More Punjabi Kahaniya  Posts
ਆਦਤ


ਦਿੱਲੀ ਦੇ ਚੌਰਸਤਿਆਂ, ਸੜਕਾਂ, ਗਲੀ ਮੁਹੱਲੇ ਤੇ ਧਾਰਮਿਕ ਸਥਾਨਾਂ ਦੇ ਬਾਹਰ ਬਹਿਣ ਵਾਲੇ, ਮੰਗ ਕੇ ਖਾਣ ਵਾਲੇ, ਫੁੱਟਪਾਥ ਤੇ ਸੌਣ ਵਾਲੇ ਪਰਿਵਾਰ ਪਿਛਲੇ ਕਈ ਦਿਨਾਂ ਤੋਂ ਬਹੁਤ ਖੁਸ਼ ਸੀ ਖ਼ਾਸ ਕਰ ਉਨ੍ਹਾਂ ਲੋਕਾਂ ਦੇ ਬੱਚੇ ਕਿਉਕਿ ਸੁੱਕੀ ਰੋਟੀ ਦੇ ਟੁਕੜੇ ਲਈ ਤਰਸਣ ਵਾਲਿਆਂ ਦੀ ਜਿੰਦਗੀ ਚ ਪਹਿਲੀ ਵਾਰ ਤਿੰਨੋ ਟਾਇਮ ਭਰ ਪੇਟ ਖਾਣਾ ਮਿਲ ਰਿਹਾ ਸੀ। ਤਾਜ਼ੀ ਦਾਲ ਸਬਜ਼ੀ ਦੇ ਨਾਲ ਉਹ ਵੀ ਮੁਫਤ, ਬਿਨਾ ਕਿਸੇ ਭੇਦਭਾਵ, ਬਿਨਾ ਜ਼ਲੀਲ ਹੋਏ, ਬਰਾਬਰਤਾ ਨਾਲ ਗੋਡੇ ਨਾ ਗੋਡਾ ਜੋੜ ਜਿਵੇਂ ਪਰਿਵਾਰ ਵਿੱਚ ਮਿਲਦਾ ਜਦੋਂ ਮਾ ਬਾਪ ਜਾਂ ਭੈਣ ਭਰਾਵਾਂ ਨਾਲ ਬੈਠ ਖਾਈਦਾ…!!
….ਮਮਤਾ (ਇੱਕ ਨੇਕ ਰੂਹ ) ਦੋ ਬੱਚਿਆਂ ਦੀ ਮਾਂ, ਗੁਰਬਤ ਦੀ ਮਾਰੀ ਬੜੀ ਮੁਸ਼ਕਿਲ ਨਾਲ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਸੀ ।ਕੁਝ ਦਿਨਾਂ ਤੋਂ ਉਹ ਕਿਸਾਨ ਮੋਰਚੇ ਤੋਂ ਬਹੁਤ ਪ੍ਰਭਾਵਿਤ ਹੋ ਰੋਜਾਨਾ ਲਾਗਲੇ ਲੰਗਰ ਚ ਜਾਂਦੀ, ਬੀਬੀਆਂ ਨਾਲ ਸਬਜੀਆਂ ਚੀਰਦੀ, ਆਟਾ ਗੁੰਨਦੀ, ਫੁਲਕੇ ਪਕਾਉਂਦੀ, ਹਰ ਉਹ ਸੇਵਾ ਕਰਦੀ ਜੋ ਉਹ ਬਚਪਨ ਤੋਂ ਕਰਨਾ ਲੋਚਦੀ ਸੀ ਪਰ ਕਦੇ ਵੀ ਕਰ ਨਾ ਪਾਈ….
ਕਿਉਂਕਿ ਨੀਂਵੀ ਜਾਤ , ਮੰਗ ਕੇ ਖਾਣ ਵਾਲਿਆਂ ਨੂੰ ਤਾਂ ਲੋਕ ਬਰੂਹਾਂ ਵੀ ਨਹੀਂ ਲੰਘਣ ਦੇਂਦੇ ਸੇਵਾ ਤਾਂ ਦੂਰ ਖਾਣਾ ਵੀ ਦੂਰੋਂ ਪਾਉਂਦੇ ਨੇ ਆਵਾਰਾ ਕੂਕਰ ਵਾਂਗ….ਫਿਰ ਭਾਵੇਂ ਉਹ ਕਿਸੇ ਦਾ ਘਰ ਹੋਵੇ ਜਾਂ ਕੋਈ ਧਾਰਮਿਕ ਸਥਾਨ….!!!

ਅੱਜ ਮਮਤਾ ਆਪਣੇ ਦੋ ਬੱਚੇ (ਜੁਮਰੀ 13 ਸਾਲ ਅਤੇ ਮੁੰਨਾ 7 ਸਾਲ) ਵਾਸਤੇ ਰਾਤ ਦਾ ਖਾਣਾ ਲਿਫ਼ਾਫ਼ੇ ਵਿੱਚ ਪਾ ਕੇ ਲੈ ਆਈ ਕੀ ਦੇਖਦੀ ਹੈ ਕਿ ਜੁਮਰੀ ਨੇ ਦੁਪਹਿਰ ਵਾਲਾ ਖਾਣਾ ਵੀ ਨਹੀਂ ਖਾਧਾ ਪੁਲ ਹੇਠ ਬਣੀ ਬੁਰਜੀ ਨਾਲ ਢੋਅ ਲਾ ਕੇ ਬੈਠੀ ਜੁਮਰੀ ਦੀ ਗੋਦੀ ਵਿੱਚ ਮੁੰਨਾ ਸੌਂ ਰਿਹਾ ਸੀ ਮਮਤਾ ਨੇ ਜਾਂ ਸਿਰ ਤੇ ਹੱਥ ਫੇਰਦੀ ਨੇ ਪੁੱਛਿਆ ਕੀ ਹੋਇਆ ਜੁਮਰੀ ਠੀਕ ਤਾਂ ਹੈਂ …..?
ਖਾਣਾ ਕਿਉਂ ਨਹੀਂ ਖ਼ਾਧਾ ….???
ਜੁਮਰੀ…..ਹਾਂ ਮਾਂ ਮੈਂ ਬਿਲਕੁਲ ਠੀਕ ਹਾਂ !!
ਮਮਤਾ ….ਫਿਰ ਖਾਣਾ ਕਿਉਂ ਨਹੀਂ ਖ਼ਾਧਾ …ਕੀ ਮੁੰਨਾ ਨੇ ਵੀ ਨਹੀਂ ਖਾਧਾ …???
ਜੁਮਰੀ ……ਨਹੀਂ ਮਾਂ ਮੁੰਨਾ ਨੇ ਖਾਧਾ ਹੈ …. ਮੈਂ ਨ੍ਹੀਂ ਖਾਧਾ ਤੇ ਰਾਤ ਵੀ ਨਹੀਂ ਖਾਵਾਂਗੀ….!!!
ਮਮਤਾ …..ਓ ….ਅੱਛਾ…. ਵਰਤ ਰੱਖਿਆ ਮੇਰੀ ਧੀ ਨੇ …??
ਜੁਮਰੀ ….ਨਹੀਂ ਮਾਂ ਵਰਤ ਨਹੀਂ ਬੱਸ ਆਪਣੀ ਔਕਾਤ ਯਾਦ ਕਰ ਰਹੀ ਆਂ … !!!
ਮਮਤਾ….ਹੈਂ ….ਮੈਂ ਕੁਝ ਸਮਝੀ ਨਹੀਂ… ਸਾਹਮਣੇ ਖਾਣਾ ਪਿਆ…. ਨਹੀਂ ਖਾਦਾ ਇਸ ਵਿਚ ਔਕਾਤ ਵਾਲੀ ਕਿਹੜੀ ਗੱਲ ਹੋਈ ਭਲਾ …???
ਜੁਮਰੀ….ਮਾਂ … ਜ਼ਿੰਦਗੀ ਵਿੱਚ ਪਹਿਲੀ...

ਵਾਰ ਮਿਲੇ ਸਾਫ਼ ਸੁਥਰੇ ਕੱਪੜੇ , ਤਿੰਨੋਂ ਟੈਮ ਭਰ ਪੇਟ ਮਿਲਦੀ ਰੋਟੀ , ਕੋਈ ਨਫ਼ਰਤ ਨਹੀਂ ਕਰਦਾ , ਕੋਈ ਧੱਕੇ ਨਹੀਂ ਮਾਰਦਾ , ਨਾ ਊਚ ਨੀਚ , ਨਾ ਮੈਨੂੰ ਲੜਕੀ ਹੋਣ ਦਾ ਡਰ , …..ਕੀ ਜ਼ਿੰਦਗੀ ਇੰਨੀ ਸੁੰਦਰ ਵੀ ਹੋ ਸਕਦੀ ਏ ਕਿ ਜਾਂ ਮੈਂ ਸੁਪਨਾ ਵੇਖ ਰਹੀ ਹਾਂ …..ਕਿਉਂਕਿ ਅੱਜ ਨਹੀ ਤਾਂ ਕੱਲ ਇਹ ਸੂਰਬੀਰ ਯੋਧੇ …ਪੰਜਾਬੀ ….ਆਪਣੇ ਬਣਦੇ ਹੱਕ ਲੈ ਵਾਪਸ ਪਰਤ ਹੀ ਜਾਣਗੇ …ਤੇ ਰਹਿ ਜਾਵਾਂਗੇ ਆਪਾ ਉਸੇ ਹਾਲ ਚ, ਮੰਗ ਕੇ ਖਾਣ ਨੂੰ, ਨਿੱਤ ਜਲੀਲ ਹੋਣ ਨੂੰ, ਵਿਆਹਾਂ ਸ਼ਾਦੀਆਂ ਦੀ ਬਚੀ ਰਹਿੰਦ ਖੂੰਹਦ ਖਾਣ ਨੂੰ ,ਮਿਲੀ ਤਾਂ ਠੀਕ ਨਹੀ ਤਾਂ ਭੁੱਖੇ ਸੌਣ ਨੂੰ, …
….ਕਾਸ਼ ਕਿ ਅਸੀਂ ਚੰਗੀ ਕਿਸਮਤ ਵਾਲੇ ਹੁੰਦੇ ਤਾਂ ਪੰਜਾਬ ਚ ਜੰਮਦੇ….ਕਮ ਸੇ ਕਮ ਕਦੇ ਭੁੱਖੇ ਨਾਂ ਸੌਂਦੇ…ਇਹੀ ਸੋਚ ਕੇ ਆਪਣੀ ਗਲਤੀ ਸੁਧਾਰ ਰਹੀ ਹਾਂ ਕਿ ਬਾਅਦ ਚ ਤੰਗੀ ਨਾਂ ਆਵੇ ਤੇ ਭੁੱਖ ਬਰਦਾਸ਼ਤ ਕਰਨ ਦੀ * ਆਦਤ * ਬਣੀ ਰਹੇ…!!!

ਮਮਤਾ…ਸ਼ੁਭ ਸ਼ੁਭ ਬੋਲ ਧੀਏ , ਸ਼ੁਭ ਸ਼ੁਭ ਬੋਲ….!!!
ਇੰਨਾ ਅਣਖੀ ਲੋਕਾਂ ਦੀ ਕੁਝ ਦਿਨ ਕੀਤੀ ਸੰਗਤ ਨੇ ਮੈਨੂੰ ਇੰਨਾ ਬਲ ਦਿੱਤਾ ਏ …ਹੁਣ ਮਿਹਨਤ ਕਰਾਂਗੀ, ਗੁਬਾਰੇ ਜਾਂ ਕੋਈ ਹੋਰ ਸਮਾਨ ਵੇਚਾਂਗੀ, ਤੁਹਾਨੂੰ ਸਕੂਲ ਭੇਜੂਗੀ ਪਰ ਹੁਣ ਮੰਗ ਕੇ ਨਹੀ ਖਾਣਾਂ, ਕਦੀ ਹੱਥ ਨਹੀ ਅੱਡਣੇ …..ਤੁਹਾਡੇ ਪਿਉ ਦੇ ਗੁਜਰ ਜਾਣ ਤੋਂ ਬਾਅਦ ਮੈਂ ਕਮਜੋਰ ਹੋ ਗਈ ਸੀ….ਪਰ ਹੁਣ ਨਹੀ…
ਮੈਂ ਆਪਣੀ ਗਲਤ ** ਆਦਤ ** ਬਦਲ ਦਿਆਂਗੀ ..

….ਮੈਨੂੰ ਜਾਂ ਮੇਰੇ ਵਰਗੇ ਕਈ ਹੋਰਾਂ ਨੂੰ ਜ਼ਿੰਦਗੀ ਦਾ ਸਹੀ ਪਾਠ ਪੜ੍ਹਾਉਣ ਵਾਲਿਆਂ ਲਈ ਮੈਂ ਹੁਣ ਦਿਲੋਂ ਦੁਆ ਕਰਦੀ ਹਾਂ ਕਿ …
…ਰੱਬ ਕਰੇ ਪੂਰੀ ਦੁਨੀਆਂ ਦਾ ਢਿੱਡ ਭਰਨ ਵਾਲੇ ਇਨ੍ਹਾਂ ਕਿਸਾਨਾਂ ਦੀਆਂ ਜ਼ਰੂਰੀ ਬਣਦੀਆਂ ਮੰਗਾਂ ਗੰਦੀ ਸਰਕਾਰ ਛੇਤੀ ਮੰਨੇ ਤਾਂ ਜੋ ਇਹ ਪੂਰੀ ਦੁਨੀਆਂ ਵਿੱਚ ਵਸਦੀ ਇਨਸਾਨੀਅਤ ਲਈ ਦਰਦ ਰੱਖਣ ਵਾਲੇ ਮਿਹਨਤਕਸ਼ ਲੋਕ ਰਾਜ਼ੀ ਖੁਸ਼ੀ ਆਪੋ ਆਪਣੇ ਘਰ ਪਰਤ ਜਾਣ, ਸਦਾ ਖ਼ੁਸ਼ੀਆਂ ਵੰਡਣ ਵਾਲੇ ਆਪ ਵੀ ਖੁਸ਼ ਵੱਸਣ ਆਬਾਦ ਰਹਿਣ.. ਇਸ ਗ਼ਰੀਬੜੀ ਦੀ ਸੱਚੇ ਦਿਲੋਂ ਦੁਆ, ਸੱਚੇ ਦਿਲੋਂ ਅਰਦਾਸ 🙏

…✍ਹਰਦੀਪ ਸ਼ੁੱਭ ਗੋਇੰਦਵਾਲ ਸਾਹਿਬ
…98153-38993
…ਦੋਸਤੋ ਕਿਰਪਾ ਕਰ ਕੇ ਕਹਾਣੀ ਹੇਠੋਂ ਮੇਰਾ ਨਾਮ ਤੇ ਨੰਬਰ ਕੱਟ ਕੇ ਮੇਰੀ ਕਲਮ ਦੇ ਕਾਤਲ ਨਾ ਬਣਨਾ ਜੀ ਧੰਨਵਾਦੀ ਹੋਵਾਂਗਾ …🙏

...
...



Related Posts

Leave a Reply

Your email address will not be published. Required fields are marked *

One Comment on “ਆਦਤ”

  • ਬਹੁਤ ਸੋਹਣੀ ਕਹਾਣੀ ਪਰਮਾਤਮਾ ਸਭ ਦਾ ਭਲਾ ਕਰੇ ਤੇ ਕਿਸਾਨ ਆਪਣਾ ਹਕ ਮਿਲ ਜਾਵੇ😂🤣

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)