ਮਿੰਨੀ ਕਹਾਣੀ..’ਕੀਮਤ’
————————-
ਦਯਾਲ ਬਾਬੂ ਆਪਣੀ ਸ੍ਰੀਮਤੀ ਦੇ ਸਾਹਮਣੇ ਪੜੋਸ ਵਾਲੇ ਸਰਮਾ ਜੀ ਦੇ ਮੁੰਡੇ ਰਮੇਸ਼ ਦੀ ਤਾਰੀਫ਼ ਵਿੱਚ ਕਹਿ ਰਹੇ ਸੀ,’ਮੁੰਡਾ ਬਹੁਤ ਹੀ ਨੇਕ, ਸ਼ਰੀਫ਼ ਭੋਲਾ,ਅਤੇ ਆਗਿਆਕਾਰੀ ਹੈ’।
ਕਿਸੇ ਵੀ ਕੰਮ ਨੂੰ ਕਹੋ,…ਤੁਰੰਤ ਕਰਕੇ ਮੁੜਦੇ।
ਹਾਂ’ਚ ਹਾਂ ਮਿਲਾਉਂਦੀ ਸ੍ਰੀਮਤੀ ਦਯਾਲ ਬੋਲੀ,’ਮੈਂ ਵੀ ਕਲ੍ਹ ਕੋਈ ਚੀਜ਼ ਮੰਗਾਉਣ ਬਾਜ਼ਾਰ ਭੇਜਿਆ,..ਵਿਚਾਰਾ ਉਸੇ ਵਕਤ ਆਪਣਾ ਕੰਮ ਛੱਡ ਚਲਾ ਗਿਆ ਅਤੇ ਪੈਸੇ ਵੀ ਨਹੀਂ ਮੰਗੇ…ਜਦੋਂ ਮੈਂ ਪੈਸੇ ਦੇਣ ਲਗੀ ਤਾਂ ਕਹਿੰਦਾ,’ਰਹਿਣ ਦਿਉ ਆਂਟੀ ਜੀ..ਕੀ ਤਾਂ ਛੋਟੀ ਜਹੀ ਚੀਜ਼ ਦੇ ਆਪ ਕੋਲੋਂ ਪੈਸੇ ਲਵਾਂ…ਨਾਲੇ ਆਪਣਾ ਕੁੱਝ ਵੰਡਿਆ ਹੋਇਆ ਹੈ’?
‘ਮੈਂ ਤਾਂ ਕਹਿੰਦੀ ਹਾਂ ਏਹੋ ਜਹੀ ਹੋਣਹਾਰ ਔਲਾਦ ਮਿਲਦੀ ਕਿੱਥੇ ਹੈ’
ਧੰਨ ਨੇ ਉਹ ਮਾਪੇ ਜਿਨ੍ਹਾਂ ਘਰ ਅਜਿਹਾ ਸਪੂਤ...
ਜੰਮਿਆ।
ਕੋਲ ਬੈਠਾ ਦਯਾਲ ਬਾਬੂ ਦਾ ਮੁੰਡਾ ਸੋਨੂੰ ਕਹਿਣ ਲੱਗਾ,’ਪਾਪਾ!ਰਮੇਸ਼ ਭਈਆ ਮੈਨੂੰ ਪਿਕਚਰ ਲੈ ਗਿਆ ਸੀ..ਉੱਥੇ ਉਸ ਨੇ ਮੈਨੂੰ ਆਇਸਕਰੀਮ ਵੀ ਖਵਾਈ ਸੀ।’
ਕੋਲ ਬੈਠੀ ਦਯਾਲ ਬਾਬੂ ਦੀ ਜਵਾਨ ਧੀ ਬਬਲੀ ਰਮੇਸ਼ ਦੀਆਂ ਝੂਠੀਆਂ ਤਾਰੀਫਾਂ ਸੁਣਕੇ ਸਰਮ ਦੀ ਮਾਰੀ ਉਠ ਕੇ ਅੰਦਰ ਚਲੀ ਗਈ..ਅਤੇ ਮਨ ਹੀ ਮਨ ਕਹਿਣ ਲਗੀ,’ਮੇਰੇ ਮਾਂ ਬਾਪ ਅਤੇ ਭਰਾ ਨੂੰ ਇਹ ਨਹੀਂ ਪਤਾ ਕਿ ਸਰਮਾ ਜੀ ਦਾ ਨੇਕ, ਸ਼ਰੀਫ਼,ਭੋਲਾ ਅਤੇ ਆਗਿਆਕਾਰੀ ਬੇਟਾ ਰਮੇਸ਼ ਇਨ੍ਹਾਂ ਸਭ ਕੁੱਝ ਦੇ ਬਦਲੇ ਵਿੱਚ ਮੇਥੋਂ ਕਿੰਨੀ ਵੱਡੀ “ਕੀਮਤ”ਵਸੂਲ ਕਰਦੈ।✍️
ਸੁਨੀਲ ਕੁਮਾਰ