ਲਾਰਡ ਬਾਇਰਨ, ਅੰਗਰੇਜ਼ੀ ਦਾ ਵੱਡਾ ਕਵੀ ਸੀ। ਉਸਦੇ ਬਾਰੇ ‘ਚ ਹੈ ਕਿ ਉਹਨੇ ਸੈਂਕੜੇ ਔਰਤਾਂ ਨੂੰ ਪਿਆਰ ਕੀਤਾ। ਉਹ ਛੇਤੀ ਅੱਕ ਜਾਂਦਾ ਸੀ, ਦੋ-ਚਾਰ ਦਿਨਾਂ ਵਿੱਚ ਹੀ ਇੱਕ ਔਰਤ ਤੋਂ ਅੱਕ ਜਾਂਦਾ ਸੀ। ਸੁੰਦਰ ਸੀ, ਮਸ਼ਹੂਰ ਸੀ, ਮਹਾਂਕਵੀ ਸੀ। ਸ਼ਖਸੀਅਤ ਵਿਚ ਉਸਦੇ ਚੁੰਬਕ ਸੀ, ਤਾਂ ਔਰਤਾਂ ਖਿੱਚੀਆਂ ਜਾਂਦੀਆਂ ਸਨ – ਇਹ ਜਾਣਦੇ ਹੋਏ ਕਿ ਦੋ ਜਾਂ ਚਾਰ ਦਿਨਾਂ ਬਾਅਦ, ਦੁੱਧ ਵਿਚੋਂ ਕੱਢ ਕੇ ਸੁੱਟੀਆਂ ਮੱਖੀਆਂ ਵਰਗੀ ਸਥਿਤੀ ਹੋਵੇਗੀ। ਪਰ ਦੋ ਚਾਰ ਦਿਨ ਵੀ ਬਾਇਰਨ ਨਾਲ ਰਹਿਣ ਦਾ ਖੁਸ਼ਕਿਸਮਤ ਮੌਕਾ ਕੋਈ ਵੀ ਛੱਡਣਾ ਨਹੀਂ ਚਾਹੁੰਦੀ ਸੀ।
ਕਹਿੰਦੇ ਹਨ: ਲੋਕ ਇੰਨੇ ਡਰ ਗਏ ਸਨ ਬਾਇਰਨ ਤੋਂ ਕਿ ਬਾਇਰਨ ਜਿਸ ਰੈਸਟੋਰੈਂਟ ਵਿਚ ਜਾਂਦਾ, ਪਤੀ ਆਪਣੀਆਂ ਪਤਨੀਆਂ ਦਾ ਹੱਥ ਫੜ ਕੇ ਦੂਜੇ ਦਰਵਾਜ਼ੇ ਤੋਂ ਬਾਹਰ ਚਲੇ ਜਂਦੇ। ਜਿਸ ਸਭਾ-ਸੁਸਾਇਟੀਆਂ ਵਿਚ ਬਾਇਰਨ ਆਉਂਦਾ ਉੱਥੇ ਲੋਕ ਆਪਣੀਆਂ ਪਤਨੀਆਂ ਨਹੀਂ ਸਨ ਲਿਆਉਂਦੇ। ਸੀ ਕੁਝ ਗੱਲ ਉਸ ਆਦਮੀ ਵਿਚ। ਕੁਝ ਗੁਰਤ੍ਵਕਰਸ਼ਨ ਸੀ। ਪਰ ਇਕ ਔਰਤ ਉਸ ਤੋਂ ਝੁਕੀ ਨਹੀਂ। ਜਿੰਨਾ ਨਾ ਝੁਕੀ, ਓਨਾ ਹੀ ਬਾਇਰਨ ਨੇ ਜਿਆਦਾ ਝੁਕਾਉਣਾ ਚਾਹਿਆ। ਪਰ ਉਸ ਔਰਤ ਨੇ ਇਕ ਸ਼ਰਤ ਰੱਖੀ ਕਿ ਜਦੋਂ ਤੱਕ ਵਿਆਹ ਨਾ ਹੋ ਜਾਵੇ ਉਦੋਂ ਤੱਕ ਮੇਰਾ ਹੱਥ ਵੀ ਨਹੀਂ ਛੂਹ ਸਕੋਗੇ। ਵਿਆਹ ਪਹਿਲਾਂ, ਗੱਲਾਂ ਬਾਅਦ ‘ਚ।
ਔਰਤ ਸੁੰਦਰ ਸੀ। ਅਤੇ ਅਜਿਹੀ ਚੁਣੌਤੀ ਕਦੇ ਕਿਸੇ ਨੇ ਬਾਇਰਨ ਨੂੰ ਦਿੱਤੀ ਵੀ ਨਹੀਂ ਸੀ। ਔਰਤਾਂ ਪਾਗਲ ਸਨ ਉਸ ਲਈ। ਉਸ ਦਾ ਇਸ਼ਾਰਾ ਕਾਫ਼ੀ ਸੀ। ਅਤੇ ਇਹ ਔਰਤ ਸੀ ਕਿ ਜ਼ਿੱਦ ਤੇ ਅੜੀ ਸੀ ਅਤੇ ਸੁੰਦਰ ਸੀ। ਸੁੰਦਰ ਚਾਹੇ ਬਹੁਤੀ ਨਾ ਵੀ ਰਹੀ ਹੋਵੇ, ਪਰ ਉਸਦੀ ਚੁਣੌਤੀ ਨੇ ਉਸ ਨੂੰ ਹੋਰ ਸੁੰਦਰ ਬਣਾ ਦਿੱਤਾ ਸੀ। ਕਿਉਂਕਿ ਜਿਹੜੀ ਚੀਜ਼ ਜਿੰਨੀ ਜ਼ਿਆਦਾ ਸਾਡੀ ਪਹੁੰਚ ਤੋਂ ਬਾਹਰ ਹੁੰਦੀ ਹੈ, ਉਨੇ ਹੀ ਜ਼ਿਆਦਾ ਅਸੀਂ ਉਸ ਪ੍ਰਤਿ ਆਕਰਸ਼ਤ ਹੋ ਜਾਂਦੇ ਹਾਂ। ਐਵਰੈਸਟ ਤੇ ਚੜ੍ਹਨ ਦਾ ਕੋਈ ਵਿਸ਼ੇਸ਼ ਅਨੰਦ ਨਹੀਂ ਹੈ, ਪੂਨੇ ਦੀ ਪਹਾੜੀ ਤੇ ਚੜ੍ਹੋਗੇ ਤਾਂ ਵੀ ਚੱਲੇਗਾ; ਪਰ ਐਵਰੇਸਟ ਪਹੁੰਚ ਤੋਂ ਬਾਹਰ ਹੈ, ਮੁਸ਼ਕਿਲ ਹੈ। ਮੁਸ਼ਕਿਲ ਹੈ, ਇਹ ਚੁਣੌਤੀ ਹੈ।
ਜਦੋਂ ਐਡਮੰਡ ਹਿਲੇਰੀ ਪਹਿਲੀ ਵਾਰ ਐਵਰੇਸਟ ‘ਤੇ ਚੜ੍ਹਿਆ ਅਤੇ ਵਾਪਸ ਆਇਆ, ਤਾਂ ਉਸ ਨੂੰ ਪੁੱਛਿਆ ਗਿਆ ਕਿ ਆਖਰ ਕੀ ਗੱਲ ਸੀ, ਤੁਸੀਂ ਐਵਰੇਸਟ’ ਤੇ ਕਿਉਂ ਚੜ੍ਹਨਾ ਚਾਹੁੰਦੇ ਸੀ? ਤਾਂ ਉਸਨੇ ਕਿਹਾ: ਕਿਸ ਲਈ! ਕਿਉਂਕਿ ਐਵਰੇਸਟ ਅਣ-ਚੜ੍ਹਿਆ ਸੀ, ਇਹ ਚੁਣੌਤੀ ਕਾਫ਼ੀ ਸੀ। ਇਹ ਆਦਮੀ ਦੀ ਹਉਮੈ ‘ਤੇ ਵੱਡੀ ਚੋਟ ਸੀ। ਐਵਰੇਸਟ ਤੇ ਚੜ੍ਹਨਾ ਹੀ ਸੀ। ਚੜ੍ਹਨਾ ਹੀ ਪੈਂਦਾ। ਹਾਲਾਂਕਿ, ਉਥੇ ਪਾਉਣ ਲਈ ਕੁਝ ਵੀ ਨਹੀਂ ਸੀ।
ਉਹ ਔਰਤ ਐਵਰੈਸਟ ਬਣ ਗਈ ਬਾਇਰਨ ਲਈ। ਬਾਇਰਨ ਦੀਵਾਨਾ ਹੋ ਗਿਆ। ਔਰਤਾਂ ਉਸ ਲਈ ਪਾਗਲ ਸਨ, ਬਾਇਰਨ ਉਸ ਔਰਤ ਲਈ ਪਾਗਲ ਹੋ ਗਿਆ। ਅਤੇ ਆਖਰਕਾਰ ਉਸ ਨੂੰ ਝੁਕਣਾ ਪਿਆ, ਵਿਆਹ ਲਈ ਰਾਜ਼ੀ ਹੋਣਾ ਪਿਆ। ਜਿਸ ਦਿਨ ਉਹ ਚਰਚ ‘ਚੋਂ ਵਿਆਹ ਕਰਕੇ ਉਤਰ ਰਹੇ ਸੀ, ਪੌੜੀਆਂ ‘ਚ, ਅਜੇ ਉਨ੍ਹਾਂ ਦੇ ਸਨਮਾਨ ਵਿਚ, ਸਵਾਗਤ ਲਈ ਜਗਾਈਆਂ ਹੋਈਆਂ ਮੋਮਬੱਤੀਆਂ ਬੁਝੀਆਂ ਵੀ ਨਹੀਂ ਸਨ। ਮਹਿਮਾਨ ਅਜੇ ਜਾ ਹੀ ਰਹੇ ਸਨ। ਚਰਚ ਦੀਆਂ ਘੰਟੀਆਂ ਅਜੇ...
ਵੱਜ ਰਹੀਆਂ ਸਨ। ਉਹ ਉਸ ਔਰਤ ਦਾ ਹੱਥ ਫੜ ਕੇ ਪੌੜੀਆਂ ਉਤਰ ਰਿਹਾ ਹੈ ਅਤੇ ਤਦੇ ਇਕ ਪਲ ਲਈ ਠਿਠਕ ਕੇ ਖੜ੍ਹਾ ਹੋ ਗਿਆ। ਇੱਕ ਔਰਤ ਨੂੰ ਉਸਨੇ ਸਾਹਮਣੇ ਰਸਤੇ ‘ਤੋਂ ਲੰਘਦਿਆਂ ਵੇਖਿਆ।
ਬਾਇਰਨ, ਉਂਝ ਆਦਮੀ ਇਮਾਨਦਾਰ ਸੀ। ਉਸਨੇ ਆਪਣੀ ਪਤਨੀ ਨੂੰ ਕਿਹਾ: ਸੁਣ! ਤੂੰ ਦੁਖੀ ਤਾਂ ਹੋਵੋਗੀ, ਪਰ ਸੱਚੀ ਗੱਲ ਮੈਨੂੰ ਦੱਸਣੀ ਹੀ ਚਾਹੀਦੀ ਹੈ। ਕੱਲ੍ਹ ਤੱਕ ਮੈਂ ਦੀਵਾਨਾ ਸੀ, ਪਰ ਜਿਵੇਂ ਹੀ ਤੇਰਾ ਹੱਥ ਮੇਰੇ ਹੱਥ ਵਿੱਚ ਆਇਆ ਅਤੇ ਅਸੀਂ ਵਿਆਹ ਕਰਵਾ ਲਿਆ, ਮੇਰਾ ਸਾਰਾ ਰਸ ਖਤਮ ਹੋ ਗਿਆ। ਤੂੰ ਪੁਰਾਣੀ ਪੈ ਗਈ ਏਂ। ਅਜੇ ਤੱਕ ਕੋਈ ਸਬੰਧ ਵੀ ਨਹੀਂ ਬਣਾਇਆ ਗਿਆ, ਪਰ ਤੂੰ ਪੁਰਾਣੀ ਹੋ ਗਈ ਏਂ। ਅਤੇ ਉਹ ਔਰਤ ਜਿਹੜੀ ਹੁਣੇ ਹੁਣੇ ਸਾਹਮਣੇ ਤੋਂ ਲੰਘ ਰਹੀ ਹੈ, ਇੱਕ ਪਲ ਲਈ ਮੈਂ ਉਹਨੂੰ ਵੇਖ ਕੇ ਮੰਤਰਮੁਗਧ ਹੋ ਗਿਆ। ਮੈਂ ਤੈਨੂੰ ਭੁੱਲ ਹੀ ਗਿਆ ਕਿ ਤੇਰਾ ਹੱਥ ਮੇਰੇ ਹੱਥ ਵਿਚ ਹੈ। ਮੈਨੂੰ ਤੇਰਾ ਖਿਆਲ ਵੀ ਨਹੀਂ ਰਿਹਾ। ਇਹ ਮੈਂ ਤੈਨੂੰ ਦੱਸ ਦੇਣਾ ਚਾਹੁੰਦਾ ਹਾਂ, ਮੇਰਾ ਰਸ ਖਤਮ ਹੋ ਗਿਆ ਹੈ, ਕਿਉਂਕਿ ਤੇਰਾ ਹੱਥ ਮੇਰੇ ਹੱਥ ਵਿੱਚ ਹੈ। ਤੈਨੂੰ ਪਾ ਹੀ ਲਿਆ, ਹੁਣ ਉਹ ਰਸ, ਉਹ ਉਤਸੁਕਤਾ ਨਹੀਂ ਰਹੀ।
ਤੁਸੀਂ ਸਾਇਦ ਇੰਨੇ ਇਮਾਨਦਾਰ ਨਾ ਵੀ ਹੋਵੋ, ਪਰ ਕੀ ਤੁਸੀਂ ਖਿਆਲ ਕੀਤਾ ਹੈ: ਜਿਸ ਚੀਜ਼ ਨੂੰ ਪ੍ਰਾਪਤ ਕਰਨ ਲਈ ਤੁਸੀਂ ਪਰੇਸ਼ਾਨ ਸੀ…. ਇੱਕ ਸੁੰਦਰ ਕਾਰ ਖਰੀਦਣਾ ਚਾਹੁੰਦੇ ਸੀ, ਸਾਲਾਂ ਤੱਕ ਪੈਸਾ ਕਮਾਇਆ, ਸਖਤ ਮਿਹਨਤ ਕੀਤੀ, ਫਿਰ ਜਿਸ ਦਿਨ ਆਕੇ ਦਲਾਨ ਵਿੱਚ ਕਾਰ ਖੜੀ ਹੋ ਗਈ, ਤੁਸੀਂ ਉਸਦੇ ਦੁਆਲੇ ਘੁੰਮ ਕੇ ਵੇਖਿਆ ਅਤੇ ਛਾਤੀ ਬੈਠ ਗਈ, ਕਿ ਬਸ ਹੋ ਗਿਆ ਹੈ। ਹੁਣ? ਹੁਣ ਕੀ ਕਰਨ ਨੂੰ ਹੈ? ਦੋ-ਚਾਰ ਦਿਨ ਚਾਅ ਰਹੇਗਾ, ਕਾਰ ਲੈ ਕੇ ਨਿਕਲੋਗੇ ਸੜਕ ‘ਤੇ। ਪਰ ਕਾਰ ਉਸੇ ਦਿਨ ਤੋਂ ਪੁਰਾਣੀ ਹੋਣ ਲੱਗੀ ਜਿਸ ਦਿਨ ਤੁਸੀਂ ਇਸਨੂੰ ਘਰ ਲੈ ਅਾਏ। ਹੁਣ ਰੋਜ਼ ਪੁਰਾਣੀ ਹੀ ਹੋਵੇਗੀ। ਅਤੇ ਰੋਜ-ਰੋਜ ਦਾ ਜੋ ਰਸ ਤੁਹਾਡੇ ਵਿਚਕਾਰ ਸੀ ਉਹ ਘਟਦਾ ਚਲਾ ਜਾਵੇਗਾ। ਇਸੇ ਕਾਰ ਲਈ ਤੁਸੀਂ ਕਈ ਦਿਨ ਸੁੱਤੇ ਨਹੀਂ, ਦਿਨ-ਰਾਤ ਸੁਪਨੇ ਵੇਖੇ, ਫਿਰ ਸੋਚਿਆ – ਵਿਚਾਰਿਆ ਅਤੇ ਹੁਣ ਇਹੀ ਤੁਹਾਡੇ ਦਲਾਨ ‘ਚ ਆਕੇ ਖੜੀ ਹੈ ਅਤੇ ਹੁਣ ਇਹਦੀ ਯਾਦ ਤੱਕ ਨਹੀਂ ਆਉਂਦੀ। ਇਹੀ ਤੁਹਾਡੇ ਸਾਰੇ ਜੀਵਨ ਦੀ ਕਹਾਣੀ ਹੈ।
ਮਨ ਨਵੇਂ ਦੀ ਮੰਗ ਕਰਦਾ ਹੈ, ਪਰ ਨਵਾਂ ਤਾਂ ਮਿਲਦਿਆਂ ਹੀ ਪੁਰਾਣਾ ਹੋ ਜਾਂਦਾ ਹੈ ਅਤੇ ਮਨ ਫਿਰ ਉਦਾਸੀ ਨਾਲ ਭਰ ਜਾਂਦਾ ਹੈ।
ਜਿਹੜਾ ਨਵੇਂ ਨੂੰ ਮੰਗੇਗਾ, ਉਹ ਬਾਰ ਬਾਰ ਦੁਖੀ ਹੋਵੇਗਾ, ਕਿਉਂਕਿ ਨਵਾਂ ਮਿਲਦੇ ਹੀ ਪੁਰਾਣਾ ਹੈ।
ਸਦੀਵੀ ਦੀ ਭਾਲ ਕਰੋ, ਜੋ ਕਿ ਨਵਾਂ ਵੀ ਨਹੀਂ ਹੈ, ਤੇ ਕਦੇ ਪੁਰਾਣਾ ਵੀ ਨਹੀਂ ਹੁੰਦਾ। ਜੋ ਹਮੇਸ਼ਾ ਹਮੇਸ਼ਾਂ ਇਕੋ ਜਿਹਾ ਹੁੰਦਾ ਹੈ, ਇਕ ਰਸ। ਉਸ ਇਕ-ਰਸਤਾ ਦਾ ਨਾਮ ਹੀ ਪ੍ਰਮਾਤਮਾ ਹੈ।
– #ਓਸ਼ੋ 🍁
Access our app on your mobile device for a better experience!
sandeep rehal
bhuttt bdia story a
Rekha Rani
very very nice story.story is really right, good and interesting.