More Punjabi Kahaniya  Posts
ਜੀਵਨ ਯਾਤਰਾ


ਆਪਣੀ ਮਨਾਲੀ ਦੀ ਯਾਤਰਾ ਦੇ ਦੌਰਾਨ ਮੈਨੂੰ ਉਥੇ ਇਕ ਨੌਜਵਾਨ ਅੰਗਰੇਜ਼ ਜੋੜੇ ਨੂੰ ਮਿਲਣ ਦਾ ਮੌਕਾ ਮਿਲਿਆ, ਜੋ ਕਿ ਇੰਗਲੈਂਡ ਤੋਂ ਸਨ ਅਤੇ ਆਪਣੇ ਸਾਇਕਲਾਂ ਉਤੇ ਇੰਡੀਆ ਘੁੰਮ ਰਹੇ ਸਨ।
ਇੰਡੀਆ ਆਉਣ ਤੋਂ ਪਹਿਲਾਂ ਉਹ ਸਾਇਕਲਾਂ ਦੇ ਉਤੇ ਨੇਪਾਲ ਵਿੱਚ ਪੂਰਾ ਅੰਨਾਪੂਰਨਾ ਸਰਕਟ ਘੁੰਮ ਕੇ ਆਏ ਸਨ, ਤੇ ਹੁਣ ਭਾਰਤੀ ਹਿਮਾਲਿਆ ਨੂੰ ਵੀ ਆਪਣੇ ਸਾਇਕਲਾਂ ਦੇ ਉਤੇ ਹੀ ਗਾਹ ਰਹੇ ਸਨ। ਜਦੋਂ ਮੈਂ ਬੈਠਾ ਉਨ੍ਹਾਂ ਦੇ ਪਿਛਲੇ ਸਫਰ ਦੀ ਫੋਟੋਆਂ ਤੇ ਵੀਡੀਓਜ਼ ਦੇਖ ਰਿਹਾ ਸੀ ਤਾਂ ਮੈਂ ਸਹਿਜ ਸੁਭਾਅ ਹੀ ਉਨ੍ਹਾਂ ਨੂੰ ਪੁੱਛ ਲਿਆ ਕਿ ਤੁਹਾਡਾ luggage ( ਸਮਾਨ ) ਕਿਥੇ ਹੈ? ਕੀ ਤੁਹਾਡਾ ਸਮਾਨ ਪਿਛੇ ਕਿਸੇ ਗੱਡੀ ਵਿੱਚ ਆ ਰਿਹਾ ਹੈ, ਜਾਂ ਫਿਰ ਤੁਸੀਂ ਪਹਿਲਾਂ ਹੀ ਅਗੇ ਭੇਜ ਦਿੱਤਾ ਹੈ?
ਇਕ ਗਲ ਹੋਰ ਨੋਟ ਕਰਨ ਵਾਲੀ ਸੀ ਕਿ ਹਰ ਇਕ ਫੋਟੋ ਜਾਂ ਵੀਡੀਓ ਦੇ ਵਿੱਚ ਉਨ੍ਹਾਂ ਕੋਲ ਸਿਰਫ ਇਕ ਨਿੱਕਾ ਜਿਹਾ ਬੈਗਪੈਕ ਸੀ, ਤੇ ਜਦੋਂ ਮੈ ਬੈਠਾ ਉਨ੍ਹਾਂ ਨਾਲ ਗਲਬਾਤ ਕਰ ਰਿਹਾ ਸੀ ਤਾਂ ਉਸ ਵੇਲੇ ਵੀ ਉਨ੍ਹਾਂ ਕੋਲ ਸਿਰਫ ਉਹੀ ਦੋ ਨਿੱਕੇ-ਨਿੱਕੇ ਬੈਗਪੈਕ ਹੀ ਸਨ।
ਮੇਰੀ ਲਈ ਇਹ ਯਕੀਨ ਕਰਨਾ ਮੁਸ਼ਕਿਲ ਸੀ ਕਿ ਉਨ੍ਹਾਂ ਨੇ ਏਨੀ ਲੰਮੀ ਯਾਤਰਾ ਸਿਰਫ ਇਕ ਨਿੱਕੇ ਜਿਹੇ ਬੈਗਪੈਕ ਦੇ ਆਸਰੇ ਹੀ ਕਰ ਲਈ ਸੀ, ਉਹ ਵੀ ਸਾਇਕਲ ਉਤੇ। ਇਸ ਕਰਕੇ ਮੈਂ ਉਨ੍ਹਾਂ ਤੋਂ ਇਹ ਬੇਤੁਕੇ ਜਿਹੇ ਸਵਾਲ ਪੁੱਛ ਬੈਠਾ।
ਮੇਰੇ ਸਵਾਲ ਸੁਣ ਕੇ ਉਹ ਨੌਜਵਾਨ ਜੋੜਾ ਹਸ ਪਿਆ ਤੇ ਉਨ੍ਹਾਂ ਨੇ ਮੈਨੂੰ ਜੋ ਜਵਾਬ ਦਿੱਤਾ ਉਹ ਅਜ ਵੀ ਮੈਨੂੰ ਯਾਦ ਏ, ਉਨ੍ਹਾਂ ਦਾ ਕਹਿਣਾ ਸੀ ਕਿ- “ਸਾਡੇ ਕੋਲ ਕੋਈ luggage ਨਹੀਂ ਏ, ਜੋ ਕੁੱਝ ਹੈ ਬਸ ਇਹੀ ਏ, ਅਸੀਂ ਯਾਤਰਾ ਕਰਨ ਨਿਕਲੇ ਹਾਂ ਸਮਾਨ ਢੋਣ ਨਹੀ। ਸਾਡੇ ਕੋਲ ਸਾਡੀ ਮੁਢਲੀ ਜਰੂਰਤ ਦੀਆਂ ਕੁੱਝ ਚੀਜ਼ਾਂ ਹਨ, ਸਾਡੇ ਸਾਇਕਲ ਹਨ ਤੇ ਸਾਇਕਲਾਂ ਉਤੇ ਬੰਨੇ ਸਲੀਪਿੰਗ ਬੈਗ ਤੇ ਟੈਂਟ ਹਨ, ਬਸ ਇਹੀ ਕੁੱਝ ਹੈ ਜੋ ਸਾਨੂੰ...

ਚਾਹੀਦਾ ਹੈ, ਬਾਕੀ ਜਿਸ ਚੀਜ਼ ਦੀ ਲੋੜ ਸਾਨੂੰ ਪੈਂਦੀ ਹੈ ਅਸੀਂ ਰਸਤੇ ਚੋਂ ਲੈ ਲੈਂਦੇ ਹਾਂ।
ਮੇਰੀ ਦੁਚਿੱਤੀ ਨੂੰ ਭਾਂਪਦਿਆਂ ਕੁੜੀ ਨੇ ਅਗੇ ਜਵਾਬ ਦਿੱਤਾ ਕਿ- ਜਿਹੜੇ ਵੱਖੋ ਵੱਖਰੇ ਕਪੜੇ ਤੁਸੀਂ ਫੋਟੋਆਂ ਜਾਂ ਵੀਡੀਓ ਦੇ ਵਿੱਚ ਦੇਖ ਰਹੇ ਹੋ, ਉਹ ਅਸੀਂ ਮੌਸਮ ਤੇ ਏਰੀਏ ਦੇ ਹਿਸਾਬ ਨਾਲ ਰਸਤੇ ਚੋਂ ਹੀ ਖਰੀਦੇ ਸਨ, ਜਿਨ੍ਹਾਂ ਚਿਰ ਉਹ ਮੌਸਮ ਤੇ ਹਾਲਾਤਾਂ ਦੇ ਹਿਸਾਬ ਨਾਲ ਢੁਕਵੇਂ ਸਨ ਅਸੀਂ ਉਨ੍ਹਾਂ ਨੂੰ ਵਰਤਿਆ,ਹੰਢਾਇਆ, ਤੇ ਜਦੋਂ ਉਹ ਬੋਝ ਬਣ ਗਏ ਤੇ ਅਗੇ ਦੇ ਸਫਰ ਦੇ ਮੁਤਾਬਿਕ ਢੁਕਵੇਂ ਨਹੀਂ ਰਹੇ ਤਾਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਗਰੀਬ ਤੇ ਜਰੂਰਮੰਦ ਲੋਕਾਂ ਨੂੰ ਵੰਡ ਦਿੱਤਾ ਜੋ ਸਾਨੂੰ ਰਸਤੇ ਵਿੱਚ ਮਿਲਦੇ ਗਏ।
ਸਾਡਾ ਸਫਰ ਹੀ ਇਹੋ ਜਿਹਾ ਹੈ ਕਿ ਅਸੀਂ ਆਪਣੇ ਨਾਲ ਫਾਲਤੂ ਬੋਝ ਨਹੀਂ ਚੁੱਕ ਸਕਦੇ, ਤੇ ਇਸ ਤਰੀਕੇ ਦਾ ਫਾਇਦਾ ਇਹ ਹੈ ਕਿ ਇਕ ਤਾਂ ਸਾਡਾ ਬੋਝ ਘਟ ਰਹਿੰਦਾ ਹੈ ਤੇ ਦੂਜਾ ਜਰੂਰਤਮੰਦਾ ਦੀ ਮਦਦ ਵੀ ਹੋ ਜਾਂਦੀ ਏ।”
ਉਸ ਨੌਜਵਾਨ ਜੋੜੇ ਦੇ ਸਾਦੇ ਜਿਹੇ ਜਵਾਬਾਂ ਨੇ ਮੈਨੂੰ ਸੋਚਾਂ ਦੇ ਵਿਚ ਪਾ ਦਿੱਤਾ।
ਸੱਚੀਂ, ਅਸੀਂ ਸਾਰੇ ਮੰਨਦੇ ਹਾਂ ਕਿ ਜੀਵਨ ਇਕ ਯਾਤਰਾ ਹੈ , ਪਰ ਕਿੰਨਾ ਕੁੱਝ ਫਾਲਤੂ ਅਸੀਂ ਇਸ ਸਫਰ ਦੇ ਦੌਰਾਨ ਢੋ ਰਹੇ ਹਾਂ। ਕਿੰਨੀਆਂ ਫਾਲਤੂ ਸੋਚਾਂ, ਦੌੜਾਂ, ਤੇ ਮੁਕਾਬਲੇਬਾਜ਼ੀਆਂ ਅਸੀਂ ਢੋਅ ਰਹੇ ਹਾਂ, ਤੇ ਇਸ ਫਾਲਤੂ ਦੇ ਬੋਝ ਨੇ ਸਾਨੂੰ ਦਮੋਂ ਕੱਢਿਆ ਪਿਆ ਏ।
ਕਿੰਨਾ ਚੰਗਾ ਹੋਵੇ ਜੇਕਰ ਅਸੀਂ ਇਸ ਫਾਲਤੂ ਬੋਝ ਨੂੰ ਆਪਣੇ ਮੋਢਿਆਂ ਤੋਂ ਲਾਹ ਕੇ ਸੁੱਟ ਦੇਈਏ ਤੇ ਉਹੀ ਰਖੀਏ ਜੋ ਸਚਮੁੱਚ ਜਰੂਰੀ ਏ ਤਾਂ ਇਹ ਜੀਵਨ ਯਾਤਰਾ ਕਿੰਨੀ ਸੋਹਣੀ ਤੇ ਆਨੰਦਮਈ ਹੋ ਜਾਵੇ।
ਹੈਨਾਂ, ਸੋਚਿਉ ਜਰਾ😊।
💐🙏❤
( ਨਰਿੰਦਰਜੀਤ )

...
...



Related Posts

Leave a Reply

Your email address will not be published. Required fields are marked *

2 Comments on “ਜੀਵਨ ਯਾਤਰਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)