ਨਹੀਓਂ ਭੁੱਲਣਾ ਵਿਛੋੜਾ ਮੈਨੂੰ ਤੇਰਾ,,,,,,
ਤਿੱਖੜ ਦੁਪਹਿਰਾ, ਕਾਂ – ਅੱਖ ਨਿੱਕਲਦੀ… ਸੜਕ ਤੇ ਵਿਰਲੇ ਟਾਵੇਂ ਲਾਂਘੇ ਟਾਪੇ ਦੇ ਵਿੱਚ ਮੈਨੂੰ ਟਰੈਕਟਰ ਦੀ ਛਤਰੀ ਹੇਠੋਂ ਦੂਰ ਸੜਕ ਤੇ ਪਰਲੇ ਪਿੰਡ ਵੱਲੋਂ ਇੱਕ ਸਾਈਕਲ ਤੇ ਇੱਕ ਜਾਣੀ ਪਛਾਣੀ ਜਿਹੀ ਪੱਗ ਆਉਂਦੀ ਦਿਸੀ। ਤੂੜੀ ਵਾਲੀ ਮਸ਼ੀਨ ਸੜਕ ਤੋਂ ਦੂਰ ਹੋਣ ਤੇ ਖੜਕਾ ਘਟਿਆ ਮੁਹੰਮਦ ਸਦੀਕ ਦਾ ਸਦਾਬਹਾਰ ਗਾਣਾ ਹਵਾ ਦੇ ਕੰਧੇੜੇ ਚੜ੍ਹ ਕੇ ਕੰਨਾਂ ਨਾਲ ਟਕਰਾਇਆ, ” ਨਹੀਉੰ ਭੁਲਣਾ… ਵਿਛੋੜਾ.. ਤੇਰਾ, ਸੱਭੇ ਦੁੱਖ ਭੁੱਲ ਜਾਣਗੇ…”
“ਸੁਣਾ ਮਸੇਰਾ, ਕਿਵੇਂ ਅੱਜ ਬੜੇ ਦਿਨਾਂ ਬਾਅਦ….?”, ਸਾਈਕਲ ਨੇੜੇ ਆਉਣ ਅਤੇ ਅੱਖਾਂ ਮਿਲਣ ਤੇ ਉਹੀ ਜਾਣਿਆ ਪਛਾਣਿਆ ਜਿਹਾ ਫਿਕਰਾ ਅੱਜ ਮੈਂ ਪਹਿਲਾਂ ਦਾਗ ਦਿੱਤਾ। ਇਹ ਫਿਕਰਾ ਕਿਸੇ ਮਨਪਸੰਦ ਪ੍ਰੋਗਰਾਮ ਦੀ ਸਿਗਨੇਚਰ-ਟਿਊਨ ਵਾਂਗੂੰ ਹਰ ਵਾਰ ਮਿਲਣ ਤੇ ਸਾਂਝਾ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਬਾਜੀ ਕਦੇ ਉਹ ਮਾਰ ਜਾਂਦਾ ਹੈ ਅਤੇ ਕਦੇ ਮੈਂ…!
ਉਹ ਉਸੇ ਅੰਦਾਜ਼ ਨਾਲ ਸੱਜੀ ਲੱਤ ਸਾਈਕਲ ਦੇ ਡੰਡੇ ਉੱਤੋਂ ਦੀ ਖੱਬੇ ਪਾਸੇ ਲਿਆ ਕੇ ਉੱਤਰਿਆ ਤਾਂ ਉੱਡੇ ਚਾਦਰੇ ਹੇਠੋਂ ਨੰਗੀਆਂ ਹੋਈਆਂ ਲੱਤਾਂ ਦੀਆਂ ਰੱਸੀਆਂ ਵਾਂਗੂੰ ਉੱਭਰੀਆਂ ਨੀਲੀਆਂ ਨਾੜਾਂ ਵਿੱਚ ਪਿਚਕੀਆਂ ਜਿਹੀਆਂ ਪਿੰਜਣੀਆਂ ਦੀਆਂ ਘੁੱਗੀਆਂ ਵਾੜ ਵਿੱਚ ਫਸੇ ਬਟੇਰਿਆਂ ਵਰਗੀਆਂ ਲੱਗੀਆਂ। ਉਹਨੇ ਖੱਬੇ ਹੱਥ ਦੀ ਵਿਚਕਾਰਲੀ ਉਂਗਲ ਦੀ ਹਲਕੀ ਜਿਹੀ ਹੁੱਜ ਵਾਜੇ ਦੇ ਬਟਨ ਤੇ ਮਾਰ ਕੇ ਮੁਹੰਮਦ ਸਦੀਕ ਨੂੰ ਚੁੱਪ ਕਰਵਾ ਦਿੱਤਾ।
ਇਹ ਬਾਈ, ਪਿਛਲੇ 25 – 30 ਸਾਲ ਤੋਂ ਨਾਲ ਦੇ ਪਿੰਡ ਥੇਹ ਕਲੰਦਰ ਤੋਂ ਸਬਜੀ ਵੇਚਣ ਆਉਂਦਾ ਹੈ।ਸਾਡੇ ਪਿੰਡ ਤੱਕ ਉਹ ਕਦੇ ਕਦੇ ਅੱਪੜਦਾ ਹੈ, ਨਹੀਂ ਤਾਂ ਬਹੁਤੀ ਵਾਰ ਉਸਦਾ ਸੌਦਾ ਪਿੱਛੇ ਹੀ ਨਿੱਬੜ ਜਾਂਦਾ ਹੈ। ਸਬਜੀ ਦੇ ਨਾਲ ਨਾਲ ਉਸ ਦੀ ਇਸ ਲੱਕੜ ਦੀ ਪੇਟੀ ਵਿਚ ਮਰੂੰਡਾ, ਮੁਰਮਰੇ, ਸਕਰਪਾਰੇ ਵੀ ਪਏ ਮਿਲਦੇ ਰਹੇ ਹਨ। ਇਸ ਸਭ ਤੋਂ ਜਿਆਦਾ ਹੈਂਡਲ ਉੱਤਲੀ ਲੋਹੇ ਦੀ ਟੋਕਰੀ ਵਿਚ ਛੋਟੀ ਜਿਹੀ ਬੈਟਰੀ ਨਾਲ ਰੱਖਿਆ ਸਟੀਰੀਓ ਸੜਕ ਜਾਂ ਗਲੀ ਵਿਚ ਚਮਕੀਲੇ, ਦੀਦਾਰ ਸੰਧੂ ਜਾਂ ਛਿੰਦੇ, ਸਦੀਕ ਨੂੰ ਆਪਣੇ ਨਾਲ ਤੋਰੀ ਫਿਰਦਾ ਵੇਖਿਆ ਹੈ। ਉਸ ਦੀ ਇਸ ਟੋਕਰੀ ਵਿਚ ਪਈਆਂ 8-10 ਕੈਸਟਾਂ ਪਤਾ ਨਹੀਂ ਕਦੋਂ ਚਿੱਪ ਵਿਚ ਬਦਲ ਕੇ ਟੋਕਰੀ ਨੂੰ ਮੋਕਲਾ ਕਰ ਗਈਆਂ ਪਰ ਬਾਈ ਦਾ ਸਦਾਬਹਾਰ ਅੰਦਾਜ਼ ਉਵੇਂ ਤੁਰਿਆ ਆ ਰਿਹਾ ਹੈ।
ਸਬਜੀ ਦਾ ਹੋਕਾ ਮੂੰਹ ਨਾਲ ਲਾਉਂਦਿਆਂ ਘੱਟ , ਪਰ ਉਹਦੀ ਇਸ ਟੋਕਰੀ ਵਿੱਚੋਂ ਉੱਠਦੇ ਇਹ ਬੁੱਲੇ ਉਹਦੀ ਆਮਦ ਦਾ ਵੱਧ ਅਹਿਸਾਸ ਕਰਵਾਉਂਦੇ ਰਹੇ ਹਨ। ਬਾਈ ਇੱਕ ਦਿਲਦਾਰ ਅਤੇ ਪੱਧਰ ਬੰਦਾ ਹੈ ਸੋ ਬੜੀ ਵਾਰ ਉਹਦੇ ਚੌਰਸ ਰੇੜ੍ਹੇ ਮਖੌਲ-ਟੋਟਕੇ ਕਦੇ ਕਿਸੇ ਬਖੇੜੇ ਦੀ ਵਜ੍ਹਾ ਨਹੀਂ ਬਣੇ। ਸਗੋਂ ਸਬਜੀ ਲੈ ਕੇ ਮੁੜਦੀਆਂ ਲਾਣੇਦਾਰਨੀਆਂ ਚੁੰਨੀ ਦਾ ਲੜ ਦੰਦਾਂ ਵਿਚ ਲੈ ਕੇ, ਇੱਕ ਦੂਜੀ ਵੱਲ ਖਚਰੀ ਤੱਕਣੀ ਤਕਦੀਆਂ ਸਬਜੀ ਲੈ ਕੇ ਗਲੀ ਤੋਂ ਘਰ ਵੱਲ ਮੁੜਦੀਆਂ ਰਹੀਆਂ ਹਨ।
“ਮੈਂ ਕਿਹਾ, ਟਮਾਟਰ… ਅਧਕਰ…. ਪਾਵਾਂ?,
ਨਹੀਂ ਆਖਣ ਤੇ..
” ਗਾਣਾ-ਗੂਣਾ ਸੁਣਨੈ ਤਾਂ ਦੱਸੋ ਜਨਾਬ….!! ”
ਉਸ ਦੀ ਇਸ ਪੱਧਰ ਦੀ ਖੁੱਲ੍ਹ ਵੀ ਹਾਸੇ ਠੱਠੇ ਵਿਚ ਟਾਲ਼ੀ ਜਾਂਦੀ ਰਹੀ ਹੈ।
ਸੁੱਖ-ਸਾਂਦ ਦੇ ਵਟਾਂਦਰੇ ਤੋਂ ਬਾਅਦ ਬੋਲਿਆ, “ਹਾਂ ਬਾਈ, ਆਇਆ ਤਾਂ ਮੈਂ ਅੱਜ ਐਧਰ ਬੜੇ ਚਿਰ ਤੋਂ ਈ ਆਂ…!”
ਉਸਦੇ ਬੋਲੇ ਗਏ ਵਾਕ ਦੇ ਪਿਛਲੇ ਹਿੱਸੇ ਦਾ ਫਿੱਕਾ ਜਿਹਾ ਅਹਿਸਾਸ ਕੁਝ ਵੱਖਰਾ ਹੋਣ ਦਾ ਇਸ਼ਾਰਾ ਕਰ ਗਿਆ।
...
ਮੇਰੇ ‘ਕੀ ਗੱਲ’ ਕਹਿਣ ਦੀ ਦੇਰ ਸੀ ਕਿ ਬੋਲਿਆ, “ਯਾਰ ਅੱਜ ਤੇਈ ਦਿਨ ਹੋ ਗਏ… ਤੇਰੀ ਭਰਜਾਈ….”
ਵਾਕ ਅਧੂਰਾ ਛੱਡ ਅਤੇ ਬਾਕੀ ਗੱਲ ਮੇਰੇ ਸਮਝਣ ਲਈ ਰੱਖ, ਉਸਨੇ ਕੁੜਤੇ ਦੀ ਜੇਬ ਵਿੱਚੋਂ ਚਾਰਖਾਨੇ ਕੱਪੜੇ ਦਾ ਇੱਕ ਚੌਰਸ ਜਿਹਾ ਟੋਟਾ ਕੱਢਿਆ ਅਤੇ ਸੱਜੀ ਅੱਖ ਤੇ ਫੇਰਨ ਲੱਗ ਪਿਆ।ਗੇੜਾ ਕੱਢ ਕੇ ਸੜਕ ਵੱਲ ਮੁੜੀ ਮਸ਼ੀਨ ਧੂੜ-ਪੰਬੀ ਪਾ ਗਈ ਸੀ ਜਾਂ ਫਿਰ ਪਿਘਲ ਕੇ ਕੁਛ ਸਿੰਮ ਆਇਆ ਸੀ, ਇਸਦਾ ਫੈਸਲਾ ਮੈਂ ਕਰ ਨਹੀਂ ਸਕਿਆ….!!
“ਕਿਵੇਂ ਕੀ ਗੱਲ ਬਣੀ?”, ਮੇਰੇ ਛੋਟੇ ਜਿਹੇ ਸਵਾਲ ਨੇ ਕਿਸੇ ਕਿਤਾਬ ਦੇ ਮੁੜੇ ਜਿਹੇ ਵਰਕੇ ਤੋਂ ਬਾਅਦ ਦੀ ਕਹਾਣੀ ਛੂਹ ਲਈ, “ਬਾਈ, ਕੁਛ ਵੀ ਨਹੀਂ, ਬੱਸ ਚੁੱਪ ਜਿਹੀ ਰਹਿੰਦੀ ਸੀ, ਡੁੱਬਜਾਣੀ ਨੇ ਕਦੇ ਬਾਭੜ ਕੇ ਨਾ ਦੱਸਿਆ। ਕੰਮ ਵੀ ਕਰਦੀ ਫਿਰੀ। ਮੈਂ ਸੋਚਦਾ ਰਿਹਾ ਕਿ ਕੰਮ ਕਰਦੀ ਬੁੜ੍ਹੀ ਵੀ ਕਦੇ ਬਮਾਰ ਹੁੰਦੀ ਹੈ….ਇਸੇ ਭੁਲੇਖੇ ਲੁੱਟਿਆ ਗਿਆ….. ! ”
ਉਹ ਗੱਲ ਕਰਦਾ ਕਰਦਾ ਰੁਕ ਗਿਆ। ਫਿਰ ਸੱਜੇ ਹੱਥ ਦੀ ਪਹਿਲੀ ਉਂਗਲ ਅਤੇ ਅੰਗੂਠੇ ਨਾਲ ਠੋਲ੍ਹੇ ਜਿਹੇ ਮਾਰ ਸਾਈਕਲ ਦੀ ਟੋਕਰੀ ਨਾਲ ਬੱਧੇ ਨਕਲੀ ਫੁੱਲ ਉੱਤੋਂ ਧੂੜ ਜਿਹੀ ਝਾੜਨ ਲੱਗ ਪਿਆ।
ਪਲ ਦੀ ਪਲ ਮੈਨੂੰ ਲੱਗਿਆ ਕਿ ਭਲਿਆ ਮਾਣਸਾ! ਚੁੱਪਚਾਪ ਕੰਮ ਕਰਦੇ ਫਿਰਨਾ ਕੋਈ ਛੋਟੀ ਬਿਮਾਰੀ ਹੁੰਦੀ ਹੈ!! , ਇਸ ਬਿਮਾਰੀ ਦੀਆਂ ਦਵਾਈਆਂ ਤਾਂ ਵੈਦਾਂ ਹਕੀਮਾਂ ਦੇ ਮਾਮਜਿਸਤਿਆਂ ਵਿੱਚੋਂ ਵੀ ਨਹੀਂ ਨਿਕਲਦੀਆਂ….।ਕਿਸੇ ਸੂਤੀ ਪਹਿਰਾਵੇ ਨੂੰ ਚੰਬੜੇ ਅਲ਼ੇਹੇ ਵਾਂਗੂੰ ਵਜੂਦ ਦਾ ਹਿੱਸਾ ਬਣ ਜਾਂਦੀਆਂ ਹਨ… ਤੇ ਖਸਮਾਂ ਨੂੰ ਖਾਣਾ ਪੰਜ ਤੱਤਾਂ ਦਾ ਪਿੰਜਰਾ ਰੋਜ ਤੋਲ਼ਾ-ਮਾਸਾ ਖੁਰਦਾ ਰਹਿੰਦਾ ਹੈ…!!
“ਇੱਕ ਦਿਨ ਆਥਣੇ ਜਿਹੇ ਆਖਣ ਲੱਗੀ ਕਿ ਪਤਾ ਨਹੀਂ ਮੇਰੇ ਜੀਅ ਨੂੰ ਕੀ ਹੋਈ ਜਾਂਦੈ, ਅਸੀਂ ਬਹਿਕਾਂ ਤੋਂ ਕਾਰ ਮੰਗਾ ਕੇ ਫਾਜਿਲਕਾ ਲੈ ਗਏ। ਉੱਥੇ ਉੱਤਰਨ ਲੱਗਿਆਂ ਇੱਕ ਧੁੜਧੁੜੀ ਜਿਹੀ ਲਈ, ਤੇ ਬੱਸ…. ਦੱਸਿਆ ਫਿਰ ਵੀ ਕੁਛ ਨਹੀਂ..!” ਉਸਦੇ ਲਫਜ਼ਾਂ ਨੂੰ ਇੱਕ ਵਾਰੀ ਫਿਰ ਸੋਕਾ ਜਿਹਾ ਆ ਗਿਆ ਸੀ।
“ਤੈਨੂੰ ਪਤਾ ਤਾਂ ਹੈ, ਕੁੜੀ ਜਿਹੜੀ ਜਮਾਂਦਰੂ ਭੋਲੀ ਜੰਮੀ ਸੀ, ਪਿਛਲੇ ਤੋਂ ਪਿਛਲੇ ਸਿਆਲ਼ ਚਾਰ ਕੁ
ਮਹੀਨੇ ਬਮਾਰ ਰਹਿ ਕੇ ਤੁਰ ਗਈ ਸੀ, ਰੋਟੀ ਵੱਡੇ ਬਾਈ ਕੇ ਘਰੋਂ ਆ ਜਾਂਦੀ ਹੈ.. ” ਉਹ ਲੱਕੜ ਦੀ ਪੇਟੀ ਵਿਚਲੇ ਇੱਕ ਗੱਟੇ ਦਾ ਮੂੰਹ ਮਰੋੜ ਕੇ ਨੱਪਦਾ ਬੋਲਿਆ।
ਤੂੜੀ ਵਾਲੀ ਮਸ਼ੀਨ ਦੇ ਡਰਾਈਵਰ ਨੇ ਹਾਰਨ ਮਾਰ ਦਿੱਤਾ। ਮੈਂ ਉਸ ਨੂੰ ‘ਕਰਮਾਂ ਦੀਆਂ ਖੇਡਾਂ’ ਆਖ ਉਹਦੇ ਹੈਂਡਲ ਤੇ ਰੱਖੇ ਖੱਬੇ ਹੱਥ ਉੱਤੇ ਆਪਣਾ ਸੱਜ ਹੱਥ ਰੱਖ ਕੇ ਵਿਦਾ ਲੈਣ ਲੱਗਾ ਤਾਂ ਮੁੱਛਾਂ ਤੇ ਹੱਥ ਫੇਰਦਾ ਮੁਸਕੜੀਏੰ ਕਹਿੰਦਾ,” ਬਾਈ, ਮਰੂੰਡਾ ਖਵਾਵਾਂ?
ਮੈਂ ‘ਨਹੀਂ’ ਆਖ ਟਰੈਕਟਰ ਤੇ ਚੜ੍ਹਨ ਤੋਂ ਪਹਿਲਾਂ ਪਿੱਛਾ ਭਉੰ ਕੇ ਵੇਖਿਆ ਤਾਂ ਉਹ ਆਪਣਾ ਖੱਬਾ ਪੱਬ ਖੱਬੇ ਪੈਡਲ ਤੇ ਰੱਖ ਕੇ ਰਿੜ੍ਹਦੇ ਸਾਈਕਲ ਤੋਂ ਸੱਜੀ ਲੱਤ ਡੰਡੇ ਉੱਪਰੋਂ ਦੂਜੇ ਪਾਸੇ ਟਪਾ ਰਿਹਾ ਸੀ। ਹਵਾ ਵਿਚ ਸਦੀਕ ਦੀ ਸੋਜਮਈ ਅਵਾਜ ਉੱਥੋਂ ਹੀ ਫਿਰ ਗੂੰਜੀ ਜਿੱਥੇ ਰੁਕੀ ਸੀ…..
ਨਹੀਉੰ ਭੁੱਲਣਾ…… ਨਹੀਉੰ ਭੁੱਲਣਾ….
ਲੇਖਕ- ਜਸਵਿੰਦਰ ਸਿੰਘ ‘ਜਸ’
ਪਿੰਡ ਬਾਘੇਵਾਲਾ, ਫਾਜ਼ਿਲਕਾ
9781925568