ਫੁੱਲਾਂ ਵਾਲੀ ਕਾਰ
(ਮਿੰਨੀ ਕਹਾਣੀ)
“ਸੀਤੀ ਜਦੋਂ ਮੇਰਾ ਵਿਆਹ ਹੋਇਆ ਨਾ, ਮੇਰਾ ਪ੍ਰਾਹੁਣਾ ਵੀ ਮੈਂਨੂੰ ਫੁੱਲਾਂ ਵਾਲੀ ਕਾਰ ਤੇ ਲੈਣ ਆਊਗਾ”
ਜੀਤੀ ਨੇ ਆਪਣੀ ਛੋਟੀ ਭੈਣ ਸੀਤੀ ਨੂੰ ਗੁਆਂਢੀਆਂ ਦੀ ਮੇਲੋ ਦੀ ਡੋਲੀ ਤੁਰਨ ਤੋਂ ਬਾਦ ਕਿਹਾ।
” ਕੁੜੇ ਆਜੋ ਹੁਣ ,ਮੇਲੋ ਤਾਂ ਸਹੁਰੀ ਪਹੁੰਚਣ ਵਾਲੀ ਵੀ ਹੋਗੀ ,ਇਹ ਅਜੇ ਉੱਥੇ ਹੀ ਖੜੀਆਂ, ਆਜੋ ,ਖਾਲੋ ਰੋਟੀ ਦੀ ਬੁਰਕੀ , ਸੌਂਜੋ ਪੁੱਤ, ਫਿਰ ਸੋਡੇ ਪਿਓ ਨੇ ਆ ਜਾਣਾ” ਮਾਂ ਨੇ ‘ਵਾਜ਼ ਮਾਰਕੇ ਕਿੰਨਾ ਸਾਰਾ ਅਣਕਹਿਆ ਦਰਦ ਵੀ ਬਿਆਨ ਦਿੱਤਾ।
ਪਿਓ ਦਾ ਨਾਂ ਸੁਣਕੇ ਦੋਵੇਂ ਭੈਣਾਂ ਰੋਟੀ ਖਾਕੇ ਪੈ ਗਈਆਂ। ਨੀਂਦ ਤਾਂ ਕਿੱਥੇ ਆਉਣੀ ਸੀ ,ਪਤਾ ਸੀ ਪਿਓ ਨੇ ਪੀ ਕੇ ਕੁੱਟਣਾ ਮਾਂ ਨੂੰ। ਅੱਜ ਜਦੋਂ ਪਿਓ ਘਰੇ ਆਇਆ ਤਾਂ ਸੀਤੀ ਮੰਜੇ ਤੋਂ ਉੱਠੀ ਤੇ ਭੱਜਕੇ ਪਿਓ ਕੋਲ ਜਾ ਕੇ ਮੇਲੋ ਦੇ ਵਿਆਹ ਦਾ ਹਾਲ ਦੱਸਣ ਲੱਗੀ ਤੇ ਇਹ ਵੀ ਦੱਸਿਆ ਵੀ ਜੀਤੀ ਕਹਿੰਦੀ ਸੀ ਮੇਰਾ ਪ੍ਰਾਹੁਣਾ ਵੀ ਫੁੱਲਾਂ ਵਾਲੀ ਕਾਰ ਤੇ ਲੈਣ ਆਊ। ਐਨਾ ਸੁਣਦੇ ਹੀ ਪਿਓ ਨੇ ਇੱਕ ਚਪੇੜ ਸੀਤੀ ਦੇ ਤੇ ਫਿਰ ਸੁੱਤੀ...
ਪਈ ਜੀਤੀ ਦੇ ਧਰ ਦਿੱਤੀ ।
ਕਦੇ ਮਾਂ ਨੂੰ ਕੁੱਟਣਾ ਤੇ ਕਦੇ ਦੋਵਾਂ ਭੈਣਾਂ ਨੂੰ , ਇਹ ਪਿਓ ਦਾ ਨਿੱਤ ਦਾ ਕਰਮ ਬਣ ਗਿਆ ਸੀ।
ਜੀਤੀ ਨੇ ਫੁੱਲਾਂ ਵਾਲੀ ਕਾਰ ਦੇ ਸੁਪਨੇ ਬੁਣਦੀ ਨੇ ਅਜੇ ਪੰਦਰਵੇਂ ਸਾਲ ਚ ਪੈਰ ਰੱਖਿਆ ਹੀ ਸੀ ਤਾਂ ਪਿਓ ਨੇ ਇੱਕ ਦਿਨ ਆਪਣੀ ਜੁੰਡਲੀ ਦੇ ਅੱਤ ਦਰਜੇ ਦੇ ਸ਼ਰਾਬੀ ਪਾਲੇ ਨਾਲ ਆਪਣੀ ਜੀਤੀ ਦਾ ਰਿਸ਼ਤਾ ਕਰ ਦਿੱਤਾ , ਤੇ ਥੋੜੇ ਦਿਨਾਂ ਚ ਵਿਆਹ ਦਿੱਤੀ। ਅੱਜ ਪਾਲਾ ਫੁੱਲਾਂ ਵਾਲੀ ਕਾਰ ਲੈ ਕੇ ਆਇਆ ਸੀ ਤੇ ਫੁੱਲਾਂ ਵਰਗੀ ਜੀਤੀ ਲਾਲ ਸੂਟ ਚ ਕਿਸੇ ਪਰੀ ਤੋਂ ਘੱਟ ਨਹੀਂ ਸੀ ਲੱਗ ਰਹੀ। ਡੋਲੀ ਵੇਲੇ ਜਦੋਂ ਜੀਤੀ ਨੂੰ ਡੋਲੀ ਚ ਬਿਠਾਇਆ ਗਿਆ ਤਾਂ ਸ਼ਰਾਬ ਦੇ ਮੁਸ਼ਕ ਨੇ ਕਾਰ ਤੇ ਲੱਗੇ ਫੁੱਲਾਂ ਦੀ ਵਾਸ਼ਣਾ ਚ ਜਿਵੇਂ ਜ਼ਹਿਰ ਘੋਲ ਦਿੱਤਾ ਤੇ ਨਾਲ ਹੀ ਜੀਤੀ ਦਾ ਫੁੱਲਾਂ ਵਾਲੀ ਕਾਰ ਦਾ ਚਾਅ ਵੀ ਮਾਰ ਦਿੱਤਾ।
📝 ਰਾਜਦੀਪ ਕੌਰ ਖਾਲਸਾ