ਅਮ੍ਰਿਤਸਰ..ਮਈ ਮਹੀਨੇ ਦੇ ਪਹਿਲੇ ਹਫਤੇ ਦੀ ਤਪਦੀ ਹੋਈ ਇੱਕ ਸਿਖਰ ਦੁਪਹਿਰ..!
ਰਿਆਲਟੋ ਚੋਂਕ ਸਿਨੇਮੇ ਦੇ ਬਾਹਰ ਖਲੋਤੇ ਆਟੋ ਵਾਲੇ ਨੂੰ ਪੁੱਛਿਆ ਰਤਨ ਸਿੰਘ ਚੋਂਕ ਕਿੰਨੇ ਪੈਸੇ?..
ਅੱਗੋਂ ਆਖਣ ਲੱਗਾ ਜੀ ਸੱਤਰ ਰੁਪਈਏ..!
ਚਾਰ ਕਿਲੋਮੀਟਰ ਦੀ ਵਾਟ ਤੇ ਏਨੇ ਪੈਸੇ..ਲੁੱਟ ਮਚਾ ਰੱਖੀ ਏ ਤੁਸਾਂ ਲੋਕਾਂ..ਏਨੀ ਗੱਲ ਆਖ ਅਗਾਂਹ ਨੂੰ ਤੁਰ ਪਈ!
ਮਗਰੋਂ ਹੱਸਦਾ ਹੋਇਆ ਆਖਣ ਲੱਗਾ..ਵਾਰਾ ਨਹੀਂ ਖਾਂਦੇ ਤੇ ਨਾ ਬੈਠੋ..ਗੁੱਸੇ ਕਾਹਨੂੰ ਹੁੰਦੇ ਓ ਬੀਬੀ ਜੀ..!
ਇਸ ਵਾਰ ਉਹ ਮੈਨੂੰ ਲਾਲਚੀ ਹੋਣ ਦੇ ਨਾਲ ਨਾਲ ਥੋੜਾ ਬਦਤਮੀਜ਼ ਵੀ ਲੱਗਾ!
ਏਨੇ ਨੂੰ ਬੇਟਾ ਵੀ ਸਕੂਟਰ ਲੈ ਕੇ ਅੱਪੜ ਗਿਆ..
ਅੱਗੇ ਵੱਡਾ ਜਾਮ ਲੱਗਾ ਸੀ..ਦੂਜੇ ਰਾਹ ਪੈ ਕੇ ਮਸੀਂ ਅੱਧੇ-ਘੰਟੇ ਬਾਅਦ ਰਤਨ ਸਿੰਘ ਚੋਂਕ ਅੱਪੜੇ..!
ਅੱਗੋਂ ਓਹੀ ਬਦਤਮੀਜ਼ ਦਿਸ ਪਿਆ..ਆਪਣੇ ਆਟੋ ਵਿਚੋਂ ਸਕੂਲ ਦੇ ਕਿੰਨੇ ਸਾਰੇ ਬੱਚੇ ਲਾਹ ਰਿਹਾ ਸੀ..
ਤੁਰੇ ਜਾਂਦੇ ਨਿਆਣੇ ਵੀ ਹੇਠਾਂ ਉੱਤਰ ਵਾਰ ਵਾਰ ਉਸਦਾ ਸ਼ੁਕਰੀਆ ਕਰ ਆਪੇ ਆਪਣੇ ਘਰਾਂ ਨੂੰ ਤੁਰੇ ਜਾ ਰਹੇ ਸਨ!
ਤੇ ਉਹ ਓਥੇ ਖਲੋਤਾ ਓਹਨਾ ਨੂੰ ਜਾਂਦਿਆਂ ਨੂੰ ਵੇਖ ਖੁਸ਼ ਹੋਈ ਜਾ ਰਿਹਾ ਸੀ!
ਇਹ ਸਭ ਵੇਖ ਮੈਨੂੰ ਬੜਾ ਵੱਟ ਚੜਿਆ..
ਉਚੇਚਾ ਸਕੂਟਰ ਰੁਕਵਾਇਆ..ਉਸਦੇ ਕੋਲ ਗਈ ਤੇ ਸ਼ਰਮਿੰਦਾ ਕਰਨ ਲਈ ਪੁੱਛ ਲਿਆ ਕੇ ਭਾਈ ਜੇ ਤੇਰਾ ਕਿਸੇ ਸਕੂਲ ਨਾਲ ਬੱਚਿਆਂ ਦਾ ਠੇਕਾ ਸੀ ਤਾਂ ਸਿੱਧਾ ਹੀ ਆਖ ਦਿੰਦਾ..ਏਨੇ ਪੈਸੇ ਮੰਗ...
ਬਹਾਨਾ ਜਿਹਾ ਕਿਓਂ ਲਾਇਆ?
ਅੱਗੋਂ ਫੇਰ ਹੱਸ ਪਿਆ ਤੇ ਆਖਣ ਲੱਗਾ ਕੇ ਠੇਕਾ ਤੇ ਕੋਈ ਨਹੀਂ ਸੀ ਬੀਬੀ ਜੀ..ਬੱਸ ਏਨੀ ਗਰਮੀ ਵਿਚ ਹਾਲੋ ਬੇਹਾਲ ਪੈਦਲ ਤੁਰੇ ਜਾਂਦੇ ਰੱਬ ਦੇ ਇਹਨਾਂ ਜੀਆਂ ਵੱਲ ਦੇਖ ਬ੍ਰੇਕ ਵੱਜ ਗਈ..ਸੋਚਿਆ ਖਾਲੀ ਵੀ ਤੇ ਅੱਪੜਨਾ ਈ ਏ..ਕਿਓਂ ਨਾ ਜਿੰਨੇ ਕੂ ਬੈਠ ਸਕਦੇ..ਬਿਠਾ ਲਵਾਂ..ਵਿਚਾਰੇ ਗਰੀਬ ਗੁਰਬਿਆਂ ਦੇ ਨਿਆਣੇ..ਧੁੱਪ ਕਿਹੜਾ ਲਿਹਾਜ ਕਰਦੀ ਏ ਇਹਨਾਂ ਦਾ!
ਅਗਿਓਂ ਮਿਹਣਾ ਜਿਹਾ ਦਿੰਦੀ ਹੋਈ ਨੇ ਆਖ ਦਿੱਤਾ “ਮੂਰਖਾ ਜੇ ਮੇਰੇ ਨਾਲ ਹੀ ਸਿਧੇ ਮੂੰਹ ਭਾਅ ਕਰ ਲਿਆ ਹੁੰਦਾ ਤਾਂ ਚਾਲੀ ਪੰਜਾਹ ਬਣ ਹੀ ਜਾਣੇ ਸਨ..ਹੁਣ ਵੀ ਤਾਂ ਝੱਲੀ ਹੀ ਆ ਮੁਫ਼ਤ ਦੀ ਵਗਾਰ..!
ਆਟੋ ਸਟਾਰਟ ਕਰ ਹੱਸਦਾ ਹੋਇਆ ਏਨੀ ਗੱਲ ਆਖ਼ ਅਗਾਂਹ ਨੂੰ ਤੁਰ ਪਿਆ ਕੇ ਬੀਬੀ ਜੀ ਕੀ ਦੱਸੀਏ ਬੱਸ ਏਦਾਂ ਹੀ ਤੁਰੇ ਜਾਂਦੇ ਮਾੜਾ-ਮੋਟਾ ਦਾਨ ਪੁੰਨ ਕਰ ਲਈਦਾ..ਮੇਰੇ ਵਰਗੇ ਹਮਾਤੜ ਕੋਲ ਧਾਰਮਿਕ ਕੰਮਾਂ ਵਿਚ ਦਾਨ ਦੇਣ ਜੋਗੀਆਂ ਵੱਡੀਆਂ ਰਕਮਾਂ ਕਿਥੇ ਹੁੰਦੀਆਂ ਨੇ..”
ਡੌਰ-ਭੌਰ ਜਿਹੀ ਹੋ ਗਈ ਨੂੰ ਇੰਝ ਮਹਿਸੂਸ ਹੋਇਆ ਜਿੱਦਾਂ ਇਸ ਵਾਰ ਉਹ ਸੱਚੀ ਹੀ ਸੱਰੇ-ਬਜਾਰ ਬੇਇੱਜਤ ਕਰ ਗਿਆ ਹੋਵੇ!
ਹਰਪ੍ਰੀਤ ਸਿੰਘ ਜਵੰਦਾ
Access our app on your mobile device for a better experience!