਮ ਕਰਦਾ ਸੀ ਪਰ ਹੁਣ ਉਸਦੇ ਤਾਲੁਕਾਤ ਕੱਟੜਪੰਥੀ ਮਜਬੀ ਤਾਕਤਾਂ ਨਾਲ ਵਧਣ ਕਰਕੇ ਉਹ ਘਰ ਘੱਟ ਹੀ ਆਇਆ ਕਰਦਾ ਸੀ। ਉਸਨੂੰ ਡਰ ਸੀ ਕਿ ਸਰਕਾਰ ਉਸਦੀਆਂ ਗਤੀਵਿਧੀਆਂ ਤੇ ਨਜਰ ਰੱਖ ਰਹੀ ਹੈ ਤੇ ਉਸਨੂੰ ਗ੍ਰਿਫਤਾਰ ਕਰ ਲਵੇਗੀ। ਬਾਕੀ ਉਸਦੇ ਕਤਲੋਗਾਰਤ ਦੇ ਕਈ ਅਹਿਮ ਮਾਮਲੇ ਸਾਹਮਣੇ ਆ ਗਏ ਸਨ। ਪੁਲਿਸ ਵੇਲੇ ਕੁਵੇਲੇ ਉਹਨੇ ਦੇ ਘਰੇ ਆਉਂਦੀ ਰਹਿੰਦੀ ਸੀ ਤਾਂ ਕਿ ਉਸਨੂੰ ਫੜਿਆ ਜਾ ਸਕੇ। ਪਰ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਸੀ ਉਸਨੂੰ ਘਰ ਆਏ ਹੋਏ ਨੂੰ। ਹੁਣ ਆਬਿਦਾ ਤੇ ਫ਼ੈਜ ਨੂੰ ਉਸਦੇ ਜਿਉਂਦੇ ਹੋਣ ਉਮੀਦ ਨਹੀਂ ਸੀ। ਫ਼ੈਜ ਓਦੋਂ ਬਾਰਾਂ ਸਾਲਾਂ ਦਾ ਸੀ ਜਦੋਂ ਉਸਦਾ ਅੱਬੂ ਰਾਤ ਨੂੰ ਚੋਰੀ ਦੋ ਵਜੇ ਘਰ ਆਇਆ ਸੀ ਤੇ ਦੋ ਘੰਟੇ ਬਾਅਦ ਹੀ ਆਪਣੇ ਸਾਥੀ ਨਾਲ ਚਲਾ ਗਿਆ ਸੀ। ਉਸ ਵਕਤ ਉਹਨਾਂ ਕੋਲ ਕਾਫੀ ਹਥਿਆਰ ਸਨ ਜਿਹਨਾਂ ਨੂੰ ਵੇਖ ਕੇ ਫ਼ੈਜ ਡਰ ਗਿਆ ਸੀ। ਆਬਿਦਾ ਦੀ ਆਪਣੇ ਸ਼ੌਹਰ ਨਾਲ ਓਦੋਂ ਬਹੁਤ ਤੂੰ-ਤੂੰ ਮੈਂ-ਮੈਂ ਹੋਈ ਸੀ ਕਿਉਂਕਿ ਉਸਨੂੰ ਇਹ ਮਾਰ-ਮਰਾਈ ਦੀਆਂ ਗੱਲਾਂ ਬਿਲਕੁੱਲ ਪਸੰਦ ਨਹੀਂ ਸਨ ਪਰ ਪਰਵੇਜ ਇਸਨੂੰ ਅੱਲਾ ਦੀ ਇਬਾਦਤ ਸਮਝਦਾ ਸੀ। ਗੈਰ ਮਜਬੀ ਲੋਕਾਂ ਨੂੰ ਮਾਰਨਾ ਉਸਦੀ ਨਜਰ ਵਿੱਚ ਜੰਨਤ ਸੀ। ਆਬਿਦਾ ਉਸਨੂੰ ਸਮਝਾਉਂਦੀ ਸੀ ਕਿ ਤੈਨੂੰ ਗਲਤ ਲੋਕ ਵਰਤ ਰਹੇ ਹਨ ਅਤੇ ਤੇਰੇ ਖਿਆਲਾਂ ਵਿੱਚ ਗਲਤ ਵਿਚਾਰ ਭਰ ਰਹੇ ਜੋ ਸਾਰੇ ਆਵਾਮ ਲਈ ਚੰਗੇ ਨਹੀਂ ਹਨ। ਇਹ ਦੇਸ ਵਿਰੋਧੀ ਗਤੀਵਿਧੀਆਂ ਤੈਨੂੰ ਇੱਕ ਦਿਨ ਮੌਤ ਦੇ ਮੂੰਹ ਵਿੱਚ ਧਕੇਲ ਦੇਣਗੀਆਂ ਪਰ ਪਰਵੇਜ਼ ਕੱਟੜਪੰਥੀ ਤਾਕਤਾਂ ਦੇ ਹੱਥ ਚੜੵ ਗਿਆ ਸੀ ਤੇ ਉਸ ਲਈ ਵਾਪਸ ਪਰਤਣਾ ਮੁਸ਼ਕਲ ਸੀ। ਅੱਜ ਫ਼ੈਜ ਪੰਦਰਾਂ ਸਾਲ ਦਾ ਹੋ ਗਿਆ ਸੀ ਤੇ ਪਹਾੜਾਂ ਵਿੱਚੋਂ ਲੱਕੜੀ ਕੱਟ ਕੇ ਮਾਂ ਨਾਲ ਘਰ ਦਾ ਗੁਜਾਰਾ ਮਸਾਂ ਹੀ ਚਲਾ ਰਿਹਾ ਸੀ। ਉਸਦੀ ਮਾਂ ਨੂੰ ਡਰ ਰਹਿੰਦਾ ਸੀ ਕਿ ਫ਼ੈਜ ਵੀ ਆਪਣੇ ਬਾਪ ਵਾਲੇ ਵਿਚਾਰਾਂ ਦਾ ਧਾਰਨੀ ਨਾ ਬਣ ਜਾਵੇ ਕਿਉਂਕਿ ਉਹ ਵੀ ਬਹੁਤਾ ਪੜਿਆ ਲਿਖਿਆ ਨਹੀਂ ਸੀ। ਹੁਣ ਉਮਰ ਵਧਣ ਕਾਰਨ ਉਸਦਾ ਆਉਣਾ ਜਾਣਾ ਬਾਹਰ ਕਾਫੀ ਵਧ ਗਿਆ ਸੀ। ਉਹ ਕਈ ਵਾਰ ਲੱਕੜਾਂ ਲੈਣ ਗਿਆ ਸ਼ਾਮ ਤੱਕ ਘਰ ਨਹੀਂ ਮੁੜਦਾ ਸੀ। ਘਰ ਆ ਕੇ ਉਹ ਆਪਣੀ ਮਾਂ ਨੂੰ ਕਈ ਤਰ੍ਹਾਂ ਦੇ ਸਵਾਲ ਕਰਦਾ ਸੀ ਜਿਵੇਂ ਕਿ ਮਾਂ ਜੰਨਤ ਕੀ ਹੁੰਦੀ ਹੈ ਤੇ ਕਾਫਰ ਕਿਸਨੂੰ ਕਹਿੰਦੇ ਹਨ ਤੇ ਜਹਾਦ ਤੋਂ ਕੀ ਭਾਵ ਹੈ ਤੇ ਆਪਣੇ ਫਿਰਕੇ ਲਈ ਮਰ ਮਿਟਣਾ ਕੀ ਹੈ? ਉਸਦੀ ਮਾਂ ਗੁੱਸੇ ਹੋ ਕੇ ਪੁੱਛਦੀ ਕਿ ਤੈਨੂੰ ਇਹ ਗੱਲਾਂ ਕੌਣ ਸਿਖਾਉਂਦਾ ਹੈ ਤਾਂ ਉਹ ਜਵਾਬ ਦਿੰਦਾ ਕਿ ਮੇਰੇ ਦੋਸਤ ਇਹ ਗੱਲਾਂ ਅਕਸਰ ਕਰਦੇ ਹਨ। ਉਹ ਕਹਿੰਦੇ ਹਨ ਕਿ ਅਸੀਂ ਪੂਰੀ ਤਰ੍ਹਾਂ ਅਜ਼ਾਦ ਨਹੀਂ ਹਾਂ, ਸਾਨੂੰ ਆਪਣੇ ਹਕੂਕ ਲੜੵ ਕੇ ਲੈਣੇ ਪੈਣਗੇ। ਫ਼ੈਜ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਆਬਿਦਾ ਦੇ ਪੈਰਾਂ ਹੇਠੋਂ ਜਮੀਨ ਨਿਕਲਦੀ ਜਾਪੀ। ਉਸਨੇ ਫ਼ੈਜ ਨੂੰ ਬਾਹਰ ਜਾਣ ਤੋਂ ਰੋਕਣ ਲਈ ਉਸਦੇ ਲੱਕੜੀਆਂ ਲਿਆਉਣ ਦੇ ਕੰਮ ਤੇ ਵੀ ਰੋਕ ਲਗਾ ਦਿੱਤੀ ਸੀ ਪਰ ਫ਼ੈਜ ਜਵਾਨੀ ਦੀ ਦਹਿਲੀਜ਼ ਤੇ ਹੋਣ ਕਰਕੇ ਆਪਣੀ ਮਾਂ ਦੀਆਂ ਗੱਲਾਂ ਨਹੀਂ ਸਮਝਦਾ ਸੀ। ਉਸ ਅੰਦਰ ਵੀ ਬਾਪ ਵਾਂਗ ਖੂਨ ਉਬਾਲੇ ਖਾਣ ਲੱਗ ਪਿਆ ਸੀ। ਉਸਨੂੰ ਦੂਜੇ ਲੋਕਾਂ ਦੇ ਆਲੀਸ਼ਾਨ ਮਕਾਨ ਤੇ ਗੱਡੀਆਂ ਵੇਖ ਕੇ ਨਫਰਤ ਹੋਣ ਲੱਗ ਪਈ ਸੀ। ਉਹ ਮਾਂ ਨਾਲ ਇਸ ਗੱਲ ਤੇ ਅਕਸਰ ਬਹਿਸ ਪੈਂਦਾ ਕਿ ਲੋਕਾਈ ਦੇ ਦੁੱਖਾਂ ਦਰਦਾਂ ਨੂੰ ਸਮਝਣਾ ਤੇ ਉਹਨੂੰ ਦਾ ਭਲਾ ਕਰਨਾ ਜੰਨਤ ਨਹੀਂ ਸਗੋਂ ਆਪਣੇ ਮਜ਼ਹਬ ਲਈ ਅਖੀਰ ਤੱਕ ਲੜਨਾ ਮਰਨਾ ਹੀ ਜੰਨਤ ਹੈ। ਉਸਦੀ ਮਾਂ ਉਸਨੂੰ ਸਮਝਾਉਂਦੀ ਕਿ ਕੋਈ ਵੀ ਮਜ਼ਬ ਸਾਨੂੰ ਕਿਸੇ ਨਾਲ ਲੜਨਾ ਨਹੀਂ ਸਿਖਾਉਂਦਾ ਸਗੋਂ ਸਾਰੀ ਖ਼ਲਕਤ ਨਾਲ ਪਿਆਰ ਕਰਨਾ ਸਿਖਾਉਂਦਾ ਹੈ। ਮਜਬੀ ਕੱਟੜਤਾ ਹਰ ਕਿਸੇ ਧਰਮ ਲਈ ਮਾੜੀ ਹੈ ਭਾਂਵੇਂ ਉਹ ਕੋਈ ਵੀ ਧਰਮ ਹੋਵੇ। ਇਹ ਸਾਡੀ ਆਪਣੀ ਸੰਕੀਰਨਤਾ ਹੈ ਜੋ ਅਸੀਂ ਮਜਬਾਂ ਦੇ ਅਧਾਰ ਤੇ ਆਪਣੇ ਦਿਲਾਂ ਵਿੱਚ ਵੰਡੀਆਂ ਪਾਈ ਫਿਰਦੇ ਹਾਂ ਤੇ ਇੱਕ-ਦੂਜੇ ਨੂੰ ਮਾਰਨ ਤੇ ਤੁਲੇ ਹੋਏ ਹਾਂ। ਆਹ ਜਿਹੜੀ ਜੰਨਤ ਦੀ ਪ੍ਰੇਰਨਾ ਦੇ ਕੇ ਲੱਖਾਂ ਮਜ਼ਲੂਮਾਂ ਦਾ ਖੂਨ ਵਹਾਇਆ ਜਾ ਰਿਹਾ ਹੈ, ਇਹ ਕੋਈ ਅੱਲਾ ਦੀ ਵਿਸ਼ੇਸ਼ ਜਗਾ ਨਹੀਂ ਹੈ ਜਿੱਥੇ ਮਨੁੱਖ ਨੂੰ ਅਨੇਕਾਂ ਸੁੱਖ ਮਿਲਦੇ ਹਨ ਸਗੋਂ ਇਹ ਤਾਂ ਮਨੁੱਖ ਨੂੰ ਸ਼ੁੱਭ ਕੰਮਾਂ ਦੀ ਪ੍ਰੇਰਨਾ ਦੇਣ ਦਾ ਇੱਕ ਜਰੀਆ ਹੈ ਜਿਵੇਂ ਮਾਂ ਆਪਣੇ ਨਿੱਕੇ ਬੱਚੇ ਨੂੰ ਵਰਾਉਣ ਲਈ ਚੀਜ਼ੀਆਂ ਦੇਣ ਦਾ ਲਾਰਾ ਲਾਉਂਦੀ ਹੈ। ਇਹ ਸੁਣ ਕੇ ਬੱਚਾ ਤਾਂ ਚੁੱਪ ਕਰ ਜਾਂਦਾ ਹੈ ਪਰ ਕੱਟੜਪੰਥੀ ਆਮ ਭੋਲੇਭਾਲੇ ਲੋਕਾਂ ਨੂੰ ਉਕਸਾ ਕੇ ਜੰਨਤ ਦਾ ਅਜਿਹਾ ਲਾਰਾ ਲਾਉਂਦੇ ਹਨ ਕਿ ਉਹ ਅਨੇਕਾਂ ਮਾਸੂਮ ਲੋਕਾਂ ਤੋਂ ਉਹਨਾਂ ਦੀ ਮਾਂ-ਪਿਓ,ਭੈਣ-ਭਰਾ, ਪਤੀ-ਪਤਨੀ ਤੇ ਹੋਰ ਬਹੁਤ ਸਾਰੀਆਂ ਸੁੰਦਰ ਨਿਆਮਤਾਂ ਰੂਪੀ ਜੰਨਤ ਨੂੰ ਖੋਹ ਲੈਂਦੇ ਹਨ ਤੇ ਆਪ ਸਦਾ ਲਈ ਦੋਜ਼ਖ਼ ਦੀ ਘੁੰਮਣਘੇਰੀ ਵਿੱਚ ਜਾ ਪੈਂਦੇ ਹਨ। ਹੁਣ ਫ਼ੈਜ ਪੁੱਤ ਤੇਰੇ ਲਈ ਦੋ ਰਾਹ ਹਨ ਕਿ ਤੂੰ ਖੁਦਾ ਵਾਲੀ ਜੰਨਤ ਦੇ ਰਸਤੇ ਪੈਣਾ ਹੈ ਜਾਂ ਮਜਬੀ ਕੱਟੜਪੰਥੀਆਂ ਦੁਆਰਾ ਲੋਕਾਂ ਦਾ ਖੂਨ ਵਹਾ ਕੇ ਉਸਾਰੀ ਦਿਖਾਵੇ ਦੀ ਫੋਕੀ ਜੰਨਤ ਦੇ ਰਾਹੇ, ਇਹ ਫੈਸਲਾ ਹੁਣ ਤੇਰੇ ਹੱਥ ਹੈ ਤੇ ਨਤੀਜਾ ਆਪਣੇ ਅੱਬਾ ਨਾਲ ਹੋਏ ਅੰਜਾਮ ਬਾਰੇ ਤੂੰ ਆਪ ਭਲੀ ਭਾਂਤ ਜਾਣਦਾ ਹੈ।
ਸਰਬਜੀਤ ਸਿੰਘ ਜਿਉਣ ਵਾਲਾ , ਫਰੀਦਕੋਟ

...
...

ਸਾਡੀ ਮਾਨਸਿਕਤਾ ਐਨੀ ਗਿਰ ਚੁੱਕੀ ਏ ਕਿ ਅਸੀਂ ਜਾਨਵਰਾਂ ਨੂੰ ਵੀ ਧਰਮਾਂ ਅਨੁਸਾਰ ਵੰਡ ਲਿਆ। ਘੱਟੋ ਘੱਟ ਉਹਨਾਂ ਨੂੰ ਤਾਂ ਛੱਡਦੋ। ਲਾਹਣਤ ਏ ਇਹੋ ਜਿਹੇ ਸਮਾਜ ‘ਤੇ ਜਿੱਥੇ ਪੜ੍ਹੇ ਲਿਖੇ ਵੀ ਅਨਪੜ੍ਹ ਬਣ‌ ਚੁੱਕੇ ਨੇ।

ਅਸਲ ‘ਚ ਜਿਹੜੇ ਪਾਖੰਡਾਂ ਚ ਲੋਕ ਪਏ ਨੇ, ਉਸ ਪਾਖੰਡ ‘ਚ ਧਰਮ ਦਾ ਠੇਕੇਦਾਰ ਨਹੀਂ ਪਵੇਗਾ ਕਿਉੰਕਿ ਉਹਨੂੰ ਸੱਚਾਈ ਦਾ ਪਤਾ। ਪਰ ਸਾਡੇ ਲੋਕਾਂ ਨੂੰ ਉਸ ਦੁਆਰਾ ਮੂਰਖ ਬਣਾਇਆ ਜਾ ਰਿਹਾਂ ਤਾਂ ਜੋ ਧਰਮ ਦੀ ਆੜ ‘ਚ ਕਮਾਈ ਕੀਤੀ ਜਾ ਸਕੇ ਤੇ ਸਾਡੇ ਲੋਕ ਸ਼ਰਧਾ ‘ਚ ਅੰਨ੍ਹੇ ਨੇ, ਉਹ ਸਮਝਣਾ ਨਹੀਂ‌ ਚਾਹੁੰਦੇ।

ਦੂਰ ਕੀ ਜਾਣਾ ਨਿੱਕੀ ਜਿਹੀ ਉਦਾਹਰਣ ਦੇਂਦਾ। ਸਾਡੇ ਪਿੰਡਾਂ-ਸ਼ਹਿਰਾਂ ਵੱਲ ਸਹੀ ਸਲਾਮਤ ਹੋਣ ਦੇ ਬਾਵਜੂਦ ਵੀ ਕੁਝ ਦਿਮਾਗੀ ਲੋਕ ਗਾਂ ਤੇ ਹਾਥੀਆਂ ਦੇ ਗਲ਼ ਟੱਲੀ ਬੰਨ੍ਹ ਕੇ ਤੁਰ ਪੈਂਦੇ। ਘਰ ਘਰ ਮੰਗਦੇ ਫਿਰਦੇ। ਨਾਲੇ ਰਾਸ਼ਣ ਨਾਲੇ ਕਮਾਈ। ਇਹ ਗੱਲ ਸਿਰਫ ਉਹ ਮੰਗਤੇ ਹੀ ਜਾਣਦੇ ਨੇ। ਪਰ ਅਸੀਂ ਸ਼ਰਧਾ ਚ ਅੰਨ੍ਹੇ ਹੋ ਜਾਂਦੇ ਸੁ਼ਰੂ। ਉਹਨਾਂ ਨੂੰ ਪਤਾ ਕਿ ਸਾਡੇ ਲੋਕਾਂ ਚ ਮੂਰਖਾਂ ਦੀ ਕਮੀ ਥੋੜੀ ਆ। ਜੇ ਇਹਨਾਂ ਬੇਜੁਬਾਨਾਂ ਦਾ ਸਹਾਰਾ ਲੈਕੇ ਜੇਬ ਗਰਮ ਹੁੰਦੀ ਕੰਮ ਜਰੂਰੀ ਕਰਨਾ ਫੇਰ। ਕੁਝ ਲੋਕ ਅੰਗਹੀਣ ਹੋਣ ਦੇ ਬਾਵਜੂਦ ਵੀ ਹੱਥੀਂ ਕੰਮ ਕਰਕੇ ਮਿਹਨਤ ਦੀ ਕਮਾਈ ਖਾਣ ਨੂੰ ਤਵੱਜੋਂ‌ ਦਿੰਦੇ ਨੇ ਤੇ ਕੁਝ ਫੋਟੋਆਂ ਦਿਖਾ ਕੇ ਈ ਲੁੱਟੀ ਜਾਂਦੇ ਨੇ।

ਗਊਸਾ਼ਲਾ ਵਾਲੇ, ਜਿਹੜੀ ਕੰਮ ਦੀ ਗਊ ਨਹੀਂ ਰਹਿੰਦੀ ਉਹਨੂੰ ਸੜਕਾਂ ਤੇ ਛੱਡ ਦਿੰਦੇ, ਹੋਰ ਕੀ ਬਾਕੀ ਰਹਿ ਗਿਆ ਫੇਰ ਪਿੱਛੇ ਦੱਸਣ‌ ਨੂੰ। ਤੇ ਐਕਸੀਡੈਂਟ ਕਿੰਨੇ ਹੁੰਦੇ ਸੜਕਾਂ ਤੇ ਘੁੰਮ ਰਹੀਂਆਂ ਗਾਂਵਾਂ ਕਰਕੇ ਅਸੀਂ ਸਭ ਜਾਣੂ ਹਾਂ, ਉਹਨਾਂ‌ ਨੂੰ ਕਿਉਂ ਨਹੀਂ ਸਾਂਭਦੇ। ਕਿਉਂ ਗਾਂਵਾਂ ਦੇ ਟਰੱਕ ਭਰਕੇ ਰਾਤਾਂ ਨੂੰ ਸੜਕਾਂ ਤੇ ਛੱਡ ਦਿੱਤਾ ਜਾਂਦਾ। ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ਼ ਫਸਲ ਨੂੰ ਬਰਬਾਦ ਹੁੰਦਿਆਂ ਮਿੰਟ ਨੀ ਲਗਦਾ ਤੇ ਉਹ ਮਿਹਨਤ ਕਰਦੇ ਮਰ ਜਾਂਦੇ। ਕਿਸੇ ਜਾਨਵਰ ਨਾਲ ਮੇਰਾ ਕੋਈ ਵੈਰ ਨਹੀਂ। ਜਿਵੇਂ‌ ਮੱਝ ਏ ਉਵੇਂ ਗਾਂ। ਪਰ ਧਰਮ ਦੇ ਠੇਕੇਦਾਰੋ ਜੇ ਤੁਸੀਂ ਆਪਣੇ ਫਾਇਦੇ ਲਈ ਗਾਂ ਦੀ ਵਰਤੋਂ ਕਰ ਰਹੇ ਓ ਤਾਂ ਉਸਦੀ ਸੰਭਾਲ ਵੀ ਕਰੋ ਨਾ ਕਿ ਧਰਮ ਦਾ ਸਹਾਰਾ ਲੈ ਕੇ ਠੱਗੀਆਂ ਕਰੋ।

ਪਰ ਸਾਡੇ ਲੋਕ ਸਮਝਣਾ ਹੀ ਨਹੀਂ ਚਾਹੁੰਦੇ। ਸੱਚ ਕੌੜਾ ਏ ਇਸ ਲਈ ਹਜ਼ਮ ਕਰਨਾ ਮੁਸ਼ਕਿਲ ਏ।

ਜਿਹੜੇ ਲੋਕ ਸੱਚ‌ ਤੋਂ ਭੜਕਦੇ ਨੇ ਉਹਨਾਂ ਨੂੰ ਬੇਨਤੀ ਏ ਕਿ ਜੇ ਗਾਂ ਨੂੰ ਮਾਂ ਮੰਨਦੇ ਓ, ਤਾਂ ਲਾਹਣਤ ਏ ਤੁਹਾਡੇ ਤੇ ਤੁਸੀਂ ਉਸਨੂੰ ਅਵਾਰਾ ਘੁੰਮਣ ਤੇ ਮਰਨ ਲਈ ਸੜਕ ਤੇ ਛੱਡ ਦਿੱਤਾ ਏ।
ਚੂਹਿਆਂ ਨੂੰ ਨਾ ਮਾਰੋ, ਉਹਨਾਂ ਨੂੰ ਘਰਾਂ ‘ਚ ਜੋ ਕਰਦੇ ਏ ਕਰਨ ਦੋ। ਸੱਪ ਘਰ ਚ ਆਉਂਦਾ ਭਜਾਉਂਦੇ ਕਿਉਂ ਹੋ। ਪੂਜਾ ਕਰੋ ਉਸਦੀ‌। ਪਰ ਨਹੀਂ ਤੁਸੀਂ ਇਹ ਨਹੀਂ ਕਰ ਸਕਦੇ ਕਿਉਂਕਿ ਉਸ ਵਕਤ ਜਾਨ ਪਿਆਰੀ ਹੋ ਜਾਂਦੀ। ਦੋਗਲੇ ਲੋਕ।

ਜੇ ਤੁਸੀਂ ਕਿਸੇ ਧਰਮ ਨੂੰ ਮੰਨਦੇ ਓ ਤਾਂ ਜਰੂਰ ਮੰਨੋ, ਪਰ ਜਾਨਵਰਾਂ ਨੂੰ ਉਹਨਾਂ ਦੀ ਜਿੰਦਗੀ ਜੀਣ ਦੋ। ਐਵੇਂ ਨਾ ਵਿਵਾਦ ਖੜੇ ਕਰ ਲਿਆ ਕਰੋ। ਸੱਚਾਈ ਤੋਂ ਮੂੰਹ ਨਾ ਫੇਰੋ। ਅਸਲ ‘ਚ ਜਿਹੜੇ ਲੋਕ ਭੜਕਦੇ ਨੇ ਇਹ ਉਹੀ ਲੋਕ ਨੇ ਜਿਹਨਾਂ ਨੂੰ ਪਤਾ ਕਿ ਜਾਨਵਰਾਂ ਦੇ ਨਾਂ ਤੇ ਅਤੇ ਪਾਖੰਡਵਾਦ ਕਰਕੇ ਕੀਤੀ ਜਾ ਰਹੀ ਕਮਾਈ ਦੇ ਕਾਰੋਬਾਰ ‘ਚ ਰੁਕਾਵਟ ਆ ਸਕਦੀ ਤੇ ਜਾਣਦੇ ਨੇ ਲੋਕ ਸੂਝਵਾਨ ਹੋ ਜਾਣਗੇ।

ਇੱਥੇ ਮਕਸਦ ਕਿਸੇ ਖਾਸ ਧਰਮ ਨੂੰ ਟਾਰਗੇਟ ਕਰਨਾ ਨਹੀਂ ਸਗੋਂ ਹਰ ਉਸ ਧਰਮ ਲਈ ਏ ਜਿਸ ਵਿੱਚ ਪਾਖੰਡਵਾਦ ਜੋੜਿਆ ਗਿਆ ਹੈ। ਫਿਲਹਾਲ ਜੋ ਮੁੱਦਾ ਭਖਿਆ ਤੇ ਲੋਕਾਂ ਨੇ ਵਿਰੋਧ ਕਰਕੇ ਸੱਚ ਨੂੰ ਦਬਾਉਣ ਦੀ ਕੋਸਿ਼ਸ਼ ਕੀਤੀ ਉਹਨਾਂ ਲਈ ਇਹ ਇੱਕ ਸੰਦੇਸ਼ ਹੈ।
ਪਾਖੰਡ ਤਾਂ ਹੋਰ ਵੀ ਬਹੁਤ ਨੇ ਜਿਵੇਂ ਦਿਨਾਂ‌ ਬਾਰੇ, ਖਾਣ-ਪੀਣ ਦੇ ਪਰ ਫਿਰ ਸਹੀ।

ਸੋ ਆਖਰ ‘ਚ ਇਹੀ ਕਹਾਂਗਾ ਕਿ ਪਾਖੰਡਵਾਦ ਤੇ ਧਰਮ ਨੂੰ ਇਕੱਠਾ ਕਰਕੇ ਜੇਬ ਕਿਵੇਂ ਗਰਮ ਕਰਨੀ ਇਹ ਧਰਮ ਦੇ ਠੇਕੇਦਾਰ ਬਾਖੂਬੀ ਜਾਣਦੇ ਨੇ। ਸੋ ਬਚੋ ਇਹੋ ਜਿਹੇ ਠੱਗਾਂ ਤੋਂ ਜੋ ਤੁਹਾਨੂੰ ਮੂਰਖ ਬਣਾ ਕੇ ਲੜਵਾਉਂਦੇ ਨੇ ਤੇ ਜੇਬਾਂ ਗਰਮ ਕਰਦੇ ਨੇ।

...
...

ਇੱਕ ਪਿੰਡ ਵਿੱਚ ਇੱਕ ‘ਰਾਣੋ ‘ ਨਾਂ ਦੀ ਕੁੜੀ ਰਹਿੰਦੀ ਸੀ। ਉਹ ਨਾਲ਼ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਪੜ੍ਹਨ ਲਈ ਜਾਂਦੀ ਸੀ। ਉਸ ਦੇ ਪਿਤਾ ਜੀ ਕਿਸਾਨ ਸਨ ਅਤੇ ਮਾਤਾ ਜੀ ਸਿਲਾਈ ਕਢਾਈ ਦਾ ਕੰਮ ਕਰਦੇ ਸਨ। ਰਾਣੋ ਬਹੁਤ ਭੋਲੀ ਸੀ ਪਰ ਪੜ੍ਹਾਈ ਵਿੱਚ ਹੁਸ਼ਿਆਰ ਸੀ। ਉਸ ਦਾ ਹਰ ਵਾਰ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨਾ ਉਸ ਦੀਆਂ ਸਹੇਲੀਆਂ ਨੂੰ ਪਸੰਦ ਨਹੀਂ ਸੀ। ਇਸ ਕਰਕੇ ਉਸ ਦੀਆ ਸਹੇਲੀਆਂ ਨੇ ਉਸ ਨੂੰ ਗ਼ਲਤ ਰਾਹ ਤੇ ਪਾਉਣਾ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਉਸ ਦਾ ਧਿਆਨ ਪੜ੍ਹਾਈ ਤੋਂ ਹਟ ਜਾਵੇ।
ਸਹੇਲੀਆਂ ਦੇ ਕਹੇ ਅਨੁਸਾਰ ਰਾਣੋ ਕਾਲਜ ਦੀ ਥਾਂ ਸਿਨਮੇ ਜਾਣ ਲੱਗ ਪਈ ਸੀ ਅਤੇ ਪੜ੍ਹਾਈ ਵਿਚ ਉਸਦੀ ਕੋਈ ਦਿਲਚਸਪੀ ਨਹੀਂ ਸੀ ਰਹੀ।ਰਾਣੋ ਦੇ ਮਾਤਾ ਪਿਤਾ ਨੂੰ ਇਸ ਗੱਲ ਦੀ ਰਤਾ ਖ਼ਬਰ ਨਹੀਂ ਸੀ।ਪਰ ਉਸ ਦੀਆਂ ਸਹੇਲੀਆਂ ਉਸ ਨੂੰ ਪੜ੍ਹਾਈ ਵਿੱਚ ਕਮਜ਼ੋਰ ਹੁੰਦਿਆਂ ਦੇਖ ਕੇ ਖੁਸ਼ ਸਨ।ਪਰ ਰਾਣੋ ਨੂੰ ਹੌਲੀ ਹੌਲੀ ਆਪਣੀਆਂ ਹਰਕਤਾਂ ਉੱਤੇ ਗੁੱਸਾ ਆਉਣ ਲੱਗ ਪਿਆ।ਰਾਣੋ ਦੀ ਇੱਕ ਸਹੇਲੀ ‘ਪੂਜਾ ‘ ,ਆਕੇ ਰਾਣੋ ਨੂੰ ਕਹਿਣ ਲੱਗੀ “ਰਾਣੋ ਸਾਡੇ ਬਾਪੂ ਕੋਲ ਪਿਸਤੌਲ ਹੈ,ਜਿਸ ਦੇ ਡਰ ਕਰਕੇ ਅਸੀਂ ਬਾਹਰ ਨਹੀਂ ਜਾ ਸਕਦੀਆਂ,ਪਰ ਤੇਰੇ ਬਾਪੂ ਕੋਲ ਕੋਈ ਹਥਿਆਰ ਨਹੀਂ ਹੈ ਤੇ ਤੂੰ ਬਿਨਾ ਕਿਸੇ ਡਰ ਕਾਲਜ ਤੋਂ ਬਾਹਰ ਘੁੰਮ ਸਕਦੀ ਹੈਂ।” ਸੁਣ ਕੇ ਰਾਣੋ ਨੂੰ ਬਹੁਤ ਹੀ ਗੁੱਸਾ ਆਇਆ ਤੇ ਉਸ ਦਾ ਜਵਾਬ ਸੀ -“ਚਾਹੇ ਮੇਰੇ ਗਰੀਬ ਬਾਪੂ ਕੋਲ ਕੋਈ ਹਥਿਆਰ ਨਹੀਂ ਹੈ, ਪਰ ਮੈਨੂੰ ਮੇਰੇ ਬਾਪੂ ਦੇ ਉਸ ‘ਇੱਜ਼ਤ’ ਦੇ ਹਥਿਆਰ’ ਤੋਂ ਬਹੁਤ ਡਰ ਲਗਦਾ ਹੈ,ਜਿਸ ਦਾ ਕੋਈ ਲਾਇਸੈਂਸ ਵੀ ਨਹੀਂ।
ਅਮਨ ਸ਼ਰਮਾ

...
...

ਹੰਢੇ ਵਰਤੇ ਸੂਟਾਂ ਬਦਲੇ ਨਵੇਂ ਭਾਂਡੇ ਵਟਾਉਣ ਦਾ ਹੋਕਾ ਦਿੰਦਾ ਹੋਇਆ ਉਹ ਜਦੋਂ ਕਸ਼ਮੀਰ ਕੌਰ ਦੀ ਕੋਠੀ ਮੂਹਰੇ ਅੱਪੜਿਆਂ ਤਾਂ ਅੱਗੋਂ ਕਸ਼ਮੀਰ ਕੌਰ ਨੇ ਦੋ ਸੂਟਾਂ ਬਦਲੇ ਇੱਕ ਲੋਹੇ ਦੀ ਛਾਨਣੀ ਪਸੰਦ ਕਰ ਲਈ..!

ਉਸਨੇ ਅੱਗੋਂ ਏਨੀ ਗੱਲ ਆਖ ਤਿੰਨ ਸੂਟ ਮੰਗ ਲਏ ਕੇ “ਬੀਬੀ ਜੀ ਲੋਹਾ ਮਹਿੰਗਾ ਹੋ ਗਿਆ ਏ ਤੇ ਦੋ ਸੂਟਾਂ ਬਦਲੇ ਇੱਕ ਛਾਨਣੀ ਬਿਲਕੁਲ ਵੀ ਵਾਰਾ ਨੀ ਖਾਂਦੀ..”

ਕਸ਼ਮੀਰ ਕੌਰ ਅੱਗੋਂ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦੇ ਰਹੀ ਸੀ..
ਲਗਾਤਾਰ ਏਹੀ ਗੱਲ ਆਖੀ ਜਾ ਰਹੀ ਸੀ ਕੇ “ਵੇ ਭਾਈ ਜਦੋਂ ਦੇ ਸੰਵਾਏ ਨੇ ਉਂਝ ਦੇ ਉਂਝ ਹੀ ਤਾਂ ਪਏ ਨੇ ਨਵੇਂ ਨਕੋਰ..ਇੱਕ ਵਾਰ ਵੀ ਗਲ਼ ਪਾ ਕੇ ਨਹੀਂ ਵੇਖੇ..ਵੇਖੀਂ ਨਵਿਆਂ ਦੇ ਭਾਅ ਹੀ ਵਿਕਣਗੇ”

ਅਜੇ ਬਹਿਸ ਹੋ ਹੀ ਰਹੀ ਸੀ ਕੇ ਨੰਗ-ਧੜੰਗਾ ਨਿਆਣਾ ਚੁੱਕੀ ਅਤੇ ਪਾਟਾ ਪੂਰਾਣਾ ਜਿਹਾ ਸੂਟ ਪਾਈ ਇੱਕ ਜੁਆਨ ਜਿਹੀ ਔਰਤ ਨੇ ਆਣ ਕਸ਼ਮੀਰ ਕੌਰ ਅੱਗੇ ਹੱਥ ਅੱਡ ਦਿੱਤੇ..ਆਖਣ ਲੱਗੀ “ਬੀਬੀ ਜੀ ਜੇ ਕੋਈ ਬਚੀ ਖੁਚੀ ਰੋਟੀ ਹੈ ਤਾਂ ਦੇ ਦੇਵੋ..ਨਿਆਣਾ ਕੱਲ ਦਾ ਭੁੱਖਾ ਏ..”

ਕਸ਼ਮੀਰ ਕੌਰ ਨੇ ਉਸਦੇ ਸੂਟ ਅੰਦਰੋਂ ਦਿਸਦੇ ਅੱਧਨੰਗੇ ਸਰੀਰ ਵੱਲ ਘਿਰਣਾ ਜਿਹੀ ਨਾਲ ਵੇਖਿਆ ਤੇ ਫੇਰ ਛੇਤੀ ਨਾਲ ਅੰਦਰ ਜਾ ਡਸਟਬਿਨ ਕੋਲ ਕੁੱਤਿਆਂ ਬਿੱਲੀਆਂ ਜੋਗੀਆਂ ਰੱਖੀਆਂ ਕਿੰਨੇ ਦਿਨ ਪੂਰਾਣੀਆਂ ਦੋ ਬੇਹੀਆਂ ਰੋਟੀਆਂ ਲਿਆ ਉਸ ਵੱਲ ਇੰਝ ਵਧਾ ਦਿੱਤੀਆਂ ਜਿੱਦਾਂ ਕੋਈ ਬਹੁਤ ਵੱਡਾ ਇਹਸਾਨ ਕਰ ਦਿੱਤਾ ਹੋਵੇ..!

ਤੇ ਮੁੜ ਛੇਤੀ ਨਾਲ ਉਸ ਭਾਂਡਿਆਂ ਵਾਲੇ ਨੂੰ ਸੰਬੋਧਨ ਹੁੰਦੀ ਆਖਣ ਲੱਗੀ ਕੇ “ਵੇ ਭਾਈ ਫੇਰ ਕੀ ਸੋਚਿਆ ਈ ਤੂੰ..ਦੋ ਸੂਟ ਲੈਣੇ ਨੇ ਕੇ ਲੈ ਜਾਵਾਂ ਅੰਦਰ ਫੇਰ?

ਉਸਨੇ ਅੱਗੋਂ ਰੋਟੀਆਂ ਲੈ ਕੇ ਤੁਰੀ ਜਾ ਰਹੀ ਦੇ ਥਾਂ-ਥਾਂ ਟਾਕੀਆਂ ਲੱਗੇ ਸੂਟ ਅੰਦਰੋਂ ਝਾਤੀ ਮਾਰਦੇ ਅੱਧਨੰਗੇ ਸਰੀਰ ਵੱਲ ਪਿੱਛਿਓਂ ਸਰਸਰੀ ਜਿਹੀ ਨਜਰ ਮਾਰੀ ਤੇ ਕਾਹਲੀ ਜਿਹੀ ਨਾਲ ਆਖਣ ਲੱਗਾ “ਲਿਆਓ ਬੀਬੀ ਜੀ ਦੇ ਦੇਵੋ ਦੋ ਸੂਟ..ਤੇ ਆਹ ਲਵੋ ਆਪਣੀ ਛਾਨਣੀ..”

ਏਨੀ ਗੱਲ ਆਖ਼ ਉਹ ਛੇਤੀ ਨਾਲ ਨਿਆਣਾ ਚੁੱਕ ਤੁਰੀ ਜਾਂਦੀ ਵੱਲ ਨੂੰ ਹੋ ਤੁਰਿਆ..
ਬਿਲਕੁਲ ਕੋਲ ਜਾ ਹੇਠਾਂ ਉੱਤਰ ਸਾਈਕਲ ਸਟੈਂਡ ਤੇ ਲਾ ਦਿੱਤਾ ਤੇ ਕਸ਼ਮੀਰ ਕੌਰ ਵਾਲੇ ਦੋਵੇਂ ਸੂਟ ਉਸ ਨੂੰ ਫੜਾ ਦਿੱਤੇ..
ਮੁੜ ਲੰਮਾ ਸਾਰਾ ਸਾਹ ਲਿਆ ਤੇ ਪਿਛਲੀ ਗਲੀ ਨੂੰ ਹੋ ਅੱਖੋਂ ਓਹਲੇ ਹੋ ਗਿਆ..!

ਇਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖਦੀ ਹੋਈ ਕਸ਼ਮੀਰ ਕੌਰ ਨੂੰ ਪਤਾ ਨਹੀਂ ਕਿਓਂ ਅੱਜ ਹਥੀਂ ਫੜੀ ਛਾਨਣੀ ਦੀਆਂ ਲੋਹੇ ਦੀਆਂ ਤਾਰਾਂ ਹੱਥਾਂ ਦੇ ਪੋਟਿਆਂ ਵਿਚ ਖੁੱਬਦੀਆਂ ਹੋਈਆਂ ਮਹਿਸੂਸ ਹੋ ਰਹੀਆਂ ਸਨ..!
ਤੇ ਦੂਜੇ ਪਾਸੇ ਭਾਂਡੇ ਵੇਚਣ ਵਾਲਾ ਸਾਈਕਲ ਤੇ ਚੜਿਆ ਇੱਕ ਰੱਬ ਦੁਨੀਆਦਾਰੀ ਦੇ ਵਾਹੋਦਾਹੀ ਵਾਲੇ ਜੰਗਲ ਵਿਚ ਇੱਕ ਵੱਡਾ ਸੌਦਾ ਸਿਰੇ ਚਾੜ ਖੁਦ ਨੂੰ ਹਵਾ ਵਿਚ ਉੱਡਦਾ ਹੋਇਆ ਮਹਿਸੂਸ ਕਰ ਰਿਹਾ ਸੀ..!

ਦੋਸਤੋ ਕਿਸੇ ਨੇ ਬਿਲਕੁਲ ਸਹੀ ਆਖਿਆ ਏ ਕੇ “ਘਰ ਸੇ ਮਸਜਿਦ ਹੈ ਬਹੁਤ ਦੂਰ ਚਲੋ ਯੂੰ ਕਰਲੇਂ..ਕਿਸੀ ਰੋਤੇ ਹੂਏ ਬੱਚੇ ਕੋ ਹੰਸਾਇਆ ਜਾਏ”

ਹਰਪ੍ਰੀਤ ਸਿੰਘ ਜਵੰਦਾ

...
...

ਅੱਜ ਵੀ ਜਦੋ ਫੁਰਸਤ ਮਿਲਦੀ ਹੈ ਤਾ ਪੁਰਾਣੀ ਜਿੰਦਗੀ ਯਾਦ ਆ ਜਾਦੀ ਹੈ ਬਾਪੂ ਜੀ ਆਪਣੀ ਹੱਡਬੀਤੀ ਸੁਣਾਉਂਦੇ ਸੀ ਦਿਲ ਸੋਚਣ ਤੇ ਮਜ਼ਬੂਰ ਹੋ ਜਾਦਾ ਸੀ। ਗੁਨਾਗਾਰ ਕੌਣ ਸੀ ਵਕਤ, ਕਿਸਮਤ ,ਜਮਾਨਾ ਜਾ ਫੇਰ ਸਿਆਣਿਆ ਦੀ ਆਖੀ ਹੋਈ ਗੱਲ ਕੀ ਆਪਣੀ ਗਲਤੀ ਆਪਣੀ ਕਮੀ ਸ਼ਾਇਦ ਇਨਸਾਨ ਨੂੰ ਨਹੀ ਦਿਸਦੀ ਕਦੇ। ਪਰ ਜੋ ਵੀ ਹੈ ਜਿੰਦਗੀ ਨੂੰ ਸਕੂਨ ਮਿਲ ਜਾਦਾ ਦਿਲ ਖੁਸ਼ ਹੋ ਜਾਦਾ ਸੋਚ ਕੇ ਉਸ ਟਾਇਮ ਕਝ ਨਹੀ ਸੀ ਪੱਲੇ ਤਾ ਕਿਸੇ ਦਾ ਅਹਿਸਾਨ ਵੀ ਨਾ ਮਿੱਲ ਸਕਿਆ। ਚੰਗਾ ਹੀ ਸੀ ਨਹੀ ਤਾ ਅੱਜ ਕਿਸੇ ਨਾ ਕਿਸੇ ਦੇੇ ਕਰਜ਼ ਥੱਲੇ ਦੱਬੇਆ ਹੋਣਾ ਸੀ।ਕੋਈ ਤਾ ਕਿਸੇ ਦਾ ਅਹਿਸਾਨ ਅੱਜ ਹਾਲਾਤਾਂ ਨਾਲ ਸਮਝੋਤਾ ਕਰਵਾ ਦਿੰਦਾ।ਉਹ ਸਮਾ ਐਸਾ ਸੀ ਕੀ ਲੋਕ ਮਦਦ ਵੀ ਨਹੀ ਸੀ ਕਰਦੇ ਪਰ ਚਲੋ ਰੱਬ ਜੋ ਕਰਦਾ ਚੰਗਾ ਹੀ ਕਰਦਾ ਉਸ ਵੇਲੇ ਮੈ ਕਿਸੇ ਇਨਸਾਨ ਨੂੰ ਸ਼ਾਇਦ ਚੰਗਾ ਨਹੀ ਲੱਗਦਾ ਸੀ । ਪਰ ਹੁਣ ਲੱਗਦਾ ਅਸਲ ਦੋਸਤ ਆਪਣੇ ਤਾ ਹੈਟਰ(ਅਲੋਚਕ) ਹੀ ਸੀ ਜੇ ਉਸ ਟਾਇਮ ਉਹਨਾਂ ਆਪਣੀ ਦੋਸਤੀ ਛੱਡ ਦਿੱਤੀ ਹੁੰਦੀ ਮੇਰੀਆਂ ਕਮੀਆਂ ਨਾ ਉਜਾਗਰ ਕੀਤੀਆਂ ਹੁੰਦੀਆਂ ਤਾ ਅੱਜ ਦਾ ਚੰਗਾ ਸਮਾ ਨਸੀਬ ਨਾ ਹੁੰਦਾ ਬੋਲਦੇ ਬੋਲਦੇ ਅੱਖਾ ਭਰ ਜਾਦੀਆਂ ਸਨ। ਫੇਰ ਕਹਿੰਦੇ ਅੱਜ ਵੀ ਮੈਂ ਉਨ੍ਹਾਂ ਬੰਦੇਆ ਨਾਲ ਜਿਹੜੇ ਦੇਖ ਕੇ ਰਾਹ ਬਦਲ ਲੈਦੇ ਸੀ ਉਹਨਾ ਦਾ ਹਾਲਚਾਲ ਪੁੱਛ ਕੇ ਹੀ ਅੱਗੇ ਲੰਘਦਾ ਆਪਣੇ ਤੋ ਉਹਨਾਂ ਜਿੰਨੀ ਮਿਹਨਤ ਨਹੀ ਹੁੰਦੀ ਕੀ ਅਸੀ ਆਪਣੀ ਜਿੰਦਗੀ ਭੁੱਲ ਕੇ ਉਹਨਾਂ ਦੀਆਂ ਕਮੀਆਂ ਲੱਭੀਏ। ਬਾਪੂ ਜੀ ਦੀ ਗੱਲ ਤਾ ਸੱਚੀ ਹੈ ਕੀ ਰੱਬ ਨੇ ਇਸ ਲਾਇਕ ਤਾ ਬਣ ਹੀ ਦਿੱਤਾ ਸਾਨੂੰ ਕੀ ਅਸੀ ਕਿਸੇ ਦੀ ਮਦਦ ਕਰ ਸਕੀਏ ਫੇਰ ਕਾਹਤੋ ਕਿਸੇ ਤੋ ਬਦਲੇ ਦੀ ਭਾਵਨਾ ਰੱਖਣੀ । ਗੱਲ ਤਾ ਸੱਚੀ ਏ,,,ਪਰ ਫੇਰ ਵੀ ਮੈਂ ਸੋਚਦਾ ਹਾਂ ਕੀ ਲੋਕ ਇੰਨੀ ਨਫਰਤ ਕਿਵੇ ਕਰ ਲੈਦੇ ਕਿਸੇ ਤੋ। ਸ਼ਾਇਦ ਰੱਬ ਹੀ ਕਰਵਾਉਦਾ ਹੋਣਾ ਨਹੀ ਤਾ ਲੋਕ ਕਿਉਂ ਨਫਰਤ ਕਰਨ ਕਿਸੇ ਤੋ।

Sandeep Rajwalia

...
...

ਰਮਾ ਦੀ ਬਰਾਤ ਆਈ ਤਾਂ, ਸਜੀ ਹੋਈ ਕੋਠੀ ਵਾਜਿਆਂ ਦੀ ਅਵਾਜ਼ ਨਾਲ ਹੋਰ ਵੀ ਰੁਸ਼ਨਾ ਗਈ। ਸਾਰਿਆਂ ਦੇ ਮੁਖੜਿਅਆਂ ਤੇ ਖੁਸ਼ੀ ਝੂਮ ਰਹੀ ਸੀ । ਕੁੜੀਆਂ ਰਮਾ ਨੂੰ ਜੈ ਮਾਲਾ ਲਈ ਲੈਂ ਕੇ ਜਾਣ ਲਈ ਕਾਹਲੀਆਂ ਪੈ ਰਹੀਆਂ ਸੀ। ਉਸਦਾ ਸੋਨੇ ਦਾ ਸੈੱਟ ਲੱਭ ਨਹੀਂ ਰਿਹਾ ਸੀ। ਰਮਾ ਦੀ ਮੰਮੀ ਤੇ ਮਾਸੀ ਲੱਭ-ਲੱਭ ਕੇ ਥੱਕ ਗਈਆਂ ਸੀ। ਰਮਾ ਦੀ ਭੂਆ ਨੇ ਸਲਾਹ ਦਿੱਤੀ ,ਦੂਜਾ ਸੈੱਟ ਪਾ ਦਿਉ ,ਬਾਅਦ ਵਿੱਚ ਲੱਭ ਲੈਣਾ
ਰਮਾ ਦਾ ਵਿਆਹ ਖੁਸ਼ੀ-ਖੁਸ਼ੀ ਸਪੰਨ ਹੋ ਗਿਆ। ਰਮਾ ਵਿਆਹ ਤੋਂ ਬਾਅਦ ਫੇਰਾਪਾਉਣ ਪੇਕੇ ਆਈ । ਸਾਰੇ ਰਮਾ ਦੇ ਵਿਆਹ ਦੀ ਵੀਡੀਓ ਕੈਸਿਟ ਦੇਖ ਰਹੇ ਸੀ। ਸਾਰਿਆਂ ਨੂੰ ਵਿਆਹ ਦੇ ਸੀਨ ਦੁਬਾਰਾ ਤਾਜ਼ੇ ਹੋ ਗਏ । ਇਕ ਸੀਨ ਤੇ ਰਮਾ ਦੀਆਂ ਅੱਖਾਂ ਟਿਕ ਗਈਆਂ। ਉਸਨੇ ਮੂਵੀ ਉੱਥੇ ਰੋਕ ਦਿੱਤੀ ਉਸਨੇ ਮੂਵੀ ਦੁਬਾਰਾ ਚਲਾਈ। ਨੌਕਰਾਣੀ ਦੇ ਹੱਥ ਵਿੱਚ ਆਪਣਾ ਹਾਰ ਦੇਖ ਕੇ ਉਹ ਹੈਰਾਨ ਸੀ। ਉਸਤੋਂ ਬਾਅਦ ਨੌਕਰਾਣੀ ਮੂਵੀ ਵਿਚੋ ਗਾਇਬ ਹੀ ਸੀ ।
ਨੌਕਰਾਣੀ ਨੇ ਪਹਿਲਾ ਤਾਂ ਸਾਫ ਇਨਕਾਰ ਕਰ ਦਿੱਤਾ । ਜਦ ਉਸਨੂੰ ਡਰਾਵਾ ਦਿੱਤਾ ਤਾਂ ਉਸਨੇ ਮੂੰਹ ਖੋਲ੍ਹਿਆ । “ਮੇਰੀ ਧੀ ਸੀਤੋ ਦੀ ਮੰਗਣੀ ਹੋਈ । ਮੇਰੇ ਕੁੜਮ ਨੇ ਪੰਜਾਹ ਹਜ਼ਾਰ ਦੀ ਮੰਗ ਕੀਤੀ । ਉਸਨੇ ਕਿਹਾ ਜੇ ਵਿਆਹ ਤੋਂ ਇਕ ਦਿਨ ਪਹਿਲਾ ਨਾ ਦਿੱਤੇ ਤਾਂ ਬਰਾਤ ਨਹੀਂ ਆਵੇਗੀ
ਰਮਾ ਦੇ ਵਿਆਹ ਵਿੱਚ ਹਾਰ ਦੇਖ ਕੇ ਮੈਨੂੰ ਸੀਤੋ ਯਾਦ ਆਣ ਲੱਗੀ। ਮੈਂ ਸੋਨੇ ਦਾ ਸੈੱਟ ਚੋਰੀ ਕਰ ਲਿਆ ।ਮੈਂ ਸੋਚਿਆ ਸੀ ਵੇਚ ਕੇ ਧੀ ਨੂੰ ਵਿਆਹ ਦੇਵਾਂਗੀ। ਇਹ ਅੱਗ ਲੱਗਣੀ ਮੂਵੀ ਨੇ ਸਾਰਾ ਭੇਦ ਖੋਲ੍ਹ ਦਿੱਤਾ । ਮੇਰੀ ਮਜ਼ਬੂਰੀ ਮੂਵੀ ਨੇ ਸ਼ਰੇਆਮ ਨੰਗੀ ਕਰਤੀ । ਉਹ ਰੋਣ ਲੱਗ ਗਈ ।

...
...

ਉੱਨੀ ਸੌ ਨੱਬੇ ਦੀ ਮਈ ਮਹੀਨੇ ਦੇ ਸ਼ੁਰੂ ਦੀ ਗੱਲ ਏ..
ਬਟਾਲਿਓਂ ਰਿਸ਼ਤੇਦਾਰੀ ਵਿਚ ਜਰੂਰੀ ਸੁਨੇਹਾ ਦੇਣ ਛੱਬੀ ਕਿਲੋਮੀਟਰ ਦੂਰ ਹਰਚੋਵਾਲ ਤੋਂ ਅੱਗੇ ਇੱਕ ਪਿੰਡ ਜਾਣਾ ਪੈ ਗਿਆ..
ਕੁਤਰੀਆਂ ਕਣਕਾਂ ਅਤੇ ਉਡਦੀ ਤੂੜੀ ਦਾ ਗਹਿਰ ਚਾਰੇ ਪਾਸੇ ਛਾਇਆ ਹੋਇਆ ਸੀ..!
ਬਟਾਲੇ ਤੋਂ ਤੁਰੇ ਹੋਏ ਨੇ ਸਿੱਧਾ ਰਣਜੀਤ ਬਾਵੇ ਦੇ ਪਿੰਡ ਵਡਾਲਾ ਗ੍ਰੰਥੀਆਂ ਜਾ ਕੇ ਹੀ ਬ੍ਰੇਕ ਮਾਰੀ..
ਅੱਗੇ ਪੁਲਸ ਦਾ ਨਾਕਾ ਸੀ..ਓਹਨਾ ਥੋੜੀ ਬਹੁਤ ਪੁੱਛਗਿੱਛ ਕੀਤੀ ਤੇ ਮਗਰੋਂ ਜਾਣ ਦਿੱਤਾ..!
ਆਥਣ ਵੇਲੇ ਵਾਪਿਸ ਪਰਤਣਾ ਸੀ..
ਸੋ ਕਾਹਲੀ ਕਾਹਲੀ ਪੈਡਲ ਮਾਰਦਾ ਹੋਇਆ ਆਪਣੀ ਮੰਜਿਲ ਵੱਲ ਵਧਣ ਲੱਗਾ..!
ਰਾਹ ਵਿਚ ਲੀਲ,ਧੰਨੇ-ਚੀਮੇ ਤੇ ਹੋਰ ਵੀ ਕਿੰਨੇ ਸਾਰੇ ਪਿੰਡ ਟੱਪਦਾ ਹੋਇਆ ਅਜੇ ਕਾਹਲਵਾਂ ਕੋਲ ਹੀ ਹੋਵਾਂਗਾ ਕੇ ਪਿੱਛੋਂ ਸੜਕ ਤੇ ਧੂੜ ਜਿਹੀ ਉੱਡਦੀ ਦਿੱਸੀ..ਮੈਂ ਵੀ ਆਪਣੀ ਸਪੀਡ ਚੱਕ ਦਿੱਤੀ..!

ਮਸੀਂ ਪਿੰਡ ਪਹੁੰਚਿਆਂ ਹੀ ਸਾਂ ਕੇ ਮਗਰੋਂ ਕਿੰਨੀਆਂ ਸਾਰੀਆਂ ਗੱਡੀਆਂ ਦਾ ਵੱਡਾ ਸਾਰਾ ਕਾਫਲਾ ਐਨ ਉੱਤੇ ਹੀ ਆਣ ਚੜਿਆ..!

ਲੋਹੇ ਦੀਆਂ ਬੁਲਟ ਪ੍ਰੂਫ਼ ਚਾਦਰਾਂ ਨਾਲ ਢੱਕੀਆਂ ਹੋਈਆਂ ਕਿੰਨੀਆਂ ਸਾਰੀਆਂ ਐਲਵਿਨ ਨਿਸ਼ਾਨ ਗੱਡੀਆਂ,ਸਵਰਾਜ ਮਜਦਾ ਅਤੇ ਬੁਲੇਟ ਪ੍ਰੂਫ਼ ਜਿਪਸੀਆਂ ਤੇ ਮਸ਼ੀਨਗੰਨਾਂ,ਅਸਾਲਟਾਂ ਅਤੇ ਐਸ.ਐੱਲ.ਆਰਾਂ ਅਤੇ ਹੋਰ ਵੀ ਅੱਤ ਆਧੁਨਿਕ ਹਥਿਆਰਾਂ ਦੀ ਖੁੱਲੀ ਨੁਮਾਇਸ਼ ਕਰਦੇ ਕਿੰਨੇ ਸਾਰੇ ਨਿਹੰਗ ਬਾਣੇ ਵਾਲੇ ਸਿੰਘ ਸੜਕ ਤੇ ਤੁਰੇ ਜਾਂਦਿਆਂ ਨੂੰ ਰਾਹ ਤੋਂ ਲਾਂਬੇ ਹੋਣ ਦਾ ਇਸ਼ਾਰਾ ਕਰੀ ਜਾ ਰਹੇ ਸਨ..!

ਜੋ ਨਾ ਹਟਦਾ ਉਸ ਨੂੰ ਮੋਟੀ ਸਾਰੀ ਗਾਹਲ ਪਰੋਸ ਦਿੱਤੀ ਜਾਂਦੀ!

ਮੈਂ ਵੀ ਸਾਈਕਲ ਕੱਚੇ ਲਾਹ ਲਿਆ..
ਸਭ ਤੋਂ ਅਗਲੀ ਜਿਪਸੀ ਦੇ ਉੱਤੇ ਵੱਡੇ ਮੈਗਜੀਨ ਵਾਲੀ ਮਸ਼ੀਨ ਗੰਨ ਲੱਗੀ ਹੋਈ ਸੀ..
ਐਨ ਉੱਤੇ ਵੱਡੇ ਸਾਰੇ ਦੁਮਾਲੇ ਤੇ ਭਾਰੇ ਸਰੀਰ ਵਾਲਾ ਨਿਹੰਗ ਸਿੰਘ ਉਚੀ ਉਚੀ ਬੱਕਰੇ ਬੁਲਾਉਂਦਾ ਹੋਇਆ ਕਿਸੇ ਨੂੰ ਮਾਂ ਭੈਣ ਦੀਆਂ ਗੰਦੀਆਂ ਗਾਹਲਾਂ ਕੱਢੀ ਜਾ ਰਿਹਾ ਸੀ..!

ਲਾਗੇ ਹੀ ਇੱਕ ਬੋਹੜ ਹੇਠ ਬਣੇ ਥੜੇ ਤੇ ਇੱਕ ਬਾਪੂ ਜੀ ਬੈਠੇ ਹੋਏ ਸਨ..ਮੈਂ ਸਾਈਕਲ ਸਟੈਂਡ ਤੇ ਲਾ ਕੇ ਓਹਨਾ ਕੋਲ ਬੈਠ ਗਿਆ..!

ਆਖਣ ਲੱਗੇ ਓਧਰ ਨਾ ਵੇਖ..ਇਹ ਸਰਕਾਰੀ ਸਹਿ ਤੇ ਪਲਦਾ ਹੋਇਆ ਦਹਿਸ਼ਤਗਰਦ ਅਜੀਤ ਸਿੰਘ ਪੂਹਲਾ ਹੈ..
ਜਿਹੜਾ ਕੁਝ ਦਿਨਾਂ ਤੋਂ ਗਾਲੋਵਾਲ ਨਾਮੀ ਪਿੰਡ ਦੇ ਕਿਸੇ ਗੁਰਿੰਦਰ ਸਿੰਘ ਨੂੰ ਲੱਭਦਾ ਫਿਰਦਾ ਏ..ਅੱਖਾਂ ਬਿਲਕੁਲ ਵੀ ਨਾ ਮਿਲਾਵੀਂ..ਇਹਨਾਂ ਨੂੰ ਕਿਸੇ ਨੂੰ ਵੀ ਚੁੱਕ ਕੇ ਖਪਾ ਦੇਣ ਦੀ ਪੂਰੀ ਖੁੱਲ ਏ..!
ਦਸ ਕੂ ਮਿੰਟ ਚੱਲੇ ਦਹਿਸ਼ਤਗਰਦੀ ਦੇ ਇਸ ਨੰਗੇ ਨਾਚ ਮਗਰੋਂ ਉੱਡਦੀ ਹੋਈ ਧੂੜ ਅੱਖੋਂ ਓਹਲੇ ਹੋ ਗਈ ਤੇ ਮਗਰੋਂ ਮਹਿਸੂਸ ਕੀਤਾ ਕੇ ਆਮ ਇਨਸਾਨ ਦੀ ਵੁੱਕਤ ਇਹਨਾਂ ਦਰਿੰਦਿਆਂ ਸਾਹਵੇਂ ਕਿਸੇ ਨਾਲੀ ਦੇ ਕੀੜੇ ਤੋਂ ਵੱਧ ਨਹੀਂ ਸੀ..

ਦੱਸਦੇ ਇਸੇ ਇਨਸਾਨ ਨੇ ਉੱਨੀ ਸੌ ਸਤਾਨਵੇਂ ਵਿਚ ਜਦੋਂ ਇਕ ਉਘੇ ਪੰਥਕ ਢਾਡੀ ਦੀ ਤੇਰਾਂ ਸਾਲ ਦੀ ਪੋਤਰੀ ਜਬਰਦਸਤੀ ਚੁੱਕ ਲਈ ਤਾਂ ਉਹ ਸਿੰਘ ਸ੍ਰੀ ਹਰਗੋਬਿੰਦ ਪੁਰ ਵਿਚ ਹੁੰਦੇ ਇੱਕ ਅਕਾਲੀ ਸਮਾਗਮ ਵਿਚ ਪੰਥ ਰਤਨ ਅਤੇ ਉਸ ਵੇਲੇ ਦੇ ਨਵੇਂ ਬਣੇ ਮੁਖ ਮੰਤਰੀ ਸਾਹਵੇਂ ਪੇਸ਼ ਹੋ ਗਿਆ..!
ਪੂਰੀ ਗੱਲ ਸੁਣਨ ਮਗਰੋਂ ਪੰਥ ਰਤਨ ਕੋਲ ਹੀ ਬੈਠੇ ਇਲਾਕੇ ਦੇ ਵਿਧਾਇਕ ਕੈਪਟਨ ਬਾਠ ਨੂੰ ਹੱਸਦਿਆਂ ਹੋਇਆ ਆਖਣ ਲੱਗਾ “ਬਾਠ ਸਾਬ ਵੇਖ ਲਵੋ ਤੁਹਾਡਾ ਯਾਰ (ਪੂਹਲਾ) ਕੀ ਕਰੀ ਜਾਂਦਾ ਏ..ਸਮਜਾਓ ਕੁਝ ਉਸਨੂੰ..
ਦੱਸਦੇ ਸਟੇਜ ਤੇ ਹਾਸਾ ਪੈ ਗਿਆ ਤੇ ਗੱਲ ਆਈ ਗਈ ਹੋ ਗਈ..

ਪੂਹਲੇ ਵਰਗੇ ਮੋਹਰਿਆਂ ਦੀ ਸਿਸਟਮ ਨੂੰ ਹਮੇਸ਼ਾ ਹੀ ਲੋੜ ਰਹਿੰਦੀ ਆਈ ਏ..
ਇਹ ਕਿਸੇ ਨਾ ਕਿਸੇ ਰੂਪ ਵਿਚ ਅੱਗੋਂ ਵੀ ਪੈਦਾ ਕੀਤੇ ਜਾਂਦੇ ਰਹਿਣਗੇ..ਪਰ ਇੱਕ ਹਕੀਕਤ ਜਿਹੜੀ ਇਹਨਾਂ ਦੇ ਮਨਾ ਵਿਚੋਂ ਜਾਣ ਬੁਝ ਕੇ ਵਿਸਾਰ ਦਿੱਤੀ ਜਾਂਦੀ ਏ ਕੇ ਇਹਨਾਂ ਦਾ ਵਜੂਦ ਬਹੁਤ ਥੋੜ ਚਿਰਾ ਹੁੰਦਾ ਏ ਤੇ ਲੋੜ ਪੂਰੀ ਹੋਣ ਮਗਰੋਂ ਇਹ ਵਰਤੇ ਹੋਏ ਨੈਪਕਿਨ ਵਾਂਙ ਕੂੜੇ ਦੇ ਢੇਰਾਂ ਤੇ ਪਏ ਅਕਸਰ ਹੀ ਮਿਲ ਜਾਇਆ ਕਰਦੇ ਨੇ!

ਕਿਓੰਕੇ ਕਿਸੇ ਸਹੀ ਆਖਿਆ ਏ ਕੇ “ਸਦਾ ਨਾ ਬਾਗੀਂ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ”
ਹਰਪ੍ਰੀਤ ਸਿੰਘ ਜਵੰਦਾ

...
...

ਸੁਵੇਰੇ-ਸੁਵੇਰੇ ਪਏ ਵੱਡੇ ਕਲੇਸ਼ ਦਾ ਸਤਾਇਆ ਹੋਇਆ ਮੈਂ ਟਰੈਕਟਰ ਤੇ ਆਣ ਬੈਠਾ
ਸਮਝ ਜਿਹੀ ਨਾ ਲੱਗੇ ਕੇ ਹੁਣ ਕਰਾਂ ਕੀ..ਅਖੀਰ ਕਿੱਕਰ ਵਾਲਾ ਕਿੱਲਾ ਵਹੁਣਾ ਸ਼ੁਰੂ ਕਰ ਦਿੱਤਾ..ਖਿਆਲਾਂ ਦੀ ਘੁੰਮਣਘੇਰੀ ਵਿਚ ਡੁੱਬੇ ਹੋਏ ਨੇ ਪਹਿਲਾਂ ਵਾਹੇ ਹੋਏ ਸਿਆੜ ਹੀ ਫੇਰ ਦੋਬਾਰਾ ਫੇਰ ਵਾਹ ਦਿੱਤੇ..

ਨਾਲ ਹੀ ਉਹ ਟਾਈਮ ਚੇਤੇ ਆ ਗਿਆ ਜਦੋਂ ਘਰ ਵਿਚ ਪਲੇਠੀ ਦੇ ਜੌੜੇ ਜੰਮ ਪਏ ਤੇ ਸਾਲ ਮਗਰੋਂ ਹੀ ਫੇਰ ਇੱਕ ਹੋਰ ਪੁੱਤਰ ਹੋ ਪਿਆ..

ਸਾਰੇ ਪਿੰਡ ਵੱਲੋਂ ਮਿਲਦੀਆਂ ਵਧਾਈਆਂ ਦਾ ਨਾ ਮੁੱਕਣ ਵਾਲਾ ਸਿਲਸਿਲਾ..ਕੋਈ ਆਖ ਦਿਆ ਕਰਦਾ “ਸਰਵਣ ਸਿਆਂ” ਵੇਖੀਂ ਇੱਕ ਦਿਨ ਮੋਢੇ ਤੇ ਚੁੱਕ ਚੁੱਕ ਫਿਰਿਆ ਕਰਨਗੇ ਤੈਨੂੰ..ਵੱਡੀ ਉਮਰੇ ਬੱਸ ਬਹਿ ਕੇ ਹੁਕਮ ਚਲਾਇਆ ਕਰੀਂ..”

“ਆਹ ਵੇਖ ਲੋ ਹੁਕਮ ਚੱਲਦਾ..ਅੱਜ ਸਾਰਾ ਪਿੰਡ ਬਨੇਰਿਆਂ ਕੋਠਿਆਂ ਤੇ ਕੱਠਾ ਹੋਇਆ ਪਿਆ ਸੀ ਤੇ ਨਿੱਕੇ ਨੇ ਤਾਂ ਵੱਡੇ ਦੀ ਪੱਗ ਲਾਹੁਣ ਲਗਿਆਂ ਭੋਰਾ ਸ਼ਰਮ ਤੱਕ ਨੀ ਕੀਤੀ..

ਟਰੈੱਕਟਰ ਦੇ ਸਟੇਰਿੰਗ ਤੇ ਹੱਥ ਰੱਖੀ ਅਜੇ ਸੋਚਾਂ ਦੇ ਸਮੁੰਦਰ ਵਿਚ ਗੋਤੇ ਖਾ ਹੀ ਰਿਹਾ ਸਾਂ ਕੇ ਕਿੱਕਰ ਕੋਲ ਉੱਗੇ ਝਾੜੀਆਂ ਦੇ ਝੁੰਡ ਕੋਲ ਬਿੜਕ ਜਿਹੀ ਹੋਈ..

ਬ੍ਰੇਕ ਮਾਰ ਉੱਤਰ ਕੇ ਨਜਰ ਮਾਰੀ..ਵੇਖਿਆ..ਨਿੱਕੇ ਨਿੱਕੇ ਕਿੰਨੇ ਸਾਰੇ ਕਤੂਰੇ ਸਨ..ਮੌਜ ਨਾਲ ਮਾਂ ਦਾ ਦੁੱਧ ਚੁੰਗ ਰਹੇ ਸਨ..

ਮੈਨੂੰ ਵੇਖ ਉਸਨੇ ਮੈਨੂੰ ਪਹਿਲਾ ਬੁਰੀ ਤਰਾਂ ਘੂਰਿਆਂ ਤੇ ਫੇਰ ਹੌਲੀ ਹੌਲੀ ਭੌਂਕਣਾ ਸ਼ੁਰੂ ਕਰ ਦਿੱਤਾ..ਮੈਂ ਕਿੰਨੀ ਦੇਰ ਖਲੋਤਾ ਵੇਖਦਾ ਰਿਹਾ..!
ਫੇਰ ਅਚਾਨਕ ਆਪ ਮੁਹਾਰੇ ਹੀ ਉੱਚੀ ਸਾਰੀ ਬੋਲ ਉਠਿਆ..”ਨਾ ਪਾ ਮੋਹ ਇਹਨਾਂ ਨਾਲ..ਸੋਚਦੀ ਕੁਝ ਹੋਰ ਹੋਵੇਂਗੀ ਪਰ ਹੋਣਾ ਕੁਝ ਹੋਰ ਏ..ਇਹ ਦੁੱਧ ਚੁੰਗਦੇ ਜਦੋਂ ਆਪਣੇ ਪੈਰਾਂ ਸਿਰ ਹੋਏ ਤਾਂ ਦੌੜ ਜਾਣਾ ਇਹਨਾਂ ਸਾਰਿਆਂ ਨੇ..ਭੋਰਾ ਵਾਤ ਨੀ ਪੁੱਛਣੀ ਇਹਨਾਂ ਤੇਰੀ..ਕੁੱਤਿਆਂ ਵਾਂਙ ਨਹੀਂ ਸਗੋਂ ਇਨਸਾਨਾਂ ਵਾਂਙ ਲੜਨਗੇ..”

ਮੈਨੂੰ ਉਚੀ ਉਚੀ ਬੋਲਦੇ ਹੋਏ ਨੂੰ ਵੇਖ ਉਹ ਅਚਾਨਕ ਉੱਠ ਖਲੋਤੀ..
ਦੋ ਕਦਮ ਮੇਰੇ ਵੱਲ ਨੂੰ ਆਉਂਦੀ ਹੋਈ ਨੇ ਹੋਰ ਵੀ ਜ਼ੋਰ ਨਾਲ ਭੌਂਕਣਾ ਸ਼ੁਰੂ ਕਰ ਦਿੱਤਾ..
ਮੈਨੂੰ ਇੱਕ ਵਾਰ ਤੇ ਇੰਝ ਲੱਗਾ ਜਿੱਦਾਂ ਆਖ ਰਹੀ ਹੋਵੇ ਕੇ “ਫੇਰ ਕਿ ਹੋਇਆ ਜੇ ਦੌੜ ਜਾਣਗੇ ਤਾਂ..ਮੈਂ ਤਾਂ ਆਪਣਾ ਫਰਜ ਬਾਖੂਬੀ ਨਿਭਾਉਂਗੀ..ਅਸੀ ਜਨੌਰ ਆਪਣੀਆਂ ਔਲਾਦਾਂ ਨਾਲ ਪਿਆਰ ਕਰਦੇ ਹਾਂ..ਓਹਨਾ ਤੇ ਕੋਈ ਸੱਟਾ ਨਹੀਂ ਲਾਉਂਦੇ..ਨਾ ਹੀ ਕੋਈ ਜੂਆ ਹੀ ਖੇਡਦੇ ਹਾਂ..ਓਹੀ ਜੂਆ ਜਿਸਦੀ ਗਿਣਤੀ ਮਿਣਤੀ ਤੁਸੀਂ ਲੋਕ ਔਲਾਦ ਦੇ ਜੰਮਦਿਆਂ ਤੋਂ ਹੀ ਕਰਨੀ ਸ਼ੁਰੂ ਕਰ ਦਿੰਦੇ ਓ..ਮੇਰਾ ਪੁੱਤ “ਵੱਡਾ ਹੋਵੇਗਾ”..”ਸੇਵਾ ਕਰੂ”..”ਕਮਾਈ ਹੱਥ ਤੇ ਧਰੂ”..”ਇੱਜਤ ਮਾਣ ਵਧਾਊ”..ਅਤੇ ਅਖੀਰ ਵਿਚ “ਵੀਹਾਂ ਦੇ ਚਾਲੀ ਬਣਾਉ”..
ਤੇ ਜਦੋਂ ਇਹ ਸਭ ਕੁਝ ਅਸਲ ਜਿੰਦਗੀ ਵਿਚ ਕਦੀ ਹੁੰਦਾ ਹੀ ਨਹੀਂ ਤਾਂ ਫੇਰ ਦੁਖਾਂ-ਕਲੇਸ਼ਾਂ ਅਤੇ ਪਛਤਾਵੇਆਂ ਦੇ ਸਮੁੰਦਰ ਵਿਚ ਡੂੰਘਾ ਡੁੱਬ ਗਿਆ ਮਨੁੱਖ ਜਿਉਂਦੇ ਜੀ ਹੀ ਜਿੰਦਗੀ ਜਿਉਣੀ ਭੁੱਲ ਜਾਂਦਾ ਹੈ..”

ਰੱਬ ਦੇ ਜੀ ਦੀਆਂ ਅੱਖੀਆਂ ਵਿਚੋਂ ਜਿੰਦਗੀ ਦਾ ਇੱਕ ਗਹਿਰਾ ਭੇਦ ਪੜਨ ਮਗਰੋਂ ਪਤਾ ਹੀ ਨੀ ਲੱਗਾ ਕਦੋਂ ਬਾਕੀ ਰਹਿੰਦੇ ਪੰਜ ਖੇਤ ਕੁਝ ਹੀ ਘੜੀਆਂ ਵਿਚ ਕਿੱਦਾਂ ਵਾਹ ਕੇ ਅਹੁ ਮਾਰੇ..!

ਸੋ ਦੋਸਤੋ ਅਗਲੀ ਪੀੜੀ ਤੋਂ ਜਿੰਨੀਆਂ ਘੱਟ ਆਸਾਂ ਲਾਈਆਂ ਜਾਣ..ਜਿੰਦਗੀ ਓਨੀ ਹੀ ਵੱਧ ਸਰਲ,ਸਪਸ਼ਟ ਤੇ ਸੌਖੀ ਰਹੂ..

ਦਾਨਿਸ਼ਵਰ ਅਕਸਰ ਆਖਿਆ ਕਰਦੇ ਸਨ ਕੇ ਜੇ ਇਸ ਨਿੱਕੇ ਜਿੰਨੇ ਸਫ਼ਰ ਦਾ ਸਵਾਦ ਲੈਣਾ ਲੋਚਦੇ ਓ ਤਾਂ ਸਫ਼ਰ ਦੇ ਦੌਰਾਨ ਨਾਲ ਚੁੱਕਿਆ ਸਮਾਨ ਹੌਲਾ ਫੁਲ ਰੱਖਣਾ ਪੈਣਾ ਏ..!
ਵਰਤਮਾਨ ਨੇ ਸਾਰੀ ਦੁਨੀਆ ਦੇ ਕੰਨੀ ਇਹ ਸੁਨੇਹਾ ਤਾਂ ਪਾ ਹੀ ਦਿੱਤਾ ਏ ਕੇ ਜਿੰਦਗੀ ਆਪ ਤੇ ਵਿਚਾਰੀ ਫੁਲ ਨਾਲੋਂ ਵੀ ਹੌਲੀ ਏ..ਜਿਆਦਾ ਭਾਰ ਤੇ ਆਪ ਸਹੇੜੀਆਂ ਖਾਹਿਸ਼ਾਂ ਅਤੇ ਮਨ ਤੇ ਭਾਰੂ ਹੋਣ ਦਿੱਤੀਆਂ ਗਈਆਂ ਬੇਲੋੜੀਆਂ ਇਛਾਵਾਂ ਦਾ ਹੀ ਹੈ!

ਹਰਪ੍ਰੀਤ ਸਿੰਘ ਜਵੰਦਾ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)