ਉਹ ਮੈਨੂੰ ਕਿਸੀ ਦੇ ਮੰਗਣੇ ਤੇ ਸਿਰਫ ਇੱਕ ਵਾਰ ਦਿੱਸੀ..
ਬੱਸ ਦੇਖਦਾ ਹੀ ਰਹਿ ਗਿਆ..ਉਸਦੇ ਤਿੱਖੇ ਨੈਣ ਨਕਸ਼ਾਂ ਅਤੇ ਭੋਲੀ ਜਿਹੀ ਸੂਰਤ ਨੇ ਉਸਦੇ ਸਧਾਰਨ ਜਿਹੇ ਗਲ਼ ਪਾਏ ਸੂਟ ਵੱਲ ਧਿਆਨ ਹੀ ਨਾ ਜਾਣ ਦਿੱਤਾ..ਅਖੀਰ ਜਦੋਂ ਵਿਆਹ ਦੀ ਗੱਲ ਚੱਲੀ ਤਾਂ ਸਾਰਿਆਂ ਸਾਹਵੇਂ ਓਸੇ ਦਾ ਹੀ ਜਿਕਰ ਕਰ ਦਿੱਤਾ..ਬੜਾ ਵਿਰੋਧ ਹੋਇਆ..ਭੁਚਾਲ ਜਿਹਾ ਆਗਿਆ!
ਆਖਣ ਲੱਗੇ ਕਿਥੇ ਅਮਰੀਕਾ ਦਾ ਗ੍ਰੀਨ ਕਾਰਡ ਤੇ ਕਿਥੇ ਗੋਹਾ ਕੂੜਾ ਕਰਦੀ ਸਧਾਰਨ ਜਿਹੇ ਟੱਬਰ ਵਿਚ ਪਲੀ ਹੋਈ ਆਮ ਜਿਹੀ ਕੁੜੀ..
ਪਰ ਦਿਲ ਦਰਿਆ ਸਮੁੰਦਰੋਂ ਡੂੰਘੇ..ਕੌਣ ਦਿਲਾਂ ਦੀਆਂ ਜਾਣੇ..ਮੇਰੀ ਵੀ ਪੱਥਰ ਤੇ ਪੱਕੀ ਲਕੀਰ ਹੀ ਵੱਜ ਗਈ..!
ਫੇਰ ਇੱਕ ਦਿਨ ਜਦੋਂ ਮਾਂ ਨੇ ਪਾਣੀ ਵਾਰ ਬਰੂਹਾਂ ਤੋਂ ਅੰਦਰ ਲੈ ਆਂਦੀ ਤਾਂ ਸੱਚ ਮੰਨਿਓਂ ਚਾਰੇ ਪਾਸੇ ਚਾਨਣ ਪੱਸਰ ਗਿਆ..
ਪਰ ਸਭ ਤੋਂ ਵੱਧ ਨਰਾਜਗੀ ਨਿੱਕੀ ਭੂਆ ਨੂੰ ਹੋਈ..
ਉਸਦੇ ਸਹੁਰਿਆਂ ਵਾਲੇ ਪਾਸੋਂ ਲਿਆਧੇ ਸਾਕ ਨੂੰ ਨਾਂਹ ਜੂ ਹੋ ਗਈ ਸੀ ਸ਼ਾਇਦ..
ਫੇਰ ਬਹਾਨੇ-ਬਹਾਨੇ ਨਾਲ ਲਿਆਂਦੇ ਦਾਜ ਦੀਆਂ ਗਿਣਤੀਆਂ ਮਿਣਤੀਆਂ ਜਿਹੀਆਂ ਹੋਣ ਲੱਗੀਆਂ..ਕਦੀ ਉਸਦੇ ਬਣਨ ਫੱਬਣ ਦੇ ਤਰੀਕਿਆਂ ਤੋਂ ਮੌਜੂ ਬਣਾਇਆ ਜਾਂਦਾ..
ਇੱਕ ਵਾਰ ਕੱਪੜੇ ਧੋਣ ਵਾਲੀ ਮਸ਼ੀਨ ਚਲਾਉਣੀ ਨਾ ਆਈ ਤਾਂ ਵੱਡਾ ਮਸਲਾ ਬਣਾ ਦਿੱਤਾ ਗਿਆ!
ਪਰ ਇੱਕ ਵੱਡੀ ਸਿਫਤ ਸੀ..ਭਾਵੇਂ ਘਿਓ ਦਾ ਘੜਾ ਵੀ ਕਿਓਂ ਨਾ ਡੁੱਲ ਜਾਵੇ..ਅੱਗੋਂ ਹੱਸਦੀ ਰਹਿੰਦੀ..ਅਗਲਿਆਂ ਨੂੰ ਹੋਰ ਗੁੱਸਾ ਚੜ ਜਾਂਦਾ ਕੇ ਆਖੀਆਂ ਦਾ ਗੁੱਸਾ ਕਿਓਂ ਨਹੀਂ ਕਰਦੀ..
ਫੇਰ ਇੱਕ ਦਿਨ ਜਹਾਜੇ ਚੜ ਬਾਹਰ ਆ ਗਈ..
ਇਥੋਂ ਦੀ ਸੰਘਰਸ਼ਮਈ ਜਿੰਦਗੀ ਦਾ ਆਗਾਸ..ਨਵਾਂ ਮੁਲਖ..ਨਵੇਂ ਲੋਕ..ਨਵੀਂ ਜਿੰਦਗੀ..ਖੁੱਲ੍ਹਾ ਡੁੱਲ੍ਹਾ ਵੱਖਰਾ ਜਿਹਾ ਡਰਾਉਣਾ ਮਾਹੌਲ..ਇੱਕ ਵਾਰ ਤੇ ਕਹਿੰਦੇ ਕਹਾਉਂਦੇ ਵੀ ਲੀਹੋਂ ਉੱਤਰ ਹੀ ਜਾਇਆ ਕਰਦੇ ਨੇ..
ਖੈਰ ਇਸਤੋਂ ਕਈ ਗਲਤੀਆਂ ਵੀ ਹੋਈਆਂ ਪਰ ਨਾ ਤਾਂ ਕਦੇ ਆਪ ਮਜਾਕ ਉਡਾਇਆ ਤੇ ਨਾ ਹੀ ਕਿਸੇ ਹੋਰ ਨੂੰ ਉਡਾਉਣ ਦਿੱਤਾ..
ਅੰਦਰੋਂ ਅਕਸਰ ਹੀ ਇੱਕ ਅਵਾਜ ਆਇਆ ਕਰਦੀ ਕੇ ਜਜਬਾਤਾਂ ਦੀ ਚਾਸ਼ਨੀ ਵਿਚ ਡੁੱਬੀ ਇਸ ਸੱਚੀ ਮੁਹੱਬਤ ਨੂੰ ਕਦੇ ਵੀ ਹੰਕਾਰ ਵਾਲੀ ਤੱਕੜੀ ਤੇ ਨਾ ਤੋਲੀਂ..
ਇਹ ਸੋਚ ਭਾਰੂ ਹੁੰਦਿਆਂ ਹੀ ਇਸਦੇ ਹਰ ਮਾਮਲੇ ਵਿਚ ਮੇਰੀ ਇੱਕ ਖਾਸ ਜੁਮੇਵਾਰੀ ਬਣ ਜਾਇਆ ਕਰਦੀ..ਕੇ ਮਿੱਠੇ ਬੇਰਾਂ ਨਾਲ ਲੱਦੀ ਇਸ ਬੇਰੀ ਨੂੰ ਕੋਈ ਬਾਹਰੀ ਢੇਮ ਨਹੀਂ ਵੱਜਣ ਦੇਣੀ..!
ਦਾਦੀ ਅਕਸਰ ਹੀ ਆਖਿਆ ਕਰਦੀ ਸੀ ਕੇ ਕਿਸੇ ਬੇਗਾਨੇ ਦੀਆਂ ਗਲਤੀਆਂ ਅਤੇ...
ਨਾਸਮਝੀਆਂ ਨੂੰ ਕਦੀ ਵੀ ਦੁਨੀਆ ਸਾਹਵੇਂ ਵੱਡਾ ਮਸਲਾ ਬਣਾ ਕੀ ਨਹੀਂ ਦਰਸਾਉਣਾ ਚਾਹੀਦਾ..ਸੱਚਾ ਰੱਬ ਨਰਾਜ ਹੁੰਦਾ..ਪਰ ਇਹ ਤੇ ਫੇਰ ਵੀ ਆਪ ਸਹੇੜੀ ਹੋਈ ਸੀ..ਮੇਰੀ ਨਿੱਕੀ ਜਿਹੀ ਧੀ ਨੂੰ ਜਨਮ ਦੇਣ ਵਾਲੀ ਦੁਖਾਂ-ਸੁਖਾਂ ਵਿਚ ਮੇਰੀ ਭਾਈਵਾਲ..ਉਹ ਵੀ ਏਨੇ ਭਾਰੀ ਸੰਘਰਸ਼ ਅਤੇ ਵਿਰੋਧ ਦੇ ਚੱਲਦੇ ਹੋਏ ਵਿਆਹ ਕੇ ਲਿਆਂਧੀ ਹੋਈ..!
ਆਪਣੇ ਕਈ ਹਮਵਤਨ ਜਿਹਨਾਂ ਬਾਰੇ ਮਸ਼ਹੂਰ ਏ ਕੇ ਇਹ ਪੰਜਾਬੋਂ ਤਾਂ ਬਾਹਰ ਆ ਜਾਂਦੇ ਪਰ ਆਪਣੇ ਅੰਦਰੋਂ ਪੰਜਾਬ ਨਹੀਂ ਕੱਢ ਸਕਦੇ..ਕਈਆਂ ਪਿਛਲੇ ਇਤਿਹਾਸ ਫਰੋਲ ਇਸਦੀ ਹਿਸਟਰੀ ਕੱਢ ਮਾਰੀ ਫੇਰ ਆਖਿਆ ਕਰਨਾ ਕੇ ਪਿੱਛੋਂ ਗੋਹਾ ਕੂੜਾ ਕਰਦੀ ਆਈ ਏ..ਇੱਕ ਦੋ ਵਾਰ ਗਰਮ ਗਰਮੀ ਵੀ ਹੋ ਗਈ..ਏਦਾਂ ਦੇ ਯਾਰ ਬੇਲੀ ਅਤੇ ਬਹੁਤ ਸਾਰੇ ਹੋਰ ਜਾਣਕਾਰ ਛੱਡ ਵੀ ਦਿੱਤੇ..
ਪਹਿਲਾਂ ਡਰਾਈਵਿੰਗ ਲਾਈਸੇਂਸ ਤੇ ਫੇਰ ਪੜਾਈ ਦੀਆਂ ਕਲਾਸਾਂ..ਪਤਾ ਨੀ ਕਿੱਦਾਂ ਸਾਰਾ ਕੁਝ ਪਹਿਲੀ ਵਾਰੀ ਵਿਚ ਹੀ ਕਲੀਅਰ ਕਰ ਗਈ..ਮਗਰੋਂ ਹਰ ਮੈਦਾਨ ਫਤਹਿ!
ਅੱਜ ਏਨੇ ਸਾਲਾਂ ਮਗਰੋਂ ਸਧਾਰਨ ਜਿਹੇ ਪਿੰਡ ਦੀ ਗੋਹਾ ਕੂੜਾ ਕਰਦੀ ਹੋਈ ਓਸੇ ਕੁੜੀ ਨੂੰ ਜਦੋਂ ਗੋਰਿਆਂ ਦੇ ਜੁਆਕ ਪੜਾਉਂਦੀ ਹੋਈ ਨੂੰ ਦੇਖਦਾਂ ਹਾਂ ਤਾਂ ਕਿਸੇ ਦੀਆਂ ਆਖੀਆਂ ਦੋ ਗੱਲਾਂ ਚੇਤੇ ਆ ਜਾਂਦੀਆਂ..ਪਹਿਲੀ ਕੇ ਇਸ ਦੁਨੀਆਂ ਦਾ ਕੋਈ ਵੀ ਖੱਬੀ-ਖ਼ਾਂ ਮਾਂ ਦੀ ਕੁੱਖੋਂ ਵਿਚੋਂ ਸਿੱਖ ਕੇ ਨਹੀਂ ਆਉਂਦਾ..ਅਤੇ ਦੂਜਾ..ਹਰ ਕਾਮਯਾਬ ਤੀਵੀਂ ਪਿੱਛੇ ਉਸਦੇ ਨਾਲਦੇ ਵੱਲੋਂ ਉਸ ਲਈ ਸਿਰਜਿਆ ਹੋਇਆ ਮਾਫਿਕ ਜਿਹਾ ਘਰੇਲੂ ਮਾਹੌਲ ਅਤੇ ਪੈਰ ਪੈਰ ਤੇ ਬਿਨਾ ਸ਼ਰਤ ਦਿੱਤੀ ਹੋਈ ਸੁਹਿਰਦ ਸੁਪੋਰਟ ਹੁੰਦੀ ਏ!
ਸੋ ਦੋਸਤੋ ਰੂਹਾਨੀ ਅਤੇ ਜਿਸਮਾਨੀ ਮੁਹੱਬਤ ਵਿਚ ਬੱਸ ਇਹੀ ਫਰਕ ਹੁੰਦਾ ਏ…
ਰੂਹਾਨੀ..ਹਯਾਤੀ ਦੇ ਲੰਮੇ ਸਫ਼ਰ ਵਿਚ ਨਿੱਕੇ ਮੋਟੇ ਗੁੱਸੇ ਗਿਲੇ ਅਤੇ ਨਫ਼ੇ ਨੁਕਸਾਨ ਲਾਹਬੇ ਰੱਖ ਸਿਵਿਆਂ ਦੀ ਰਾਖ ਤੱਕ ਸਾਥ ਨਿਭਾਉਂਦੀ ਏ..ਤੇ ਜਿਸਮਾਨੀ..ਸਰੀਰਾਂ ਦੀ ਵਕਤੀ ਭੁੱਖ ਮਿਟਣ ਮਗਰੋਂ ਇੱਕ ਦੂਜੇ ਤੋਂ ਅੱਕ ਕੇ ਵੱਖ ਹੋਣ ਲਈ ਕੋਈ ਨਾ ਕੋਈ ਨਿੱਕਾ-ਮੋਟਾ ਬਹਾਨਾ ਲ਼ੱਭ ਹੀ ਲਿਆ ਕਰਦੀ ਏ..ਐਸੀਆਂ ਕਈ ਮੁਹੱਬਤਾਂ ਨੂੰ ਅਕਸਰ ਹੀ ਅਦਾਲਤਾਂ ਦੇ ਕਟੇਹਰਿਆਂ ਵਿਚ ਖੱਜਲ ਖਵਾਰ ਹੁੰਦਿਆਂ ਤੁਸਾਂ ਅਕਸਰ ਹੀ ਦੇਖਿਆ ਹੋਣਾ!
ਸੱਚੇ ਬਿਰਤਾਂਤ ਤੇ ਅਧਾਰਿਤ..
ਹਰਪ੍ਰੀਤ ਸਿੰਘ ਜਵੰਦਾ