More Punjabi Kahaniya  Posts
ਪਕਵਾਨ


ਰੋਟੀ ਵਾਲਾ ਡੱਬਾ ਖੋਲਿਆ..ਅੰਦਰ ਅੱਜ ਫੇਰ ਬੱਸ ਓਹੋ ਕੁਝ ਹੀ ਸੀ..

ਅੰਬ ਦਾ ਅਚਾਰ..ਪੁਦੀਨੇ ਦੀ ਚਟਨੀ..ਅਤੇ ਸੁੱਕੇ ਪੱਤਿਆਂ ਵਾਂਙ ਆਕੜੇ ਹੋਏ ਦੋ ਫੁਲਕੇ..!

ਰੋਸ ਜਿਹਾ ਜਾਗਿਆ ਕੇ ਅੱਜ ਘਰੇ ਜਾ ਕੇ ਜਰੂਰ ਆਖਾਂਗਾ ਕੇ ਬੇਹੇ ਫੁਲਕੇ ਪੈਕ ਨਾ ਕਰਿਆ ਕਰੋ!

ਪਹਿਲੀ ਬੁਰਕੀ ਮੂੰਹ ਵਿਚ ਪਾਉਣ ਹੀ ਲੱਗਾ ਸਾਂ ਕੇ ਅਚਾਨਕ ਅੰਦਰੋਂ ਸਰਦਾਰ ਜੀ ਦਾ ਸੁਨੇਹਾ ਆ ਗਿਆ..ਅਖ਼ੇ ਫਰਲਾਂਘ ਕੂ ਦੂਰ ਵਾਕਿਫ ਦੀ ਕੋਠੀ ਵਿਚ ਪਾਰਟੀ ਏ..ਓਥੇ ਆਏ ਗਏ ਦੀਆਂ ਗੱਡੀਆਂ ਦੀ ਪਾਰਕਿੰਗ ਦਾ ਬੰਦੋਬਸਤ ਕਰਨਾ ਏ..!

ਵੱਡੇ ਲੋਕਾਂ ਦੀਆਂ ਮਹਿਫ਼ਿਲਾਂ ਵਿਚ ਪਈਆਂ ਖਾਣ-ਪੀਣ ਦੀਆਂ ਅਨੇਕਾਂ ਵੰਨਗੀਆਂ ਅੱਖਾਂ ਅੱਗੇ ਘੁੰਮ ਗਈਆਂ..

ਉਹ ਸਾਰਾ ਕੁਝ ਸੋਚ ਆਪਣਾ ਰੋਟੀ ਵਾਲਾ ਡੱਬਾ ਹੋਰ ਵੀ ਭੱਦਾ ਜਿਹਾ ਲੱਗਣ ਲੱਗਾ..ਫੇਰ ਉਂਝ ਦਾ ਉਂਝ ਹੀ ਵਾਪਿਸ ਝੋਲੇ ਵਿਚ ਪਾ ਝੋਲਾ ਵਾਪਿਸ ਸਾਈਕਲ ਦੇ ਹੈਂਡਲ ਨਾਲ ਟੰਗ ਦਿੱਤਾ..!

ਓਥੇ ਪੁੱਜਾ..
ਪਾਰਟੀ ਕਾਹਦੀ ਬੱਸ ਕਾਰਾਂ ਮੋਟਰਾਂ ਦੀ ਸੁਨਾਮੀ ਹੀ ਸੀ..ਇੱਕ ਆਉਂਦੀ ਤੇ ਇੱਕ ਜਾਂਦੀ..ਕਮਲੇ ਹੋਏ ਨੂੰ ਪਤਾ ਹੀ ਨਾ ਲੱਗਾ ਕਦੋਂ ਰਾਤ ਦਾ ਇੱਕ ਵੱਜ ਗਿਆ..!

ਫੇਰ ਕੱਲੀ ਕੱਲੀ ਕਾਰ ਵਾਪਿਸ ਵੀ ਤੋਰਨੀ ਪਈ..

ਪ੍ਰਾਹੁਣਿਆਂ ਤੋਂ ਫਾਰਗ ਹੋ ਕੇ ਮਚੀ ਹੋਈ ਭੁੱਖ ਨੂੰ ਲੈ ਕੇ ਜਦੋਂ ਅੰਦਰ ਪੁੱਜਾ ਤਾਂ ਖਾਣ ਪੀਣ ਦਾ ਸਾਰਾ ਸਮਾਨ ਚੁੱਕਿਆਂ ਜਾ ਚੁਕਾ ਸੀ..ਤੇ ਬਾਕੀ ਦਾ ਬਚਿਆ ਖੁਚਿਆ ਓਥੋਂ ਦਾ ਸਟਾਫ ਖਤਮ ਕਰ ਚੁੱਕਾ ਸੀ..ਤੇ ਲਾਗੇ ਪਏ ਵੱਡੇ ਸਾਰੇ ਢੇਰ ਨੂੰ ਕੁੱਤਿਆਂ ਦਾ ਝੁੰਡ ਟੱਕਰਿਆ ਹੋਇਆ ਸੀ!

ਗੁਜਾਰਿਸ਼ ਜਿਹੀ ਕੀਤੀ ਕੇ ਜੇ ਕੁਝ ਹੈ ਤਾਂ ਦੇ ਦਿਓ..ਪਰ ਬਾਹਰੋਂ ਆਏ ਕੇਟ੍ਰਿੰਗ ਵਾਲਿਆਂ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ!

ਖੈਰ ਬੜੀ ਮੁਸ਼ਕਿਲ ਨਾਲ...

ਵਾਪਿਸ ਸਾਈਕਲ ਕੋਲ ਮੁੜਿਆ..

ਹੈਂਡਲ ਨਾਲ ਟੰਗਿਆ ਝੋਲਾ ਹੱਸਦਾ ਹੋਇਆ ਇੰਜ ਆਖਦਾ ਮਹਿਸੂਸ ਹੋ ਰਿਹਾ ਸੀ ਕੇ “ਪੁੱਤਰਾ ਜੋ ਸੁਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖ਼ਾਰੇ..”

ਫੇਰ ਕੋਲ ਹੀ ਕੋਠੀ ਦੇ ਬਾਹਰ ਜੱਗਦੇ ਹੋਏ ਬਲਬ ਹੇਠ ਪਰਨਾ ਵਿਛਾ ਕੇ ਓਹੀ ਡੱਬਾ ਖੋਹਲ ਲਿਆ..

ਪੋਣੇ ਵਿਚ ਬੰਨੇ ਹੋਏ ਦੋ ਬੇਹੇ ਜਿਹੇ ਫੁਲਕੇ ਹੁਣ ਤੱਕ ਸਿੱਲ ਨਾਲ ਥੋੜੇ ਨਰਮ ਜਿਹੇ ਹੋ ਗਏ ਸਨ..ਫੇਰ ਅੰਬ ਦੇ ਅਚਾਰ ਅਤੇ ਕੁੱਟੀ ਹੋਈ ਚਟਣੀ ਨਾਲ ਬਣੇ ਸਬੱਬ ਨੇ ਇੰਦਰ ਲੋਕ ਦੇ ਪਕਵਾਨ ਤੱਕ ਫਿੱਕੇ ਪਾ ਦਿੱਤੇ..
ਐਸਾ ਸਵਾਦ ਆਇਆ ਕੇ ਉਂਗਲਾਂ ਚੱਟਦਾ ਰਹਿ ਗਿਆ..ਮੁੜ ਮਿੱਠੀ ਮਿੱਠੀ ਰੁਮਕਦੀ ਹੋਈ ਹਵਾ ਵਿਚ ਜੀ ਕਰੇ ਕੇ ਬੱਸ ਇਥੇ ਹੀ ਲੰਮਾ ਪੈ ਜਾਵਾਂ ਪਰ ਪਿੰਡ ਵਾਲੇ ਆਪਣੇ ਖੁੱਲੇ ਵੇਹੜੇ ਦੀ ਖਿੱਚ ਨੇ ਵਾਪਿਸ ਮੁੜਨ ਲਈ ਮਜਬੂਰ ਕਰ ਦਿੱਤਾ..!

ਅਮ੍ਰਿਤਸਰ ਹੋਟਲ ਵਿਚ “ਲੇਸਲੀ” ਨਾਮ ਦਾ ਕਿਚਨ-ਸੁਪਰਵਾਈਜ਼ਰ ਅਕਸਰ ਆਖਿਆ ਕਰਦਾ ਕੇ ਰੋਟੀ ਵਿਚ ਬਹੁਤੇ ਨੁਕਸ ਓਦੋਂ ਹੀ ਲੱਭਦੇ ਨੇ ਜਦੋਂ ਭੁੱਖ ਟਿਕਾ ਕੇ ਨਾ ਲੱਗੀ ਹੋਵੇ..ਥੱਕ ਕੇ ਚੂਰ ਹੋਇਆ ਤੇ ਕੰਡਿਆਂ ਦੀ ਸੇਜ ਤੇ ਵੀ ਸੋਂ ਜਾਂਦਾ..!

ਪੂਰਾਣੇ ਵੇਲੇ ਬਹੁਤ ਰੋਂਦੇ ਹੋਏ ਜਵਾਕ ਨੂੰ ਆਮ ਤੌਰ ਤੇ ਚੁੱਪ ਨਹੀਂ ਸੀ ਕਰਵਾਇਆ ਜਾਂਦਾ..ਕਿਓੰਕੇ ਮਾਵਾਂ ਜਾਣਦੀਆਂ ਸਨ ਕੇ ਜਿੰਨਾ ਜਿਆਦਾ ਰੋਊ ਇਸਨੂੰ ਥੱਕ ਕੇ ਓਨੀ ਹੀ ਜਿਆਦਾ ਨੀਂਦਰ ਆਊ..!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

2 Comments on “ਪਕਵਾਨ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)