ਲੰਘੇ ਵੀਰਵਾਰ ਨੌ ਵਜੇ ਰੀਅਲ-ਏਸਟੇਟ ਦੀ ਇੱਕ ਜਰੂਰੀ ਕਲਾਸ ਸੀ..
ਪੌਣੇ ਅੱਠ ਘਰੋਂ ਤੁਰਨ ਲਗਾ ਤਾਂ ਬੇਟੀ ਵਾਪਿਸ ਤੁਰੀ ਆਵੇ..ਆਖਣ ਲੱਗੀ ਬੱਸ ਮਿਸ ਹੋ ਗਈ ਏ..
ਇਹ ਸੋਚ ਉਸਨੂੰ ਛੱਡਣ ਲਈ ਹਾਮੀ ਭਰ ਦਿੱਤੀ ਕਿ ਸਵਾ ਘੰਟੇ ਵਿਚ ਤਾਂ ਆਪਣੀ ਮੰਜਿਲ ਤੇ ਅੱਪੜ ਹੀ ਜਾਵਾਂਗਾ।
ਪਰ ਹਕੀਕਤ ਬਿਲਕੁਲ ਉਲਟ ਨਿੱਕਲੀ..
ਸਵੇਰ ਦਾ ਟਾਇਮ..ਡਾਊਨ ਟਾਊਨ..ਇੱਕ-ਦੂਜੇ ਤੋਂ ਅਗਾਂਹ ਨਿਕਲਣ ਦੀ ਕਾਹਲੀ..ਲੇਟ ਹੁੰਦੇ ਖਿਝਦੇ ਹੋਏ ਕਿੰਨੇ ਸਾਰੇ ਲੋਕ..ਅਤੇ ਜੂੰ ਦੀ ਤੋਰੇ ਤੁਰਦਾ ਹੋਇਆ ਟਰੈਫਿਕ..।
ਐਨੇ ਨੂੰ ਸਾਢੇ ਅੱਠ ਹੋ ਗਏ..ਦਿਲ ਵਿਚ ਆਇਆ ਕੇ ਅੱਜ ਰਹਿਣ ਹੀ ਦਿਆਂ..ਲੇਟ ਗਿਆ ਤਾਂ ਸ਼ਰਮਿੰਦਗੀ ਸਹਿਣੀ ਪੈ ਸਕਦੀ..ਅਗਲੇ ਹਫਤੇ ਫੇਰ ਕਰ ਲਵਾਂਗਾ।
ਪਰ ਅੰਦਰੋਂ ਅਵਾਜ ਜਿਹੀ ਆਈ..ਇੱਕ ਕੋਸ਼ਿਸ਼ ਕਰ ਕੇ ਵੇਖ ਲੈਣ ਵਿਚ ਕੋਈ ਹਰਜ ਨਹੀਂ..ਵਜੂਦ ਤੇ ਓਸੇ ਵੇਲੇ ਸਕਾਰਾਤਮਿਕਤਾ ਭਾਰੂ ਹੋ ਗਈ ਤੇ ਮਨ ਚੜ੍ਹਦੀ ਕਲਾ ਵਾਲੇ ਪਾਸੇ ਭੱਜਣ ਲੱਗਾ..
ਨਾਲ ਹੀ ਇੱਕ ਹੋਰ ਸਬੱਬ ਜਿਹਾ ਵੀ ਲੱਗ ਗਿਆ..ਮੰਜਿਲ ਨੂੰ ਜਾਂਦੀਆਂ ਸੜਕਾਂ ਸਾਫ ਜਿਹੀਆਂ ਲੱਗਣ ਲੱਗੀਆਂ ਤੇ ਜਿਆਦਾਤਰ ਵਾਹ ਵੀ ਹਰੇ ਰੰਗ ਦੀਆਂ ਟਰੈਫਿਕ ਲਾਈਟਾਂ ਨਾਲ ਹੀ ਪਿਆ..।
ਬਾਕੀ ਰਹਿੰਦਾ ਪੈਂਡਾ ਕੋਈ 20 ਕੁ ਮਿੰਟਾਂ ਵਿਚ ਮੁੱਕ ਗਿਆ..
ਪਰ ਓਥੇ ਅੱਪੜ ਇੱਕ ਹੋਰ ਮੁਸ਼ਕਿਲ ਆਣ ਪਈ..ਗੱਡੀ ਲਾਉਣ ਲਈ ਕੋਈ ਥਾਂ ਨਹੀਂ ਸੀ..ਖੈਰ ਇੱਕ ਕੋਸ਼ਿਸ਼ ਜਿਹੀ...
ਹੋਰ ਕੀਤੀ..ਅਚਾਨਕ ਹੀ ਕਾਰ ਪਾਰਕਿੰਗ ਵਿਚੋਂ ਇੱਕ ਗੋਰੀ ਆਪਣੀ ਕਾਰ ਕੱਢ ਰਹੀ ਸੀ..ਸੋ ਮਸਲੇ ਦਾ ਹੱਲ ਨਿੱਕਲ ਆਇਆ..।
ਜਦੋਂ ਅੰਦਰ ਵੜ ਕੁਰਸੀ ਤੇ ਬੈਠਾ ਤਾਂ… ਨੌ ਵੱਜਣ ਵਿਚ ਅਜੇ ਵੀ ਪੰਜ ਮਿੰਟ ਬਾਕੀ ਸਨ।
ਦੋਸਤੋ ਨਿੱਕੇ ਹੁੰਦਿਆਂ ਪ੍ਰਾਇਮਰੀ ਸਕੂਲ ਵਿੱਚ ਪ੍ਰਿੰਸੀਪਲ ਹੋਇਆ ਕਰਦੇ ਸਨ..ਮਿਲਖੀ ਰਾਮ ਬੇਦੀ..ਅਕਸਰ ਆਖਿਆ ਕਰਦੇ ਸਨ ਕਿ ਕੋਸ਼ਿਸ਼ ਕਰਨ ਵਾਲੇ ਬੰਦੇ ਨੂੰ ਰੱਬ ਮੰਜਿਲ ਤੇ ਉਡੀਕਦਾ ਹੋਇਆ ਅਕਸਰ ਹੀ ਮਿਲ ਜਾਇਆ ਕਰਦਾ ਏ..।
ਉਦੋਂ ਤਾਂ ਇਹਨਾਂ ਗੱਲਾਂ ਦੀ ਕੋਈ ਖਾਸ ਸਮਝ ਨਹੀਂ ਸੀ ਪਿਆ ਕਰਦੀ ਪਰ ਅੱਜ ਵਾਲੇ ਕੇਸ ਵਿਚ ਜਦੋਂ ਉਹ ਗੋਰੀ ਰੱਬ ਬਣ ਕੇ ਬਹੁੜੀ ਤਾਂ ਮਿਲਖੀ ਰਾਮ ਜੀ ਦੀਆਂ ਆਖੀਆਂ ਹੋਰ ਵੀ ਕਿੰਨੀਆਂ ਸਾਰੀਆਂ ਦਿਮਾਗ ਵਿਚ ਘੁੰਮ ਗਈਆਂ..।
ਮੁੱਕਦੀ ਗੱਲ ਦੋਸਤੋ ਜੇ ਕਦੀ ਕੋਈ ਇੱਕ ਦੁਨਿਆਵੀ ਬੂਹਾ ਬੰਦ ਹੁੰਦਾ ਦਿਸੇ ਤਾਂ ਢੇਰੀ ਢਾਅ ਕੇ ਨਾ ਬੈਠਿਆ ਜਾਵੇ..ਸੱਚੇ ਮਨ ਨਾਲ ਉਸ ਨੂੰ ਜਰੂਰ ਚੇਤੇ ਕਰ ਲਿਆ ਜਾਵੇ..ਹੋ ਸਕਦਾ ਉਹ ਪਹਿਲਾਂ ਹੀ ਕਿੰਨੇ ਸਾਰੇ ਦਰਵਾਜੇ ਖੋਹਲ ਤੁਹਾਨੂੰ ਉਡੀਕ ਰਿਹਾ ਹੋਵੇ।
ਹਰਪ੍ਰੀਤ ਸਿੰਘ ਜਵੰਦਾ