ਮਿੰਨੀ ਕਹਾਣੀ
ਵਿਸ਼ਵਾਸ
ਪਤੀ ਦੀ ਮੌਤ ਤੋਂ ਬਾਅਦ ਗੁਰਜੀਤ ਕੌਰ ਬਿਲਕੁਲ ਹੀ ਇਕੱਲੀ ਹੋ ਗਈ । ਭਾਵੇਂ ਦੋ ਪੁੱਤਾਂ ਤੇ ਇਕ ਧੀ ਦੀ ਮਾਂ ਸੀ ਉਹ । ਪਰ ਉਸ ਦੇ ਤਿੰਨੋਂ ਬੱਚੇ ਹੀ ਵਿਆਹੇ ਹੋਏ ਤੇ ਵਿਦੇਸ਼ ਵਿੱਚ ਹੀ ਸੈੱਟ ਸਨ । ਧੀ ਦਾ ਫ਼ੋਨ ਜ਼ਰੂਰ ਆ ਜਾਂਦਾ ਸੀ ਪਰ ਪੁੱਤਰ ਤਾਂ ਉਸਨੂੰ ਕਦੇ- ਕਦੇ ਹੀ ਯਾਦ ਕਰਦੇ।
ਇਕੱਲਤਾ ਗੁਰਜੀਤ ਕੌਰ ਨੂੰ ਵੱਢ -ਵੱਢ ਖਾਂਦੀ । ਭਾਵੇਂ ਉਸ ਕੋਲ ਬਹੁਤ ਸੋਹਣੀ ਅਤੇ ਵੱਡੀ ਕੋਠੀ ਸੀ । ਕਾਰ ਸੀ, ਜੋ ਕਿ ਉਹ ਖੁਦ ਚਲਾ ਲੈਂਦੀ ਸੀ । ਉਹ ਸਿਹਤ ਪੱਖੋਂ ਵੀ ਬਹੁਤ ਹੀ ਵਧੀਆ ਸੀ । ਤੇ ਹਮੇਸ਼ਾਂ ਸੋਨਾ ਵੀ ਪਹਿਨ ਕੇ ਰੱਖਦੀ । ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ । ਪੂਰਾ ਦਿਨ ਕੰਮ ਕਰਨ ਲਈ ਨੌਕਰਾਣੀ ਵੀ ਰੱਖੀ ਹੋਈ ਸੀ।ਪਰ ਉਸ ਦਾ ਮਨ ਫਿਰ ਵੀ ਉਦਾਸ ਰਹਿੰਦਾ ।
ਇਕ ਦਿਨ ਉਹ ਆਪਣੇ ਬਾਰ ਵਿੱਚ ਹੀ ਖੜ੍ਹੀ ਹੋਈ ਸੀ ਕਿ ਮੋਟਰਸਾਈਕਲ ਤੇ ਦੋ ਨੌਜਵਾਨ ਮੁੰਡੇ ਜਾ ਰਹੇ ਸਨ। ਉਨ੍ਹਾਂ ਨੇ ਮੋਟਰਸਾਈਕਲ ਰੋਕ ਕੇ ਉਸ ਨੂੰ ਪੁੱਛਿਆ ਆਂਟੀ ਜੀ , “ਇੱਥੇ ਆਲੇ -ਦੁਆਲੇ ਕਿਤੇ ਕੋਈ ਕਿਰਾਏ ਤੇ ਕਮਰਾ ਮਿਲ ਜਾਏਗਾ । ਅਸੀਂ ਬਾਹਰੋਂ ਆਏ ਹਾਂ ਅਤੇ ਇੱਥੇ ਨੌਕਰੀ ਕਰਦੇ ਹਾਂ ।”
ਉਨ੍ਹਾਂ ਦੀ ਗੱਲ ਸੁਣ ਗੁਰਜੀਤ ਮਨ ਹੀ ਮਨ ਸੋਚਣ ਲੱਗੀ ‘ਕਿ ਮੇਰੀ ਇੰਨੀ ਜ਼ਿਆਦਾ ਵੱਡੀ ਕੋਠੀ ਹੈ। ਬਾਹਰਲੀ ਬੈਠਕ ਵਿਹਲੀ ਹੀ ਪਈ ਹੈ । ਕਿਉਂ ਨਾ ਇਨ੍ਹਾਂ ਮੁੰਡਿਆਂ ਨੂੰ ਇੱਥੇ ਰੱਖ ਲਵਾਂ। ਨਾਲੇ ਰੌਣਕ ਹੋ ਜਾਏਗੀ ਤੇ ਮੇਰਾ ਡਰ ਵੀ ਦੂਰ ਹੋ ਜਾਏਗਾ ।’ ਸੋਚ ਕੇ ਉਸ ਨੇ ਮੁੰਡਿਆਂ ਨੂੰ ਆਪਣੇ ਅੰਦਰ ਹੀ ਆਵਾਜ਼ ਮਾਰ ਲਈ ਤੇ ਬੈਠਕ ਵਿੱਚ ਬਿਠਾਉਂਦੀ ਬੋਲੀ ,”ਪੁੱਤਰੋ! ਦੇਖੋ ਪਹਿਲਾਂ ਤਾਂ ਮੈਂ ਕਦੇ ਵੀ ਆਪਣਾ ਮਕਾਨ ਕਿਸੇ ਨੂੰ ਕਿਰਾਏ ਤੇ ਨਹੀਂ ਦਿੱਤਾ । ਪਰ ਹੁਣ ਇਕੱਲੀ ਹਾਂ ਤੇ ਉਸ ਨੇ ਆਪਣੇ ਬਾਰੇ ਦੱਸਦਿਆਂ ਉਨ੍ਹਾਂ ਨੂੰ ਬੈਠਕ ਵਿੱਚ ਹੀ ਆਪਣਾ ਸਾਮਾਨ ਲਿਆ ਕੇ ਟਿਕਾਉਣ ਦੀ ਇਜਾਜ਼ਤ ਦੇ ਦਿੱਤੀ । ਮੁੰਡਿਆਂ ਨੂੰ ਚਾਅ ਚੜ੍ਹ ਗਿਆ।
ਹੁਣ ਸਾਰਾ ਦਿਨ ਗੁਰਜੀਤ ਪੁੱਤ -ਪੁੱਤ ਕਰਦੀ ਉਨ੍ਹਾਂ ਦੇ ਮਗਰ ਤੁਰੀ ਫਿਰਦੀ। ਉਹ ਮੁੰਡੇ ਵੀ ਉਸ ਦੀ ਹਰ ਗੱਲ ਮੰਨਦੇ।
ਗੁਰਜੀਤ ਕੌਰ ਨੂੰ ਇਵੇਂ ਮਹਿਸੂਸ ਹੁੰਦਾ ਜਿਵੇਂ ਉਸ ਦੇ ਦੋਵੇਂ ਪੁੱਤਰ ਹੀ ਉਸ ਕੋਲ ਵਾਪਸ ਆ ਗਏ ਹੋਣ । ਉਹ ਹੁਣ ਕਾਫੀ ਖੁਸ਼ ਰਹਿਣ ਲੱਗੀ ।
...
ਗੁਰਜੀਤ ਦੇ ਪਤੀ ਨੇ ਇਕ ਪਲਾਟ ਲੈ ਰੱਖਿਆ ਸੀ । ਗੁਰਜੀਤ ਨੇ ਸੋਚ ਰੱਖਿਆ ਸੀ ਕਿ ਇਸ ਦਾ ਸੌਦਾ ਕਰਕੇ ਪੈਸੇ ਬੈਂਕ ਵਿਚ ਜਮ੍ਹਾ ਕਰਵਾ ਦੇਵੇਗੀ ਤਾਂ ਕਿ ਉੱਥੋਂ ਕਢਵਾ ਕੇ ਸੌਖੇ ਹੀ ਵਰਤ ਸਕੇ ।
ਹੁਣ ਪਲਾਟ ਦਾ ਸੌਦਾ ਤੈਅ ਹੋ ਚੁੱਕਾ ਸੀ ਪਰ ਉਸ ਦੀ ਕੈਸ਼ ਪੇਮੈਂਟ ਲੈਣ ਲਈ ਉਸ ਨੂੰ ਖ਼ੁਦ ਜਾਣਾ ਪੈਣਾ ਸੀ । ਉਸ ਨੇ ਉਨ੍ਹਾਂ ਦੋਵਾਂ ਮੁੰਡਿਆਂ ਨੂੰ ਵੀ ਆਪਣੇ ਨਾਲ ਹੀ ਚੱਲਣ ਲਈ ਕਿਹਾ। ਉਸ ਨੇ ਸੋਚਿਆ ਕਿ ਉਸ ਕੋਲ ਵੱਡੀ ਰਕਮ ਹੋਏਗੀ ਮੁੰਡਿਆਂ ਦੇ ਹੁੰਦਿਆਂ ਉਸ ਨੂੰ ਕੋਈ ਡਰ ਨਹੀਂ ਰਹੇਗਾ ।
ਤੇ ਫਿਰ …ਨਾਲ ਦੇ ਸ਼ਹਿਰੋਂ ਇਕ ਵੱਡੀ ਰਕਮ ਲੈ ਕੇ ਉਹ ਦੁਪਹਿਰ ਵੇਲੇ ਵਾਪਸ ਮੁੜ ਪਏ । ਉਨ੍ਹਾਂ ਵਿੱਚੋਂ ਇੱਕ ਮੁੰਡਾ ਕਾਰ ਚਲਾ ਰਿਹਾ ਸੀ ।
ਅਚਾਨਕ ਰਾਹ ਵਿੱਚ ਉਸ ਮੁੰਡੇ ਨੇ ਗੱਡੀ ਰੋਕ ਦਿੱਤੀ ਤੇ ਕਿਹਾ ਕਿ ਕਾਰ ਖ਼ਰਾਬ ਹੋ ਗਈ । ਉਹ ਦੋਵੇਂ ਕੁਝ ਦੇਰ ਕਾਰ ਚੈੱਕ ਕਰਦੇ ਰਹੇ ਤੇ ਆਪਸ ਵਿੱਚ ਗੱਲਬਾਤ ਕਰਦੇ ਰਹੇ । ਉੱਧਰ ਗੁਰਜੀਤ ਕੌਰ ਬੇਫ਼ਿਕਰ ਪਿਛਲੀ ਸੀਟ ਤੇ ਬੈਠੀ ਰਹੀ । ਅਚਾਨਕ ਇੱਕ ਮੁੰਡੇ ਨੇ ਕਾਰ ਦੀ ਪਿਛਲੀ ਸੀਟ ਦਾ ਦਰਵਾਜ਼ਾ ਖੋਲ੍ਹਦਿਆਂ ਗੁਰਜੀਤ ਕੌਰ ਨੂੰ ਬਾਹਰ ਵੱਲ ਖਿੱਚਿਆ ।
“ਕੀ ਗੱਲ ਹੋਗੀ ਪੁੱਤ?” ਗੁਰਜੀਤ ਇਕਦਮ ਘਬਰਾ ਗਈ। ਇਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਬੋਲਦੀ ਦੂਜੇ ਮੁੰਡੇ ਨੇ ਉਸ ਉੱਪਰ ਚਾਕੂਆਂ ਦੇ ਚਾਰ -ਪੰਜ ਵਾਰ ਕਰ ਉਸ ਨੂੰ ਉੱਥੇ ਹੀ ਢੇਰੀ ਕਰ ਦਿੱਤਾ।
ਉਨ੍ਹਾਂ ਨੇ ਜਲਦੀ ਨਾਲ ਗੁਰਜੀਤ ਦੇ ਸਰੀਰ ਤੇ ਪਾਇਆ ਹੋਇਆ ਸਾਰਾ ਸੋਨਾ ਖਿੱਚਿਆ ਤੇ ਸਾਰਾ ਕੈਸ਼ ਲੈ ਕੇ ਮਿੰਟਾਂ ਵਿਚ ਹੀ ਰਫੂਚੱਕਰ ਹੋ ਗਏ ।
ਗੁਰਜੀਤ ਕੌਰ ਦੀ ਲਾਸ਼ ਖੂਨ ਨਾਲ ਲੱਥਪੱਥ ਉੱਥੇ ਪਈ ਸੀ। ਲਾਲਚ ਦੂਰ ਖੜ੍ਹਾ ਹੱਸ ਰਿਹਾ ਸੀ ਤੇ ਵਿਸ਼ਵਾਸ ਬੁਰੀ ਤਰ੍ਹਾਂ ਚਕਨਾਚੂਰ ਹੋਇਆ ਪਿਆ ਸੀ।
ਮਨਪ੍ਰੀਤ ਕੌਰ ਭਾਟੀਆ
ਐਮ.ਏ, ਬੀ.ਐਡ।
ਫਿਰੋਜ਼ਪੁਰ ਸ਼ਹਿਰ।