ਵਿਦੇਸਾਂ ਦੀ ਚਕਾਚੌਂਧ ਪੰਜਾਬੀਆਂ ਨੂੰ ਸੁਰੂ ਤੋਂ ਹੀ ਆਪਣੇ ਵੱਲ ਖਿੱਚਦੀ ਰਹੀ ਹੈ ।ਬਹੁਤੇ ਪੰਜਾਬੀ ਇੱਥੇ ਨਾਲੋ ਬੇਹਤਰ ਜਿੰਦਗੀ ਦੀ ਭਾਲ ਵਿੱਚ ਬਾਹਰਲੇ ਮੁੱਲਕਾਂ ਵੱਲ ਮੂੰਹ ਕਰ ਲੈਂਦੇ ਨੇ ..ਪਰ ਕਈ ਇੱਥੇ ਵਧੀਆ ਘਰ ਬਾਰ,ਸਰਕਾਰੀ ਨੌਕਰੀ ਛੱਡ ਭੇਡਚਾਲ ਵਿੱਚ ਆ ਅੱਡੀਆਂ ਚੱਕ ਫਾਹਾ ਲੈ ਲੈਂਦੇ ਨੇ …..
ਮੇਰਾ ਇੱਕ ਕਰੀਬੀ ਯਾਰ ਇਟਲੀ ਤੋਂ ਖੋਟੇ ਸਿੱਕੇ ਵਾਂਗ ਪੰਜ-ਸੱਤ ਕੁ ਮਹੀਨੇ ਬਾਦ ਹੀ ਮੁੜ ਆਇਆ ਸੀ ,ਮੈਂ ਵੀ ਪਤਾ ਲੱਗਣ ਤੇ ਮਿਲਣ ਜਾ ਪਹੁੰਚਿਆ ..,
ਮੇਰਾ ਮਿੱਤਰ ਇੱਥੇ ਵਧੀਆ ਸਰਕਾਰੀ ਨੌਕਰੀ ਕਰਦਾ ਸੀ ….ਜਮੀਨ ਦੇ ਵੀ ਚਾਰ ਸਿਆੜ ਸੋਹਣੇ ਨੇ ਕੋਲ..ਵੱਡਾ ਬਾਈ ਵੀ ਸਰਕਾਰੀ ਨੌਕਰੀ ਕਰਦਾ …ਮਤਲਬ ਇੱਥੇ ਰੱਬ ਨੇ ਕੋਈ ਘਾਟ ਨਹੀ ਰੱਖੀ ..ਪਰ ਉਹਦੇ ਬਾਹਰਲੇ ਮੁਲਕੀ ਜਾਣ ਦਾ ਅਜਿਹਾ ਕੀੜਾ ਲੜਿਆ ਕਿ ਬੱਸ ਜਾ ਵੜਿਆ ਇਟਲੀ…
ਮੈਨੂੰ ਮਿਲਣ ਆਏ ਨੂੰ ਦੇਖ ..ਜੱਫ਼ੀ ਪਾ ..ਅੱਖਾਂ ਭਰ ਆਇਆ ਜਿਵੇਂ ਜੇਲ ਵਿੱਚੋਂ ਛੁੱਟ ਕੇ ਆਇਆ ਹੁੰਦਾ …
ਫੇਰ ਗੱਲਾਂ ਚੱਲ ਪਈਆਂ ..ਮੈਂ ਕਿਹਾ ਸੁਣਾ ਗੱਲ ਕੋਈ ਇਟਲੀ ਦੀ … ਕਹਿੰਦਾ ਲੈ ਸੁਣ ਫ਼ੇਰ…
ਕਹਿੰਦਾ ਇਟਲੀ ਵਿੱਚ ਬਹੁਤਾ ਕੰਮ ਫ਼ਾਰਮਾਂ ਤੇ ਆ ..ਖੇਤੀ ਵਾਲੇ ..ਡੇਅਰੀ ਫਾਰਮਾ ਵਾਲੇ ਕੰਮ ਮਿਲਦੇ ਨੇ ਨਵੇਂ ਗਿਆ ਨੂੰ … ਅਸੀਂ ਇੱਕ ਫ਼ਾਰਮ ਤੇ ਅੱਠ ਦੱਸ ਪੰਜਾਬੀ ਮੁੰਡੇ ਰਹਿੰਦੇ ਸੀ ..ਸਾਰੇ ਨਵੇਂ ਆਏ ਸੀ ..ਬੋਲੀ ਨਹੀ ਆਉਦੀ ਸੀ ਕਿਸੇ ਨੂੰ ਬਹੁਤੀ ..ਕੰਮ ਤੇ ਜਾਣ ਲਈ ਸਾਡੇ ਕੋਲ ਸਾਈਕਲ ਸੀ … ਕਦੇ ਕੰਮ ਮਿਲ ਜਾਣਾ ਕਦੇ ਨਾ ਮਿਲਣਾ…
ਇੱਕ ਸਵੇਰ ਕਿਸੇ ਹੋਰ ਫਾਰਮ ਤੇ ਸਾਡੇ ਵਿੱਚੋ ਇੱਕ ਜਾਣੇ ਦਾ ਵਾਕਫ਼ ਪੰਜਾਬੀ ਮੁੰਡਾ ਆਇਆ ..ਕਾਰ ਵਿੱਚ ਸੀ ….ਨਾਲ ਇੱਕ ਗੋਰਾ ਸੀ .. ਕਹਿੰਦਾ ਚਲੋ ਕੰਮ ਦਵਾਵਾਂ .. ਇਸ ਗੋਰੇ ਦੇ ਫ਼ਾਰਮ ਤੇ ਕੰਮ ਕਰਨਾ .. 5 ਕੁ ਕਿਲੋਮੀਟਰ ਦੂਰ ਆ ..ਮੈਂ ਵੀ ਉੱਥੇ ਹੀ ਕੰਮ ਕਰਦਾਂ …ਅਸੀਂ ਉਹਨਾਂ ਨਾਲ ਕਾਰ ਵਿੱਚ ਇੱਕ ਮੁੰਡਾ ਸਾਡੇ ਨਾਲ ਦਾ ਜੋ ਸਭ ਤੋਂ ਪਹਿਲਾਂ ਆਇਆ ਸੀ ..ਭੇਜ ਦਿੱਤਾ ਜੋ ਫ਼ਾਰਮ ਦੇਖ ਆਵੇ ਤੇ ਨਾਲੇ ਰਸਤਾ ਸਮਝ ਲਵੇ …
ਕੁਝ ਦੇਰ ਬਆਦ ਗੋਰਾ ਸਾਡੇ ਨਾਲ ਦੇ ਮੁੰਡੇ ਨੂੰ ਵਾਪਸ ਛੱਡ ਗਿਆ ,ਅਸੀਂ ਸਾਈਕਲਾਂ ਤੇ ਤੁਰ ਪਏ ਫ਼ਾਰਮ ਵੱਲ ਨੂੰ …ਸਾਡੇ ਨਾਲ ਦਾ ਬਾਈ ਜੋ ਫ਼ਾਰਮ ਦੇਖ ਕੇ ਆਇਆ ਸੀ ਅੱਗੇ ਤੇ ਅਸੀਂ ਪਿੱਛੇ ਪਿੱਛੇ …
ਰਸਤੇ ਵਿੱਚ ਮੋੜ-ਘੋੜ ਜਿਹੇ ਬਹੁਤੇ ਹੀ ਸੀ..ਇੱਕੋ ਵਰਗੇ ਫ਼ਾਰਮ ਜਿਹੇ ਸੀ..ਤਿੰਨ-ਚਾਰ ਕੁ ਕਿਲੋਮੀਟਰ ਬਆਦ ਇੱਕ ਚੁਰਸਤੇ ਜਿਹੇ ਤੇ ਆ ਕੇ ਸਾਡੇ ਨਾਲ ਵਾਲਾ ਮੁੰਡਾ ਰਾਹ ਭੁੱਲ ਗਿਆ .. ਕਹਿੰਦਾ ਯਾਰ ਇਥੋ ਪਤਾ ਨਹੀ ਕਿੱਧਰ ਨੂੰ ਮੁੜੇ ਸੀ …ਅਸੀਂ ਕਿਹਾ ਤੈਨੂੰ ਰਾਹ ਦੇਖਣ ਹੀ ਤਾਂ ਭੇਜਿਆ ਸੀ ਯਾਰ ਉਹ ਵੀ ਤੇਰੇ ਤੋਂ ਯਾਦ ਨਹੀ ਹੋਇਆ …ਉੱਥੇ ਆਲੇ ਦੁਆਲੇ ਸੁੰਨ ਮਸਾਨ ,ਨਾ ਬੰਦਾ ਨਾ ਪਰਿੰਦਾ …ਅਸੀਂ ਉਹਦੇ ਨਾਲ ਗੁੱਸੇ ਹੋਈ ਜਾਈਏ …
ਖੈਰ ਅੱਧੇ ਕੁ ਘੰਟੇ ਬਆਦ ਇੱਕ ਗੋਰਾ ਕਾਰ ਵਿੱਚ ਲੰਘਿਆ ਜਾਂਦਾ ਆ ਗਿਆ ਰਸਤੇ ਵਿੱਚ ..ਅਸੀਂ ਹੱਥ ਦੇ ਕੇ ਰੋਕ ਲਿਆ .ਪਲੀਜ.ਸਟੌਪ ਸਟੌਪ ਕਰਕੇ..ਗੋਰਾ ਕਾਰ ਵਿੱਚੋਂ ਬਾਹਰ ਆ ਗਿਆ…
ਹੁਣ ਅਸਲ ਰੌਲਾ ਸੁਰੂ ਹੋਇਆ ….ਨਾ ਤਾਂ ਸਾਡੇ ਵਿੱਚੋਂ ਕਿਸੇ ਨੂੰ ਇਟਾਲੀਅਨ ਭਾਸ਼ਾ ਆਵੇ..ਨਾ ਗੋਰੇ ਨੂੰ ਅੰਗਰੇਜੀ ਆਵੇ ..ਅੰਗਰੇਜੀ ਤਾਂ ਖੈਰ ਸਾਨੂੰ ਵੀ ਟੁੱਟੀ ਫੁੱਟੀ ਜਿਹੀ ਉ ਗੁਜਾਰੇ ਯੋਗੀ ਹੀ ਆਉਦੀ ਸੀ…ਸਾਡਾ ਮਿੱਤਰ ਜੋ ਰਾਹ ਦੇਖ ਕੇ ਆਇਆ ਸੀ ਉਹ ਇਸ਼ਾਰਿਆਂ ਨਾਲ ਪੁੱਛਣ ਦੀ ਕੋਸ਼ਿਸ ਕਰਨ ਲੱਗਾ….ਫ਼ਾਰਮ…ਫ਼ਾਰਮ….੭ਬਾਹਾਂ...
ਖੋਲ ਕੇ ਖੜ ਗਿਆ ……ਕਿਹੀ ਜਾਵੇ ਐਡਾ ਐਡਾ ….ਬਿੱਗ ..ਬਿੱਗ… ਗੋਰੇ ਨੂੰ ਕੱਖ ਪਤਾ ਨਾ ਲੱਗਿਆ ਉਹਨੇ ਨਾਂਹ ਵਿੱਚ ਸਿਰ ਮਾਰਿਆ …
ਸਾਡੇ ਆਲੇ ਨੇ ਧਰਤੀ ਤੋਂ ਮਿੱਟੀ ਦੀ ਮੁੱਠੀ ਭਰ ਲਈ …ਹਵਾ ਵਿੱਚ ਉਡਾਉਣ ਲੱਗਾ ਜਿੱਦਾਂ ਹਵਾ ਦਾ ਰੁੱਖ ਦੇਖਣ ਲਈ ਮਿੱਟੀ ਉਡਾਈ ਦੀ ਏ …. ਬਿੱਗ ਮਿੱਟਾ ਬਿੱਗ ਮਿੱਟਾ …. ਬਾਹਾਂ ਖੋਲ ਕੇ ਕਹੇ …ਐਡਾ ਬਿੱਗ…,ਮਿੱਟੀ ਉਡਾ ਉਡਾ ਕੇ ਕਹੀ ਜਾਵੇ ..ਮਿੱਟਾ..ਮਿੱਟਾ…
ਲਉ ਜੀ ਗੋਰੇ ਦੇ ਕੱਖ ਸਮਝ ਨੀ ਆਇਆ ਉਹ ਵਿਚਾਰਾ ਸਿਰ ਮਾਰਦਾ ਤੁਰ ਗਿਆ …
ਅਸੀ ਆਪਣੇ ਨਾਲ ਦੇ ਮੁੰਡੇ ਨੂੰ ਗਾਲਾਂ ਕੱਢ ਕੱਢ ਉਹਦੀ ਅੱਡ ਮੱਤ ਮਾਰ ਦਿੱਤੀ ਕਿ ਦਿਹਾੜੀ ਮਰਾ ਦਿੱਤੀ …
ਚੰਗੀ ਕਿਸਮਤ ਨੂੰ ਜਿਸ ਗੋਰੇ ਦੇ ਫ਼ਾਰਮ ਤੇ ਅਸੀ ਜਾਣਾ ਸੀ ਉਹ ਕਾਰ ਚੱਕ ਕੇ ਸਾਨੂੰ ਦੇਖਣ ਆ ਗਿਆ ਕਿ ਬੰਦੇ ਕਿੱਧਰ ਰਹਿ ਗਏ .. ਉਹਨੂੰ ਦੇਖ ਸਾਡੀ ਜਾਨ ਵਿੱਚ ਜਾਨ ਆਈ … ਉਹਨੇ ਹੋਲੀ ਹੋਲੀ ਕਾਰ ਤੋਰ ਲਈ ਅਸੀਂ ਪਿੱਛੇ ਪਿੱਛੇ ਸਾਈਕਲ ਲਾ ਲਏ ..
ਫਾਰਮ ਤੇ ਪਹੁੰਚ ਸਾਨੂੰ ਸਮਝ ਆਈ ਕਿ ਸਾਡੇ ਆਲਾ ਗੋਰੇ ਨੂੰ ਕੀ ਸਮਝਾਉਂਦਾ ਸੀ .. ਅਸਲ ਵਿੱਚ ਫ਼ਾਰਮ ਤੇ ਇੱਕ ਵੱਡਾ ਸਾਰਾ ਟਿੱਬਾ ਸੀ ( ਮਿੱਟੀ ਦਾ ਢੇਰ ) …,ਜਿਸ ਨੂੰ ਸਾਡੇ ਆਲਾ …ਬਿੱਗ ਮਿੱਟਾ …ਬਿੱਗ ਮਿੱਟਾ ਕਹੀ ਜਾਂਦਾ ਸੀ ..ਵਿਚਾਰੇ ਨੂੰ ਟਿੱਬੇ ਦੀ ਇੰਗਲਿਸ਼ ਨਹੀ ਪਤਾ ਸੀ ਉਹਨੇ “ਮਿੱਟਾ ਬਣਾ ਲਈ…
ਅਸੀਂ ਵੀ ਟਿੱਬੇ ਵੱਲ ਦੇਖ ਦੇਖ ਹੱਸੀ ਜਾਈਏ ਕਿ ਅੱਛਾ ਆਹ ਸੀ ਬਿੱਗ ਮਿੱਟਾ …
ਫੇਰ ਉਹ ਮੁੰਡੇ ਦਾ ਨਾਂ ਹੀ ਅਸੀ ਬਿੱਗ ਮਿੱਟਾ ਧਰ ਲਿਆ ….
ਮੈਂ ਕਿਹਾ ਕਿ ਫ਼ੇਰ ਭੱਜ ਕਿਉਂ ਆਇਆ ਇਟਲੀ ਤੋਂ ਏਨੀ ਜਲਦੀ .. ਕਹਿੰਦਾ ਪੁੱਛ ਨਾ ਭਰਾਵਾਂ ਮੇਰਾ ਤਾਂ ਬੁਰਾ ਹਾਲ ਹੋ ਗਿਆ ..ਇੱਕਲੇ ਨੂੰ ਰੋਣਾ ਆਇਆ ਕਰੇ ਕਿ ਕਿੱਥੇ ਪੰਗਾ ਲੈ ਲਿਆ …. ਇੱਕ ਦਿਨ ਵੱਡੇ ਬਾਈ ਨੇ ਫੋਨ ਕੀਤਾ ਤਾਂ ਮੈਂ ਰੋ ਪਿਆ ਬਾਈ ਕੋਲ ਮੈਂ ਕਿਹਾ ..ਬਾਈ ਮੈਂ ਮਰ ਜੂ ਇੱਥੇ ..ਜੇ ਮਰ ਗਿਆ .,ਫੇਰ ਪੈਸੇ ਖਰਚ ਕੇ ਮੇਰੀ ਲਾਸ਼ ਵੀ ਤਾਂ ਮੰਗਾਏਗਾ ਹੀ..ਹੁਣ ਜਿਉਂਦੇ ਹੀ ਨੂੰ ਸੱਦ ਲਾ..ਮੇਰੇ ਤੋਂ ਨਹੀ ਰਹਿ ਹੁੰਦਾ ..,ਯਾਰ ਖੂਨ ਤਾਂ ਫੇਰ ਖੂਨ ਹੀ ਹੁੰਦਾ …ਬਾਈ ਕਹਿੰਦਾ ਆ ਜਾਹ ਫੇਰ ਕੋਈ ਨੀ ….ਮੈਂ ਕਿਹਾ ਬਾਈ ਲੋਕ ਕੀ ਕਹਿਣਗੇ ..ਰਿਸ਼ਤੇਦਾਰ ਕੀ ਕਹਿਣਗੇ … ਬਾਈ ਕਹਿੰਦਾ ਮੇਰਾ ਭਾਈ ਆ ਤੂੰ ਪੈਸੇ ਮੈਂ ਲਾ ਕੇ ਭੇਜਿਆ ..ਮੈਂ ਵਾਪਸ ਸੱਦ ਦਾ ..ਲੋਕਾਂ ਤੋਂ ਆਪਾਂ ਕੀ ਲੈਣਾ ..ਆ ਜਾਹ …
ਭਰਾਵਾਂ ਵੱਡੇ ਬਾਈ ਨੇ ਜਾਨ ਬਚਾ ਦਿੱਤੀ ..,ਮੇਰੀ ਤਾਂ ਘਰਵਾਲੀ ਵੀ ਗੁੱਸੇ ਅਖੇ ਹੁਣ ਗਏ ਉ ਲਾ ਆਉ ਪੰਜ ਸੱਤ ਸਾਲ..ਦੋਨੇ ਸਾਲੇ ਮੇਰੇ ,ਸਹੁਰਾ ਮੇਰਾ ਵੀ ਪੂਰੇ ਗੁੱਸੇ ..ਪੁੱਛ ਨਾ ਕੁਝ ..ਬਾਈ ਨੇ ਜਾਨ ਬਚਾ ਲਈ ਬੱਸ…ਮੈਂ ਤਾਂ ਹੁਣ ਟਿੱਕ ਕੇ ਕੰਮ ਕਰੂ ਤੇ ਅਗਲੇ ਸਾਲ ਤੋਂ ਜਮੀਨ ਠੇਕੇ ਤੇ ਨੀ ਦੇਣੀ ..ਖੇਤੀ ਵੀ ਆਪ ਕਰੂ …
ਮੇਰੇ ਯਾਰ ਦੀਆਂ ਗੱਲਾਂ ਨੇ ਹਸਾਇਆ ਵੀ … ਦੋਨਾਂ ਭਾਈਆਂ ਦੇ ਪਿਆਰ ਨੇ ਜਜਬਾਤੀ ਵੀ ਕੀਤਾ … ਸਕਿਆ ਭਾਈਆਂ ਵਰਗਾ ਕੋਈ ਰਿਸ਼ਤਾ ਨਹੀ …
ਹਰਵਿੰਦਰ ਸਿੰਘ ਭੱਟੋਂ
9464000070