More Gurudwara Wiki  Posts
ਮਾਤਾ ਗੁਜਰ ਕੌਰ ਜੀ


ਮਾਤਾ ਗੁਜਰ ਕੌਰ ਜੀ ( ਸ਼ਹੀਦ ) ( ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਜਣ ਯੋਗ ਮਾਤਾ ਜੀ )
ਮਾਤਾ ਗੁਜਰੀ ਜੀ ਪਹਿਲੇ ਇਸਤ੍ਰੀ ਸਿੱਖ – ਸ਼ਹੀਦ ਹੋਏ ਹਨ , ਜਿਨ੍ਹਾਂ ਨੇ ਆਪਣੇ ਸਿਰ ਦੇ ਤਾਜ , ਗੁਰੂ ਤੇਗ ਬਹਾਦਰ ਜੀ। ਭਰਾਤਾ ( ਕਿਰਪਾਲ ਜੀ ) ਤੇ ਜਿਗਰ ਦੇ ਟੋਟੇ ( ਪੋਤਰੇ ) ਤੇ ਹੋਰ ਸੰਬੰਧੀ ਇਸ ਭਾਰਤ ਦੀ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਲਈ , ਨਿਰਦਈ ਤੇ ਅਨਿਆਈ ਰਾਜ ਦੇ ਜ਼ੁਲਮ ਸਹਿੰਦਿਆਂ ਕੁਰਬਾਨ ਕਰਵਾਏ । ਆਪ ਦੀ ਸ਼ਹੀਦੀ ਨੇ ਆਉਣ ਵਾਲੇ ਸੰਕਟ ਵਿਚ ਇਸਤਰੀਆਂ ਲਈ ਇਕ ਚਾਨਣ ਮੁਨਾਰੇ ਦਾ ਕੰਮ ਕੀਤਾ । ਜਿਸ ਤੋਂ ਚਾਨਣ ਲੈ ਕੇ ਮੀਰ ਮੰਨੂ ਦੀਆਂ ਜੇਲ੍ਹਾਂ ਵਿੱਚ ਸਿੱਖ ਇਸਤਰੀਆਂ ਨੇ ਆਪਣਿਆਂ ਬੱਚਿਆਂ ਦੇ ਟੋਟੇ ਕਰਾ ਕੇ ਝੋਲੀਆਂ ਵਿਚ ਪਵਾਏ ਤੇ ਹੋਰ ਅਨੇਕਾਂ ਕਸ਼ਟ ਝੱਲੇ , ਪਰ ਸੀ ਨਾ ਕੀਤੀ ਤੇ ਮਹਾਨ ਸੰਤੋਖ , ਸਬਰ , ਸਹਿਨਸ਼ੀਲਤਾ ਤੇ ਧੀਰਜ ਦਾ ਸਬੂਤ ਦੇ ਕੇ ਨਿਰਦਈ ਹਾਕਮਾਂ ਨੂੰ ਹੈਰਾਨ ਤੇ ਚਕ੍ਰਿਤ ਕਰ ਦਿੱਤਾ ।
ਮਾਤਾ ਗੁਜਰੀ ਜੀ ਦਾ ਜਨਮ ਭਾਈ ਲਾਲ ਚੰਦ ਸੁਭੀਖੀ ਦੇ ਗ੍ਰਹਿ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖੋਂ 1619 ਹੋਇਆ। ਗੁਰੂ ਅਰਜਨ ਦੇਵ ਜੀ ਦੇ ਵੇਲੇ ਪ੍ਰਸਿਧ ਸਿੱਖ ਸਨ । ਜਿਹੜੇ ਕਰਤਾਰਪੁਰ ਵਸਾਉਣ ਸਮੇਂ ਲਖਨੌਰ ਤੋਂ ਆ ਕੇ ਕੇ ਇਥੇ ਬੈਠੇ ਸਨ । ਮਾਤਾ ਜੀ ਦੇ ਇਕ ਭਰਾ ਸ੍ਰੀ ਕਿਰਪਾਲ ਚੰਦ ਜੀ ਸਨ । ਗੁਰੂ ਹਰਿਗੋਬਿੰਦ ਸਾਹਿਬ ਦੇ ਲੜਕੇ ਬਾਬਾ ਸੂਰਜ ਮਲ ਦੀ ਸ਼ਾਦੀ ਕਰਤਾਰਪੁਰ ਨਿਵਾਸੀ ਪ੍ਰੇਮ ਚੰਦ ਦੇ ਘਰ ਹੋਈ ਤਾਂ ਲਾਲ ਚੰਦ ਨੇ ਵੀ ਆਪਣੀ ਲੜਕੀ ਗੁਜਰੀ ਜੀ ਦਾ ਰਿਸ਼ਤਾ ( ਗੁਰੂ ) ਤੇਗ ਬਹਾਦਰ ਜੀ ਨਾਲ ਕਰ ਦਿੱਤਾ ਤੇ 1632 ਨੂੰ ਸ਼ਾਦੀ ਕਰ ਦਿੱਤੀ । ਮਾਤਾ ਨਾਨਕੀ ਜੀ ਨੇ ਵਿਆਹ ਦੀਆਂ ਬੜੀਆਂ ਖੁਸ਼ੀਆਂ ਮਨਾਈਆਂ । ਮਾਤਾ ਗੁਜਰੀ ਜੀ ਨੇ ਆਉਂਦਿਆਂ ਸਾਰ ਹੀ ਸਾਰੇ ਸਹੁਰੇ ਘਰ ਦੇ ਪ੍ਰਵਾਰ ਦਾ ਦਿਲ , ਪਰੇਮ , ਸੇਵਾ , ਸਬਰ , ਸੰਤੋਖ ਤੇ ਸਿਮਰਨ ਸਦਕਾ ਮੋਹ ਲਿਆ । ਸਵੇਰੇ ਉਠ ਆਪਣੇ ਸੁਆਮੀ ਤੇ ਸਹੁਰੇ ਦੇ ਚਰਨੀਂ ਲਗੇ ਬਿਨਾਂ ਮੂੰਹ ਨਾ ਜੁਠਾਲਦੇ । ਸਾਰੇ ਘਰ ਦੀ ਸੇਵਾ ਬੜੀ ਲਗਣ ਤੇ ਪ੍ਰੇਮ ਸਹਿਤ ਕਰਦੇ । ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਿਆਈ ਆਪਣੇ ਪੋਤਰੇ ( ਗੁਰੂ ) ਹਰਿ ਰਾਏ ਜੀ ਨੂੰ ਦੇਣ ਦੀ ਵਿਚਾਰ ਬਣਾਈ ।
ਗੁਰੂ ਹਰਿ ਗੋਬਿੰਦ ਸਾਹਿਬ ਪ੍ਰਸ਼ਾਦ ਛਕ ਕੇ ਜਿਸ ਰੁਮਾਲ ਨਾਲ ਹੱਥ ਸਾਫ਼ ਕਰ ਰਹੇ ਸਨ । ਓਹੋ ਹੀ ਮਾਤਾ ਨਾਨਕੀ ਜੀ ਦੀ ਝੋਲੀ ਪਾ ਕੇ ਇਕ ਛੋਟੀ ਕਿਰਪਾਨ ਦੇ ਕੇ ਕਿਹਾ , “ ਤੁਸੀਂ ਹੁਣ ਬਕਾਲੇ ਜਾ ਰਹੋ । ਉਥੇ ਤੁਹਾਨੂੰ ਹਰਿ ਗੋਬਿੰਦ ਪੁਰੇ ਦੇ ਮਸੰਦ ਆਪੇ ਭੇਟਾ ਦੇ ਜਾਇਆ ਕਰਨਗੇ । ਇਹ ਹੁਕਮ ਸੁਣ ਕੇ ਮਾਤਾ ਨਾਨਕੀ ਜੀ , ਗੁਜਰੀ ਜੀ ਤੇ ਸ੍ਰੀ ਤੇਗ ਬਹਾਦਰ ਜੀ ਬਕਾਲੇ ‘ ਮਹਿਰੇ ਪਾਸ ਆ ਠਹਿਰੇ ( ਜਿਥੇ ਅਜ ਕਲ੍ਹ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਇਹ ਪਹਿਲਾਂ ਹਵੇਲੀ ਹੁੰਦੀ ਸੀ । ‘ ‘ ਏਥੇ ਇਕ ਬੜਾ ਸੁੰਦਰ ਉਨ੍ਹਾਂ ਮਕਾਨ ਬਣਵਾਇਆ ਹੋਇਆ ਸੀ । ਬਕਾਲੇ ਆ ਕੇ ਮਾਤਾ ਗੁਜਰੀ ਜੀ ਸਵੇਰੇ ਚਾਰ ਵਜੇ ਉਠ ਗੁਰੂ ਤੇਗ ਬਹਾਦਰ ਜੀ ਨੂੰ ਇਸ਼ਨਾਨ ਕਰਾਉਂਦੇ ਤੇ ਉਹ ਭੋਰੇ ਵਿਚ ਤਪੱਸਿਆ ਕਰਨ ਲਗਦੇ ਤੇ ਮਾਤਾ ਗੁਜਰੀ ਜੀ ਵੀ ਦਿਨ ਚੜ੍ਹਦੇ ਤਕ ਪਾਠ ਪੂਜਾ ਕਰੀ ਜਾਂਦੇ ॥ ਮਾਤਾ ਗੁਜਰੀ ਜੀ ਨੇ ਵੀ ਤਪੱਸਿਆ ਕੀਤੀ ਤੇ ਉਨ੍ਹਾਂ ਨੇ ਸਿੱਖ ਸੰਗਤਾਂ ਦੀ ਮਹਾਨ ਸੇਵਾ ਕੀਤੀ । ਚੌਵੀ ਘੰਟੇ ਲੰਗਰ ਚਲਦਾ ਰਹਿੰਦਾ । ਆਪ ਇਸ ਲੰਗਰ ਦੀ ਸੇਵਾ ਖੁਸ਼ ਹੋ ਕੇ ਕਰਦੇ । ਬੇਆਸਰੇ ਨੂੰ ਆਸਰਾ ਮਿਲਦਾ , ਨੰਗੇ ਨੂੰ ਤਨ ਢੱਕਣ ਲਈ ਕੱਪਣਾ , ਨਿਥਾਵਿਆਂ ਨੂੰ ਰਹਿਣ ਲਈ ਥਾਂ ਮਿਲਦਾ ।
ਮੱਖਣਸ਼ਾਹ ਨੇ ਗੁਰੂ ਲਾਧੋ ਰੇ ‘ ਦਾ ਨਾਅਰਾ ਲਾ ਕੇ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕੀਤਾ । ਧੀਰ ਮਲ ਜਦੋਂ ਗੁਰੂ ਜੀ ਦਾ ਸਾਰਾ ਸਾਮਾਨ ਜ਼ੋਰ ਨਾਲ ਚੁਕ ਕੇ ਲੈ ਗਿਆ ਤਾਂ ਗੁਜਰੀ ਨੇ ਕੋਈ ਕੁਬਚਨ ਤਕ ਮੂੰਹੋਂ ਨਾ ਕਢਿਆ । ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਦੇ ਕਹਿਣ ਤੇ ਕਿ ਹੁਣ ਏਥੋਂ ਚਲੇ ਜਾਣਾ ਚਾਹੀਦਾ ਹੈ , ਗੁਰੂ ਜੀ ਸ੍ਰੀ ਅੰਮ੍ਰਿਤਸਰ ਤੇ ਹੋਰ ਤੀਰਥਾਂ ਦੇ ਦਰਸ਼ਨ ਕਰਦੇ ਕੀਰਤਪੁਰ ਜਾ ਪੁੱਜੇ । ਜਦੋਂ ਉਥੋਂ ਦਾ ਵਾਤਾਵਰਨ ਵੀ ਸੁਖਾਲਾ ਨਾ ਦਿਸਿਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਹੋਰਾਂ ਤਿੰਨਾਂ ਪਿੰਡਾਂ ਦੀ ਜ਼ਮੀਨ ਬਿਲਾਸਪੁਰ ਦੀ ਰਾਣੀ ਤੋਂ ਖਰੀਦ ਕੇ ਇਕ ਨਾਨਕੀ ਚੱਕ ‘ ਨਾਂ ਦਾ ਪਿੰਡ ਬੱਧਾ ਜਿਸ ਨੂੰ ਬਾਦ ਵਿਚ ਆਨੰਦਪੁਰ ਸਾਹਿਬ ਕਹਿਣ ਲਗੇ | ਆਪ ਇਸ ਦੀ ਉਸਾਰੀ ਕੁਝ ਸਿੱਖਾਂ ਦੇ ਹਵਾਲੇ ਕਰਕੇ ਆਪ ਪ੍ਰਚਾਰ ਲਈ ਸਣੇ ਪ੍ਰਵਾਰ ਦੱਖਣ ਵਲ ਚਲੇ ਗਏ । ਜਦੋਂ ਆਪ ਤ੍ਰਿਬੈਨੀ ’ ( ਅਲਾਹਾਬਾਦ ) ਗਏ ਤਾਂ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ ਤੁਹਾਡੀ ਬੜੀ ਆਯੂ ਹੋ ਗਈ ਹੈ , ਮੇਰਾ ਜੀ ਕਰਦਾ ਹੈ ਕਿ ਮੈਂ ਪੋਤਰਾ ਖਿਡਾਵਾਂ । ਮੇਰੀ ਆਸ ਪੂਰੀ ਕਰੋ । ‘ ਗੁਰੂ ਜੀ ਹੋਰਾਂ ਆਦਿ ਗ੍ਰੰਥ ਦਾ ਪਾਠ ਕਰਾਉਣ ਲਈ ਤੇ ਲੰਗਰ ਲਾਉਣ ਲਈ ਕਿਹਾ । ਇਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਇਆ ਗਿਆ ਜਿਸ ਦੇ ਪਾਠੀ ਭਾਈ ਦਿਆਲਾ ਜੀ , ਭਾਈ ਮਤੀ ਦਾਸ ਜੀ , ਭਾਈ ਸਤੀ ਦਾਸ , ਭਾਈ ਗੁਰਦਿਤਾ ਜੀ ਤੇ ਭਾਈ ਗੁਰਬਖਸ਼ ਰਾਏ ਸਨ । ਉਹ ਬੀੜ ਜਿਸ ਤੋਂ ਪਾਠ ਕੀਤਾ ਗਿਆ ਮੰਨਿਆ ਜਾਂਦਾ ਹੈ , ਅੱਜ ਉਥੇ ਪਈ ਹੈ ਜਿਸ ਦੇ ਦਰਸ਼ਨ ਸੰਗਤਾਂ ਨੂੰ ਕਰਾਏ ਜਾਂਦੇ ਹਨ । ਪਾਠ ਸਮਾਪਤ ਹੋਣ ਉਪਰੰਤ ਖੁਲਾਂ ਲੰਗਰ ਚਲਾਇਆ ਗਿਆ । ਦੋਹਾਂ ਮਾਤਾਵਾਂ ਨੇ ਖੁਲ੍ਹੇ ਦਿਲ ਨਾਲ ਗਰੀਬ ਗੁਰਬੇ ਤੇ ਅਨਾਥਾਂ ਦੀ ਅੰਨ ਦਾਨੇ , ਤੇ ਬਸਤਰ ਆਦਿ ਨਾਲ ਸੇਵਾ ਕੀਤੀ । ਮਾਤਾ ਗੁਜਰੀ ਜੀ ਦੀ ਸੇਵਾ ਥਾਇ ਪਈ ਤੇ ਪ੍ਰਭੂ ਦੀ ਕਿਰਪਾ ਹੋਈ । ਇਸ ਬਾਰੇ ਦਸਮੇਸ਼ ਜੀ ਆਪਣੀ ਜੀਵਨੀ ਵਿਚ ਲਿਖਦੇ ਹਨ : ਮੁਰ ਪਿਤ ਪੂਰਬ ਕੀਯਸਿ ਪਯਾਨਾ ॥ ਭਾਂਤਿ ਭਾਂਤਿ ਕੇ ਤੀਰਥਿ ਨਾਨਾ ।। ਜਬ ਹੀ ਜਾਤ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਾਏ ॥੧ ॥ ਤਹੀ ਪ੍ਰਕਾਸ ਹਮਾਰਾ ਭਯੋ || ਪਟਨਾ ਸਹਰ ਬਿਖੈ ਭਵ ਲਯੋ ॥ ( ਬਚਿਤਰ ਨਾਟਕ , ਅਧਿ : ੭ ) ਇਥੇ ਤ੍ਰਿਬੇਣੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ । ਪ੍ਰਭੂ ਤੋਂ ਆਗਿਆ ਲੈ ਕੇ ਗੁਜਰੀ ਜੀ ਦੀ ਕੁੱਖ ਸਫਲ ਹੋਈ । ਪਟਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਨਾਨਕੀ ਜੀ , ਮਾਤਾ ਗੁਜਰੀ ਜੀ ਤੇ ਕੁਝ ਸਿੱਖਾਂ ਨੂੰ ਛੱਡ ਆਪ ਸੰਗਤਾਂ ਨੂੰ ਤਾਰਨ ਆਸਾਮ ਵੱਲ ਚਲ ਪਏ । ਪਿਛੇ ਭਾਈ ਦਿਆਲਾ ਜੀ ਤੇ ਭਾਈ ਕਿਰਪਾਲ ਚੰਦ ਦਸ਼ਮੇਸ਼ ਪਿਤਾ ਜੀ ਦੇ ਮਾਮਾ ਜੀ ਨੂੰ ਇਲਾਕੇ ਦੀ ਸਿੱਖ ਸੰਗਤਾਂ ਨੂੰ ਉਪਦੇਸ਼ ਦੇਣ ਲਈ ਛੱਡ ਗਏ । ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੇ ਬੜਾ ਪੁੰਨ ਦਾਨ ਕੀਤਾ ।
ਇਕ ਜਗਤੇ ਸੇਠ ਨੇ ਬੜੇ ਸੁੰਦਰ ਤੇ ਕੀਮਤੀ ਸੋਨੇ ਦੇ ਕੜੇ ਬਾਲਕ ਗੁਰੂ ਲਈ ਬਣਵਾਏ । ਬਾਲਕ ਗੁਰੂ ਇਕ ਦਿਨ ਕੜਾ ਗੰਗਾ ਵਿਚ ਸੁੱਟ ਆਇਆ ਤਾਂ ਜਗਤੇ ਨੇ ਮਾਤਾ ਗੁਜਰੀ ਕੋਲ ਪਾਸ ਜਾ ਕੇ ਕਿਹਾ ਕਿ , “ ਅਜੇ ਤਾਂ ਮੇਰਾ ਚਾਅ ਵੀ ਨਹੀਂ ਸੀ ਲੱਥਾ ਕਿ ਬਾਲਕ ਕੜਾ ਗਵਾ ਆਇਆ ਹੈ । ਮੈਨੂੰ ਦੱਸੇ ਕਿ ਕਿੱਥੇ ਕੁ ਡਿੱਗਾ ਹੈ ਮੈਂ ਟੋਭੇ ਕੋਲੋਂ ਦਰਿਆ ਵਿਚੋਂ ਕਢਾ ਦੇਂਦਾ ਹਾਂ । ਜਦੋਂ ਬਾਲਕ ਨੂੰ ਪੁਛਿਆ ਗਿਆ ਤਾਂ ਉਹ ਦਰਿਆ ਤੇ ਗਿਆ ਤੇ ਦੂਜਾ ਕੜਾ ਵਗਾਹ ਕੇ ਮਾਰ ਕੇ ਕਹਿੰਦਾ ‘ ਉਥੇ ਡਿੱਗਾ ਸੀ । ਜਗਤਾ ਬੜਾ ਪ੍ਰੇਸ਼ਾਨ ਹੋਇਆ ਜਦੋਂ ਬਾਲਕ ਨੂੰ ਮਾਤਾ ਗੁਜਰੀ ਨੇ ਪੁਛਿਆ ਕਿ ਤੂੰ ਇਹ ਕੀ ਕੀਤਾ ? ‘ ਤਾਂ ਬਾਲਕ ਨੇ ਹੱਸ ਕੇ ਕਿਹਾ ਕਿ ਤੁਸੀਂ ਹੀ ਤਾਂ ਕਹਿੰਦੇ ਹੁੰਦੇ ਹੋ ਕਿ ਇਨ੍ਹਾਂ ਦੁਨਿਆਵੀ ਪਦਾਰਥਾਂ ਤੇ ਮਾਇਆ ਨਾਲ ਪਿਆਰ ਨਾ ਕਰੋ | ਕੀ ਹੋਇਆ ਜੇ ਕੜੇ ਗਵਾਚ ਗਏ ਹਨ । ਇਸ ਤਰ੍ਹਾਂ ਦੀਆਂ ਬਾਲ ਲੀਲਾ ਤੇ ਕੌਤਕ ਬਾਲਕ ਰਚਾਉਂਦਾ ਕਿ ਵੇਖਣ ਵਾਲੇ ਦੰਗ ਰਹਿ ਜਾਂਦੇ ਤੇ ਝਟ ਮਾਤਾ ਗੁਜਰੀ ਜੀ ਨੂੰ ਜਾ ਖਬਰ ਕਰਦੇ । ਗੁਰੂ ਤੇਗ ਬਹਾਦਰ ਆਸਾਮ ਦੇ ਸਿੱਖਾਂ ਨੂੰ ਤਾਰਦੇ ਉਥੇ ਦੇ ਰਾਜੇ ਰਾਮ ਰਾਇ ਨੂੰ ਵਰ ਦਿੰਦੇ । ਜਦੋਂ ਵਾਪਸ ਪਰਤਨ ਲਗੇ ਤਾਂ ਉਸ ਦੀ ਬੇਨਤੀ ਤੇ ਕੁਝ ਮਜ਼ਬੀ ਸਿੱਖ ਜਿਹੜੇ ਕਿ ਮਾਝੇ ਤੇ ਤਰਨ ਤਾਰਨ ਦੇ ਇਲਾਕੇ ਦੇ ਸਨ ਉਸ ਦੇ ਪਾਸ ਰਹਿਣ ਲਈ ਛਡ ਦਿੱਤੇ । ਉਨ੍ਹਾਂ ਦੀ ਔਲਾਦ ਹੁਣ ਤਕ ਉਥੇ ਪੂਰਨ ਗੁਰਸਿੱਖ ਹੈ । ਉਹ ਹੁਣ ਪੰਜਾਬੀ ਨਹੀਂ ਬੋਲ ਸਕਦੇ । ਔਰੰਗਜ਼ੇਬ ਦੇ ਅਤਿਆਚਾਰ ਦੀਆਂ ਖਬਰਾਂ ਸੁਣ , ਗੁਰੂ ਜੀ ਸਿੱਧੇ ਹੀ ਆਨੰਦਪੁਰ ਨੂੰ ਚਲ ਪਏ । ਗੁਰੂ ਜੀ ਹੋਰਾਂ ਦਾ ਵਾਪਸੀ ਤੇ ਬੜਾ ਨਿੱਘਾ ਸੁਆਗਤ ਹੋਇਆ । ਇਧਰ ਸਿੱਖ ਸੰਗਤਾਂ ਬਾਲਕ ਗੁਰੂ ਤੇ ਮਾਤਾਵਾਂ ਦੇ ਦਰਸ਼ਨ ਨੂੰ ਵੀ ਤਰਸ ਰਹੀਆਂ ਸਨ । ਗੁਰੂ ਜੀ ਹੋਰਾਂ ਇਕ ਪੱਤਰ ਲਿਖ ਕੇ ਮਾਤਾਵਾਂ ਨੂੰ ਪਟਨੇ ਭੇਜਿਆ । ਪਟਨੇ ਤੋਂ ਤੁਰਨ ਲਗਿਆਂ , ਕਿਉਂਕਿ ਮਾਤਾ ਗੁਜਰੀ ਜੀ ਦੇ ਧੀਰਜ , ਨਿੱਘਾ ਤੇ ਠਰੰਮੇ ਵਾਲੇ ਸੁਭਾ ਕਰਕੇ ਸਾਰੀਆਂ ਇਸਤਰੀਆਂ ਉਨ੍ਹਾਂ ਦੇ ਬਹੁਤ ਲਾਗੇ ਸਨ । ਮਾਤਾ ਗੁਜਰੀ ਜੀ ਇਕੱਲੀ ਇਕੱਲੀ ਨੂੰ ਗਲ ਲਗ ਕੇ ਮਿਲੇ । ਉਨ੍ਹਾਂ ਨੂੰ ਸਬਰ , ਸੰਤੋਖ , ਸੇਵਾ ਤੇ ਸਿਮਰਨ ਦਾ ਉਪਦੇਸ਼ ਦਿਤਾ।ਵਿਦਾ ਹੋਣ ਵੇਲੇ ਹਜ਼ਾਰਾਂ ਹੀ ਸੰਗਤਾਂ ਇਨ੍ਹਾਂ ਨੂੰ ਤੋਰਨ ਆਈਆਂ ਹੋਈਆਂ ਸਨ । ਸੰਗਤਾਂ ਦੀਆਂ ਅੱਖਾਂ ਵਿਚ ਪ੍ਰੇਮ ਤੇ ਵਿਛੋੜੇ ਦੇ ਅੱਥਰੂ ਟਪਕ ਰਹੇ ਸਨ । ਸੰਗਤਾਂ ਨੇ ਮਾਤਾ ਨੂੰ ਪੁਛਿਆ ਕਿ ਅਸੀਂ ਤੁਹਾਡੇ ਦਰਸ਼ਨ ਕਿਵੇਂ ਕੀਤਾ ਕਰਾਂਗੇ ? ” ਮਾਤਾ ਗੁਜਰੀ ਹੋਰਾਂ ਨੇ ਕਿਹਾ ਕਿ “ ਜਿਹੜਾ ਸਵੇਰੇ ਸ਼ਰਧਾ ਤੇ ਪ੍ਰੇਮ ਭਾਵ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਪਾਠ ਕਰਿਆ ਜਾਂ ਸੁਣਿਆ ਕਰੇਗਾ ਉਸ ਨੂੰ ਸਾਡੇ ਪ੍ਰਤੱਖ ਦਰਸ਼ਨ ਹੋਇਆ ਕਰਨਗੇ । ਹੁਣ ਮਾਤਾਵਾਂ ਤੇ ਬਾਲਕ ਸੰਗਤਾਂ ਕੋਲੋਂ ਆਗਿਆ ਲੈ ਕੇ ਛੋਟੇ ਛੋਟੇ ਪੰਧ ਕਰਕੇ ਅੰਬਾਲੇ ਪੁਜੇ , ਅੰਬਾਲੇ ਤੋਂ ਡਸਕੇ , ਡਸਕੇ ਤੋਂ ਲਖਨੌਰ ਆਏ । ਲਖਨੌਰ ਮਾਤਾ ਗੁਜਰੀ ਜੀ ਦਾ ਜੱਦੀ ਪਿੰਡ ਸੀ । ਏਥੋਂ ਹੀ ਉਨ੍ਹਾਂ ਦੇ ਬਾਬਾ ਜੀ ਗੁਰੂ ਅਰਜਨ ਦੇਵ ਜੀ ਵੇਲੇ ਕਰਤਾਰਪੁਰ ਆ ਵੱਸੇ ਸਨ । ਏਥੇ ਸੰਗਤਾਂ ਮਾਤਾਵਾਂ ਤੇ ਬਾਲਕ ਤੇ ਮਾਤਾਵਾਂ ਦੇ ਦਰਸ਼ਨ ਕਰਨ ਹੁੰਮ ਹੁਮਾ ਕੇ ਆਈਆਂ । ਸੰਗਤਾਂ ਨੇ ਮਾਤਾ ਗੁਜਰੀ ਕੋਲ ਪ੍ਰਾਰਥਨਾ ਕੀਤੀ ਕਿ ਇਥੋਂ ਦਾ ਪਾਣੀ ਪੀਣ ਯੋਗ ਨਹੀਂ ਹੈ । ਮਾਤਾ ਜੀ ਨੇ ਉਥੇ ਇਕ ਖੂਹ ਲਵਾਇਆ ਜਿਸ ਦਾ ਪਾਣੀ ਪੀਣ ਯੋਗ ਹੈ।ਇਹ ਖੂਹ ਅਜ ਵੀ ਗੁਜਰੀ ‘ ਦੇ ਨਾਂ ਨਾਲ ਪ੍ਰਸਿੱਧ ਹੈ । ਏਥੇ ਦੀ ਸੰਗਤ ਨੇ ਮਾਤਾਵਾਂ ਨੂੰ ਮਹੀਨਾਂ ਭਰ ਆਪਣੇ ਪਾਸ ਰਖਿਆ । ਉਥੇ “ ਮਾਤਾ ਗੁਜਰੀ ਜੀ ਤੇ ਬਾਲ ਪ੍ਰੀਤਮ ਦੇ ਪਲੰਘ ਅਜੇ ਤਕ ਸੰਭਾਲ ਕੇ ਰੱਖ ਹੋਏ ਸਨ ।
ਫੇਰ ਆਨੰਦਪੁਰ ਸੰਗਤਾਂ ਨੇ ਸਾਰੇ ਪਰਿਵਾਰ ਦਾ ਬੜਾ ਨਿਘਾ ਸਵਾਗਤ ਕੀਤਾ । ਮਾਤਾਵਾਂ ਤੇ ਬਾਲ ਪ੍ਰੀਤਮ ਦੇ ਦਰਸ਼ਨ ਕਰ ਕੇ ਸੰਗਤਾਂ ਬੜੀਆਂ ਖੁਸ਼ ਹੋਈਆਂ । ਜਦੋਂ ਗੁਰੂ ਤੇਗ ਬਹਾਦਰ ਜੀ ਸੰਗਤਾਂ ਨੂੰ ਬੈਠ ਕੇ ਉਪਦੇਸ਼ ਦੇਂਦੇ ਤਾਂ ਮਾਤਾ ਗੁਜਰੀ ਜੀ ਬਾਲਾ ਪ੍ਰੀਤਮ ਨੂੰ ਚੰਗੀ ਤਰ੍ਹਾਂ ਸਜਾ ਇਕ ਛੋਟੀ ਜਿਹੀ ਕਲਗੀ ਲਾ ਕੇ ਗੁਰੂ ਜੀ ਦੇ ਲਾਗੇ ਬਹਿਣ ਲਈ ਕਹਿੰਦੇ : ਬਾਲਾ ਪ੍ਰੀਤਮ ਬੜੇ ਫਬਦੇ । ਬਾਲਾ ਪ੍ਰੀਤਮ ਦਾ ਵਿਆਹ ਰਚਾਇਆ ਗਿਆ । ਇਨ੍ਹਾਂ ਦੇ ਸੁਸਰਾਲ ਲਾਹੌਰ ਦੇ ਰਹਿਣ ਵਾਲੇ ਸਨ । ਉਥੇ ਜਾਣਾ ਬੜਾ ਕਠਨ ਸੀ ਕਿਉਂਕਿ ਮੁਗਲਾਂ ਦਾ ਗੜ੍ਹ ਸੀ । ਅਤਿ ਦੇ ਅਤਿਆਚਾਰ ਹੋ ਰਹੇ ਸਨ । ਸੋ ਗੁਰੂ ਜੀ ਹੋਰਾਂ ਨੇ ਇਕ ਨਵਾਂ ‘ ਗੁਰੂ...

ਕਾ ਲਾਹੌਰ ਆਨੰਦਪੁਰ ਸਾਹਿਬ ਲਾਗੇ ਵਸਾਇਆ । ਬੜੀ ਧੂਮ ਧਾਮ ਨਾਲ ਵਿਆਹ ਕੀਤਾ ਗਿਆ | ਮਾਤਾਵਾਂ ਨੇ ਬੜੇ ਪੁੰਨ ਦਾਨ ਕੀਤੇ । ਗਰੀਬਾਂ ਨੂੰ ਮੂੰਹ ਮੰਗੀਆਂ ਮੁਰਾਦਾਂ ਦਿੱਤੀਆਂ ਗਈਆਂ । ਜਦੋਂ ਕਸ਼ਮੀਰੀ ਪੰਡਤਾਂ ਆਣ ਪੁਕਾਰ ਕੀਤੀ ਕਿ ਉਨ੍ਹਾਂ ਦੀ ਰਖਿਆ ਕੀਤੀ ਜਾਵੇ ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ਜਾ ਕੇ ਧਰਮ ਦੀ ਚਾਦਰ ਬਣ ਕੇ ਬਲੀਦਾਨ ਦੇਣਾ ਪਿਆ । ਜਦੋ ਗੁਰੂ ਜੀ ਦੀ ਦਿੱਲੀ ਜਾਣ ਲਈ ਤਿਆਰੀ ਹੋਈ ਤਾਂ ਮਾਤਾ ਗੁਜਰੀ ਜੀ ਨੇ ਕੋਈ ਰੁਕਾਵਟ ਨਾ ਪਾਈ । ਸਗੋਂ ਮਾਤਾ ਨਾਨਕੀ ਜੀ ਤੇ ਹੋਰ ਸੰਗਤਾਂ ਨੂੰ ਧੀਰਜ ਤੇ ਦਿਲਾਸਾ ਦਿੰਦੇ ਰਹੇ।ਏਸੇ ਤਰ੍ਹਾਂ ਜਦੋਂ ਗੁਰੂ ਜੀ ਦਾ ਸੀਸ ਦਿੱਲੀਉਂ ਲਿਆਂਦਾ ਗਿਆ ਤਾਂ ਸੰਗਤਾਂ ਰੋ ਰੋ ਬਿਹਬਲ ਹੋ ਰਹੀਆਂ ਸਨ ਤਾਂ ਮਾਤਾ ਗੁਜਰੀ ਜੀ ਆਪ ਬੜੇ ਠਰੰਮੇ ਤੇ ਧੀਰਜ ਨਾਲ ਉਨ੍ਹਾਂ ਨੂੰ ਗੁਰੂਆਂ ਦੀਆਂ ਸਾਖੀਆਂ ਸੁਣਾ ਕੇ ਹੌਸਲਾ ਦੇਂਦੇ ਰਹੇ । ਗੁਰੂ ਜੀ ਦੀ ਸ਼ਹੀਦੀ ਉਪਰੰਤ ਗੁਰੂ ਗੋਬਿੰਦ ਸਿੰਘ ਦੁਆਲੇ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਤੇ ਮਾਤਾ ਜੀ ਦੇ ਨੇਕ , ਸੇਵਾਂ ਭਰਪੂਰ ਤੇ ਧੀਰਜੀ ਸੁਭਾ ਤੋਂ ਬੜੀਆਂ ਪ੍ਰਭਾਵਤ ਹੁੰਦੀਆਂ । ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਤੇਜ ਤਪ , ਬਾਈ ਧਾਰ ਦੇ ਰਾਜਿਆਂ ਡਿੱਠਾ ਤਾਂ ਉਹ ਖਾਰ ਖਾਣ ਲੱਗ ਪਏ । ਮਾਤਾ ਜੀ ਨੇ ਏਥੋਂ ਛੱਡ ਕੇ ਹੋਰ ਥਾਂ ਜਾ ਟਿਕਣ ਲਈ ਗੁਰੂ ਜੀ ਨੂੰ ਮਨਾ ਲਿਆ ਕਿਉਂਕਿ ਜੇ ਕਿਸੇ ਵੇਲੇ ਵੀ ਕੋਈ ਭੈੜਾ ਕਦਮ ਚੁੱਕ ਸਕਦੇ ਸਨ । ਸੋ ਆਪ ਆਪਣੇ ਸਿੱਖਾਂ ਸਮੇਤ ਪਾਉਂਟੇ ਸਾਹਿਬ ਚਲੇ ਗਏ । ਉਥੇ ਗੁਰੂ ਜੀ ਦੁਆਲੇ ੫੨ ਸਾਹਿਤਕਾਰ ਤੇ ਕਵੀ ਇਕੱਠੇ ਹੋ ਗਏ । ਪਰ ਏਥੇ ਵੀ ਗੁਰੂ ਜੀ ਨੂੰ ਸ਼ਾਂਤੀ ਨਾਲ ਨਾ ਰਹਿਣ ਦਿੱਤਾ ਗਿਆ । ਭੰਗਾਣੀ ਦਾ ਯੁਧ ਲੜਨਾ ਪਿਆ । ਗੁਰੂ ਜੀ ਹੋਰਾਂ ਦੀ ਫਤਹਿ ਹੋਈ ਤੇ ਰਾਜੇ ਬਹੁਤ ਸ਼ਰਮਸਾਰ ਹੋਏ । ਫਿਰ ਮਾਤਾ ਗੁਜਰੀ ਜੀ ਦੇ ਕਹਿਣ ਤੇ ਗੁਰੂ ਜੀ ਵਾਪਿਸ ਪਰਤ ਪਏ । ਅਨੰਦਪੁਰ ਆ ਕੇ ਲੱਗੇ ਲੋਹ – ਲੰਗਰ ਤਪਣ । ਮਾਤਾ ਜੀ ਫਿਰ ਲਗੇ ਲੰਗਰ ਦੀ ਸੇਵਾ ਕਰਨ । ਇਕ ਵਾਰੀ ਦੇਸ਼ ਵਿਚ ਕਾਲ ਪੈਣ ਕਰਕੇ ਤੇ ਸੰਗਤਾਂ ਦੀ ਆਵਾਜਾਈ ਕਰਕੇ ਤੇ ਫੌਜਾਂ ਤਿਆਰ ਹੋਣ ਕਰਕੇ ਲੰਗਰ ਮਸਤਾਨੇ ਹੋਣ ਲੱਗੇ ਤਾਂ ਮਾਤਾ ਗੁਜਰੀ ਜੀ ਕੋਲ ਲਾਂਗਰੀਆਂ ਜਾ ਕਿਹਾ , “ ਰਸਦਾ ਘਟ ਹਨ ਤੇ ਲੰਗਰ ਦਾ ਸਮਾਂ ਨੀਯਤ ਹੋ ਜਾਣਾ ਚਾਹੀਦਾ ਹੈ । ਮਾਤਾ ਜੀ ਨੇ ਲੰਗਰ ਦਾ ਸਮਾਂ ਨੀਯਤ ਕਰ ਦਿੱਤਾ । ਬਾਰਾਂ ਘੰਟੇ ਲੰਗਰ ਚਲਣ ਲਗਾ ਜਦੋਂ ਗੁਰੂ ਜੀ ਹੁਰਾਂ ਨੂੰ ਪਤਾ ਲਗਾ ਤਾਂ ਉਨ੍ਹਾਂ ਮਾਤਾ ਜੀ ਹੋਰਾਂ ਨੂੰ ਕਿਹਾ ਕਿ ਜਿਸ ਘਰ ਸਦਾ ਲੰਗਰ ਨਹੀਂ ਚਲਦਾ ਉਹ ਘਰ ਉਜਾੜ ਹੁੰਦਾ ਹੈ । ਮਾਤਾ ਜੀ ਨੇ ਇਹ ਵਾਕ ਵਾਪਸ ਲੈਣ ਲਈ ਕਿਹਾ , ਗੁਰੂ ਜੀ ਹੁਰਾਂ ਕਿਹਾ ਕਿ “ ਇਹ ਵਾਕ ਉਨ੍ਹਾਂ ਚਿਰ ਪੂਰਾ ਨਹੀਂ ਹੋਵੇਗਾ ਜਦ ਤਕ ਲੰਗਰ ਅਤੁੱਟ ਵਰਤੇਗਾ । ‘ ‘
ਮਾਤਾ ਗੁਜਰੀ ਜੀ ਨੇ ਇਕ ਵਾਰੀ ਗੁਰੂ ਜੀ ਹੋਰਾਂ ਨੂੰ ਬੇਨਤੀ ਕੀਤੀ ਕਿ “ ਸਾਡੀ ਕਿਸੇ ਪੂਰਨ ਬ੍ਰਹਮ ਗਿਆਨੀ ਨੂੰ ਭੋਜਨ ਛਕਾਉਣ ਦੀ ਇੱਛਾ ਹੈ । ਦੱਸੋ , ਕਿ ਕਿਸ ਨੂੰ ਭੋਜਨ ਕਰਾਈਏ । ਗੁਰੂ ਜੀ ਨੇ ਕਿਹਾ “ ਤੁਸੀਂ ਭੋਜਨ ਤਿਆਰ ਕਰੋ ਬ੍ਰਹਮ ਗਿਆਨੀ ਆਪੇ ਹੀ ਆ ਜਾਵੇਗਾ । ਮਾਤਾ ਜੀ ਹੋਰਾਂ ਆਪਣੇ ਹੱਥਾਂ ਨਾਲ ਆਟਾ ਪੀਠਾ । ਲੰਗਰ ਤਿਆਰ ਕੀਤਾ ਤਾਂ ਭਾਈ ਰਾਮ ਕੋਇਰ ਜੀ ਬਾਬਾ ਬੁੱਢਾ ਜੀ ਦੇ ਪੜਪੋਤੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਤਿਲਕ ਲਾਉਣ ਵਾਲੇ ਆਪੇ ਹੀ ਆ ਗਏ । ਉਨ੍ਹਾਂ ਨੂੰ ਲੰਗਰ ਛਕਾਇਆ ਗਿਆ । ੧੬੯੯ ਈ . ਦੀ ਵਿਸਾਖੀ ਤੇ ਗੁਰੂ ਜੀ ਜਦ ਖਾਲਸਾ ਪੰਥ ਸਾਜਣ ਲੱਗੇ ਤਾਂ ਸਿੱਖਾਂ ਦੇ ਸਿਰ ਮੰਗੇ । ਉਸ ਵੇਲੇ ਕੱਚੇ ਪਿੱਲੇ ਸਿੱਖ ਉੱਠ ਭੱਜੇ ਤੇ ਮਾਤਾ ਗੁਜਰੀ ਜੀ ਕੋਲ ਲੱਗੇ ਜਾ ਕੇ ਸ਼ਿਕਾਇਤਾਂ ਕਰਨ ਕਿ “ ਗੁਰੂ ਜੀ ਹੋਰਾਂ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਹੈ । ਮਾਤਾ ਜੀ ਆਪ ਜਾਣੀ ਜਾਣ ਸਨ ਉਨ੍ਹਾਂ ਨੇ ਸਿੱਖਾਂ ਨੂੰ ਧੀਰਜ ਰੱਖਣ ਲਈ ਕਿਹਾ ਤੇ ਆਖਿਆ “ ਇਹ . ਸਭ ਕੌਤਕ ਹਨ ਤੁਹਾਨੂੰ ਪਿੱਛੋਂ ਪਤਾ ਲੱਗ ਹੀ ਜਾਣਾ ਹੈ । ਘਬਰਾਉਣ ਦੀ ਕੋਈ ਲੋੜ ਨਹੀਂ ਹੈ । ਜਦੋਂ ਅਨੰਦਪੁਰ ਦੇ ਕਿਲ੍ਹੇ ਨੂੰ ਮੁਗਲਾਂ ਤੇ ਬਾਈਧਾਰ ਦੇ ਰਾਜਿਆਂ ਨੇ ਕਈ ਮਹੀਨੇ ਘੇਰਾ ਪਾਈ ਰੱਖਿਆ ਤੇ ਅੰਦਰੋਂ ਰਾਸ਼ਨ ਪੱਠਾ ਚਾਲੇ ਪਾ ਗਿਆ ਤਾਂ ਸਿੱਖਾਂ ਨੇ ਇਕੱਠੇ ਹੋ ਕੇ ਮਾਤਾ ਗੁਜਰੀ ਜੀ ਨੂੰ ਕਿਹਾ ਕਿ ਤੁਸੀਂ ਗੁਰੂ ਜੀ ਹੋਰਾਂ ਨੂੰ ਸਮਝਾਉ ਕਿ ਕਿਵੇਂ ਮੁਗਲ ਤੇ ਰਾਜੇ ਕਸਮਾਂ ਖਾ ਕੇ ਕਿਲਾ ਖਾਲੀ ਕਰਾਉਣ ਲਈ ਕਹਿ ਰਹੇ ਹਨ ਕਿਲ੍ਹਾ ਖਾਲੀ ਕਰ ਦੇਣਾ ਚਾਹੀਦਾ ਹੈ । ਮਾਤਾ ਜੀ ਹੋਰਾਂ ਇਹ ਗੱਲ ਮੰਨ ਕੇ ਕਿਲ੍ਹਾ ਖਾਲੀ ਕਰਨ ਲਈ ਕਿਹਾ ਤਾਂ ਗੁਰੂ ਜੀ ਸਮਝਾਇਆ ਕਿ “ ਇਨ੍ਹਾਂ ਕਸਮਾਂ ਖਾਣ ਵਾਲਿਆਂ ਦੇ ਦਿਲ ਸਾਫ ਨਹੀਂ । ” ਇਹ ਸਿੱਧ ਕਰਨ ਲਈ ਕੁਝ ਬਲਦਾਂ ਤੇ ਲਿੱਦ ਆਦਿ ਤੇ ਪਾਟੇ ਕਪੜੇ ਪਾ ਬਾਹਰ ਹੱਕ ਦਿਤੇ । ਮਲ ਤੇ ਰਾਜੇ ਆਪਣੀਆਂ ਕਸਮਾਂ ਛਿੱਕੇ ਤੇ ਟੰਗ ਇਨ੍ਹਾਂ ਬਲਦਾਂ ਤੇ ਟੁੱਟ ਪਏ । ਜਿਸ ਤੋਂ ਗੁਰੂ ਜੀ ਹੋਰਾਂ ਦਾ ਦਸਿਆ ਵਿਚਾਰ ਸਿੱਧ ਹੋ ਗਿਆ |
ਆਨੰਦਪੁਰ ਦਾ ਕਿਲ੍ਹਾ ਛਡਣ ਉਪਰ ਪ੍ਰਵਾਰ ਵਿਛੋੜਾ ਸਰਸਾ ਦੇ ਕੰਢੇ ਹੋ ਗਿਆ । ਅੱਧੀ ਰਾਤ ਪੋਹ ਦੀ ਸੀਤਾਂ ਭਰੀ ਸਰਦੀ ਉਤੋਂ ਮੀਂਹ ਪੈ ਰਿਹਾ ਸੀ । ਬਦਲ ਲਿਸ਼ਕ ਕੇ ਰਾਹ ਦਸਣ ਵਿਚ ਸਹਾਈ ਹੋ ਰਿਹਾ ਸੀ । ਪਿਛੋਂ ਵੈਰੀ ਦੀ ਫੌਜ ਦਾ ਡਰ , ਮੂਹਰੇ ਜੋਬਨ ਮਤੀ ਠਾਠਾਂ ਮਾਰਦੀ ਸਰਸਾ ਨਦੀ ਮੌਤ ਦਾ ਭਿਆਨਕ ਰੂਪ ਵਿਖਾਲੀ ਦੇ ਰਹੀ ਸੀ । ਸਰਸਾ ਪਾਰ ਕਰਦਿਆਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੰਗੂ ਬਾਹਮਣ ਨਾਲ ਇਕ ਪਾਸੇ ਨਿਕਲ ਗਏ ! ਰਾਤ ਰਾਤ ਹੀ ਠਰੂੰ ਠਰੂੰ ਕਰਦੇ ਗੰਗੂ ਬ੍ਰਾਹਮਣ ਦੇ ਪਿੰਡ ਖੇੜੀ ਚਲੇ ਗਏ । ਉਥੇ ਅਗਲੀ ਰਾਤ ਪੈਣ ਤੇ ਮਾਤਾ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਪਿਛਲੀ ਕੋਠੜੀ ਵਾੜ ਕੇ ਦੋ ਖੇਸ ਉਤੇ ਲੈਣ ਲਈ ਦੇ ਦਿੱਤੇ । ਜਦੋਂ ਅੱਧੀ ਕੁ ਰਾਤ ਹੋਈ ਤਾਂ ਗੰਗੂ ਨੇ ਮਾਤਾ ਗੁਜਰੀ ਜੀ ਪਾਸ ਪਈ ਗਠੜੀ ਜਿਸ ਵਿਚ ਪੈਸੇ ਆਦਿ ਸਨ ਹੌਲੀ ਜਿਹੀ ਚੁਕ ਲਈ।ਜਦੋਂ ਮਾਤਾ ਜੀ ਨੂੰ ਗਠੜੀ ਗਾਇਬ ਹੋਈ ਦਿਸੀ ਤੇ ਮਾਤਾ ਜੀ ਨੇ ਆਪਣੇ ਸੁਭਾ ਅਨੁਸਾਰ ਕਿਹਾ ਕਿ “ ਪੁਤ ਗੰਗੂ ! ਇਥੋਂ ਗਠੜੀ ਤੂੰ ਤਾਂ ਕਿਸੇ ਸੁਰਖਿਅਤ ਥਾਂ ਨਹੀਂ ਰੱਖ ਦਿਤੀ । ਇਥੇ ਹੋਰ ਤਾਂ ਕੋਈ ਆਇਆ ਨਹੀਂ ਹੈ । ਗੰਗੂ ਇਕ ਦਮ ਅੱਗ ਬਗੋਲਾ ਹੋ ਗਿਆ । ਇਹ ਸੁਣ ਕੇ ਲਗਾ ਬੁਰਾ ਭਲਾ ਕਹਿਣ , ‘ ਇਕ ਤਾਂ ਤੁਹਾਨੂੰ ਤੁਹਾਡੇ ਦੁਸ਼ਮਣਾਂ ਕੋਲੋਂ ਲੁਕਾਈ ਤੇ ਬਚਾਈ ਫਿਰਦਾ ਹਾਂ ਤੇ ਦੂਜੇ ਤੁਸੀਂ ਮੇਰੇ ਤੇ ਚੋਰੀ ਮੜੀ ਜਾਂਦੇ ਹੋ । ਮੈਂ ਹੁਣੇ ਤੁਹਾਨੂੰ ਮੁਰਿੰਡੇ ਵਾਲੇ ਚੌਧਰੀਆਂ ਹਵਾਲੇ ਕਰਦਾ ਹਾਂ । ‘ ਮਾਤਾ ਜੀ ਨੇ ਇਹ ਕੁਰਖਤ ਬਚਨ ਸੁਣੇ ਤਾਂ ਬੜੇ ਪ੍ਰੇਮ ਸਹਿਤ ਗੰਗੂ ਨੂੰ ਕਹਿਣ ਲਗੇ , ਵੇਖੀ ਪੁੱਤ ! ਇਹ ਪਾਪ ਤੇ ਕਹਿਰ ਨਾ ਕਮਾਈਂ । ਕੀ ਹੋਇਆ ਜੇ ਤੂੰ ਗਠੜੀ ਰਖ ਲਈ ਹੈ । ਤੇਰੀ ਤੇ ਸਾਡੀ ਚੀਜ਼ ਕੋਈ ਦੋ ਹਨ । ਕਿਸੇ ਨੂੰ ਸਾਡੀ ਖਬਰ ਨਾ ਕਰੀਂ ਤੈਥੋਂ ਸਿਵਾ ਇਸ ਇਲਾਕੇ ਵਿਚ ਸਾਡਾ ਕੌਣ ਹੈ ? ‘ ਦੁਸ਼ਟ ਅਕਿਰਤਘਣ ਤੇ ਪਾਪੀ ਹਤਿਆਰਾ ਤੇ ਧੋਖੇਬਾਜ਼ ਨਾ ਟਲਿਆ ਤੇ ਰਾਤੇ ਰਾਤ ਮੁਰਿੰਡੇ ਦੇ ਰੰਘੜਾਂ ਨੂੰ ਜਾਨੀ ਤੇ ਮਾਨੀ ਖਾਂ ਨੂੰ ਲੈ ਆਇਆ । ਰਾਤ ਹੀ ਸਾਹਿਬਜ਼ਾਦੇ ਠਰੂੰ ਠਰੂੰ ਕਰਦੇ ਕੱਛਾਂ ਵਿਚ ਬਾਹਾਂ ਲਈ ਮਾਤਾ ਜੀ ਦੇ ਗੋਡਿਆਂ ਨਾਲ ਜੁੜੇ ਬੈਠ ਗਏ । ਚੌਧਰੀ ਮੁਰਿੰਡੇ ਆ ਕੇ ਚੜ੍ਹਦੇ ਪਾਸੇ ਇਕ ਖੂਹ ਤੇ ਰੱਥ ਡੱਕ ਕੇ ਆਪ ਰੋਟੀ ਪਾਣੀ ਖਾਣ ਤੇ ਡੰਗਰਾਂ ਨੂੰ ਸਾਹ ਦਿਵਾਉਣ ਲਈ ਆਪਣੇ ਘਰ ਚਲੇ ਗਹੇ । ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਦੋ ਦਿਨਾਂ ਦੇ ਭੁੱਖੇ ਤੇ ਤਿਹਾਇਆਂ ਨੇ ਵਗਦੇ ਖੂਹ ਤੋਂ ਹੱਥ ਮੂੰਹ ਧੋ ਕੇ , ਸਵੇਰੇ ਮੱਖਣ ਤੇ ਮਲਾਈਆਂ ਨਾਲ ਸ਼ਾਹ ਵੇਲਾ ਕਰਨ ਵਾਲਿਆਂ ਨੇ ਅੱਜ ਪਾਣੀ ਨਾਲ ਕਾਲਜਾ ਢਕਿਆ । ਹੁਣ ਮਾਤਾ ਜੀ ਤੇ ਸਾਹਿਬਜ਼ਾਦੇ ਦਿਨ ਚੜ੍ਹੇ ਮੁਰਿੰਡੇ ਦੇ ਰੰਘੜਾਂ ਨੇ ਸਰਹਿੰਦ ਦੇ ਸੂਬੇ ਵਜ਼ੀਰ ਖਾਂ ਦੇ ਹਵਾਲੇ ਕਰਨ ਲਈ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਰਾਤ ਠੰਡੇ ਬੁਰਜ ਕੈਦ ਕਰ ਦਿੱਤੇ ਕਿਉਂਕਿ ਸੂਬਾ ਸਰਹਿੰਦ ਅਜੇ ਚਮਕੌਰ ਤੋਂ ਵਿਹਲਾ ਹੋ ਕੇ ਵਾਪਿਸ ਨਹੀਂ ਸੀ ਪਰਤਿਆ । ਮਾਤਾ ਗੁਜਰੀ ਜੀ ਨੇ ਠਰੂੰ ਠਰੂੰ ਕਰਦਿਆਂ ਬੱਚਿਆਂ ਨੂੰ ਸਾਰੀ ਰਾਤ ਆਪਣੀ ਹਿੱਕ ਨਾਲ ਲਾ ਰਖਿਆ । ਨਾ ਕੋਈ ਉਤੇ ਲੈਣ ਲਈ ਕਪੜਾ , ਨਾ ਕੁਝ ਖਾਧਾ ਨਾ ਪੀਤਾ । ਭੁੱਖ ਤੇ ਠੰਢ ਨਾਲ ਨੀਂਦ ਕਿਥੇ ਆਉਣੀ ਸੀ । ਬੱਚਿਆਂ ਨੂੰ ਸਾਖੀਆਂ ਸੁਣਾਉਂਦੀ ਰਹੀ । ਨਾਲ ਹੀ ਉਨ੍ਹਾਂ ਨੂੰ ਧਰਮ ਲਈ ਪਕਿਆਂ ਕਰਦੀ ਕਿ ‘ ਦੇਖਿਓ ਕਿਤੇ ਡਰ ਨਾ ਜਾਇਓ ਤੇ ਡੋਲ ਨਾ ਜਾਇਓ ॥ ਤੁਸੀਂ ਮਹਾਨ ਸ਼ਹੀਦ ਦੇ ਪੋਤਰੇ ਜੇ , ਜਿਸ ਨੇ ਧਰਮ ਬਦਲੇ ਆਪਣੀ ਸ਼ਹੀਦੀ ਦਿੱਤੀ । ਤੁਹਾਨੂੰ ਵੀ ਇਸ ਨਾਸ਼ਵੰਤ ਸੰਸਾਰੀ ਪਦਾਰਥਾਂ ਦੇ ਲਾਲਚ ਦਿੱਤੇ ਜਾਣੇ ਹਨ । ਵੈਰੀਆਂ ਦੀਆਂ ਗੱਲਾਂ ਵਲਾਂ ਵਿਚ ਨਹੀਂ ਫਸਣਾ | ਧਰਮ ਤੋਂ ਉਪਰ ਕੋਈ ਚੀਜ਼ ਨਹੀਂ ਹੈ । ਮਰਨਾ ਤਾਂ ਹਰ ਇਕ ਨੇ ਹੀ ਹੈ । ਜਿਹੜਾ ਧਰਮ ਖਾਤਰ ਮਰਦਾ ਹੈ ਉਹ ਅਮਰ ਹੋ ਜਾਂਦਾ ਹੈ । ਹਰ ਕੋਈ ਜਾਣਦਾ ਹੈ ਕਿ ਛੋਟੇ ਸਾਹਿਬਜ਼ਾਦੇ ਕਿਵੇਂ ਨਿਡਰ ਹੋ ਕੇ ਨਿਧੜਕ ਤੇ ਲਾਜਵਾਬ ਉਤਰ ਦੇਂਦੇ ਰਹੇ । ਇਹ ਸਭ ਕੁਝ ਮਾਤਾ ਜੀ ਦੀ ਸੁਚੱਜੀ ਤੇ ਅਸਰ ਭਰਪੂਰ ਚੜ੍ਹਦੀਆਂ ਕਲਾਂ ਵਾਲੀ ਸਿਖਿਆ ਸਦਕਾ ਹੀ ਸੀ । ਜਦੋਂ ਬਚਿਆਂ ਦੀ ਸ਼ਹੀਦੀ ਦੀ ਖਬਰ ਮਾਤਾ ਜੀ ਨੂੰ ਮਿਲੀ ਤਾਂ ਪ੍ਰਮਾਤਮਾ ਅੱਗੇ ਪ੍ਰਾਰਥਨਾਂ ਕੀਤੀ ਕਿ ਤੇਰੀ ਅਮਾਨਤ ਤੈਨੂੰ ਸੌਂਪ ਦਿੱਤੀ ਹੈ ਹੁਣ ਮੈਨੂੰ ਵੀ ਉਨ੍ਹਾਂ ਵਲ ਲੈ ਚਲ । ਮਾਤਾ ਜੀ ਸਮਾਧੀ ਲਾ ਕੇ ਅੰਤਰ ਧਿਆਨ ਅਰਦਾਸ ਕਰ ਰਹੇ ਸਨ ਕਿ ਦੁਸ਼ਟ ਤੇ ਨਿਰਦਈ ਸੂਬੇ ਦੇ ਹੁਕਮ ਨਾਲ ਮਾਤਾ ਜੀ ਨੂੰ ਠੰਡੇ ਬੁਰਜ ਤੋਂ ਧੋਬੀ ਦੇ ਪਟੜੇ ਵਾਂਗ ਮਾਰਿਆ ਤੇ ਮਾਤਾ ਜੀ ਰੱਬ ਨੂੰ ਪਿਆਰੇ ਹੋ ਗਏ । ਪਾਪੀ ਸੂਬੇ ਨੇ ਮਾਤਾ ਤੇ ਪੋਤਰਿਆਂ ਦਾ ਸਸਕਾਰ ਕਰਨ ਲਈ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ | ਪਰ ਰਾਜੇ ਟੋਡਰ ਮਲ ਦੀ ਸਹਾਇਤਾ ਨਾਲ ਰਾਮੇ ਤੇ ਤਲੋਕੇ ਦੋਵਾਂ ਨੇ ਛੇ ਫੁਟ ਜ਼ਮੀਨ ਸੋਨੇ ਦੀਆਂ ਮੋਹਰਾਂ ਵਿਛਾ ਕੇ ਮੁਲ ਲਈ ਤੇ ਇਥੇ ਹੀ ਸਸਕਾਰ ਕੀਤਾ । ਇਸ ਥਾਂ ਤੇ ਅੱਜ ਕੱਲ੍ਹ ਗੁਰਦੁਆਰਾ ਜੋਤੀ ਸਰੂਪ ਸਥਿਤ ਹੈ । ਮਾਤਾ ਗੁਜਰੀ ਜੀ ਸੰਸਾਰ ਦੇ ਪਹਿਲੇ ਸ਼ਹੀਦ ਮਹਿਲਾ ਹਨ । ਆਪ ਮਿਠ – ਬੋਲੜੇ , ਮਿਲਾਪੜੇ , ਸ਼ਾਂਤੀ ਤੇ ਕੁਰਬਾਨੀ ਦੇ ਪੁੰਜ , ਉਦਾਰ ਚਿਤ , ਸੇਵਾ ਤੇ ਸਿਮਰਨ ਵਿਚ ਗੜੀਂਦ ਰਹਿਣ ਵਾਲੇ ਸਨ । ਹਰ ਇਕ ਦੇ ਦੁਖ ਸੁਖ ਵਿਚ ਭਾਈਵਾਲ ਗਰੀਬਾਂ ਤੇ ਅਨਾਥਾਂ ਦੇ ਸਹਾਇਕ ਸਨ । ਸਿਦਕ , ਸਹਿਨਸ਼ੀਲਤਾ ਤੇ ਸੰਜਮ ਦੇ ਮੁਜੱਸਮੇ ਸਨ । ਆਪ ਜੀ ਦੀ ਸ਼ਹੀਦੀ ਨੇ ਇਸਤਰੀਆਂ ਵਿਚ ਵੀਰਤਾ , ਹੌਸਲਾ , ਜੁਅੱਰਤ , ਨਿਰਭੈਅਤਾ , ਅਣਖ , ਸਵੈਨਿਰਭਰਤਾ ਕੁਟ ਕੁਟ ਕੇ ਭਰ ਦਿੱਤਾ । ਜਿਸ ਦੇ ਪ੍ਰਭਾਵ ਨੇ ਕੁਝ ਦਹਾਕਿਆਂ ਬਾਦ ਹੀ ਲਾਹੌਰ ਤੋਂ ਪੱਟੀ ਦੀਆਂ ਜੇਲ੍ਹਾਂ ਵਿਚ ਨਿਰਦਈ ਹਾਕਮਾਂ ਦੇ ਅਸਹਿ ਤੇ ਅਕਹਿ ਕਸ਼ਟ ਝਲੇ , ਬਚਿਆਂ ਦੇ ਟੋਟੇ ਕਰਾਏ ਤੇ ਸਿੱਖੀ ਸਿਦਕ ਨਹੀਂ ਹਾਰਿਆ।ਵਾਰ ਵਾਰ ਇਸ ਮਹਾਨ ਆਤਮਾ ਨੂੰ ਪ੍ਰਣਾਮ ।
ਦਾਸ ਜੋਰਾਵਰ ਸਿੰਘ ਤਰਸਿੱਕਾ।

...
...



Related Posts

Leave a Reply

Your email address will not be published. Required fields are marked *

One Comment on “ਮਾਤਾ ਗੁਜਰ ਕੌਰ ਜੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)