ਆਖ਼ਰ ਮਿਲਖਾ ਸਿੰਘ ਵੀ ਜਾਂਦਾ ਰਿਹਾ। ਹਫ਼ਤਾ ਪਹਿਲਾਂ ਉਸ ਦੀ ਜੀਵਨ ਸਾਥਣ ਨਿਰਮਲ ਕੌਰ ਨਿੰਮੀ ਚਲੀ ਗਈ ਸੀ। ਪਿੱਛੇ ਛੱਡ ਗਏ ਹਨ ਪੁੱਤਰ ਜੀਵ ਮਿਲਖਾ ਸਿੰਘ ਤੇ ਤਿੰਨ ਧੀਆਂ। ‘ਉਡਣਾ ਸਿੱਖ ਮਿਲਖਾ ਸਿੰਘ’ ਭਾਰਤ ਦਾ ਹੀ ਨਹੀਂ, ਏਸ਼ੀਆ ਦਾ ਲਾਸਾਨੀ ਦੌੜਾਕ ਸੀ। ਦੌੜ ਉਹਦੀ ਜ਼ਿੰਦਗੀ ਸੀ। ਉਹਦਾ 400 ਮੀਟਰ ਦੌੜ ਦਾ ਰਿਕਾਰਡ ਭਾਰਤ ਦੇ ਕਿਸੇ ਦੌੜਾਕ ਤੋਂ ਚਾਲੀ ਸਾਲ ਨਹੀਂ ਸੀ ਟੁੱਟਾ । ਦੌੜ ਉਹਦੇ ਨਾਲ ਬਚਪਨ ਤੋਂ ਹੀ ਜੁੜ ਗਈ ਸੀ। ਉਹ ਸਕੂਲੇ ਜਾਂਦਾ ਤਾਂ ਸਕੂਲੋਂ ਦੌੜ ਜਾਂਦਾ। ਤਪਦੇ ਹੋਏ ਰੇਤਲੇ ਰਾਹਾਂ ’ਤੇ ਨੰਗੇ ਪੈਰ ਭੁਜਦੇ ਤਾਂ ਦੌੜ ਕੇ ਕਿਸੇ ਰੁੱਖ ਦੀ ਛਾਵੇਂ ਠੰਢੇ ਕਰਦਾ। ਫਿਰ ਇਕ ਰੱਖ ਦੀ ਛਾਂ ਤੋਂ ਦੂਜੇ ਰੁੱਖ ਦੀ ਛਾਂ ਵੱਲ ਦੌੜਦਾ। 1947 ਵਿਚ ਉਹ ਪਾਕਿਸਤਾਨ ’ਚੋਂ ਜਾਨ ਬਚਾ ਕੇ ਦੌੜਿਆ। ਪਹਿਲਾਂ ਮੁਲਤਾਨ, ਫਿਰ ਫਿਰੋਜ਼ਪੁਰ ਤੇ ਫਿਰ ਦਿੱਲੀ ਪੁੱਜਾ। ਦਿੱਲੀ ਉਹ ਰੇਲ ਗੱਡੀਆਂ ਮਗਰ ਦੌੜਿਆ। ਢਿੱਡ ਦੀ ਭੁੱਖ ਨੇ ਚੋਰੀਆਂ ਚਕਾਰੀਆਂ ਵੀ ਕਰਵਾਈਆਂ। ਪੁਲਿਸ ਫੜਨ ਲੱਗੀ ਤਾਂ ਦੌੜ ਕੇ ਬਚਿਆ। ਬਿਨਟਿਕਟਾ ਸਫ਼ਰ ਕਰਦਾ ਦੌੜਨ ਲੱਗਾ ਤਾਂ ਦਬੋਚਿਆ ਗਿਆ ਜਿਸ ਕਰਕੇ ਜੇਲ੍ਹ ਜਾ ਪੁੱਜਾ। ਦਿੱਲੀ ’ਚ ਦਿਨ-ਕੱਟੀ ਕਰਦੀ ਉਹਦੀ ਭੈਣ ਨੇ ਵਾਲੀਆਂ ਗਹਿਣੇ ਰੱਖ ਕੇ ਜੇਲੋ੍ਹਂ ਛੁਡਾਇਆ। ਫਿਰ ਉਸ ਨੂੰ ਭੈਣ ਦੇ ਸਹੁਰਿਆਂ ਨੇ ਘਰੋਂ ਦੌੜਾਅ ਦਿੱਤਾ।
ਚੜ੍ਹਦੀ ਜੁਆਨੀ ’ਚ ਉਹ ਇਕ ਗ਼ਰੀਬ ਕੁੜੀ ਦੇ ਕੁਆਰੇ ਇਸ਼ਕ ਪਿੱਛੇ ਦੌੜਿਆ ਪਰ ਉਹ ਕੁੜੀ ਉਹਦੇ ਹੱਥ ਨਾ ਆਈ। ਇਕ ਅਮੀਰ ਕੁੜੀ ਉਹਦੇ ਮਗਰ ਦੌੜੀ ਜਿਸ ਨੂੰ ਮਿਲਖਾ ਸਿੰਘ ਨੇ ਡਾਹੀ ਨਾ ਦਿੱਤੀ। ਫੌਜ ’ਚ ਭਰਤੀ ਹੋਇਆ ਤਾਂ ਦੌੜ ਕੇ ਹੀ ਦੁੱਧ ਦਾ ਸਪੈਸ਼ਲ ਗਲਾਸ ਲੁਆਇਆ। ਦੌੜ-ਦੌੜ ਕੇ ਤਰੱਕੀਆਂ ਪਾਈਆਂ ਤੇ ਸਿਪਾਹੀ ਤੋਂ ਜੇਸੀਓ ਬਣਿਆ। ਦੇਸ਼ਾਂ ਵਿਦੇਸ਼ਾਂ ਵਿਚ ਦੌੜ ਕੇ ਉਹ ਕੱਪ ਤੇ ਮੈਡਲ ਜਿੱਤਦਾ ਗਿਆ ਅਤੇ ਅਮਰੀਕਾ ਦੀ ਹੈਲਮਜ਼ ਟਰਾਫੀ ਨੂੰ ਜਾ ਹੱਥ ਪਾਇਆ। 1958 ਵਿਚ ਟੋਕੀਓ ਦੀਆਂ ਏਸ਼ਿਆਈ ਖੇਡਾਂ ਦਾ ਬੈੱਸਟ ਅਥਲੀਟ ਬਣਿਆ ਤਾਂ ਕੁਲ ਦੁਨੀਆ ’ਚ ਮਿਲਖਾ-ਮਿਲਖਾ ਹੋ ਗਈ। 1960 ’ਚ ਪਾਕਿਸਤਾਨ ਦੇ ਸ਼ਹਿਰ ਲਾਹੌਰ...
ਵਿਚ ਦੌੜਿਆ ਤਾਂ ‘ਫਲਾਈਂਗ ਸਿੱਖ’ ਦਾ ਖ਼ਿਤਾਬ ਮਿਲਿਆ। ਮੁਸੀਬਤਾਂ ਉਸ ਨੂੰ ਵਾਰ-ਵਾਰ ਘੇਰਦੀਆਂ ਰਹੀਆਂ ਪਰ ਉਹ ਉਨ੍ਹਾਂ ਤੋਂ ਬਚਦਾ ਬਚਾਉਂਦਾ ਅੱਗੇ ਹੀ ਅੱਗੇ ਦੌੜਦਾ ਗਿਆ। ਉਹਦੇ ਬਾਰੇ ਫਿਲਮ ਬਣਾਉਣ ਵਾਲਿਆਂ ਨੂੰ ਵੀ ਇਹੋ ਨਾਂ ਸੁੱਝਾ, ‘ਭਾਗ ਮਿਲਖਾ ਭਾਗ’। ਜਨੂੰਨੀਆਂ ਹੱਥੋਂ ਉਹਦੇ ਮਾਰੇ ਜਾ ਰਹੇ ਬਾਪ ਦੇ ਆਖ਼ਰੀ ਬੋਲ ਸਨ, “ਦੌੜ ਜਾ ਪੁੱਤਰਾ! ਦੌੜ ਜਾਹ…।”
ਜਾਨ ਬਚਾ ਕੇ ਉਹ ਅਜਿਹਾ ਦੌੜਿਆ ਕਿ ਸਾਰੀ ਉਮਰ ਦੌੜਦਾ ਹੀ ਰਿਹਾ। ਆਖ਼ਰ 17 ਜੂਨ 2021 ਦੀ ਰਾਤ ਨੂੰ ਉਹਦੀ ਜੀਵਨ ਦੌੜ ਪੂਰੀ ਹੋਈ। ਜਿਨ੍ਹਾਂ ਰਾਹਾਂ, ਖੇਤਾਂ, ਡੰਡੀਆਂ, ਪਗਡੰਡੀਆਂ, ਪਟੜੀਆਂ, ਪਾਰਕਾਂ, ਟਰੈਕ, ਟ੍ਰੇਲਾਂ ਤੇ ਗੌਲਫ਼ ਗਰਾਊਂਡਾਂ ਵਿਚ ਉਹ ਦੌੜਿਆ ਅੱਜ ਵੀ ਉਥੋਂ ਉਹਦੇ ਮੁੜ੍ਹਕੇ ਦੀ ਮਹਿਕ ਆ ਰਹੀ ਹੈ, ਉਹਦੀਆਂ ਪੈੜਾਂ ਦੇ ਨਿਸ਼ਾਨ ਲਿਸ਼ਕ ਰਹੇ ਹਨ!
ਮਿਲਖਾ ਸਿੰਘ ਦਾ ਕਹਿਣਾ ਸੀ ਕਿ ਕਾਮਯਾਬੀ ਦੀ ਮੰਜ਼ਿਲ ਤਕ ਕੋਈ ਸ਼ਾਹੀ ਸੜਕ ਨਹੀਂ ਜਾਂਦੀ ਹੁੰਦੀ। ਕਠਨ ਤਪੱਸਿਆ ਬਿਨਾਂ ਜੋਗ ਹਾਸਲ ਨਹੀਂ ਹੁੰਦਾ। ਸਖ਼ਤ ਮਿਹਨਤ ਬਿਨਾਂ ਜਿੱਤ ਨਸੀਬ ਨਹੀਂ ਹੁੰਦੀ। ਦੌੜਨਾ ਦੁਸ਼ਵਾਰ ਸਾਧਨਾ ਹੈ। ਤਪ ਕਰਨਾ ਹੈ। ਉਸ ਨੂੰ 400 ਮੀਟਰ ਦੀ ਦੌੜ ਦੌੜਨ ਵਿਚ ਪ੍ਰਪੱਕ ਹੋਣ ਲਈ, ਨਵੇਂ ਰਿਕਾਰਡ ਰੱਖਣ ਲਈ, ਵਰ੍ਹਿਆਂ-ਬੱਧੀ ਦੌੜਨ ਦੀ ਪ੍ਰੈਕਟਿਸ ਕਰਨੀ ਪਈ ਸੀ। ਪ੍ਰੈਕਟਿਸ ਕਰਦਿਆਂ ਉਹ ਘੱਟੋ-ਘੱਟੋ 40 ਹਜ਼ਾਰ ਮੀਲ ਦੌੜਿਆ। ਅਨੇਕਾਂ ਵਾਰ ਹਫ਼ਿਆ, ਡਿਗਿਆ, ਲਹੂ ਦੀਆਂ ਉਲਟੀਆਂ ਕੀਤੀਆ ਤੇ ਬੇਹੋਸ਼ ਹੋਇਆ। ਦਿਨੇ ਉਹ ਟ੍ਰੈਕ ’ਤੇ ਦੌੜਦਾ ਤੇ ਰਾਤੀਂ ਸੁਪਨਿਆਂ ਵਿਚ। ਹਫ਼ਤੇ ਦੇ ਸੱਤੇ ਦਿਨ, ਸਾਲ ਦੇ 364 ਦਿਨ। ਭਾਵੇਂ ਮੀਂਹ ਪਵੇ, ਨੇਰ੍ਹੀ ਵਗੇ, ਉਹ ਬਿਲਾ-ਨਾਗਾ ਦੌੜਦਾ। ਉਸ ਨੇ ਦੌੜ-ਦੌੜ ਟ੍ਰੈਕ ਘਸਾ ਦਿੱਤੇ ਸਨ ਅਤੇ ਖੇਤਾਂ ਤੇ ਪਾਰਕਾਂ ਵਿਚ ਪਗਡੰਡੀਆਂ ਪਾ ਦਿੱਤੀਆਂ ਸਨ। ਜੇਕਰ ਉਹ ਧਰਤੀ ਦੁਆਲੇ ਦੌੜਨ ਲੱਗਦਾ ਤਾਂ ਕਦੋਂ ਦਾ ਚੱਕਰ ਲਾ ਗਿਆ ਹੁੰਦਾ।
ਪ੍ਰਿੰ. ਸਰਵਣ ਸਿੰਘ
Principal Sarwan Singh
Access our app on your mobile device for a better experience!