Posts Uploaded By ਬੱਚਿਆਂ ਦੀਆਂ ਕਹਾਣੀਆਂ

Sub Categories

ਨਿੱਕੀ ਹੁੰਦੀ ਜਦੋਂ ਵੀ ਮੈਂ ਧਰੇਕ ਹੇਠ ਮੰਜਾ ਡਾਹ ਕੇ ਪੜ੍ਹਦੀ ਹੁੰਦੀ ਤਾਂ ਲੋਹ ਤੇ ਰੋਟੀਆਂ ਪਕਾਉਂਦੀ ਮਾਂ ਸੈਨਤ ਮਾਰ ਕੋਲ ਸੱਦ ਲਿਆ ਕਰਦੀ..
ਆਖਦੀ ਆ ਤੈਨੂੰ ਪੇੜਾ ਕਰਨਾ,ਵੇਲਣਾ ਅਤੇ ਗੋਲ ਰੋਟੀ ਬਨਾਉਣੀ ਸਿਖਾਵਾਂ..
ਮੈਂ ਜਾਣ ਬੁੱਝ ਕੇ ਹੀ ਪੁੱਠਾ ਸਿੱਧਾ ਵੇਲ ਦੀਆ ਕਰਦੀ..!
ਗੁੱਸੇ ਹੋਣ ਲੱਗਦੀ ਤਾਂ ਬਾਪੂ ਹੁਰਾਂ ਨੂੰ ਪਤਾ ਲੱਗ ਜਾਂਦਾ..ਉਹ ਮੈਨੂੰ ਏਨੀ ਗੱਲ ਆਖ ਮੁੜ ਪੜਨ ਬਿਠਾ ਦਿਆ ਕਰਦੇ ਮੈਂ ਤਾਂ ਓਥੇ ਵਿਆਹੁਣੀ ਏ ਜਿਥੇ ਚੁੱਲੇ ਚੌਂਕੇ ਦਾ ਯੱਬ ਹੀ ਨਾ ਹੋਵੇ!

ਵਿਆਹ ਮਗਰੋਂ ਅਗਲੇ ਘਰ ਇਨ੍ਹਾਂ ਦੀ ਮਾਤਾ ਜੀ ਕੁਝ ਵਰੇ ਪਹਿਲਾਂ ਪੂਰੀ ਹੋ ਗਈ ਸੀ..
ਘਰੇ ਦੂਰ ਦੇ ਮਾਸੀ ਮਾਸੜ ਦੀ ਕਾਫੀ ਚੱਲਦੀ ਸੀ!
ਗੁਝੀ ਗੁਝੀ ਇਹ ਵੀ ਸੁਣੀ ਸੀ ਕੇ ਆਪਣੇ ਸਹੁਰਿਆਂ ਤੋਂ ਇਹਨਾਂ ਨੂੰ ਕੋਈ ਰਿਸ਼ਤਾ ਕਰਵਾਉਣਾ ਚਾਹੁੰਦੀ ਸੀ ਪਰ ਇੱਕੋ ਸਕੂਲ ਪੜ੍ਹਾਉਂਦਿਆਂ ਸਾਡੇ ਦੋਹਾਂ ਦੇ ਪਕਾਏ ਆਪਸੀ ਮਤਿਆ ਨੇ ਕਿਸੇ ਦੀ ਪੇਸ਼ ਨਾ ਜਾਣ ਦਿੱਤੀ..

ਖੈਰ ਅੰਦਰੋਂ ਅੰਦਰ ਕਿੜ ਰੱਖਿਆ ਕਰਦੀ..!

ਜਦੋਂ ਵੀ ਮਿਲਣ ਆਉਂਦੀ ਤਾਂ ਕੰਮ ਵਾਲੀ ਨੂੰ ਬਹਾਨਾ ਲਾ ਕਿਧਰੇ ਬਾਹਰ ਭੇਜ ਦਿਆ ਕਰਦੀ..
ਮੁੜ ਆਖਦੀ “ਅੱਜ ਤੇ ਮੈਂ ਨਵਜੋਤ ਦੇ ਹੱਥਾਂ ਦੀ ਪੱਕੀ ਹੀ ਖਾਣੀ ਏ..”
ਮੇਰੀ ਰਮਝ ਪਛਾਣਦਾ ਮੇਰਾ ਨਾਲਦਾ ਹਮੇਸ਼ਾਂ ਬਹਾਨੇ ਜਿਹੇ ਨਾਲ ਚੋਂਕੇ ਵਿਚ ਆ ਜਾਇਆ ਕਰਦਾ ਤੇ ਫੇਰ ਅਸੀਂ ਦੋਵੇਂ ਰਲ ਮਿਲ ਕੇ ਸਬ ਕੁਝ ਤਿਆਰ ਕਰਦੇ..!

ਫੇਰ ਵੀ ਬਹਾਨੇ ਬਹਾਨੇ ਨਾਲ ਟੇਢੇ-ਮੇਢੇ ਤੇ ਸੜ ਗਏ ਫੁਲਕਿਆਂ ਦਾ ਜਿਕਰ ਛੇੜ ਮਜਾਕ ਵਾਲੀਆਂ ਅਗਲੀਆਂ ਪਿਛਲੀਆਂ ਕਸਰਾਂ ਕੱਢ ਦੀਆ ਕਰਦੀ..ਚਲਾਕ ਏਨੀ ਕੇ ਕੌੜੀ ਗੋਲੀ ਹਮੇਸ਼ਾ ਖੰਡ ਦੀ ਮਿੱਠੀ ਚਾਸ਼ਨੀ ਵਿਚ ਡੋਬ ਕੇ ਦਿਆ ਕਰਦੀ..!

ਇੱਕ ਵਾਰ ਇੰਝ ਹੀ ਘਰੇ ਆਈ ਨੇ ਮੇਰੇ ਹੱਥਾਂ ਦੀ ਰੋਟੀ ਦੀ ਫਰਮਾਇੱਸ਼ ਕਰ ਦਿੱਤੀ..!
ਆਦਤ ਮੁਤਾਬਿਕ ਇਹ ਬਹਾਨੇ ਜਿਹੇ ਨਾਲ ਉਸਦੇ ਕੋਲੋਂ ਉੱਠ ਚੋਂਕੇ ਵੱਲ ਨੂੰ ਆਉਣ ਹੀ ਲੱਗੇ ਕੇ ਬਾਹੋਂ ਫੜ ਕੋਲ ਬਿਠਾ ਲਿਆ..ਅਖੇ ਕਦੀ ਮਾਸੀ ਨਾਲ ਵੀ ਦੋ ਚਾਰ ਗੱਲਾਂ ਕਰ ਲਿਆ ਕਰ!

ਹੁਣ ਜੰਗ ਦੇ ਮੈਦਾਨ ਵਿਚ ਆਪਣੇ ਆਪ ਨੂੰ ਕੱਲੀ ਕਾਰੀ ਵੇਖ ਬਿੰਦ ਕੂ ਲਈ ਮੈਂ ਸੋਚੀ ਪੈ ਗਈ..ਹੁਣ ਸ਼ੁਰੂ ਕਿਥੋਂ ਕਰਾਂ..?
ਅਖੀਰ ਵਾਹਿਗੁਰੂ ਨੂੰ ਧਿਆ ਕੇ ਪੇੜਾ ਚੱਕਲੇ ਤੇ ਰੱਖ ਵੇਲਣਾ ਸ਼ੁਰੂ ਕਰ ਦਿੱਤਾ..
ਉੱਤੋਂ ਤਵਾ ਗਰਮ ਹੋਈ ਜਾਵੇ..ਅੱਗ ਘੱਟ ਕੀਤੀ..ਫੇਰ ਪਤਾ ਨਹੀਂ ਕਿਥੋਂ ਇੱਕ ਫੁਰਨਾ ਜਿਹਾ ਫੁਰਿਆ..!
ਕੋਲ ਪਏ ਬਿਸਕੁਟਾਂ ਵਾਲੇ ਗੋਲ ਜਿਹੇ ਡੱਬੇ ਦਾ ਢੱਕਣ ਖੋਲ ਵੇਲੇ ਹੋਏ ਪੇੜੇ ਦੇ ਐਨ ਵਿਚਕਾਰ ਜਿਹੇ ਰੱਖ ਜ਼ੋਰ ਦੀ ਦੱਬ ਦਿੱਤਾ..ਢੱਕਣ ਦੇ ਮਜਬੂਤ ਕੰਢਿਆਂ ਨੇ ਅਮਰੀਕਾ ਦਾ ਨਕਸ਼ਾ ਬਣ ਗਏ ਪੇੜੇ ਦੇ ਵਾਧੂ ਦੇ ਕੰਢੇ ਕਟ ਦਿੱਤੇ ਤੇ ਪੇੜਾ ਪੂਰਨਮਾਸ਼ੀ ਦੇ ਚੰਦ ਵਾਂਙ ਐਨ ਗੋਲ ਬਣ ਗਿਆ..

ਫੇਰ ਤੇ ਪੁਛੋ ਕੁਝ ਨਾ..ਗੋਲ ਰੋਟੀਆਂ ਨਾਲ ਚੰਗੇਰ ਭਰ ਗਿਆ..!

ਐਨ ਇੱਕੋ ਸਾਈਜ ਦੀਆਂ ਕਿੰਨੀਆਂ ਸਾਰੀਆਂ ਰੋਟੀਆਂ ਵੇਖ ਮਾਸੀ ਚੁੱਪ ਜਿਹੀ ਹੋ ਗਈ..ਪਰ ਸ਼ੱਕ ਪੈ ਗਿਆ ਕੇ ਅੱਜ ਇੱਕੋ ਜਿੰਨੀ ਗੋਲਾਈ ਤੇ ਮੋਟਾਈ..ਇਹ ਹੋ ਕਿੱਦਾਂ ਗਿਆ?
ਅਖੀਰ ਰੱਜ ਪੁੱਜ ਕੇ ਬਹਾਨੇ ਜਿਹੇ ਨਾਲ ਕੰਸੋਵਾਂ ਲੈਣ ਉੱਠ ਚੋਂਕੇ ਵੱਲ ਨੂੰ ਹੋ ਤੁਰੀ ਤਾਂ ਰਮਝਾ ਸਮਝਣ ਵਾਲੇ ਮੇਰੇ ਨਾਲਦੇ ਨੇ ਏਨੀ ਗੱਲ ਆਖ ਬਾਹੋਂ ਫੜ ਓਥੇ ਹੀ ਬਿਠਾ ਲਈ ਕੇ “ਮਾਸੀ ਕਦੇ ਭਾਣਜੇ ਨਾਲ ਵੀ ਦੋ ਘੜੀਆਂ ਦੁੱਖ ਸੁਖ ਫਰੋਲ ਲਿਆ ਕਰ..”

ਰਹੀ ਸਹੀ ਕਸਰ ਮਗਰੋਂ ਇਹਨਾਂ ਵੱਲੋਂ ਉਸ ਦਿਨ ਹੀ ਸੁਵੇਰੇ ਸਬੱਬ ਨਾਲ ਬਣਾਈ ਬਦਾਮਾਂ ਵਾਲੀ ਖੀਰ ਨੇ ਪੂਰੀ ਕਰ ਦਿੱਤੀ..
ਮਗਰੋਂ ਖੁਸ਼ਗਵਾਰ ਜਿਹਾ ਮਾਹੌਲ ਵੇਖ ਦਾਦੀ ਦੀ ਆਖੀ ਪੂਰਾਣੀ ਗੱਲ ਚੇਤੇ ਆ ਗਈ..”ਚੰਦਰਾ ਗਵਾਂਢ ਨਾ ਹੋਵੇ ਤੇ ਲਾਈ ਲੱਗ ਨਾ ਹੋਵੇ ਘਰ ਵਾਲਾ”

ਹਰਪ੍ਰੀਤ ਸਿੰਘ ਜਵੰਦਾ

...
...

ਜਦੋਂ ਕੋਈ ਸਵਾਲ ਕਿਸੇ ਤੋਂ ਨਾ ਨਿੱਕਲਿਆ ਕਰਦਾ ਤਾਂ ਮੇਰੇ ਕੋਲ ਲਿਆਂਦਾ ਜਾਂਦਾ..ਮੈਂ ਮਿੰਟਾਂ-ਸਕਿੰਟਾਂ ਵਿਚ ਹੀ ਉਸਦਾ ਹੱਲ ਕੱਢ ਅਗਲੇ ਦੇ ਅੱਗੇ ਕਰ ਦਿਆ ਕਰਦੀ..

ਇੱਕ ਦਿਨ ਆਥਣ ਵੇਲੇ ਸਕੂਲੋਂ ਵਾਪਿਸ ਆ ਬਾਹਰ ਲਾਅਨ ਵਿਚ ਬੈਠੀ ਚਾਹ ਪੀ ਰਹੀ ਸਾਂ ਕੇ ਕੋਠੀ ਅਤੇ ਸੜਕ ਵਿਚਕਾਰ ਛੱਡੀ ਖਾਲੀ ਜਗਾ ਤੇ ਡੰਗਰ ਚਾਰਦੀ ਹੋਈ ਇੱਕ ਨਿੱਕੀ ਜਿਹੀ ਕੁੜੀ ਦਿਸ ਪਈ..ਵਾਜ ਮਾਰ ਉਸਨੂੰ ਕੋਲ ਸੱਦ ਲਿਆ..!

“ਬਰਸਾਤਾਂ ਦਾ ਮੌਸਮ ਤੇ ਗਿੱਠ-ਗਿੱਠ ਲੰਮਾ ਘਾਹ..ਸੋ ਸੱਪ ਕੀੜੇ ਪਤੰਗੇ..ਤੂੰ ਨੰਗੇ ਪੈਰੀਂ..ਡਰ ਨੀ ਲੱਗਦਾ ਤੈਨੂੰ”?..ਮੈਂ ਪੁੱਛ ਲਿਆ

“ਨਹੀਂ ਲੱਗਦਾ ਜੀ..ਆਦਤ ਪੈ ਗਈ ਏ ਹੁਣ ਤਾਂ..ਹੱਸਦੀ ਹੋਈ ਨੇ ਅੱਗੋਂ ਜੁਆਬ ਦਿੱਤਾ
“ਸਕੂਲੇ ਨਹੀਂ ਜਾਂਦੀ..ਤੇ ਤੇਰਾ ਨਾਮ ਕੀ ਏ”?
“ਸ਼ੱਬੋ ਏ ਮੇਰਾ ਨਾਮ ਤੇ ਮੈਂ ਸਰਕਾਰੀ ਸਕੂਲੇ ਛੇਵੀਂ ਵਿਚ ਪੜ੍ਹਦੀ ਹਾਂ ਜੀ..ਸਕੂਲੋਂ ਆ ਕੇ ਡੰਗਰ ਚਾਰਨੇ ਪੈਂਦੇ ਨੇ..ਪੱਠਿਆਂ ਜੋਗੇ ਪੈਸੇ ਨੀ ਹੁੰਦੇ ਮੇਰੀ ਬੇਬੇ ਕੋਲ..”
“ਤੇ ਪਿਓ”?
“ਉਹ ਸ਼ਰਾਬ ਪੀ ਕੇ ਮਰ ਗਿਆ ਸੀ ਪਿਛਲੇ ਸਾਲ”

ਏਡੀ ਵੱਡੀ ਗੱਲ ਵੀ ਉਸਨੇ ਹੱਸਦੀ ਹੋਈ ਨੇ ਇੰਝ ਹੀ ਸਹਿ-ਸੁਬਾ ਆਖ ਦਿੱਤੀ ਕੇ ਮੇਰਾ ਵਜੂਦ ਅੰਦਰੋਂ ਝੰਜੋੜਿਆ ਗਿਆ..

“ਮੇਰੇ ਕੋਲ ਕੁਝ ਪੂਰਾਣੀਆਂ ਜੁੱਤੀਆਂ ਚੱਪਲਾਂ ਨੇ..ਕਿਤੇ ਜਾਵੀਂ ਨਾ..ਮੈਂ ਹੁਣੇ ਲੈ ਕੇ ਆਉਂਦੀ ਹਾਂ ਤੇਰੇ ਜੋਗੀਆਂ”
ਮੈਨੂੰ ਅੰਦਰ ਘੜੀ ਲੱਗ ਗਈ..
ਬਾਹਰ ਆਈ ਤਾਂ ਹੋਰ ਵੀ ਕਿੰਨੇ ਸਾਰੇ ਨੰਗੇ ਪੈਰੀ ਬਿਨ ਜੁੱਤੀਓਂ ਤੁਰੇ ਫਿਰਦੇ ਬੱਚਿਆਂ ਦੀ ਭੀੜ ਜਿਹੀ ਲੱਗ ਗਈ…
ਮੈਂ ਸਾਰੇ ਜੋੜੇ ਓਹਨਾ ਅੱਗੇ ਢੇਰੀ ਕਰ ਦਿੱਤੇ..
ਉਹ ਮਿੰਟਾਂ ਸਕਿੰਟਾਂ ਵਿਚ ਹੀ ਆਪੋ-ਆਪਣੇ ਮੇਚੇ ਆਉਂਦੀਆਂ ਪਾ ਕੇ ਹਰਨ ਹੋ ਗਏ..

ਪਰ ਉਹ ਅਜੇ ਵੀ ਪਿੱਛੇ ਜਿਹੇ ਖਲੋਤੀ ਸੀ..
ਮੈਂ ਪੁੱਛਿਆ ਕੇ ਤੂੰ ਕਿਓਂ ਨਹੀਂ ਲਈ ਆਪਣੇ ਜੋਗੀ?
ਅੱਗੋਂ ਆਖਣ ਲੱਗੀ “ਜੀ ਉਹ ਵੀ ਤਾਂ ਸਾਰੇ ਆਪਣੇ ਹੀ ਨੇ..”

ਮੈਂ ਛੇਤੀ ਨਾਲ ਅੰਦਰ ਜਾ ਕੇ ਆਪਣੀ ਨਿੱਕੀ ਧੀ ਵਾਸਤੇ ਲਿਆਂਦਾ ਨਵਾਂ ਨਕੋਰ ਜੋੜਾ ਬਾਹਰ ਲੈ ਆਂਦਾ ਤੇ ਉਸਦੇ ਪੈਰੀ ਪੁਆ ਦਿੱਤਾ..
ਮਨ ਵਿਚ ਸੋਚਿਆ ਬੜਾ ਖੁਸ਼ ਹੋਵੇਗੀ ਪਰ ਉਸ ਨੇ ਉਹ ਵੀ ਲਾਹ ਕੇ ਮੈਨੂੰ ਵਾਪਿਸ ਕਰ ਦਿੱਤਾ ਤੇ ਆਖਣ ਲੱਗੀ “ਜੀ ਕੋਈ ਇਸਤੋਂ ਛੋਟਾ ਵੀ ਹੈ ਤੇ ਦੇ ਦੇਵੋ..”?

“ਉਸਦਾ ਕੀ ਕਰੇਂਗੀ..ਉਹ ਤਾਂ ਤੇਰੇ ਮੇਚ ਵੀ ਨੀ ਆਉਣਾ”..ਮੈਂ ਹੈਰਾਨ ਹੋ ਕੇ ਪੁੱਛਿਆ

“ਜੀ ਮੇਰਾ ਨਿੱਕਾ ਵੀਰ..ਉਸਨੂੰ ਡੰਗਰ ਚਾਰਦੇ ਹੋਏ ਨੂੰ ਤਿੱਖੀਆਂ ਸੂਲਾਂ ਅਤੇ ਲੰਮੇ ਕੰਡੇ ਬੜੇ ਹੀ ਜਿਆਦਾ ਚੁੱਬਦੇ ਨੇ”

ਨਿੰਮਾ-ਨਿੰਮਾ ਹੱਸਦੀ ਹੋਈ ਉਹ ਇੱਕ ਐਸਾ “ਗੁੰਝਲਦਾਰ ਸੁਆਲ” ਬਣ ਮੇਰੇ ਸਾਮਣੇ ਅਡੋਲ ਖਲੋਤੀ ਹੋਈ ਸੀ ਜਿਸਦਾ ਜੁਆਬ ਲੱਭਦੀ ਹੋਈ ਨੂੰ ਸ਼ਾਇਦ ਅੱਜ ਪਹਿਲੀ ਵਾਰ ਇਹ ਇਹਸਾਸ ਹੋਇਆ ਕੇ ਸਕੂਲੋਂ ਬਾਹਰ ਵੱਸਦੀ ਵੱਡੀ ਸਾਰੀ ਦੁਨੀਆ ਨੂੰ ਚਲਾਉਣ ਵਾਲਾ ਕਈ ਵਾਰ ਕਿੱਡੇ ਔਖੇ ਪਰਚੇ ਪਾ ਦਿਆ ਕਰਦਾ ਏ..!

ਹਰਪ੍ਰੀਤ ਸਿੰਘ ਜਵੰਦਾ

...
...

ਜਪੁਜੀ ਖਹਿਰਾ ਅਤੇ ਹਰਭਜਨ ਮਾਨ ਦੀ “ਮਿੱਟੀ ਵਾਜਾਂ ਮਾਰਦੀ”
ਪਤਾ ਨੀ ਉਸ ਦਿਨ ਉਹ ਪਹਿਲਾ ਸ਼ੋ ਸੀ ਕੇ ਦੂਜਾ..
ਅਮ੍ਰਿਤਸਰ ਰਿਆਲਟੋ ਸਿਨੇਮੇ ਦੋ ਟਿਕਟਾਂ ਬੁੱਕ ਕਰਵਾ ਦਿੱਤੀਆਂ..!
ਇਹ ਥੋੜਾ ਨਰਾਜ ਹੋਏ ਅਖ਼ੇ ਮੈਨੂੰ ਪੁੱਛ ਲੈਣਾ ਸੀ..ਪਰ ਮੈਂ ਪ੍ਰਵਾਹ ਨਾ ਕੀਤੀ..ਇਹਨਾਂ ਦਾ ਬਿਜਨਸ ਅਤੇ ਡੀਲਾਂ ਤੇ ਏਦਾਂ ਹੀ ਚੱਲਦੀਆਂ ਰਹਿਣੀਆਂ..!
ਮਿੱਥੇ ਟਾਈਮ ਆਥਣ ਵੇਲੇ ਅੱਪੜ ਸਿਨੇਮੇ ਦੇ ਬਾਹਰ ਮੋਹਨ ਹੋਟਲ ਵਾਲੇ ਪਾਸੇ ਗੱਡੀ ਖੜੀ ਕਰ ਦਿੱਤੀ..!
ਟਿਕਟਾਂ ਵਾਲੀ ਬਾਰੀ ਅਜੇ ਬੰਦ ਸੀ..ਫੇਰ ਵੀ ਕਿੰਨੀ ਸਾਰੀ ਭੀੜ..!

ਕੋਲ ਹੀ ਗੋਲਗੱਪਿਆ ਦੀ ਰੇਹੜੀ ਤੇ ਸਕੂਟਰ ਖਲਿਆਰੀ ਇੱਕ ਨਵਾਂ ਵਿਆਹਿਆ ਜੋੜਾ ਗੋਲਗੱਪੇ ਘੱਟ ਤੇ ਗੱਲਾਂ ਜਿਆਦਾ ਕਰ ਰਿਹਾ ਸੀ..
ਨਾਲਦੀ ਹੌਲੀ ਜਿਹੀ ਕੁਝ ਆਖਦੀ ਤੇ ਫੇਰ ਖਿੜ-ਖਿੜਾ ਕੇ ਹੱਸ ਪਿਆ ਕਰਦੀ..ਕੁਝ ਗੱਲਾਂ ਸਾਫ ਸਾਫ ਸੁਣਾਈ ਦੇ ਰਹੀਆਂ ਸਨ!

ਮੈਨੂੰ ਆਪਣਾ ਵੇਲਾ ਚੇਤੇ ਆ ਗਿਆ..
ਕਦੀ ਡਲਹੌਜੀ ਕਦੀ ਧਰਮਸ਼ਾਲਾ ਤੇ ਕਦੀ ਸ਼ਿਮਲੇ..ਪਤਾ ਹੀ ਨਹੀਂ ਛੇ ਮਹੀਨੇ ਕਿੱਦਾਂ ਨਿੱਕਲ ਗਏ ਸਨ..ਤੇ ਫੇਰ ਮੁੜਕੇ ਕਦੇ ਵੀ ਨਹੀਂ ਆਏ..!
ਮੈਨੂੰ ਮੂੰਹ ਜਿਹਾ ਬਣਾ ਕੇ ਕੋਲ ਬੈਠੇ ਇਹਨਾਂ ਵੱਲ ਵੇਖ ਗੁੱਸਾ ਜਿਹਾ ਚੜੀ ਜਾ ਰਿਹਾ ਸੀ ਅਤੇ ਗੱਲ ਗੱਲ ਤੇ ਹੱਸਦੀ ਹੋਈ ਹਾਸਿਆਂ ਦੀ ਉਸ ਛਹਿਬਰ ਨਾਲ ਥੋੜੀ ਜੈਲਸੀ ਜਿਹੀ ਹੋਣ ਲੱਗ ਪਈ..

ਮਨ ਹੀ ਮਨ ਸੋਚਣ ਲੱਗੀ ਕੇ ਕਿਤੇ ਆਪਣੇ ਕੋਲ ਹੀ ਨਾ ਬੈਠ ਜਾਣ..ਬਕ-ਬਕ ਕਰ ਮਜਾ ਖਰਾਬ ਕਰ ਦੇਣਾ ਸਾਰੀ ਫਿਲਮ ਦਾ..!

ਫੇਰ ਉਸਦੇ ਨਾਲਦੇ ਨੂੰ ਅਚਾਨਕ ਇੱਕ ਫੋਨ ਆਇਆ..
ਉਹ ਚੁੱਪ ਹੋ ਗਿਆ..ਪਰ ਉਹ ਅਜੇ ਵੀ ਬੋਲੀ ਜਾ ਰਹੀ ਸੀ..ਲਗਾਤਾਰ ਹੱਸੀ ਜਾ ਰਹੀ ਸੀ..!
ਉਸਨੂੰ ਚੁੱਪ ਵੇਖ ਪੁੱਛਣ ਲੱਗੀ..”ਕੀ ਹੋਇਆ”..?

ਆਖਣ ਲੱਗਾ ਭੈਣ ਤੇ ਜੀਜਾ..ਕੱਲ ਸੁਵੇਰੇ ਵਾਲੀ ਗੱਡੀ..ਬੀਜੀ ਦਾ ਫੋਨ ਸੀ ਸੌਦਾ ਲੈ ਆਉਣਾ..ਪਰ ਆਪਣੇ ਕੋਲ ਤੇ ਬੱਸ ਏਹੀ ਹਜਾਰ ਰੁਪਈਏ..ਕਿੱਦਾਂ ਕਰੀਏ..ਵੇਖੀਏ ਕੇ ਰਹਿਣ ਦੇਈਏ..?
ਉਹ ਬਿੰਦ ਕੂ ਲਈ ਉਦਾਸ ਹੋ ਗਈ ਪਰ ਫੇਰ ਅਗਲੇ ਹੀ ਪਲ ਪਹਿਲੇ ਵਾਲੇ ਰੋਂ ਵਿਚ ਆਉਂਦੀ ਹੋਈ ਆਖਣ ਲੱਗੀ ਕੋਈ ਨੀ ਫੇਰ ਸਹੀ..ਇਹ ਕਿਹੜੀ ਹਟ ਜਾਣੀ..
ਪਰ ਪਰਤਣ ਤੋਂ ਪਹਿਲਾਂ ਉਸ ਰੇਹੜੀ ਤੋਂ ਚਾਟ ਦੀ ਇੱਕ ਇੱਕ ਪਲੇਟ ਹੋਰ ਹੋ ਜਾਵੇ..

ਨਾਲ ਹੀ ਚੇਹਰੇ ਤੇ ਆਣ ਵਰੇ ਹਾਸੇ ਦੇ ਇੱਕ ਹੋਰ ਜ਼ੋਰਦਾਰ ਛਰਾਟੇ ਨਾਲ ਢਲਦੇ ਸੂਰਜ ਦੀ ਲਾਲੀ ਵਿਚ ਉਸਦਾ ਰੰਗ ਹੋਰ ਵੀ ਗੁਲਾਬੀ ਜਿਹਾ ਹੋ ਗਿਆ..!

ਪਤਾ ਨੀ ਮੇਰੇ ਦਿਲ ਵਿਚ ਕੀ ਆਈ..ਫੋਨ ਕੀਤਾ ਤੇ ਨਾਲ ਹੀ ਡਰਾਈਵਰ ਨੂੰ ਅੰਦਰ ਘੱਲ ਦਿੱਤਾ..!
ਫੇਰ ਚਾਟ ਖਾਂਦਿਆਂ ਓਹਨਾ ਦੋਹਾ ਕੋਲ ਅੱਪੜ ਕੇ ਬੁਲਾ ਲਿਆ ਤੇ ਆਖਣ ਲੱਗੀ ਕੇ “ਆਹ ਦੋ ਟਿਕਟਾਂ ਵਾਧੂ ਨੇ ਆਪਣੇ ਕੋਲ..ਕਿਸੇ ਜੋਗੀਆਂ ਲਈਆਂ ਸਨ ਓਹਨਾ ਦਾ ਕੈਂਸਲ ਹੋ ਗਿਆ..ਜੇ ਤੁਸੀਂ ਵੇਖਣੀ ਏ ਤਾਂ ਲੈ ਲਵੋ..ਵੈਸੇ ਵੀ ਵੇਸ੍ਟ ਹੀ ਜਾਣੀਆਂ..”
ਪਹਿਲੋਂ ਪਹਿਲ ਅਚਾਨਕ ਮਿਲ਼ੀ ਇਸ ਸੌਗਾਤ ਨੂੰ ਵੇਖ ਥੋੜਾ ਜਿਹਾ ਝਿਝਕੇ ਫੇਰ ਅੱਖਾਂ ਹੀ ਅੱਖਾਂ ਵਿਚ ਆਪਸੀ ਰੈ ਜਿਹੀ ਰਲਾਈਂ ਤੇ ਮੁੜ ਚੁੱਪ-ਚੁਪੀਤਾ ਜਿਹਾ ਮਤਾ ਪਕਾ ਦੋਵੇਂ ਟਿਕਟਾਂ ਫੜ ਲਈਆਂ..!

ਯਕੀਨ ਮਨਿਓਂ ਸਾਰੀ ਫਿਲਮ ਦੌਰਾਨ ਪਰਦੇ ਤੇ ਤੁਰੇ ਫਿਰਦੇ “ਜਪੁਜੀ ਖਹਿਰਾ” ਅਤੇ “ਹਰਭਜਨ ਮਾਨ” ਦਿਆਂ ਗੀਤਾਂ ਨਾਲੋਂ ਕੋਲ ਬੈਠੇ ਓਹਨਾ ਦੋਹਾਂ ਦੀਆਂ ਆਪਸੀ ਗੱਲਾਂ ਮੈਨੂੰ ਕਿਤੇ ਵੱਧ ਰੋਮਾਂਟਿਕ ਅਤੇ ਮਿਠੀਆਂ ਲੱਗੀਆਂ..!

ਹਰਪ੍ਰੀਤ ਸਿੰਘ ਜਵੰਦਾ

...
...

ਮੈਂ ਛੱਤ ਤੇ ਪਿਆ ਕਿੰਨੀ ਦੇਰ ਉਪਰ ਤਾਰਿਆਂ ਵੱਲ ਵੇਖਦਾ ਰਹਿੰਦਾ..
ਡੈਡ ਆਖਦਾ ਹੁੰਦਾ ਸੀ ਕੇ ਇਥੋਂ ਜਾਣ ਮਗਰੋਂ ਇਨਸਾਨ ਤਾਰਾ ਬਣ ਜਾਇਆ ਕਰਦਾ..
ਮਾਂ ਦੇ ਨੰਗੇ ਢਿੱਡ ਤੇ ਹੱਥ ਰੱਖ ਮੈਨੂੰ ਝੱਟ ਨੀਂਦ ਆ ਜਾਂਦੀ..
ਪਰ ਜਿੰਨੀ ਦੇਰ ਜਾਗਦਾ ਬੱਸ ਇਹੀ ਸੋਚਦਾ ਰਹਿੰਦਾ..ਘੱਟੋ ਘੱਟ ਇਹ ਤੇ ਮੇਰੇ ਕੋਲ ਹੈ ਹੀ..
ਉਹ ਵੀ ਕੋਲੇ ਪਈ ਚੁੱਪ ਚਾਪ ਸੋਚਦੀ ਰਹਿੰਦੀ..ਪਰ ਮੂਹੋਂ ਕੁਝ ਨਾ ਬੋਲਦੀ!

ਫੇਰ ਇੱਕ ਦਿਨ ਉਸ ਨੇ ਵਿਆਹ ਕਰ ਲਿਆ…
ਕੇ ਪਤਾ ਨੀ ਕਰਾ ਦਿੱਤਾ ਗਿਆ..ਪਰ ਮੈਨੂੰ ਬੜਾ ਗੁੱਸਾ ਚੜਿਆ..
ਪੁੱਤ ਦੇ ਪਿਆਰ ਦੇ ਹੁੰਦਿਆਂ ਉਸਨੂੰ ਬੇਗਾਨੇ ਇਨਸਾਨ ਦੀ ਕੀ ਲੋੜ..!

ਫੇਰ ਸਾਲ ਬਾਅਦ ਮੇਰੀ ਇੱਕ ਭੈਣ ਹੋਈ..
ਥੋੜੀ ਜਿਹੀ ਮੇਰੇ ਵਰਗੀ ਪਰ ਜਦੋਂ ਮਾਂ ਉਸਨੂੰ ਆਪਣਾ ਦੁੱਧ ਚੁੰਗਾਉਂਦੀ ਤਾਂ ਮੈਨੂੰ ਗੁੱਸਾ ਚੜ ਜਾਂਦਾ..

ਇੱਕ ਵਾਰ ਨਿੱਕੀ ਜਿਹੀ ਦੇ ਚੂੰਡੀ ਵੱਡ ਦਿੱਤੀ..
ਉਹ ਬੜਾ ਰੋਈ..ਮਾਂ ਆਖੇ ਕੋਈ ਕੀੜੀ ਵਗੈਰਾ ਲੜ ਗਈ ਹੋਣੀ..!
ਉਸ ਦਾ ਬਾਪ ਮੇਰੀ ਮਾਂ ਨੂੰ ਝਿੜਕਾਂ ਮਾਰਦਾ ਰਹਿੰਦਾ..ਤੈਥੋਂ ਖਿਆਲ ਨਹੀਂ ਰਖਿਆ ਜਾਂਦਾ..ਲਾਪਰਵਾਹ ਸਿਰੇ ਦੀ..!

ਮੈਂ ਵੀ ਅੰਦਰੋਂ ਅੰਦਰੀ ਵਿੱਸ ਘੋਲਦਾ ਰਹਿੰਦਾ..ਉਸਦੀ ਸਿੱਧੀ ਗੱਲ ਦਾ ਵੀ ਪੁੱਠਾ ਜਿਹਾ ਜੁਆਬ ਦਿੰਦਾ..!

ਅਖੀਰ ਇੱਕ ਦਿਨ ਆਪਣੇ ਪੈਰਾਂ ਸਿਰ ਹੋਇਆ ਤਾਂ ਉਸਦੀ ਦੁਨੀਆ ਛੱਡਣ ਦਾ ਮਨ ਬਣਾ ਲਿਆ..
ਸਿੱਧਾ ਨਹੀਂ ਆਖਿਆ ਬੱਸ ਉਸਨੂੰ ਪਤਾ ਲੱਗ ਗਿਆ..
ਉਹ ਬੜਾ ਰੋਈ..ਕਹਿੰਦੀ ਮੇਰਾ ਕੋਈ ਕਸੂਰ ਨਹੀਂ ਸੀ ਇਸ ਸਾਰੇ ਵਿਚ..!
ਪਰ ਮੈਂ ਉਸਦੀ ਇੱਕ ਨਾ ਸੁਣੀ..!

ਅੱਜ ਏਨੇ ਵਰ੍ਹਿਆਂ ਬਾਅਦ ਜਦੋਂ ਖੁਦ ਮੇਰੀ ਨਾਲਦੀ ਨਿੱਕੀ ਜਿਹੀ ਨੂੰ ਛੱਡ ਪੜਨ ਵਿਦੇਸ਼ ਉਡਾਰੀ ਮਾਰ ਗਈ ਤਾਂ ਥੋੜਾ ਅਜੀਬ ਜਿਹਾ ਮਹਿਸੂਸ ਹੋਇਆ..

ਫੇਰ ਉਸਨੇ ਫੋਨ ਕਰਨਾ ਬੰਦ ਕਰ ਦਿੱਤਾ ਤੇ ਫੇਰ ਬਾਹਰੋਂ ਆ ਗਏ ਤਲਾਕ ਦੇ ਪੇਪਰ..!

ਫੇਰ ਜਦੋਂ ਇੱਕਲੇਪਨ ਦਾ ਇਹਸਾਸ ਵੱਡ ਵੱਡ ਖਾਣ ਲੱਗਾ ਤਾਂ ਇੱਕ ਦਿਨ ਚੁੱਪ ਚੁਪੀਤੇ ਹੀ ਇੱਕ ਹੋਰ ਨੂੰ ਸਮੇ ਦਾ ਹਾਣੀ ਮੰਨ ਆਪਣੇ ਵੇਹੜੇ ਆਣ ਬਿਠਾਇਆ..

ਪਰ ਇਸ ਵਾਰ ਮੇਰੇ ਮੋਢੇ ਨਾਲ ਲੱਗੀ ਹੋਈ ਨੇ ਕੋਈ ਗੁੱਸਾ ਨਾ ਕੀਤਾ..
ਉਹ ਬੱਸ ਉੱਪਰ ਵੱਲ ਨੂੰ ਹੀ ਤੱਕਦੀ ਰਹੀ..ਸ਼ਾਇਦ ਤਾਰਿਆਂ ਦੇ ਝੁੰਡ ਵਿਚੋਂ ਕਿਸੇ ਜਿਉਂਦੇ ਜਾਗਦੇ ਆਪਣੇ ਨੂੰ ਲੱਭਦੀ ਹੋਈ..!

ਅੱਜ ਏਨੇ ਵਰ੍ਹਿਆਂ ਬਾਅਦ ਸੈੱਲ ਫੋਨ ਦੀ ਕੰਟੈਕਟ ਲਿਸਟ ਤੇ ਉਂਗਲ ਫੇਰਦਿਆਂ ਮੇਰਾ ਹੱਥ ਪਤਾ ਨਹੀਂ ਕਿਓਂ ਆਪਣੇ ਆਪ ਹੀ ਮਾਂ ਦੇ ਓਸੇ ਪੂਰਾਣੇ ਨੰਬਰ ਤੇ ਆਣ ਟਿਕਿਆ..ਵਕਤ ਨੇ ਮੈਨੂੰ ਕਿੰਨੇ ਸਾਰੇ ਸਵਾਲਾਂ ਦੇ ਜੁਆਬ ਜੂ ਦੇ ਦਿੱਤੇ ਸਨ..!

ਹੁਣ ਅੰਬਰੀ ਤਾਰਾ ਬਣ ਗਿਆ ਮੇਰਾ ਬਾਪ ਅਕਸਰ ਹੀ ਮੇਰੇ ਸੁਫਨਿਆਂ ਵਿਚ ਆ ਜਾਂਦਾ ਏ ਤੇ ਸ਼ਿਵ ਦਾ ਇਹ ਗੀਤ ਸੁਣਾ ਮੁੜ ਅਲੋਪ ਹੋ ਜਾਂਦਾ ਏ ਕੇ..”ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ..ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ”

ਫੇਰ ਮੈਂ ਕਿੰਨੀ ਕਿੰਨੀ ਦੇਰ ਬਸ ਏਹੀ ਗੱਲ ਸੋਚਦਾ ਰਹਿੰਦਾ ਹਾਂ ਕੇ ਜੋਬਨ ਰੁੱਤ ਦੀ ਇਹ ਕੈਸੀ ਆਸ਼ਕੀ ਜਿਹੜੀ ਮੇਰੇ ਵਰਗੇ ਮਗਰ ਰਹਿ ਗਿਆਂ ਨੂੰ ਸਾਰੀ ਉਮਰ ਡਾਹਢੇ ਇਮਤਿਹਾਨਾਂ ਵਿਚੋਂ ਦੀ ਹੀ ਲੰਗਾਉਂਦੀ ਰਹਿੰਦੀ ਏ

ਹਰਪ੍ਰੀਤ ਸਿੰਘ ਜਵੰਦਾ

...
...

ਉਹ ਕਿਸੇ ਕੰਮ ਬੈੰਕ ਆਈ..
ਡਰਾਈਵਰ ਨੂੰ ਵਾਪਿਸ ਘੱਲ ਦਿੱਤਾ ਕੇ ਕੰਮ ਮੁਕਾ ਕੇ ਫੋਨ ਕਰੂੰ..
ਥੋੜੇ ਚਿਰ ਮਗਰੋਂ ਬਾਹਰ ਨਿਕਲੀ..ਵੇਖਿਆ ਫੋਨ ਦੀ ਬੈਟਰੀ ਡੈਡ ਸੀ..ਨੰਬਰ ਵੀ ਕੋਈ ਯਾਦ ਨਹੀਂ..ਹੁਣ ਕੀ ਕੀਤਾ ਜਾਵੇ?
ਅੱਧੇ ਕਿਲੋਮੀਟਰ ਦੀ ਵਾਟ..ਦੋ ਪੈਰ ਪੁੱਟੇ..ਜੂਨ ਮਹੀਨਾ..ਅੱਤ ਦੀ ਗਰਮੀ..ਛੇਤੀ ਨਾਲ ਫੇਰ ਛਾਵੇਂ ਵਾਪਿਸ ਮੁੜ ਆਈ..
ਕੋਲ ਹੀ ਇੱਕ ਰਿਕਸ਼ੇ ਵਾਲੇ ਨੂੰ ਵਾਜ ਮਾਰੀ…
“ਅਗਲੇ ਮੋੜ ਤੇ ਸੱਜੇ ਮੁੜ ਦੂਜੀ ਕੋਠੀ..ਕਿੰਨੇ ਪੈਸੇ?
“ਦਸ ਰੁਪਈਏ ਜੀ”…
“ਦਸ ਜਿਆਦਾ ਨਹੀਂ..ਆਹ ਹੀ ਤਾਂ ਹੈ..ਦੋ ਮਿੰਟ ਦਾ ਰਾਹ”..
“ਨਹੀਂ ਜੀ ਏਨੀ ਮੰਹਿਗਾਈ ਵਿਚ ਏਦੂੰ ਘੱਟ ਵਾਰਾ ਨੀ ਖਾਂਦਾ..ਅਜੇ ਤੱਕ ਰਿਕਸ਼ੇ ਦਾ ਕਿਰਾਇਆ ਤੱਕ ਪੂਰਾ ਨੀ ਹੋਇਆ..”

ਬਿਨਾ ਜੁਆਬ ਦਿੱਤਿਆਂ ਹੀ ਉਹ ਅੰਦਰ ਆ ਵੜੀ ਤੇ ਆਉਂਦਿਆਂ ਹੀ ਰਿਕਸ਼ੇ ਦੀ ਛਤਰੀ ਉੱਪਰ ਕਰਵਾ ਲਈ..
ਬਾਬੇ ਜੀ ਨੇ ਆਪਣੇ ਸੱਜੇ ਪਹੁੰਚੇ ਨੂੰ ਗੰਢ ਮਾਰ ਪੈਡਲ ਮਾਰਨੇ ਸ਼ੁਰੂ ਕਰ ਦਿੱਤੇ..!

ਕੋਠੀ ਪਹੁੰਚ ਉਹ “ਹਾਇ ਗਰਮੀ” ਆਖ ਛੇਤੀ ਨਾਲ ਅੰਦਰ ਵੜ ਗਈ..ਤੇ ਜਾਂਦਿਆਂ ਆਖ ਗਈ..ਨੌਕਰ ਹੱਥ ਪੈਸੇ ਭੇਜਦੀ ਹਾਂ..”

ਪੰਜਾਂ ਮਿੰਟਾਂ ਮਗਰੋਂ ਨੌਕਰ ਆਇਆ ਤੇ ਉਸਨੂੰ ਪੰਜਾ ਦਾ ਨੋਟ ਫੜਾ ਗੇਟ ਮਾਰ ਲਿਆ..
ਬਾਬਾ ਮਗਰੋਂ ਵਾਜ ਮਾਰਦਾ ਹੀ ਰਹਿ ਗਿਆ..”ਬਾਊ ਜੀ ਗੱਲ ਦਸਾਂ ਦੀ ਹੋਈ ਸੀ..ਇਹ ਤਾਂ ਸਿਰਫ ਪੰਜ ਰੁਪਈਏ ਨੇ”

“ਬੀਬੀ ਜੀ ਆਹਂਦੀ ਸੀ ਏਨੇ ਹੀ ਬਣਦੇ ਨੇ..ਹੁਣ ਤੁਰਦਾ ਹੋ ਨਹੀਂ ਤਾਂ ਲੱਗਾ ਛੱਡਣ ਕੁੱਤਾ..ਮੁੜ ਲਵਾਉਂਦਾ ਫਿਰੀਂ ਟੀਕੇ..”

ਉਸਨੇ ਪਹਿਲਾਂ ਨੋਟ ਵੱਲ ਦੇਖਿਆ ਫੇਰ ਕੋਠੀ ਦੇ ਬੰਦ ਗੇਟ ਵੱਲ…
ਮੁੜ ਮੁੜਕਾ ਪੂੰਝ ਅਗਲੀ ਸਵਾਰੀ ਦੀ ਤਲਾਸ਼ ਵਿਚ ਰਿਕਸ਼ਾ ਮੋੜ ਲਿਆ..ਸ਼ਾਇਦ ਮਨ ਵਿਚ ਸੋਚ ਰਿਹਾ ਸੀ..”ਚੱਲ ਮਨਾਂ..ਇਹ ਕਿਹੜਾ ਅੱਜ ਪਹਿਲੀ ਵਾਰ ਹੋਇਆ”!

ਦੋਸਤੋ ਜੇ ਕਿਸੇ ਮੌਕੇ ਰਿਕਸ਼ੇ,ਰੇਹੜੀ,ਮੋਚੀ ਤੇ ਜਾਂ ਫੇਰ ਕਿਸੇ ਸਬਜੀ ਵਾਲੇ ਨਾਲ ਵਾਹ ਪੈ ਜਾਵੇ ਤਾਂ ਏਦਾਂ ਨਾ ਕੀਤਾ ਜਾਵੇ..ਕਿਓੰਕੇ ਜਦੋਂ ਇਸ ਵਰਗ ਨਾਲ ਧੱਕਾ ਹੁੰਦਾ ਏ ਤਾਂ ਇਹਨਾਂ ਦੀ ਕਿਸੇ ਠਾਣੇ ਚੋਂਕੀ ਜਾਂ ਅਦਾਲਤ ਵਿਚ ਕੋਈ ਸੁਣਵਾਈ ਨਹੀਂ ਹੁੰਦੀ..ਇਹ ਘਟਨਾ ਮੇਰੀ ਅੱਖੀਂ ਵੇਖੀ ਦੀ ਹੈ..!

ਹਰਪ੍ਰੀਤ ਸਿੰਘ ਜਵੰਦਾ

...
...

ਬੀਜੀ ਨੂੰ ਸੋਨੇ ਨਾਲ ਅਤੇ ਭੈਣ ਜੀ ਨੂੰ ਆਪਣੇ ਕਮਰੇ ਨਾਲ ਬਹੁਤ ਪਿਆਰ ਸੀ..
ਬੀਜੀ ਨੇ ਕਿਧਰੇ ਜਾਣਾ ਹੁੰਦਾ ਤਾਂ ਗਹਿਣਿਆਂ ਵਾਲੀ ਪੋਟਲੀ ਹਮੇਸ਼ਾਂ ਆਪਣੇ ਨਾਲ ਹੀ ਰਖਿਆ ਕਰਦੀ..
ਭੈਣ ਜੀ ਵੀ ਜਦੋਂ ਕਾਲਜ ਵੱਲੋਂ ਕੈਂਪ ਤੇ ਜਾਂਦੀ ਤੇ ਆਪਣੇ ਕਮਰੇ ਨੂੰ ਜਿੰਦਾ ਮਾਰ ਜਾਇਆ ਕਰਦੀ..ਮੈਨੂੰ ਫਰੋਲਾ-ਫਰੋਲੀ ਦੀ ਆਦਤ..ਮੈਂ ਲੁਕਾਈ ਹੋਈ ਕੁੰਜੀ ਲੱਭ ਕਿੰਨਾ ਕੁਝ ਕੱਢ ਲਿਆਉਂਦਾ..ਉਹ ਆਉਂਦੀ ਤਾਂ ਕਿੰਨੇ ਸਾਰੇ ਮਹਾਭਾਰਤ ਸ਼ੁਰੂ ਹੋ ਜਾਂਦੇ!
ਬੀਜੀ ਕਿਸੇ ਨਾਲ ਗੁੱਸੇ ਹੋ ਜਾਂਦੀ ਤਾਂ ਆਖਦੀ ਮੈਂ ਤੈਨੂੰ ਆਪਣਾ ਸੋਨਾ ਨਹੀਂ ਦੇਣਾ!

ਅਸੀਂ ਉਸਦਾ ਨਾਮ ਹੀ “ਸੋਨੇ ਵਾਲੀ ਬੀਬੀ” ਪਾ ਛੱਡਿਆ..!
ਵਿਆਹ ਮੰਗਣੇ ਅਤੇ ਤਿੱਥ-ਤਿਓਹਾਰ ਤੇ ਜਦੋਂ ਵੀ ਗੱਲ ਛਿੜਦੀ ਤਾਂ ਅਸੀਂ ਉਸਨੂੰ ਸੋਨੇ ਵਾਲੀ ਬੀਬੀ ਆਖ ਛੇੜਦੇ..
ਉਹ ਕਈ ਵਾਰ ਗੁੱਸਾ ਕਰ ਜਾਂਦੀ..ਫੇਰ ਕਈ ਕਈ ਦਿਨ ਬੋਲਦੀ ਨਾ..!

ਜਦੋਂ ਇੱਕ ਵਾਰ ਡਾਕਟਰ ਨੇ ਮਿੱਠਾ ਖਾਣੋਂ ਮਨਾ ਕਰ ਦਿੱਤਾ ਤਾਂ ਡੈਡੀ ਨੇ ਗੁੜ ਵਾਲਾ ਡੱਬਾ ਉੱਪਰਲੀ ਪੜਛੱਤੀ ਤੇ ਰੱਖ ਦਿੱਤਾ..ਤਾਂ ਕੇ ਉਸਦਾ ਹੱਥ ਨਾ ਅੱਪੜੇ..!

ਫੇਰ ਮੰਜੇ ਤੇ ਪਈ ਦੁਪਹਿਰ ਕੂ ਵੇਲੇ ਜਦੋਂ ਸਾਰੇ ਕੰਮ ਕਾਰਾਂ ਤੇ ਤੁਰ ਜਾਂਦੇ ਤਾਂ ਮੈਨੂੰ ਕੋਲ ਖੇਡਦੇ ਨੂੰ ਵਾਜ ਮਾਰਦੀ..!
ਫੇਰ ਆਖਦੀ ਥੋੜਾ ਜਿਹਾ ਗੁੜ ਲਿਆਂਦੇ..
ਮੈਂ ਨਾਂਹ ਨੁੱਕਰ ਕਰਦਾ ਤਾਂ ਅੱਗੋਂ ਆਪਣੇ ਸਿਰਹਾਣੇ ਹੇਠ ਰੱਖੀ ਗਹਿਣਿਆਂ ਵਾਲੀ ਪੋਟਲੀ ਵਿਖਾ ਕੇ ਆਖਿਆ ਕਰਦੀ ਕਿੰਨੇ ਸਾਰੇ ਖਿਡੌਣੇ ਲੈ ਕੇ ਦੇਊਂਗੀ..!
ਮੈਂ ਉਸਨੂੰ ਵੱਡੀ ਸਾਰੀ ਢੇਲੀ ਕੱਢ ਕੇ ਲਿਆ ਦਿੰਦਾ..ਉਹ ਖੁਸ਼ ਹੋ ਜਾਂਦੀ..ਕਿੰਨੀਆਂ ਸਾਰੀਆਂ ਅਸੀਸਾਂ ਦਿੰਦੀ..!
ਅਕਸਰ ਕੋਲ ਸੱਦ ਆਖਿਆ ਕਰਦੀ ਕੇ ਪੁੱਤ ਬਾਹਰ ਵੇਹੜੇ ਉੱਗੀ ਧਰੇਕ ਤੇ ਪਾਏ ਆਲ੍ਹਣੇ ਨਾ ਛੇੜਿਆ ਕਰੋ..ਚਿੜੀਆਂ ਰੁੱਸ ਜਾਂਦੀਆਂ..ਤੇ ਫੇਰ ਵਾਪਿਸ ਨਹੀਂ ਪਰਤਦੀਆਂ..!

ਇੱਕ ਦਿਨ ਸੈਨਤ ਮਾਰ ਮੈਨੂੰ ਕੋਲ ਸੱਦਿਆ ਤੇ ਆਖਣ ਲੱਗੀ “ਪਿਓ ਨੂੰ ਆਖ ਮੈਨੂੰ ਮਰਨ ਨਾ ਦੇਵੇ..ਮੈਂ ਆਪਣੀ ਪੋਤਰੀ ਦਾ ਵਿਆਹ ਵੇਖ ਕੇ ਜਾਣਾ”
ਮੈਂ ਸ਼ਹਿਰੋਂ ਆਏ ਡੈਡੀ ਨੂੰ ਇਹ ਗੱਲ ਦੱਸੀ ਤਾਂ ਅੱਖੀਆਂ ਪੂੰਝਦੇ ਹੋਏ ਨੇ ਉਸ ਨੂੰ ਆਪਣੇ ਕਲਾਵੇ ਵਿਚ ਲੈ ਲਿਆ..!

ਫੇਰ ਇੱਕ ਦਿਨ ਬੀਜੀ ਵਾਕਿਆ ਹੀ ਚਲੀ ਗਈ..ਚੁੱਪ-ਚੁਪੀਤੇ..ਰਾਤੀ ਸੁੱਤੀ ਪਈ ਹੀ ਸੋਂ ਗਈ..ਕੋਲ ਪਏ ਮੇਰੇ ਡੈਡੀ ਨੂੰ ਵੀ ਪਤਾ ਨਾ ਲੱਗਾ..!
ਪਰ ਜਾਣ ਤੋਂ ਪਹਿਲਾਂ ਪਤਾ ਨੀ ਕਿਹੜੇ ਵੇਲੇ ਉੱਠ ਸੋਨੇ ਦੀ ਪੋਟਲੀ ਚੁੱਕ ਮੇਰੀ ਭੈਣ ਦੇ ਸਿਰਹਾਣੇ ਰੱਖ ਆਈ ਸੀ..!

ਫੇਰ ਜਿਸ ਦਿਨ ਭੈਣ ਜੀ ਦੀ ਡੋਲੀ ਤੁਰਨ ਲੱਗੀ ਤਾਂ ਉਹ ਉਚੇਚਾ ਮੈਨੂੰ ਕੋਲ ਸੱਦ ਆਖਣ ਲੱਗੀ..”ਕੁਝ ਦਿੰਨਾ ਲਈ ਬਾਹਰ ਚੱਲੀ ਹਾਂ..ਆਉਂਦੀ ਜਾਂਦੀ ਰਹਾਂਗੀ..ਖਿਆਲ ਰਖੀਂ ਜੇ ਮੇਰੇ ਕਮਰੇ ਨੂੰ ਹੱਥ ਵੀ ਲਾਇਆ ਤਾਂ ਲੱਤਾਂ ਤੋੜ ਦਿਆਂਗੀ..”

ਅੱਜ ਏਨੇ ਵਰ੍ਹਿਆਂ ਬਾਅਦ ਜਦੋਂ ਵੀ ਭੈਣ ਜੀ ਨੇ ਘਰੇ ਆਉਣਾ ਹੁੰਦਾ ਏ ਤਾਂ ਪੋਟਲੀ ਵਾਲੀ ਬੀਜੀ ਦੀ ਆਖੀ ਹੋਈ ਆਲ੍ਹਣੇ ਵਾਲੀ ਓਹੀ ਗੱਲ ਚੇਤੇ ਕਰ ਸਭ ਤੋਂ ਪਹਿਲਾਂ ਉਸਦਾ ਕਮਰਾ ਸਾਫ ਕਰਦਾ ਹਾਂ..
ਪਰ ਇੰਝ ਲੱਗਦਾ ਜਿੱਦਾਂ ਹੁਣ ਉਹ ਆਪਣੇ ਇਸ ਆਲ੍ਹਣੇ ਨੂੰ ਆਪਣਾ ਨਹੀਂ ਸਮਝਦੀ..ਜੇ ਸਮਝਦੀ ਹੋਵੇ ਤਾਂ ਬੇਗਾਨਿਆਂ ਵਾਂਙ ਸਿਰਫ ਇੱਕ ਦੋ ਦਿਨ ਰਹਿ ਕੇ ਏਨੀ ਛੇਤੀ ਵਾਪਿਸ ਕਿਓਂ ਪਰਤ ਜਾਵੇ..!

ਹਰਪ੍ਰੀਤ ਸਿੰਘ ਜਵੰਦਾ

...
...

ਸਿਖਿਆ ਵਿਭਾਗ ਵਿਚੋਂ ਅਫਸਰ ਰਿਟਾਇਰ ਹੋਏ ਭਾਪਾ ਜੀ ਦੇ ਸੁਬਾਹ ਵਿਚ ਅਧਰੰਗ ਦੇ ਦੌਰੇ ਮਗਰੋਂ ਕਿੰਨਾ ਬਦਲਾਓ ਆ ਗਿਆ ਸੀ..
ਹੱਡੀਆਂ ਦੀ ਮੁੱਠ ਬਣ ਗਏ ਉਹ ਕਈ ਵਾਰ ਕਿੰਨੇ ਸਾਰੇ ਸਵਾਲ ਵਾਰ-ਵਾਰ ਪੁੱਛਦੇ ਰਹਿੰਦੇ..
ਦਫਤਰ ਦੀਆਂ ਟੈਂਸ਼ਨਾਂ ਅਤੇ ਪ੍ਰੋਮੋਸ਼ਨ ਦੀ ਦੌੜ..ਕਈ ਵਾਰ ਥੱਕਿਆ ਟੁਟਿਆ ਆਇਆ ਓਹਨਾ ਤੇ ਖਿਝ ਵੀ ਜਾਇਆ ਕਰਦਾ..!
ਉਹ ਅੱਗੋਂ ਚੁੱਪ ਜਿਹੇ ਕਰ ਜਾਂਦੇ ਤੇ ਗੁਟਕਾ ਫੜ ਪਾਠ ਕਰਨ ਲੱਗ ਜਾਂਦੇ..
ਫੇਰ ਕਿੰਨੀ ਦੇਰ ਨਜਰ ਨਾ ਮਿਲਾਉਂਦੇ..
ਫੇਰ ਮੈਨੂੰ ਆਪਣੀ ਗਲਤੀ ਦਾ ਇਹਸਾਸ ਹੁੰਦਾ ਤੇ ਮੈਂ ਕਿੰਨਾ ਕਿੰਨਾ ਚਿਰ ਕੋਲ ਬੈਠਾ ਗੱਲਾਂ ਕਰਦਾ ਰਹਿੰਦਾ..!

ਫੇਰ ਨਾਲਦੀ ਦੇ ਆਖਣ ਤੇ ਓਹਨਾ ਦੀ ਟਹਿਲ ਪਾਣੀ ਲਈ ਇੱਕ ਮੁੰਡਾ ਰੱਖ ਲਿਆ..
ਓਹੀ ਓਹਨਾ ਦੇ ਕੱਪੜੇ ਬਦਲਦਾ..ਮੂੰਹ ਹੇਠ ਧੋਵਾ ਸਿਰ ਤੇ ਪਰਨਾ ਬੰਨ੍ਹਦਾ..ਅਤੇ ਰੋਟੀ ਪਾਣੀ ਤੇ ਦਵਾਈਆਂ ਦਾ ਖਿਆਲ ਵੀ ਰੱਖਦਾ!

ਇੱਕ ਵਾਰ ਉਸਨੇ ਤਿੰਨ ਦਿਨ ਦੀ ਛੁੱਟੀ ਮਾਰ ਲਈ..
ਭਾਪਾ ਜੀ ਦੇ ਸਾਰੇ ਕੰਮ ਮੈਨੂੰ ਕਰਨੇ ਪਏ..
ਮੈਂ ਦਫਤਰ ਵਿਚੋਂ ਟਾਈਮ ਕੱਢ ਕੇ ਦਿਨ ਵਿਚ ਇੱਕ ਦੋ ਵਾਰ ਘਰੇ ਆ ਜਾਂਦਾ..

ਇੱਕ ਦਿਨ ਪਜਾਮਾ ਕੁੜਤਾ ਲੱਬਦੇ ਹੋਏ ਨੂੰ ਇੱਕ ਪੂਰਾਣੀ ਐਲਬੰਮ ਦਿਸ ਪਈ..
ਵਰਕੇ ਫਰੋਲਦਾ ਹੋਇਆ ਬਚਪਨ ਵਿਚ ਅੱਪੜ ਗਿਆ..
ਇੱਕ ਫੋਟੋ ਵਿਚ ਉਹ ਗੋਡੇ ਥੱਲੇ ਲਾ ਘੋੜਾ ਬਣੇ ਹੋਏ ਸਨ ਤੇ ਮੈਂ ਓਹਨਾ ਦੀ ਪਿੱਠ ਤੇ ਚੜਿਆ ਹੋਇਆ ਹੱਸ ਰਿਹਾ ਸਾਂ..
ਇੱਕ ਓਦੋਂ ਦੀ ਸੀ ਜਦੋਂ ਪਹਿਲੀ ਵਾਰ ਸਾਈਕਲ ਦੀ ਜਾਚ ਸਿੱਖੀ..ਓਹਨਾ ਸਾਈਕਲ ਮਗਰੋਂ ਘੁੱਟ ਕੇ ਫੜਿਆਂ ਹੋਇਆ ਸੀ..!
ਇੱਕ ਵਿਚ ਦੀਵਾਲੀ ਦੀ ਪਟਾਕਿਆਂ ਦਾ ਢੇਰ ਅਤੇ ਕਿੰਨੇ ਕਿਸਮ ਦੀ ਮਠਿਆਈ ਅਤੇ ਹੋਰ ਵੀ ਕਿੰਨਾ ਕੁਝ..
ਇੱਕ ਹੋਰ ਵਿਚ ਗੋਡੇ ਤੇ ਲੱਗੀ ਸੱਟ ਤੇ ਪੱਟੀ ਬੰਨ੍ਹਦੇ ਹੋਏ..
ਤੇ ਇੱਕ ਵਿਚ ਮੈਨੂੰ ਰੋਂਦੇ ਹੋਏ ਨੂੰ ਆਪਣੀ ਬੁੱਕਲ ਵਿਚ ਲੈ ਕੇ ਚੁੱਪ ਕਰਵਾ ਰਹੇ ਸਨ..
ਇੱਕ ਹੋਰ ਵਿਚ ਮੈਨੂੰ ਪਹਾੜੀ ਚੜ੍ਹਦੇ ਹੋਏ ਆਪਣੇ ਕੰਧਾੜੇ ਚੜਾਇਆ ਹੋਇਆ ਸੀ..!

ਤਸਵੀਰਾਂ ਬਣ ਚਾਰੇ ਪਾਸੇ ਖਿੱਲਰ ਗਿਆ ਬਚਪਨ ਵੇਖ ਮੈਂ ਸੁੰਨ ਜਿਹਾ ਹੋ ਗਿਆ..
ਸੋਚਣ ਲੱਗਾ ਕਿੰਨੇ ਸੋਹਣੇ ਹੁੰਦੇ ਸਨ ਭਾਪਾ ਜੀ..ਮੋਟੇ ਮੋਟੇ ਡੌਲੇ,ਮੋਟੀਆਂ ਮੋਟੀਆਂ ਪਿੰਨੀਆਂ ਅਤੇ ਉਚਾ ਲੰਮਾ ਕਦ..
ਜਦੋਂ ਵੀ ਦਾਰਾ ਸਿੰਘ ਦੀ ਫਿਲਮ ਆਉਂਦੀ ਤਾਂ ਮੇਰਾ ਧਿਆਨ ਕੋਲ ਬੈਠੇ ਭਾਪਾ ਜੀ ਵੱਲ ਚਲਿਆ ਜਾਂਦਾ..ਉਹ ਮੈਨੂੰ ਦੁਨੀਆ ਦੇ ਸਭ ਤੋਂ ਤਾਕਤਵਰ ਇਨਸਾਨ ਜਾਪਦੇ!
ਸੋਚਾਂ ਦੀ ਘੁੰਮਣ ਘੇਰੀ ਵਿਚੋਂ ਨਿੱਕਲ ਛੇਤੀ ਨਾਲ ਵਾਪਿਸ ਕਮਰੇ ਵਿਚ ਆਇਆ ਤਾਂ ਥੋੜੀ ਮੁਸ਼ਕ ਜਿਹੀ ਆਈ..
ਉਹ ਮੈਨੂੰ ਅੰਦਰ ਆਉਂਦਿਆਂ ਵੇਖ ਗਿੱਲੇ ਹੋ ਗਏ ਬਿਸਤਰੇ ਵਿਚੋਂ ਬਾਹਰ ਆਉਣ ਦੀ ਨਾਕਾਮ ਕੋਸ਼ਿਸ਼ ਵਿਚ ਲੱਗੇ ਹੋਏ ਸਨ..
ਸ਼ਾਇਦ ਉੱਤੇ ਹੀ ਪਿਸ਼ਾਬ ਨਿੱਕਲ ਗਿਆ ਸੀ..
ਮੈਨੂੰ ਵੇਖ ਥੋੜਾ ਸਹਿੰਮ ਜਿਹੇ ਗਏ ਤੇ ਨਜਰਾਂ ਬਚਾਉਂਦੇ ਹੋਏ ਹੋਰ ਜਿਆਦਾ ਕੋਸ਼ਿਸ਼ ਕਰਨ ਲੱਗੇ ਪਰ ਕਮਜ਼ੋਰ ਸਰੀਰ ਸ਼ਾਇਦ ਸਾਥ ਨਹੀਂ ਸੀ ਦੇ ਰਿਹਾ..!
ਮੈਂ ਦੌੜ ਕੇ ਜਾ ਓਹਨਾ ਨੂੰ ਜੱਫੀ ਪਾ ਲਈ ਤੇ ਆਖਣ ਲੱਗਾ ਭਾਪਾ ਜੀ ਫਿਕਰ ਨਾ ਕਰੋ ਹੁਣੇ ਹੀ ਸਭ ਕੁਝ ਬਦਲ ਦਿੰਦਾ ਹਾਂ..
ਗਿੱਲੀਆਂ ਅੱਖਾਂ ਨਾਲ ਮੇਰੇ ਵੱਲ ਵੇਖ ਆਖਣ ਲੱਗੇ “ਨਹੀਂ ਬੇਟਾ ਤੂੰ ਕਿੱਦਾਂ ਕਰੇਗਾਂ ਮੈਂ ਆਪੇ ਹੀ ਕਰ ਲੈਂਦਾ ਹਾਂ..”
“ਕਿਓਂ ਨਹੀਂ ਭਾਪਾ ਜੀ..ਤੁਸੀਂ ਵੀ ਤੇ ਕਰਿਆ ਕਰਦੇ ਸੌ ਜਦੋਂ ਮੈਂ ਨਿੱਕਾ ਹੁੰਦਾ ਸਾਂ..ਓਦੋਂ ਮੈਂ ਥੋਡਾ ਬੇਟਾ ਸਾਂ ਤੇ ਹੁਣ ਤੁਸੀਂ ਮੇਰੇ..”

ਗਿੱਲੀ ਹੋ ਗਈ ਚਾਦਰ ਬਦਲਦੇ ਹੋਏ ਨੂੰ ਇਸ ਵਾਰ ਮੁਸ਼ਕ ਨਹੀਂ ਸਗੋਂ ਓਸੇ ਬਾਗ਼ ਦੇ ਖਿੜੇ ਹੋਏ ਫੁੱਲਾਂ ਦੀ ਮਿੱਠੀ-ਮਿੱਠੀ ਖੁਸਬੋ ਆ ਰਹੀ ਸੀ ਜਿਥੇ ਅਕਸਰ ਹੀ ਨਿੱਕੇ ਹੁੰਦੇ ਨੂੰ ਵਾਕਰ ਵਿਚ ਪਾ ਕੇ ਕਿੰਨੀ ਕਿੰਨੀ ਦੇਰ ਸੈਰ ਕਰਵਾਈ ਜਾਂਦਾ ਇੱਕ ਦਾਰਾ ਸਿੰਘ ਕਦੀ ਵੀ ਨਹੀਂ ਸੀ ਥੱਕਿਆ ਕਰਦਾ!

ਹਰਪ੍ਰੀਤ ਸਿੰਘ ਜਵੰਦਾ

...
...

ਪੇਕੇ ਜਾਂਦੀ ਦੀ ਬੱਸ ਨਹਿਰ ਵਿਚ ਜਾ ਪਈ ਸੀ..ਮੁੜਕੇ ਰਿਸ਼ਤੇਦਾਰੀ ਨੇ ਜ਼ੋਰ ਪਾ ਕੇ ਡੈਡੀ ਜੀ ਦਾ ਦੂਜਾ ਵਿਆਹ ਕਰ ਦਿੱਤਾ..!

ਨਵੀਂ ਲਿਆਂਧੀ ਉਮਰ ਦੀ ਛੋਟੀ ਸੀ..
ਮਸਾਂ ਵੀਹਾਂ ਦੀ..ਡੈਡ ਓਦੋ ਪੈਂਤੀ ਕੂ ਵਰ੍ਹਿਆਂ ਦਾ ਹੋਵੇਗਾ..!
ਨਵੀਂ ਵੀ ਇਥੇ ਦੂਜੇ ਥਾਂ ਹੀ ਆਈ ਸੀ..ਪਹਿਲੇ ਵਾਲਾ ਦੱਸਦੇ ਵਿਆਹ ਤੋਂ ਮਸੀ ਛੇ ਮਹੀਨੇ ਬਾਅਦ ਹੀ ਪੁਲਸ ਨੇ ਚੁੱਕ ਲਿਆ ਤੇ ਏਧਰ ਓਧਰ ਕਰ ਦਿੱਤਾ ਸੀ..!

ਮੈਨੂੰ ਲੋਕਾਂ ਬੜਾ ਡਰਾਇਆ ਪਰ ਉਹ ਸੁਬਾਹ ਦੀ ਬੜੀ ਚੰਗੀ ਸੀ..
ਪਰ ਪਤਾ ਨੀ ਕਿਓਂ ਮਗਰੋਂ ਛੇਤੀ ਹੀ ਸਾਡੇ ਘਰੇ ਕਲੇਸ਼ ਜਿਹਾ ਰਹਿਣ ਲੱਗ ਪਿਆ..
ਡੈਡੀ ਸ਼ਾਇਦ ਉਸ ਤੇ ਸ਼ੱਕ ਜਿਹਾ ਕਰਿਆ ਕਰਦਾ…
ਮੇਰੇ ਤਾਏ ਜੀ ਦੇ ਮੁੰਡੇ ਉਮਰ ਦੇ ਉਸਦੇ ਹਾਣੀ ਸਨ..ਜਦੋਂ ਵੀ ਉਹ ਕਿਸੇ ਕੰਮ ਸਾਡੇ ਘਰੇ ਆਉਂਦੇ ਤਾਂ ਉਹ ਅੰਦਰੋਂ ਨਾ ਨਿੱਕਲਦੀ..ਡੈਡ ਨੇ ਮਨਾ ਕੀਤਾ ਸੀ..!
ਡੈਡੀ ਜੀ ਕਦੀ-ਕਦੀ ਪੈਲੀਆਂ ਚੋਂ ਕੰਮ ਛੱਡ ਅਚਾਨਕ ਘਰੇ ਆ ਜਾਇਆ ਕਰਦਾ ਤੇ ਫੇਰ ਬਿਨਾ ਕੁਝ ਆਖੇ ਸਾਰੇ ਅੰਦਰ ਫਰੋਲਦਾ..ਉਹ ਓਨੀ ਦੇਰ ਮੁਲਜਮਾਂ ਵਾਂਙ ਖੂੰਜੇ ਲੱਗੀ ਰਹਿੰਦੀ..!

ਦਸਵੀਂ ਵਿਚ ਹੋਈ ਤਾਂ..ਇਹਨਾਂ ਦਾ ਲੜਾਈ ਝਗੜਾ ਵੱਧ ਗਿਆ..ਡੈਡੀ ਮੈਨੂੰ ਆਖਿਆ ਕਰਦਾ ਇਸਦਾ ਖਿਆਲ ਰੱਖਿਆ ਕਰ..
ਪੇਕੇ ਵੀ ਘੱਟ ਵੱਧ ਹੀ ਜਾਣ ਦੀਆ ਕਰਦਾ..ਮੈਨੂੰ ਕਈ ਵਾਰ ਖੂੰਜੇ ਲੱਗ ਕੇ ਰੋਂਦੀ ਤੇ ਬੜਾ ਤਰਸ ਵੀ ਆਉਂਦਾ!

ਡੈਡੀ ਅਕਸਰ ਹੀ ਆਪਣੀ ਦਾਹੜੀ ਰੰਗਿਆ ਕਰਦਾ ਪਰ ਉਸਨੂੰ ਮੂੰਹ ਤੇ ਕੁਝ ਵੀ ਨਾ ਲਾਉਣ ਦਿੰਦਾ..ਆਖਦਾ ਤੂੰ ਹਰ ਸ਼ਿੰਗਾਰ ਕਿਸਨੂੰ ਵਿਖਾਉਣੇ..!

ਉਸਨੇ ਪਤਾ ਨੀ ਆਪਣੇ ਪੇਟੋਂ ਖੁਦ ਦਾ ਜਵਾਕ ਆਪ ਹੀ ਨਹੀਂ ਸੀ ਜੰਮਿਆ ਤੇ ਜਾੰ ਫੇਰ ਡੈਡੀ ਨੇ ਹੀ ਨਹੀਂ ਸੀ ਜੰਮਣ ਦਿੱਤਾ..!
ਉਹ ਮੈਨੂੰ ਤੇ ਮੇਰੇ ਨਿੱਕੇ ਵੀਰ ਨੂੰ ਕਦੀ ਵੀ ਬੇਗਾਨਾ ਨਾ ਸਮਝਦੀ..
ਜਦੋਂ ਕਦੀ ਮੇਰੀ ਪਹਿਲੀ ਮਾਂ ਦਾ ਜਿਕਰ ਛਿੜ ਜਾਂਦਾ ਤਾਂ ਵੀ ਨੱਕ-ਬੁੱਲ ਨਾ ਵੱਟਿਆ ਕਰਦੀ..
ਉਸਦੇ ਪੇਕਿਆਂ ਚੋਂ ਜਦੋਂ ਵੀ ਕੋਈ ਸਾਡੇ ਘਰੇ ਆਉਂਦਾ ਤਾਂ ਸਾਨੂੰ ਅਸਲੀਂ ਦੋਹਤੇ ਦੋਹਤੀ ਵਾਲਾ ਪਿਆਰ ਮਿਲਦਾ..!

ਅਖੀਰ ਹੌਲੀ ਹੌਲੀ ਮੈਂ ਦੋਹਾਂ ਦੇ ਝਗੜੇ ਵਿਚ ਦਖਲ ਦੇਣਾ ਸ਼ੁਰੂ ਕਰ ਦਿੱਤਾ..
ਮੈਂ ਅਕਸਰ ਹੀ ਉਸਦੇ ਵੱਲ ਦੀ ਹੀ ਗੱਲ ਕਰਦੀ ਤਾਂ ਪਿਓ ਨੂੰ ਗੁੱਸਾ ਚੜ ਜਾਂਦਾ..
ਆਖਦਾ ਤੈਨੂੰ ਇਸਦੀ ਅਸਲੀਅਤ ਨਹੀਂ ਪਤਾ..ਤੂੰ ਨਿਆਣੀ ਏ..ਮੈਂ ਅੱਗੋਂ ਦਲੀਲ ਨਾਲ ਆਖਦੀ ਕੇ ਕਾਲਜ ਪੜ੍ਹਦੀ ਹਾਂ ਮੈਨੂੰ ਚੰਗੇ ਬੂਰੇ ਸਭ ਕੁਝ ਦੀ ਸਮਝ ਏ..!
ਫੇਰ ਉਹ ਮੇਰੀ ਅਸਲ ਵਾਲੀ ਨੂੰ ਯਾਦ ਕਰ ਰੋ ਪੈਂਦਾ..ਮੈਨੂੰ ਲੱਗਦਾ ਉਹ ਮੈਨੂੰ ਜਜਬਾਤੀ ਕਰ ਮੈਨੂੰ ਆਪਣੇ ਵੱਲ ਕਰਨਾ ਲੋਚਦਾ ਹੈ..!

ਹੌਲੀ ਹੌਲੀ ਫੇਰ ਉਸਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ..
ਉਹ ਉਸਨੂੰ ਇੰਝ ਕਰਨੇਂ ਮੋੜਦੀ ਪਰ ਉਹ ਅੱਗਿਓਂ ਗੱਲ ਹੋਰ ਪਾਸੇ ਨੂੰ ਤੋਰ ਲਿਆ ਕਰਦਾ!
ਅਖੀਰ ਸ਼ੱਕ ਏਨਾ ਵੱਧ ਗਿਆ ਕੇ ਇੱਕ ਦਿਨ ਸਿਖਰ ਦੁਪਹਿਰੇ ਸਾਡਾ ਟਰੈਕਟਰ ਮੋੜਨ ਆਇਆ ਗਵਾਂਢੀਆਂ ਦਾ ਸੀਰੀ ਕੁੱਟ ਦਿੱਤਾ..!
ਨਾਲਦਿਆਂ ਦੀ ਮਾਤਾ ਉਚੇਚਾ ਲਾਮਾਂ ਦੇਣ ਆਈ ਕੇ ਰੇਸ਼ਮ ਸਿਆਂ ਕਮਲਾ ਹੋ ਗਿਆ ਏ ਤੂੰ..ਮੱਤ ਮਾਰੀ ਗਈ ਏ ਤੇਰੀ..!

ਅਖੀਰ ਇੱਕ ਦਿਨ ਉਸਦੀ ਵੱਖੀ ਵਿਚ ਪੀੜ ਉਠੀ..
ਸ਼ਹਿਰ ਲੈ ਗਏ..ਓਥੇ ਡਾਕਟਰਾਂ ਦੱਸਿਆ ਕੇ ਲਿਵਰ ਖਰਾਬ ਹੋ ਗਿਆ..!
ਲਾਇਲਾਜ ਬਿਮਾਰੀ ਕਰਕੇ ਮਸੀ ਮਹੀਨਾ ਹੀ ਕੱਢਿਆ ਤੇ ਫੇਰ ਓਹੀ ਹੋਇਆ ਜਿਸਦਾ ਡਰ ਸੀ..!
ਹੁਣ ਮੈਂ ਤੇ ਮੇਰੀ ਮਾਂ ਕੱਲੀਆਂ ਰਹਿ ਗਈਆਂ..ਦੂਜੀ ਮਾਂ ਵੱਲੋਂ ਬਣੀ ਨਾਨੀ ਕਿੰਨੇ ਦਿਨ ਸਾਡੇ ਕੋਲ ਰਹੀ..
ਮੈਨੂੰ ਆਪਣੀ ਅਸਲ ਨਾਨੀ ਬਿਲਕੁਲ ਵੀ ਚੰਗੀ ਨਾ ਲੱਗਦੀ..
ਹਮੇਸ਼ਾਂ ਮੇਰੇ ਕੰਨ ਪਾਉਂਦੀ ਰਹਿੰਦੀ ਕੇ ਇਹਨਾਂ ਸਾਰੀ ਜਮੀਨ ਆਪਣੇ ਪੇਕੇ ਲੈ ਜਾਣੀ ਏ ਤੇ ਤੁਹਾਨੂੰ ਭੁਖਿਆਂ ਮਾਰ ਦੇਣਾ..!
ਪਰ ਮੈਂ ਉਸਦੀ ਗੱਲ ਵੱਲ ਕੋਈ ਬਹੁਤਾ ਧਿਆਨ ਨਾ ਦਿੰਦੀ..!

ਅਖੀਰ ਜਦੋਂ ਮੇਰੇ ਵਿਆਹ ਦੀ ਗੱਲ ਚੱਲੀ ਤਾਂ ਕਿੰਨੇ ਸਾਰੇ ਰਿਸ਼ਤੇ ਆਏ..ਇੱਕ ਰਿਸ਼ਤਾ ਮੇਰੇ ਅਸਲ ਨਾਨਕੇ ਲੈ ਕੇ ਆਏ..ਮੇਰੀ ਮਾਮੀ ਦਾ ਭਤੀਜਾ..ਕੱਲਾ ਕੱਲਾ ਮੁੰਡਾ..ਕਿੰਨੀ ਸਾਰੀ ਜਾਇਦਾਤ ਸੀ..ਸ਼ੈਲਰ,ਆੜ੍ਹਤ ਅਤੇ ਜਮੀਨ ਅਤੇ ਹੋਰ ਵੀ ਬਹੁਤ ਕੁਝ..!

ਪਰ ਸੀ ਮੇਰੇ ਤੋਂ ਕਿੰਨਾ ਵੱਡਾ..ਮੇਰੀ ਦੂਜੀ ਮਾਂ ਅੜ ਗਈ ਅਖ਼ੇ ਮੇਰੀ ਧੀ ਨਾਲੋਂ ਦੱਸ ਸਾਲ ਵੱਡਾ ਏ..ਮੈਂ ਨਹੀਂ ਹੋਣ ਦੇਣਾ..
ਆਖਣ ਲੱਗੀ ਮੈਂ ਨਹੀਂ ਚਾਹੁੰਦੀ ਸ਼ੱਕ ਵਾਲਾ ਤਿੱਖਾ ਖੰਜਰ ਜਿਹੜਾ ਸਾਰੀ ਉਮਰ ਮੈਂ ਆਪਣੇ ਵਜੂਦ ਤੇ ਸਹਿੰਦੀ ਰਹੀ..ਮੇਰੀ ਧੀ ਵੀ ਸਹੇ..!
ਫੇਰ ਮੈਂ ਜਦੋਂ ਝਕਦੀ ਹੋਈ ਨੇ ਆਪਣੀ ਪਸੰਦ ਵੱਲ ਉਂਗਲ ਕਰ ਦਿੱਤੀ ਤਾਂ ਉਸਨੇ ਆਪਣੀ ਜਾਣ ਜੋਖਮ ਵਿਚ ਪਾ ਕੇ ਵੀ ਇਹ ਰਿਸ਼ਤਾ ਤੋੜ ਤੱਕ ਨਿਭਾਉਣ ਵਿਚ ਮੇਰੀ ਪੂਰੀ ਮਦਤ ਕੀਤੀ..!
ਹੁਣ ਸਾਡਾ ਰਿਸ਼ਤਾ ਮਾਂ ਧੀ ਨਾਲੋਂ ਦੋ ਸਹੇਲੀਆਂ ਅਤੇ ਵੱਡੀ-ਨਿੱਕੀ ਭੈਣ ਦਾ ਜਿਆਦਾ ਏ..!

ਸੋ ਦੋਸਤੋ ਇਸ ਦੁਨੀਆ ਵਿਚ ਤਿੜਕੇ ਘੜੇ ਵਾਂਙ ਕੱਚੇ ਦਿਸਦੇ ਕਿੰਨੇ ਸਾਰੇ ਰਿਸ਼ਤੇ ਐਸੇ ਵੀ ਹੁੰਦੇ ਨੇ ਜਿਹੜੇ ਪੱਕਿਆਂ ਨਾਲ਼ੋਂ ਵੀ ਕਿੰਨੇ ਵੱਧ ਮਜਬੂਤ ਸਾਬਤ ਸਿੱਧ ਹੁੰਦੇ ਨੇ..
ਇਹ ਪੱਕੇ ਰਿਸ਼ਤੇ ਅਤੇ ਪੱਕੀਆਂ ਸਾਂਝਾਂ ਸੱਚੇ ਰੱਬ ਵੱਲੋਂ ਉਚੇਚੇ ਤੌਰ ਤੇ ਘੜੀਆਂ ਹੁੰਦੀਆਂ..ਸਿਰਫ ਤੇ ਸਿਰਫ ਆਪਣੇ ਓਹਨਾ ਮਿੱਤਰ ਪਿਆਰਿਆਂ ਲਈ..ਜਿਹੜੇ ਨਫ਼ੇ ਨੁਕਸਾਨ ਦੀ ਪ੍ਰਵਾਹ ਕੀਤੇ ਬਗੈਰ ਹਮੇਸ਼ਾਂ ਸੱਚ ਦਾ ਸਾਥ ਦਿੰਦੇ ਨੇ!

ਹਰਪ੍ਰੀਤ ਸਿੰਘ ਜਵੰਦਾ

...
...

ਸ਼ੋਏਬ ਅਖਤਰ..ਦੁਨੀਆਂ ਦਾ ਬੇਹਤਰੀਨ ਤੇਜ ਗੇਂਦ-ਬਾਜ..
ਦੱਸਦਾ ਏ ਕੇ ਸੰਘਰਸ਼ ਵਾਲੇ ਮੁਢਲੇ ਦਿਨਾਂ ਵਿਚ ਇੱਕ ਵਾਰ ਟਰਾਇਲ ਦੇਣ ਰਾਵਲਪਿੰਡੀ ਤੋਂ ਬਿਨਾ ਟਿਕਟ ਸਫ਼ਰ ਕਰ ਲਾਹੌਰ ਪਹੁੰਚਿਆ ਤਾਂ ਅੱਗੋਂ ਰਾਤ ਪੈ ਗਈ ਸੀ..

ਬੋਝੇ ਵਿਚ ਸਿਰਫ ਬਾਰਾਂ ਰੁਪਈਏ..ਫੁੱਟਪਾਥ ਤੇ ਸੁੱਤੇ ਪਏ ਅਜੀਜ ਖ਼ਾਨ ਨਾਮ ਦੇ ਟਾਂਗੇ ਵਾਲੇ ਨੂੰ ਗੁਜਾਰਿਸ਼ ਕੀਤੀ ਕੇ ਭਰਾਵਾਂ ਰੋਟੀ ਅਤੇ ਰਾਤ ਰਹਿਣ ਦਾ ਮਸਲਾ ਏ ਕੋਈ ਮਦਤ ਕਰ ਸਕਦਾ ਏ ਤਾ ਕਰ ਦੇ..!
ਡੀਲ ਡੌਲ ਵੇਖ ਅਗਿਓਂ ਪੁੱਛਣ ਲੱਗਾ ਕੇ ਤੂੰ ਪਾਕਿਸਤਾਨੀ ਟੀਮ ਲਈ ਖੇਡਦਾ ਏਂ?

ਜੁਆਬ ਦਿੱਤਾ ਕੇ ਖੇਡਦਾ ਤੇ ਨਹੀਂ ਪਰ ਇਨਸ਼ਾ-ਅੱਲਾ ਇੱਕ ਦਿਨ ਜਰੂਰ ਖੇਡੂੰ..
ਅੱਗਿਓਂ ਮੇਰੀਆਂ ਅੱਖਾਂ ਵਿਚ ਸੱਚਾਈ ਦਾ ਝਲਕਾਰਾ ਵੇਖ ਆਖਣ ਲੱਗਾ ਕੇ ਜਦੋਂ ਕਦੀ ਵੀ ਕੌਮੀ ਟੀਮ ਲਈ ਖੇਡੇਗਾ ਤਾਂ ਮਨੋਂ ਨਾ ਵਿਸਾਰ ਦੇਵੀਂ..ਇਸ ਗਰੀਬ “ਅਜੀਜ ਖ਼ਾਨ” ਨੂੰ ਚੇਤੇ ਜਰੂਰ ਰਖੀਂ..!

ਦਿਲ ਵਿਚ ਆਖਿਆ ਕੇ ਦੋਸਤਾਂ ਤੈਨੂੰ ਕੀ ਪਤਾ ਤੂੰ ਆਪਣੇ ਦਿੱਲ ਵਿਚ ਕਿੰਨੀ ਅਮੀਰੀ ਸਾਂਭੀ ਬੈਠਾ..
ਮਗਰੋਂ ਤਾਕੀਦ ਕੀਤੀ ਕੇ ਭਵਿੱਖ ਵਿਚ ਜਦੋਂ ਕਦੀ ਵੀ ਕੌਮੀ ਪੱਧਰ ਦਾ ਕੋਈ ਖਿਡਾਰੀ ਤੇਰੇ ਬਾਰੇ ਪੁੱਛਦਾ-ਪੁਛਾਉਂਦਾ ਏਧਰ ਨੂੰ ਆ ਜਾਵੇ ਤਾਂ ਸਮਝ ਲਵੀਂ ਕੇ ਉਹ ਮੈਂ ਹੀ ਹੋਵਾਂਗਾ..

ਮਗਰੋਂ ਉਸਨੇ ਪੱਲਿਓਂ ਪੈਸੇ ਖਰਚ ਮੇਰੀ ਰੋਟੀ-ਪਾਣੀ ਦਾ ਬੰਦੋਬਸਤ ਕੀਤਾ..
ਸਾਉਣ ਲਈ ਫੁੱਟਪਾਥ ਤੇ ਆਪਣੀ ਮੱਲੀ ਹੋਈ ਜਗਾ ਦਿੱਤੀ ਤੇ ਅਗਲੀ ਸੁਵੇਰ ਆਪਣੇ ਟਾਂਗੇ ਤੇ ਬਿਠਾ ਟਰਾਇਲ ਵਾਲੀ ਥਾਂ ਤੇ ਖੁਦ ਛੱਡਣ ਆਇਆ..!

ਕੁਝ ਸਾਲਾਂ ਬਾਅਦ ਜਦੋਂ ਮੇਰੀ ਗੁੱਡੀ ਆਸਮਾਨ ਤੇ ਪੂਰੀ ਤਰਾਂ ਚੜ ਚੁਕੀ ਸੀ ਤਾਂ ਲਾਹੌਰ ਆਏ ਨੂੰ ਇੱਕ ਦਿਨ ਓਸੇ ਅਜੀਜ ਖ਼ਾਨ ਚੇਤੇ ਆ ਗਿਆ..
ਸਿਰ ਤੇ ਵਿਗ ਪਾਈ..ਐਨਕਾਂ ਲਾਈਆਂ ਤੇ ਭੇਸ ਬਦਲ ਕੇ ਅਜੀਜ ਖ਼ਾਨ ਨੂੰ ਲੱਭਣ ਤੁਰ ਪਿਆ..
ਉਹ ਠੀਕ ਓਸੇ ਥਾਂ ਆਪਣਾ ਟਾਂਗਾ ਖਲਿਆਰ ਸੁੱਤਾ ਪਿਆ ਸੀ..
ਹੁੱਝ ਮਾਰ ਜਗਾਇਆ..
ਅੱਗਿਓਂ ਅੱਖਾਂ ਮਲਦਾ ਹੋਇਆ ਉੱਠ ਖਲੋਤਾ ਤੇ ਅਣਜਾਣ ਸ਼ਹਿਰੀ ਵੇਖ ਡਰ ਜਿਹਾ ਗਿਆ..!
ਆਪਣੀ ਪਛਾਣ ਦੱਸੀ ਤਾਂ ਖੁਸ਼ੀ ਵਿਚ ਖੀਵੇ ਹੁੰਦੇ ਹੋਏ ਨੇ ਜੱਫੀ ਪਾ ਲਈ ਤੇ ਅੱਖੀਆਂ ਵਿਚ ਖੁਸ਼ੀ ਦੇ ਹੰਜੂ ਆ ਗਏ..

ਏਨੇ ਚਿਰ ਨੂੰ ਆਪਣੇ ਕੌਮੀ ਹੀਰੋ ਨੂੰ ਪਛਾਣ ਕਿੰਨੇ ਸਾਰੇ ਲੋਕ ਆਲੇ ਦਵਾਲੇ ਇੱਕਠੇ ਹੋਣੇ ਸ਼ੁਰੂ ਹੋ ਗਏ..
ਪਰ ਮੈਂ ਉਸਨੂੰ ਪਾਈ ਹੋਈ ਗੱਲਵੱਕੜੀ ਢਿਲੀ ਨਾ ਹੋਣ ਦਿੱਤੀ ਤੇ ਆਖਿਆ ਕੇ ਇਹ ਓਹੀ ਅਜੀਜ ਖ਼ਾਨ ਏ ਜਿਸਨੇ ਮੈਨੂੰ ਓਦੋਂ ਪਛਾਣਿਆਂ ਸੀ ਜਦੋਂ ਮੈਨੂੰ ਹੋਰਨਾਂ ਨੇ ਪਛਾਨਣ ਤੋਂ ਨਾਂਹ ਕਰ ਦਿੱਤੀ ਸੀ..!

ਫੇਰ ਅਜੀਜ ਖਾਣ ਨੇ ਮੈਨੂੰ ਇੱਕ ਵਾਰ ਫੇਰ ਪੱਲਿਓਂ ਖਰਚ ਰੋਟੀ ਖੁਵਾਈ ਤੇ ਅਸੀਂ ਦੋਵੇਂ ਕਿੰਨੀ ਦੇਰ ਤੱਕ ਓਸੇ ਟਾਂਗੇ ਤੇ ਲਾਹੌਰ ਦੀਆਂ ਸੜਕਾਂ ਤੇ ਘੁੰਮਦੇ ਫਿਰਦੇ ਰਹੇ..!
ਤੁਰਨ ਲਗਿਆਂ ਕੁਝ ਪੈਸੇ ਦੇਣ ਲਗਿਆਂ ਤਾਂ ਏਨੀ ਗੱਲ ਆਖ ਨਾਂਹ ਕਰ ਦਿੱਤੀ ਕੇ ਯਾਰ ਆਪਣੀ ਏਡੀ ਪੂਰਾਣੀ ਦੋਸਤੀ ਨੂੰ ਪੈਸੇ ਵਾਲੀ ਤੱਕੜੀ ਵਿਚ ਤੋਲ ਏਨਾ ਹੌਲਿਆਂ ਨਾ ਕਰ..!

ਮੈਂ ਅਜੀਜ ਖ਼ਾਨ ਨੂੰ ਚਾਰ ਸਾਲ ਪਹਿਲਾਂ ਓਦੋਂ ਤੱਕ ਮਿਲਦਾ ਰਿਹਾ ਜਦੋਂ ਤੱਕ ਉਹ ਫੌਤ ਨਹੀਂ ਹੋ ਗਿਆ..ਕਿਓੰਕੇ ਮੇਰੀ ਸਫਲਤਾ ਵਾਲੀ ਉਚੀ ਇਮਾਰਤ ਦੀ ਨੀਂਹ ਨੂੰ ਲੱਗਣ ਵਾਲੀ ਪਹਿਲੀ ਇੱਟ ਨੂੰ ਲੱਗਣ ਵਾਲਾ ਗਾਰਾ ਓਸੇ ਅਜੀਜ ਖ਼ਾਨ ਦੇ ਬੋਝੇ ਵਿਚੋਂ ਨਿਕਲੇ ਪੈਸਿਆਂ ਨਾਲ ਹੀ ਖਰੀਦਿਆ ਗਿਆ ਸੀ..!

ਸੋ ਦੋਸਤੋ ਪਦਾਰਥਵਾਦ ਦੀ ਵਗਦੀ ਇਸ ਹਨੇਰੀ ਵਿਚ ਅੰਬਰੀ ਉੱਡਦੇ ਕਿੰਨੇ ਸਾਰੇ ਸ਼ੋਏਬ ਐਸੇ ਵੀ ਨਜ਼ਰੀਂ ਪਏ ਹੋਣੇ ਜਿਹਨਾਂ ਸਿਖਰ ਵਾਲੀ ਉਤਲੀ ਹਵਾਏ ਪੈ ਕੇ ਆਪਣੇ ਓਹਨਾ ਅਨੇਕਾਂ ਅਜੀਜਾਂ ਦੀ ਕੋਈ ਖੈਰ ਸਾਰ ਨਹੀਂ ਲਈ ਜਿਹਨਾਂ ਔਕੜ ਵੇਲੇ ਓਹਨਾ ਨੂੰ ਆਪਣੀ ਤਲੀ ਤੇ ਬਿਠਾ ਕੇ ਖੁਦ ਆਪਣੇ ਦਿਲ ਦਾ ਮਾਸ ਖਵਾਇਆ ਹੋਵੇਗਾ!

ਪਰ ਕੁਦਰਤ ਦਾ ਇੱਕ ਅਸੂਲ ਐਸਾ ਵੀ ਹੈ ਜਿਹੜਾ ਹਰੇਕ ਤੇ ਲਾਗੂ ਹੁੰਦਾ ਏ ਕੇ ਇਨਸਾਨ ਅਤੇ ਪੰਖੇਰੂ ਜਿੰਨੀ ਜਿਆਦਾ ਉਚਾਈ ਤੋਂ ਹੇਠਾਂ ਡਿੱਗਦਾ ਏ ਓਨੀ ਹੀ ਉਸਦੇ ਬਚਣ ਦੀ ਸੰਭਾਵਨਾ ਘੱਟ ਹੁੰਦੀ ਏ..!

ਹਰਪ੍ਰੀਤ ਸਿੰਘ ਜਵੰਦਾ

...
...

ਡੈਡੀ ਹੁਰਾਂ ਨੇ ਦਾਦੇ ਜੀ ਨੂੰ ਕਦੀ ਵੀ ਡੀਜਲ ਇੰਜਣ ਦੀ ਗਰਾਰੀ ਨਹੀਂ ਸੀ ਘੁਮਾਉਣ ਦਿੱਤੀ..

ਆਖਦੇ ਹਾਰਟ ਦੀ ਕਸਰ ਏ..ਜ਼ੋਰ ਪੈਂਦਾ ਏ..!

ਫੇਰ ਡੈਡੀ ਅਚਾਨਕ ਰਵਾਨਗੀ ਪਾ ਗਏ..ਇੱਕ ਦਿੰਨ ਓਹਨਾ ਮੈਨੂੰ ਦਸਾਂ ਸਾਲਾਂ ਦੀ ਨੂੰ ਉਂਗਲ ਲਾ ਪੈਲੀਆਂ ਵੱਲ ਨੂੰ ਤੋਰ ਲਿਆ..

ਨਿੱਕਾ ਵੀਰ ਮਗਰੇ ਦੌੜਿਆ ਆਇਆ..ਦਾਦੇ ਹੁਰਾਂ ਉਸ ਨੂੰ ਵੀ ਕੁੱਛੜ ਚੁੱਕ ਲਿਆ!

ਉਸ ਵੇਲੇ ਮੈਨੂੰ ਤੁਰੀ ਜਾਂਦੀ ਨੂੰ ਇਹ ਇਹਸਾਸ ਨਹੀਂ ਸੀ ਕੇ ਬੁੱਢੇ ਹੱਡਾਂ ਨੂੰ ਹੁਣ ਮੇਰੇ ਬਾਪ ਦੇ ਫਰਜ ਵੀ ਨਿਭਾਉਣੇ ਪੈਣੇ..!

ਇੰਝਣ ਤੇ ਪੁੱਜ ਓਹਨਾ ਅੰਦਰੋਂ ਗਰਾਰੀ ਚੁੱਕ ਲਿਆਂਧੀ..

ਫੇਰ ਧੁਰੇ ਨਾਲ ਟਿਕਾਈ..ਸਾਡੇ ਦੋਹਾਂ ਵੱਲ ਵੇਖਿਆ ਤੇ ਫੇਰ ਜ਼ੋਰ ਨਾਲ ਘੁਮਾਂ ਦਿੱਤੀ..ਇੰਝਣ ਸਟਾਰਟ ਹੋ ਗਿਆ ਤੇ ਪਾਣੀ ਦੀ ਧਾਰ ਚੁੱਬਚੇ ਵਿਚ ਜਾ ਪਈ..!

ਉਸ ਦਿਨ ਮਗਰੋਂ ਮੈਨੂੰ ਮੇਰਾ ਦਾਦਾ ਜੀ ਹਮੇਸ਼ਾਂ ਖੇਤਾਂ ਵਿਚ ਮਿੱਟੀਓਂ ਮਿੱਟੀ ਹੁੰਦਾ ਦਿਸਿਆ..!

ਫੇਰ ਨਿੱਕੇ ਵੀਰ ਦੀ ਮੰਗਣੀ ਕੀਤੀ ਤਾਂ ਬੜਾ ਖੁਸ਼..

ਪੱਬ ਧਰਤੀ ਤੇ ਨਾ ਲੱਗਣ..ਇੰਝ ਲੱਗਿਆ ਜਿੱਦਾਂ ਬੜੇ ਚਿਰ ਤੋਂ ਸੁੱਕ ਗਏ ਅੰਬ ਦੇ ਬੂਟੇ ਨੂੰ ਬੂਰ ਪੈਣ ਜਾ ਰਿਹਾ ਹੋਵੇ..!

ਅਸੀਂ ਅਗਲਿਆਂ ਤੋਂ ਵਿਆਹ ਮੰਗਦੇ ਪਰ ਅਗਲੇ ਪਾਸਿਓਂ ਗੱਲ ਅਗੇ ਪਈ ਜਾਂਦੀ..ਮੇਰਾ ਵੀਰ ਅਕਸਰ ਕਿਸੇ ਗੱਲੋਂ ਪ੍ਰੇਸ਼ਾਨ ਜਿਹਾ ਦਿਸਦਾ..ਪਰ ਦੱਸਦਾ ਕੁਝ ਨਾ..!

ਫੇਰ ਜ਼ੋਰ ਪਾ ਕੇ ਵਿਆਹ ਕਰ ਦਿੱਤਾ..ਕਿੰਨੇ ਸਾਰੇ ਚਾਅ ਮਲਾਰ..

ਮਾਂ ਨੂੰ ਆਪਣੇ ਜਵਾਨੀ ਵਿਚ ਚਲੇ ਗਏ ਸਿਰ ਦੇ ਸਾਈਂ ਦਾ ਦੁੱਖ ਭੁੱਲ ਜਿਹਾ ਗਿਆ..

ਪਰ ਪਾਣੀ ਵਾਰ ਵੇਹੜੇ ਅੰਦਰ ਲਿਆਂਧੀ ਗਈ ਦੇ ਚੇਹਰੇ ਤੇ ਅਜੀਬ ਜਿਹੇ ਹਾਵ ਭਾਵ..ਹਰ ਵੇਲੇ ਬੱਸ ਗਵਾਚੀ ਗਵਾਚੀ ਜਿਹੀ..!

ਮੇਰੀ ਮਾਂ ਦਖਲ ਨਾ ਦਿੰਦੀ..ਸੋਚਦੀ ਆਪਸੀ ਮਾਮਲਾ ਏ..

ਉਸਦੀਆਂ ਸਾਰੀਆਂ ਕਾਲਾਂ ਵੀਰ ਦੇ ਸੈੱਲ ਤੇ ਆਉਂਦੀਆਂ..ਫੇਰ ਸਾਰਿਆਂ ਨੇ ਜ਼ੋਰ ਦੇ ਕੇ ਬੰਦ ਪਿਆ ਫੋਨ ਚਾਲੂ ਕਰਵਾਇਆ ਤਾਂ ਅੰਦਰੋਂ ਵਿਆਹ ਤੋਂ ਪਹਿਲਾਂ ਦੇ ਕਿੰਨੇ ਸਾਰੇ ਕਿੱਸੇ ਕਹਾਣੀਆਂ ਜਵਾਲਾ ਮੁਖੀ ਦੇ ਲਾਵੇ ਵਾਂਙ ਫੁੱਟ ਬਾਹਰ ਆਣ ਪਏ..!

ਹੁਣ ਉਸ ਕੋਲ ਮੇਰੇ ਵੀਰ ਦੇ ਕਿੰਨੇ ਸਾਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ..

ਅਖੀਰ ਤਿੰਨ ਦਿਨਾਂ ਮਗਰੋਂ ਵਾਪਿਸ ਪੇਕੇ ਚਲੀ ਗਈ..ਮੇਰੀ ਮਾਂ ਦੀਆਂ ਆਸਾਂ ਦਾ ਦੀਵਾ ਬੁਝ ਜਿਹਾ ਗਿਆ..!

ਫੇਰ ਇੱਕ ਦਿਨ ਖਬਰ ਮਿਲ਼ੀ..

ਮੈਂ ਸਿੱਧੀ ਹਸਪਤਾਲ ਪਹੁੰਚ ਗਈ..ਉਹ ਅਜੇ ਪੂਰੀ ਹੋਸ਼ ਵਿਚ ਸੀ..ਪਰ ਡਾਕਟਰ ਅੰਦਰ ਗਈ ਸਲਫਾਸ ਬਾਹਰ ਕੱਢਣ ਦੀ ਜੱਦੋਜਹਿਦ ਵਿਚ ਲੱਗੇ ਸਨ..ਮੈਂ ਇਹੋ ਗੱਲ ਪੁੱਛਦੀ ਰਹੀ ਕੇ ਤੂੰ ਇੰਝ ਕਿਓਂ ਕੀਤਾ..ਜੇ ਕੋਈ ਦਗਾ ਦੇ ਜਾਵੇ ਤਾਂ ਜਿੰਦਗੀ ਮੁੱਕ ਥੋੜੀ ਜਾਂਦੀ ਏ..”

ਪਰ ਅਗਲੇ ਦਿਨ ਸਾਨੂੰ ਧੋਖਾ ਦੇ ਗਿਆ..ਵੇਹੜੇ ਲੱਗਾ ਰੁੱਖ ਇੱਕ ਵਾਰ ਫੇਰ ਸੁੱਕ ਗਿਆ..!

ਮਾਂ ਬਹੁਤ ਜਿਆਦਾ ਰੋਈ ਨਹੀਂ ਬੱਸ ਚੁੱਪ ਜਿਹੀ ਕਰ ਗਈ..ਸ਼ਾਇਦ ਇਸ ਸਭ ਕੁਝ ਦੀ ਆਦੀ ਹੋ ਗਈ ਸੀ..

ਪਰ ਮੇਰੇ ਦਾਦੇ ਕੋਲ ਹੁਣ ਆਪਣੇ ਇੰਜਣ ਵਾਲੇ ਬੋਰ ਤੇ ਜਾਣ ਦੀ ਵੀ ਹਿੰਮਤ ਨਹੀਂ..ਬੁੱਢਾ ਹੋ ਗਿਆ ਸੀ ਸ਼ਾਇਦ ਉਹ..

ਮੰਜੇ ਤੇ ਬੇਬਸ ਹੋਇਆ ਬੈਠਾ ਬੱਸ ਅਸਮਾਨ ਤੇ ਫੈਲੇ ਤਾਰਾ ਮੰਡਲ ਵੱਲ ਨੂੰ ਹੀ ਵੇਖੀ ਜਾਂਦਾ..

ਸ਼ਾਇਦ ਸੋਚਦਾ ਸੀ “ਜੋਬਨ ਰੁੱਤੇ ਜੋ ਕੋਈ ਮਰਦਾ ਫੁਲ ਬਣੇ ਜਾਂ ਤਾਰਾ..ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ”..

ਪਰ ਮੇਰਾ ਵੀਰ ਆਸ਼ਕ ਜਰੂਰ ਸੀ ਪਰ ਕਰਮਾ ਵਾਲਾ ਬਿਲਕੁਲ ਵੀ ਨਹੀਂ..ਜੇ ਹੁੰਦਾ ਤਾਂ ਇੰਝ ਨਾ ਮੁੱਕਦਾ..!

ਵੀਰ ਨੂੰ ਬਾਗਬਾਨੀ ਦਾ ਬਹੁਤ ਸ਼ੌਕ ਸੀ..

ਇੱਕ ਦਿਨ ਅੰਦਰੋਂ ਕਾਹਲੀ ਜਿਹੀ ਪਈ ਤੇ ਉਸਦੇ ਲਾਏ ਕਿੰਨੇ ਸਾਰੇ ਰੁੱਖ ਬੂਟੇ ਸਾਫ ਕਰ ਦਿੱਤੇ..

ਮਗਰੋਂ ਡੂੰਗਾ ਟੋਇਆ ਪੱਟ ਉਸਦੇ ਨਾਮ ਦਾ ਇੱਕ ਬੂਟਾ ਲਾ ਦਿੱਤਾ..ਨਾਮ ਰੱਖ ਦਿੱਤਾ ਜੱਸੀ..!

ਅੱਜ ਖੁਸ਼ ਹਾਂ ਕਿਓੰਕੇ ਜੱਸੀ ਦੀਆਂ ਕਰੂੰਬਲਾਂ ਫੁੱਟੀਆਂ ਨੇ..

ਜੱਸੀ ਦਾ ਇਹ ਮਨਪਸੰਦ ਗੀਤ ਸੁਣਦੀ ਹੋਈ ਉੱਪਰ ਵੱਲ ਨੂੰ ਤੱਕੀ ਜਾ ਰਹੀ ਹਾਂ..”ਬੀਤ ਜਾਣੀਆਂ ਰੁੱਤਾਂ ਹਾਣੀਆਂ..ਜੇ ਨਾ ਮਾਣੀਆਂ ਫੇਰ ਟੋਲਦਾ ਰਵੀਂ..”

ਅਜੇ ਵੀ ਮਨ ਹੀ ਮਨ ਆਖੀ ਜਾ ਰਹੀ ਹਾਂ ਕੇ ਕਮਲਿਆ ਕਾਹਲੀ ਕਰ ਗਿਆਂ..

ਇੱਕ ਵਾਰ ਦਿਲ ਫਰੋਲ ਲੈਂਦਾ ਤਾਂ ਤੈਨੂੰ ਇੰਝ ਕਦੇ ਵੀ ਨਾ ਜਾਣ ਦਿੰਦੀ..ਜੇ ਕੋਈ ਧੋਖਾ ਦੇ ਜਾਵੇ ਤਾਂ ਭਲਾ ਜਿੰਦਗੀ ਥੋੜਾ ਮੁੱਕ ਜਾਇਆ ਕਰਦੀ ਏ !

ਅਸਲ ਬਿਰਤਾਂਤ..ਹਰਪ੍ਰੀਤ ਸਿੰਘ ਜਵੰਦਾ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)