More Punjabi Kahaniya  Posts
ਅਧੂਰੀ ਕਿਤਾਬ


“ਕਿੱਧਰ ਨੂੰ ਚੱਲੇ ਓ?”
ਪਿੱਛਿਓ ਮੇਰੀ ਪਤਨੀ ਨੇ ਬੜੀ ਮਿੱਠੀ ਆਵਾਜ਼ ਵਿੱਚ ਭਾਂਡੇ ਧੋਂਦੀ ਨੇ ਪੁੱਛਿਆ।
“ਹਾਂ, ਕਿਤੇ ਨੀ, ਬਸ ਖੇਤਾਂ ਵੱਲ ਥੋੜਾ ਹੋ ਆਵਾਂ”
ਮੈਂ ਆਪਣੀ ਪਤਨੀ ਮੋਨਿਕਾ ਨੂੰ ਕਿਹਾ ਤੇ ਭਾਂਡੇ ਧੋਂਦੀ ਨੂੰ ਘਰੇ ਛੱਡ ਬਾਹਰ ਚਲਾ ਗਿਆ।
ਅੱਜ ਥੋੜਾ ਮਨ ਬੇਚੈਨ ਸੀ ਤਾਂ ਰੋਟੀ ਖਾ ਮੈਂ ਪਿੰਡ ਤੋਂ ਬਾਹਰ ਵੱਲ ਤੁਰ ਪਿਆ। ਕਰੀਬ-ਕਰੀਬ ਦਸ ਵੱਜੇ ਹੋਣਗੇ। ਗਰਮੀ ਹੋਣ ਕਰਕੇ ਇੱਕੀ-ਦੁੱਕੀ ਲੋਕ ਹਾਲੇ ਵੀ ਬਾਹਰ ਸਨ। ਆਸੇ-ਪਾਸੇ ਖੇਤ ਹੀ ਸੀ ਤੇ ਉਹਨਾਂ ਵਿੱਚੋਂ ਆਉਂਦੀ ਬੀਂਡਿਆਂ ਦੀ ਆਵਾਜ਼ ਰਾਤ ਦੇ ਸੰਨਾਟਾ ਦਾ ਅਹਿਸਾਸ ਦਵਾ ਰਹੀ ਸੀ। ਮੈਂ ਏਦਾਂ ਹੀ ਘੁੰਮਦੇ ਨੇ ਜਦ ਦੂਰ ਤੱਕ ਨਿਗਾਹ ਮਾਰੀ ਤਾਂ ਮੈਨੂੰ ਥੋੜੀ ਕੁ ਰੋਸ਼ਨੀ ਦਿਖੀ, ਜਿਵੇਂ ਕਿਸੇ ਨੇ ਧੂਣੀ ਲਗਾਈ ਹੋਵੇ। “ਪਰ ਏਨੀ ਗਰਮੀ ਵਿੱਚ ਧੂਣੀ”, ਇਹ ਸੋਚ ਜਦ ਮੈਂ ਘਰ ਨੂੰ ਮੁੜਨ ਲੱਗਾ ਤਾਂ ਮੈਨੂੰ ਇੰਝ ਜਾਪਿਆ ਜਿਵੇਂ ਮੱਲੋ-ਮੱਲੀ ਮੇਰਾ ਮਨ ਧੂਣੀ ਵੱਲ ਖਿੱਚਿਆ ਜਾ ਰਿਹਾ ਹੋਵੇ। ਸ਼ਾਇਦ ਮਨ ਦੀ ਜਿਗਿਆਸਾ ਸੀ ਜਾਂ ਫਿਰ ਕਿਸੇ ਚੀਜ਼ ਦਾ ਪ੍ਰਭਾਵ, ਮੈਂ ਓਧਰ ਨੂੰ ਹੋ ਤੁਰਿਆ।
ਜਦ ਨੇੜੇ ਪਹੁੰਚਿਆ ਤਾਂ ਉੱਥੇ ਇੱਕ ਬੰਦਾ ਬੈਠਾ ਕੁਝ ਮੰਤਰ ਉਚਾਰਣ ਕਰ ਰਿਹਾ ਸੀ। ਧੂਣੀ ਵਿੱਚ ਜਦ ਉਸਨੇ ਤੇਲ ਦਾ ਚਮਚ ਪਾਇਆ ਤਾਂ ਅੱਗ ਮੱਚ ਗਈ, ਜਿਸਦੀ ਰੋਸ਼ਨੀ ਵਿੱਚ ਉਹ ਤਾਂਤਰਿਕ ਵਰਗਾ ਲੱਗ ਰਿਹਾ ਸੀ। ਹੈਰਾਨੀ ਦੀ ਗੱਲ ਸੀ ਕਿ ਉਸਨੇ ਆਮ ਦਿਖਣ ਵਾਲੇ ਤਾਂਤਰਿਕਾਂ ਵਾਂਗ ਬਹੁਤ ਮਾਲਾਂ, ਕਾਲਾ ਟਿੱਕਾ ਜਾਂ ਭਬੂਤ, ਨਿੰਬੂ-ਮਿਰਚਾਂ ਦੇ ਹਾਰ, ਏਦਾਂ ਦਾ ਕੁਝ ਨਹੀਂ ਸੀ ਪਾਇਆ ਹੋਇਆ। ਬਸ ਉਸਦੇ ਤੇੜ ਕਾਲੇ ਰੰਗ ਦੀ ਧੋਤੀ ਤੇ ਸਿਰ ਤੇ ਜਟਾਵਾਂ ਸਨ, ਜੋ ਕਿਸੇ ਸੇਬੇ ਨਾਲ ਬੰਨ੍ਹੇ ਹੋਏ ਪ੍ਰਤੀਤ ਹੋ ਰਹੀਆਂ ਸਨ। ਉਸਦੇ ਗਲ ਵਿੱਚ ਅਲੱਗ ਹੀ ਕਿਸਮ ਦੇ ਚਮਕੀਲੇ ਪਦਾਰਥ ਦੇ ਨਗਾਂ ਦੀ ਇੱਕੋ ਮਾਲਾ ਸੀ। ਹਨੇਰਾ ਹੋਣ ਕਰਕੇ ਉਸਦੀ ਉਮਰ ਬਾਰੇ ਕੁਝ ਨਹੀਂ ਦੱਸ ਸਕਦਾ ਕਿਉਂਕਿ ਉਸਦੇ ਸਢੋਲ ਸਰੀਰ ਤੋਂ ਉਹ ਕੁਝ 30-35 ਸਾਲਾਂ ਦਾ ਤੇ ਜਟਾਵਾਂ ਤੋਂ 50 ਸਾਲਾਂ ਦੇ ਕਰੀਬ ਲੱਗਦਾ ਸੀ।
ਮੈਂ ਇੱਕ-ਦੋ ਮਿੰਟ ਉੱਥੇ ਖੜਿਆ ਤੇ ਜਦ ਘਰ ਨੂੰ ਪਰਤਣ ਲਈ ਮੁੜਿਆਂ..
“ਤੂੰ ਆਪਣੀ ਕਾਮਨਾ ਪੂਰਨ ਕੀਤੇ ਬਿਨਾਂ ਕਿਉਂ ਜਾ ਰਿਹਾ ਏ”,
ਉਸ ਤਾਂਤਰਿਕ ਨੇ ਅੱਖਾਂ ਖੋਲ ਮੇਰੇ ਵੱਲ ਦੇਖਦੇ ਕਿਹਾ।
“ਨਾ ਜੀ.. ਮੇਰੀ ਕੋਈ ਕਾਮਨਾ ਨਹੀਂ ਏ, ਉਹ ਤਾਂ ਮੈਂ ਬਿਨਾਂ ਕਿਸੇ ਕਾਰਨ ਹੀ ਘੁੰਮਦਾ-ਫਿਰਦਾ ਗਲਤੀ ਨਾਲ ਏਧਰ ਆ ਵੜਿਆ,”
ਮੈਂ ਆਪਣੇ ਵਾਲਾਂ ਵਿੱਚ ਹੱਥ ਮਾਰਦੇ ਨਕਲੀ ਹਾਸਾ ਹੱਸਦਿਆਂ ਕਿਹਾ।
ਕੜਕ ਆਵਾਜ਼ ਵਿੱਚ ਬੋਲਦਿਆਂ ਉਹ ਖੜਾ ਹੋਇਆ ਤੇ ਮੇਰੇ ਵੱਲ ਵੱਧਿਆ..”ਇਸ ਜੱਗ ਵਿੱਚ ਗਲਤੀ ਵੀ ਕਦੇ ਬਿਨਾਂ ਕਾਰਨ ਤੋਂ ਨਹੀਂ ਹੁੰਦੀ”, ਉਸਨੇ ਉਂਗਲ ਇੱਕ ਥੜੇ ਵੱਲ ਕਰਕੇ ਬੈਠਣ ਦਾ ਇਸ਼ਾਰਾ ਕੀਤਾ। “ਜਦ ਏਥੇ ਤੱਕ ਆ ਗਿਆ ਏ ਤਾਂ ਦੱਸ ਜੇ ਤੈਨੂੰ ਕੋਈ ਪ੍ਰੇਸ਼ਾਨੀ ਜਾਂ ਅਧੂਰੀ ਕਾਮਨਾ ਏ”, ਕੋਲ ਬੈਠਦਿਆਂ ਤਾਂਤਰਿਕ ਬੋਲਿਆ।
ਮੈਂ – ਜੇ ਦੱਸ ਵੀ ਦਿਆਂ ਤਾਂ ਤੂੰ ਸੁਣਕੇ ਕੀ ਕਰੇਗਾਂ?
ਤਾਂਤਰਿਕ – ਸ਼ਾਇਦ ਤੇਰੇ ਕਿਸੇ ਕੰਮ ਆ ਜਾਵਾਂ।
ਮੈਂ – ਸਹੀ ਕਿਹਾ, ਜਿਸਦਾ ਖੁਦ ਦਾ ਕੋਈ ਨਾਂ, ਪਤਾ-ਠਿਕਾਣਾ ਨਹੀਂ ਉਹ ਮੇਰੇ ਕੰਮ ਆਊ! ਉਹ ਕਿਵੇਂ? ਦੱਸੋਗੇ ਬਾਬਾ ਜੀ। (ਮਖੋਲ ਕਰਦਿਆਂ)
ਤਾਂਤਰਿਕ – ਤੰਤਰ-ਮੰਤਰ ਵਿੱਚ ਬਹੁਤ ਤਾਕਤ ਏ, ਅਜਮਾਕੇ ਵੇਖਲਾ।
ਤਾਂਤਰਿਕ ਮੇਰੇ ਕੋਲੋਂ ਉੱਠ ਜਾ ਕੇ ਧੂਣੀ ਕੋਲ ਬੈਠ ਗਿਆ ਤੇ ਮੈਨੂੰ ਵੀ ਆਉਣ ਦਾ ਇਸ਼ਾਰਾ ਕੀਤਾ। ਇੰਝ ਨਹੀਂ ਆ ਕਿ ਮੈਂ ਨਾਸਤਿਕ ਹਾਂ ਪਰ ਜਿਵੇਂ ਕੋਈ ਨਵੀਂ ਚੀਜ਼ ਅਜਮਾਕੇ ਵੇਖਣ ਦੀ ਮਨੁੱਖ ਨੂੰ ਖਿੱਚ ਪਾਉਂਦੀ ਹੈ, ਓਵੇਂ ਹੀ ਮੈਂ ਵੀ ਜਾ ਕੇ ਬੈਠ ਗਿਆ।
“ਠੀਕ ਏ ਮੈਂ ਦੱਸਦਾ ਹਾਂ, ਮੈਂ ਇੱਕ ਲਿਖਾਰੀ ਹਾਂ ਤੇ ਮੇਰੇ ਪ੍ਰਕਾਸ਼ਕ ਨੇ ਮੈਨੂੰ ਇੱਕ ਅਜਿਹੀ ਨਾਵਲ ਲਿਖਣ ਨੂੰ ਦਿੱਤੀ ਏ ਜੋ ਇੱਕ ਦਮ ਵੱਖ ਹੋਵੇ ਤੇ ਇੰਝ ਅਨੁਭਵ ਕਰਾਉਂਦੀ ਹੋਵੇ, ਜਿਵੇਂ ਕਿ ਕੋਈ ਸੱਚ। ਮੇਰੇ ਕੋਲ ਉਹਨਾਂ ਨੂੰ ਦੇਣ ਲਈ ਖਾਲੀ ਵਕਰਿਆਂ ਤੋਂ ਇਲਾਵਾ ਕੁਝ ਨਹੀਂ”,
ਮੈਂ ਜਿਵੇਂ ਆਪਣੇ ਮਨ ਦੀ ਭੜਾਸ ਕੱਢ ਉੱਥੋਂ ਜਾਣ ਲਈ ਉੱਠਣ ਲੱਗਾ ਤਾਂ ਇਉਂ ਲੱਗਾ ਕਿਸੇ ਨੇ ਮੇਰੇ ਖੱਬੇ ਕੰਨ ਲਾਗੇ ਫੁਸ-ਫਸਾਉਂਦੇ ਹੋਏ ਕੁਝ ਕਿਹਾ ਹੋਵੇ। ਤੇ ਤਾਂਤਰਿਕ ਦੀ ਡਰਾਵਣੀ ਮੁਸਕਰਾਹਟ ਮੇਰੀ ਸਥਿਤੀ ਨੂੰ ਹੋਰ ਵੀ ਖਰਾਬ ਕਰ ਰਹੀ ਸੀ। ਇੱਕ ਵਾਰ ਫਿਰ ਮੇਰੇ ਖੱਬੇ ਕੰਨ ਕੋਲ ਆਵਾਜ਼ ਆਈ, ਤੇ ਇਸ ਵਾਰ ਮੈਨੂੰ ਕੁਝ ਸ਼ਬਦ ਸਾਫ ਸੁਣਾਈ ਦਿੱਤੇ, ਜੋ ਸੀ..
“ਜਗਦੀਪ”
ਮੇਰਾ ਨਾਂ ਜੋ ਕਿ ਮੈਂ ਹਾਲੇ ਤੱਕ ਦੱਸਿਆ ਹੀ ਨਹੀਂ ਸੀ। ਇੱਕ ਤੇ ਰਾਤ ਦਾ ਸਮਾਂ, ਉੱਪਰੋਂ ਏਨੀ ਅਜੀਬ ਜਗ੍ਹਾ ਤੇ ਖੜ ਚੀਜ਼ਾਂ ਹੋਰ ਵੀ ਡਰਾਉਣੀਆਂ ਜਾਪ ਰਹੀਆਂ ਸਨ। ਮੈਂ ਉੱਥੋਂ ਜਾਣਾ ਚਾਹੁੰਦਾ ਸੀ। ਪਰ ਤਾਂਤਰਿਕ ਦੀਆਂ ਗੱਲਾਂ ਸੁਣ ਰੁਕ ਗਿਆ।
“ਕਹਾਣੀ ਤੇ ਇੱਕ ਛੱਡ ਸੌ ਮਿਲ ਜਾਣਗੀਆਂ ਪਰ ਬਦਲੇ ਵਿੱਚ ਕੀ ਦੇ ਸਕਦਾ ਏ”,
ਤਾਂਤਰਿਕ ਦੀਆਂ ਅੱਖਾਂ ਮੇਰੇ ਤੇ ਗੱਡੀਆਂ ਹੋਈਆਂ ਸਨ।
“ਆਪਣੀ ਸਭ ਤੋਂ ਕੀਮਤੀ ਚੀਜ਼ ਦੇਵੇਂਗਾ ਤਾਂ ਮੈਂ ਤੈਨੂੰ ਨਾਂ, ਸ਼ੋਹਰਤ, ਤਰੱਕੀ ਸਭ ਕੁਝ ਜੋ ਤੂੰ ਚਾਹੁੰਦਾ ਏ ਉਹ ਦੇਣ ਨੂੰ ਤਿਆਰ ਹਾਂ”,
ਇਸ ਵਾਰ ਲੱਗਾ ਕੋਈ ਸਾਇਆ ਮੇਰੇ ਮੋਢਿਆਂ ਤੇ ਚੜ ਕੰਨ ਵਿੱਚ ਬੋਲ ਰਿਹਾ ਹੋਵੇ। ਮੈਂ ਉੱਠਕੇ ਉੱਥੋਂ ਭੱਜਾ ਤਾਂ ਆਵਾਜ਼ ਪਿੱਛੇ ਆਉਂਦੀ ਹੋਈ ਕਹਿ ਰਹੀ ਸੀ,
“ਜੇ ਸੌਦਾ ਮਨਜੂਰ ਹੋਇਆ ਤਾਂ ਇੱਕ ਵਾਰ ਮੈਨੂੰ ਯਾਦ ਕਰ ਲੈਣਾ, ਮੈਂ ਆ ਜਾਵਾਂਗਾ”,
ਉਹ ਆਵਾਜ਼ ਹੱਸਦੀ-ਹੱਸਦੀ ਬੰਦ ਹੋ ਗਈ। ਜਦ ਮੈਂ ਪਿੰਡ ਅੰਦਰ ਵੜਿਆ, ਵਾਪਿਸ ਪਿੱਛੇ ਮੁੜਕੇ ਦੇਖਣ ਦੀ ਹਿੰਮਤ ਨਾ ਪਈ। ਮੈਂ ਘਰ ਪਹੁੰਚ ਗਿਆ ਤੇ ਮੂੰਹ ਹੱਥ ਧੋ ਅੰਦਰ ਗਿਆ ਤਾਂ ਮੋਨਿਕਾ ਸ਼ਾਇਦ ਮੈਨੂੰ ਉਡੀਕਦੀ ਹੋਈ ਸੌਂ ਗਈ ਸੀ। ਉਸਦੇ ਭੋਲੇ ਜਿਹੇ ਚਿਹਰੇ ਵੱਲ ਵੇਖਕੇ ਜਿਵੇਂ ਮੈਨੂੰ ਮੇਰਾ ਜੁਆਬ ਮਿਲ ਗਿਆ ਹੋਵੇ।
“ਹਾਂ, ਇੱਕ ਏਹੀ ਤੇ ਹੈ ਮੇਰੀ ਜਿੰਦਗੀ ਵਿੱਚ ਜਿਸਨੂੰ ਮੈਂ ਸਭ ਤੋਂ ਜਿਆਦਾ ਚਾਹੁੰਦਾ ਹਾਂ ਤੇ ਇਸਨੂੰ ਮੈਂ ਕਿਸੇ ਹੋਰ ਨੂੰ ਦੇ ਦੇਵਾਂ! ਕਿਵੇਂ ਇਸਦਾ ਸੌਦਾ ਕਰ ਲਵਾਂ!”,
ਸਾਰੀ ਰਾਤ ਏਸੇ ਸੋਚ ਵਿੱਚ ਨਿਕਲ ਰਹੀ ਸੀ ਕਿ ਫਿਰ ਕੰਨ ਵਿੱਚ ਓਹੀ ਆਵਾਜ਼ ਆਈ..
“ਦੁਨੀਆਂ ਤੇ ਇਸ ਤੋਂ ਵੀ ਵੱਧ ਸੁੰਦਰੀਆਂ ਨੇ, ਜੇਕਰ ਤੇਰਾ ਨਾਮ ਹੋਵੇਗਾ, ਪੈਸਾ, ਐਸ-ਓ-ਆਰਾਮ ਹੋਵੇਗਾ ਤਾਂ ਹਰ ਮੁਟਿਆਰ ਤੇਰੇ ਕਦਮਾਂ ਵਿੱਚ ਹੋਵੇਗੀ।”
ਇਹ ਸਭ ਸੁਣ ਮੇਰੇ ਵਿੱਚ ਲਾਲਸਾ ਜਾਗਣ ਲੱਗੀ। ਉਹ ਸਾਇਆ ਬਿਨਾਂ ਰੁਕੇ ਮੈਨੂੰ ਚਕਾਂ-ਚੋਂਦ ਵਾਲੇ ਸੁਪਨਿਆਂ ਵਿੱਚ ਫਸਾਈ ਜਾ ਰਿਹਾ ਸੀ।
“ਤੂੰ ਇੱਕ ਅਜਿਹੀ ਕਹਾਣੀ ਲਿਖੇਗਾਂ ਜੋ ਸਭ ਤੋਂ ਵੱਖ ਹੋਵੇਗੀ, ਤੂੰ ਸ਼ੈਤਾਨ ਬਾਰੇ ਦੁਨੀਆਂ ਨੂੰ ਦੱਸੇਗਾ ਤੇ ਤੇਰੀ ਕਹਾਣੀ ਹੀ ਤੇਰੇ ਨਾਮ, ਤਰੱਕੀ, ਸ਼ੋਹਰਤ ਦਾ ਕਾਰਨ ਬਣੇਗੀ”
ਮੈਂ ਪੂਰੀ ਤਰ੍ਹਾਂ ਨਾਲ ਉਸ ਸਾਏ ਦੇ ਵੱਸ ਵਿੱਚ ਆ ਗਿਆ ਸੀ। ਜਿਵੇਂ ਕੋਈ ਮੇਰੇ ਮੋਢਿਆਂ ਤੇ ਬੈਠਾ ਮੇਰੇ ਕੰਨਾਂ ਵਿੱਚ ਆਪਣੀ ਗੱਲ ਕਹਿ ਮਨਾਈ ਜਾ ਰਿਹਾ ਹੋਵੇ। ਮੈਂ ਅਚਾਨਕ ਬਿਸਤਰੇ ਤੋਂ ਉੱਠ ਖੜਾ ਹੋ ਗਿਆ ਤੇ “ਮੈਨੂੰ ਸੌਦਾ ਮਨਜੂਰ ਹੈ”, ਮੋਨਿਕਾ ਵੱਲ ਦੇਖਦੇ ਹੋਏ ਕਹਿਣ ਲੱਗਾ। ਸਾਏ ਦੀ ਆਵਾਜ਼ ਸ਼ੈਤਾਨੀ ਹਾਸਾ ਹੱਸਦੀ ਹੋਈ ਬੋਲੀ..
” ਹੁਣ ਇਸਦਾ ਸਰੀਰ, ਇਸਦੀ ਰੂਹ ਮੇਰੀ ਹੈ, ਮੈਂ ਜੋ ਚਾਵਾ ਕਰ ਸਕਦਾ ਹਾਂ। ਇਹ ਮੇਰਾ ਇੱਕ ਪੁਤਲਾ ਹੈ ਤੇ ਸੌਦੇ ਅਨੁਸਾਰ ਮੈਂ ਤੈਨੂੰ ਕਹਾਣੀਆਂ ਦਾ ਭੰਡਾਰ ਦਿੰਦਾ ਹਾਂ।”
ਏਨਾ ਕਹਿ ਆਵਾਜ਼ ਮੱਧਮ ਹੋਣ ਲੱਗ ਪਈ। ਪਰ ਮੇਰੇ ਦਿਮਾਗ ਵਿੱਚ ਕੁਝ ਹੋਰ ਹੀ ਸੀ। ਇਸ ਤੋਂ ਪਹਿਲਾਂ ਕਿ ਆਵਾਜ਼ ਪੂਰੀ ਤਰ੍ਹਾਂ ਬੰਦ ਹੁੰਦੀ ਮੈਂ ਉਸਨੂੰ ਪੁਕਾਰਦੇ ਹੋਏ ਕਿਹਾ, “ਮੈਨੂੰ ਕਹਾਣੀਆਂ ਦਾ ਭੰਡਾਰ ਨਹੀਂ ਚਾਹੀਦਾ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੋਨਿਕਾ ਨਾਲ ਜੋ ਵੀ ਕਰੋ ਉਹ ਮੈਂ ਦੇਖ ਸਕਾਂ, ਤਾਂਕਿ ਮੇਰੀ ਕਲਮ ਉਸਨੂੰ ਕਲਮਬੰਦ ਕਰ ਸਕੇ। ਇਹ ਮੇਰੀ ਕਹਾਣੀ ਬਣੇਗੀ।”
“ਮੈਂ ਇਸਦੇ ਸਰੀਰ ਨੂੰ ਹੌਲੀ-ਹੌਲੀ ਨਸ਼ਟ ਕਰ, ਰੂਹ ਨੂੰ ਆਪਣੇ ਰੰਗ ਵਿੱਚ ਰੰਗਕੇ ਲੈ ਜਾਵਾਂਗਾ,” ਕੰਨ ਕੋਲ ਸਾਏ ਨੇ ਜੁਆਬ ਦਿੱਤਾ, “ਤੂੰ ਇਹ ਸਭ ਸਹਿਣ ਨਹੀਂ ਕਰ ਪਾਵੇਂਗਾ।”
“ਠੀਕ ਏ, ਮੈਂ ਜੋ ਵੀ ਦੇਖਾਂ ਮਹਿਸੂਸ ਨਾ ਕਰ ਸਕਾ। ਇੱਕ ਬੇਜਾਨ ਕਲਮ ਦੀ ਤਰ੍ਹਾਂ ਬੱਸ ਲਿਖਦਾ ਜਾਂਵਾਂ।”
ਮੇਰੀ ਇਹ ਗੱਲ ਸੁਣਦੇ ਹੀ ਸਾਏ ਦਾ ਹਾਸਾ ਹੌਲੀ-ਹੌਲੀ ਗਾਇਬ ਹੋ ਗਿਆ ਤੇ ਨਾਲ ਹੀ ਪਿੰਡ ਦੇ ਗੁਰਦੁਆਰੇ ਗੁਰਬਾਣੀ ਪੜਨੀ ਸ਼ੁਰੂ ਹੋ ਗਈ। ਹੁਣ ਪਤਾ ਨਹੀਂ ਕਿ ਇਹ ਇਤਫਾਕ ਸੀ ਕਿ ਉਸਦੇ ਜਾਣ ਤੋਂ ਬਾਅਦ ਗੁਰਬਾਣੀ ਸ਼ੁਰੂ ਹੋਈ ਜਾਂ ਗੁਰਬਾਣੀ ਸੁਣ ਉਹ ਗਾਇਬ ਹੋ ਗਿਆ।
ਪਹਿਲਾ ਦਿਨ
ਮੈਂ ਸਵੇਰੇ ਉੱਠ ਨਹਾ ਧੋ ਰੋਟੀ-ਪਾਣੀ ਖਾਧਾ ਤੇ ਕਲਮ ਨਾਲ ਵਰਕੇ ਲੈਕੇ ਬੈਠ ਗਿਆ। ਰਾਤ ਦੀਆਂ ਗੱਲਾਂ ਮੁੜ ਜ਼ਹਿਨ ਵਿੱਚ ਆਉਣ ਲੱਗੀਆਂ ਤੇ ਮੋਨਿਕਾ ਵੱਲ ਤਰਸ ਨਾਲ ਵੇਖਦੇ ਹੋਏ ਲਿਖਣਾ ਸ਼ੁਰੂ ਕਰ ਦਿੱਤਾ..
ਕੁਦਰਤ ਦੀ ਸੋਹਣੀ ਦੇਣ ਹੈ,
ਪੰਜ ਤੱਤਾਂ ਦਾ ਬਣਿਆ ਸਰੀਰ,
ਪਹਿਲਾਂ ਆਕਾਸ਼, ਹਵਾ, ਅਗਨੀ, ਪਾਣੀ,
ਮੁੜ ਧਰਤੀ ਸਭ ਤੋਂ ਅਖੀਰ,
ਜੇ ਕੋਈ ਕਰੇ ਛੇੜ ਖਾਨੀਆਂ,
ਬਹੁਤ ਹੋ ਜਾਂਦਾ ਹੈ ਬਦਲਾਵ,
ਸੱਜੇ ਪਾਸੇ ਰੱਬ ਮਿਲ ਜਾਵੇ,
ਖੱਬੇ ਪਾਸੇ ਸ਼ੈਤਾਨ ਦਾ ਪ੍ਰਭਾਵ,
ਕੁਝ ਦੇਰ ਛੱਡ ਪਾਠ ਪੂਜਾ ਨੂੰ,
ਤੰਤਰ੍ਹਾਂ-ਮੰਤਰ੍ਹਾਂ ਨੂੰ ਹੀ ਪੜਦੇ ਆਂ,
ਰੱਬ ਤਾਂ ਪਹੁੰਚ ਦੂਰ ਦੀ ਲੱਗਦਾ,
ਚੱਲ ਸ਼ੈਤਾਨ ਹੀ ਹਾਸਿਲ ਕਰਦੇ ਆਂ..
ਮੈਂ ਮੋਨਿਕਾ ਨੂੰ ਕਾਲਜ ਦੇ ਸਮੇਂ ਤੋਂ ਜਾਣਦਾ ਸੀ। ਉਂਝ ਤਾਂ ਇਸ ਦੇ ਆਉਣ ਤੋਂ ਪਹਿਲਾਂ ਮੇਰੀ ਜਿੰਦਗੀ ਵਿੱਚ ਕਾਫੀ ਕੁੜੀਆਂ ਰਹਿ ਚੁਕੀਆਂ ਸਨ ਪਰ ਜਦ ਇਸਨੇ ਜਿੰਦਗੀ ਵਿੱਚ ਪੈਰ ਪਾਇਆ ਤਾਂ ਕਦ ਏਨਾਂ ਗੂੜਾ ਪਿਆਰ ਵਿੱਚ ਪੈ ਗਿਆ ਪਤਾ ਹੀ ਨਹੀਂ ਚੱਲਿਆ। ਮੈਂ ਕਿਸੇ ਵੀ ਸਥਿਤੀ ਵਿੱਚ ਇਸ ਦਾ ਸਾਥ ਗਵਾਉਣਾ ਨਹੀਂ ਸੀ ਚਾਹੁੰਦਾ, ਉਹ ਵੀ ਮੇਰੇ ਨਾਲ ਘੱਟ ਨਹੀਂ ਸੀ ਕਰਦੀ। ਉਹ ਜਿੰਦਗੀ ਦੇ ਦਿੱਤੇ ਹਰ ਸੁੱਖ-ਦੁੱਖ ਵਿੱਚ ਮੇਰਾ ਸਾਥੀ ਬਣ ਨਾਲ ਰਹੀ। ਸ਼ਾਇਦ ਇਹੀ ਤੇ ਖੂਬੀਆਂ ਹੁੰਦੀਆਂ ਨੇ ਇੱਕ ਹਮਸਫਰ ਦੀਆਂ। ਮੋਨਿਕਾ ਦਾ ਰੰਗ ਥੋੜਾ ਜਿਹਾ ਸਾਂਵਲਾ ਸੀ, ਪਰ ਉਸਦੇ ਨੈਣ ਨਕਸ਼ ਤਿੱਖੇ ਹੋਣ ਕਰਕੇ ਬਹੁਤ ਜੱਚਦੀ ਹੈ। ਉਸਦੀ ਠੋਡੀ ਤੇ ਬੁੱਲਾਂ ਦੇ ਕੋਲ ਵਾਲਾ ਤਿਲ ਬਾਲਾ ਹੀ ਦਿਲ ਖਿੱਚਵਾਂ, ਮੁਸਕਾਨ ਦਿਲ ਠਾਰਨ ਵਾਲੀ ਤੇ ਚਿਹਰਾ ਜਿਵੇਂ ਮਾਸੂਮੀਅਤ ਦੀ ਮੂਰਤ ਹੋਵੇ। ਲੰਬਾ ਕੱਦ, ਪਤਲਾ ਸਰੀਰ, ਧੋਣ ਜਿੱਦਾਂ ਸੁਰਾਹੀ ਹੋਵੇ, ਲੰਬੇ-ਲੰਬੇ ਕਾਲੇ ਵਾਲ, ਆਪਣੇ-ਆਪ ਵਿੱਚ ਅੱਤ ਦੀ ਮੁਟਿਆਰ ਏ। ਮੈਂ ਇੱਕ ਮੇਜ਼ ਤੇ ਕੁਰਸੀ ਚੱਕ ਬਰਾਂਡੇ ਵਿੱਚ ਲਗਾ ਲਈ ਤੇ ਉਸ ਤੇ ਲਿਖਣ ਦੇ ਕੰਮ ਦਾ ਸਾਰਾ ਸਮਾਨ ਰੱਖ ਲਿਆ। ਅੱਜ ਦਾ ਸਾਰਾ ਦਿਨ ਮੇਰਾ ਉਸਨੂੰ ਨਿਹਾਰਦਿਆਂ ਹੀ ਨਿਕਲ ਗਿਆ। ਕਿਉਂਕਿ ਹੁਣ ਉਹ ਬਦਲਣ ਵਾਲੀ ਸੀ। ਉਹ ਸਾਇਆ ਮੋਨਿਕਾ ਨੂੰ ਆਪਣੇ ਵਾਂਗ ਹੀ ਕਾਲਾ ਕਰ ਲੈ ਜਾਵੇਗਾ। ਪਰ ਕੁਝ ਪਾਉਣ ਲਈ ਕੁਝ ਗਵਾਉਣਾ ਤਾਂ ਪੈਂਦਾ ਹੀ ਹੈ। ਮੈਨੂੰ ਯਕੀਨ ਏ ਜੇ ਮੈਂ ਉਸਨੂੰ ਪੁੱਛਦਾ ਤਾਂ ਉਹ ਇਸ ਸੌਦੇ ਨੂੰ ਮੇਰੀ ਤਰੱਕੀ ਦੇ ਮੌਕੇ ਨੂੰ ਠੋਕਰ ਨਾ ਮਾਰਦੀ। ਆਖਿਰ ਏਨਾਂ ਪਿਆਰ ਜੋ ਕਰਦੀ ਏ ਮੈਨੂੰ। ਬਾਕੀ ਸਾਰਾ ਦਿਨ ਆਮ ਦਿਨਾਂ ਵਾਂਗ ਹੀ ਗੁਜ਼ਰਿਆ। ਮੋਨਿਕਾ ਵਿੱਚ ਕੋਈ ਤਬਦੀਲੀ ਜਾਂ ਕੁਝ ਵੀ ਵੱਖ ਹੋਇਆ ਨਹੀਂ ਸੀ ਦਿਖ ਰਿਹਾ।
ਮੋਨਿਕਾ ਰੋਜ਼ ਸ਼ਾਮ ਨੂੰ ਪਾਠ ਕਰਦੀ ਸੀ ਪਰ ਲੱਗਦਾ ਅੱਜ ਉਸਦਾ ਮਨ ਵਿਚਲਿਤ ਸੀ। ਮੈਂ ਬੜੀ ਗੌਰ ਨਾਲ ਉਸ ਵੱਲ ਦੇਖ ਰਿਹਾ ਸੀ। ਉਹ ਕਦੇ ਅੰਦਰ ਬੈਠਦੀ ਤੇ ਕਦੇ ਬਾਹਰ ਬਰਾਂਡੇ ਵਿੱਚ ਡੱਠੇ ਮੰਜੇ ਤੇ। ਜਿਵੇਂ ਮੈਂ ਚਾਹੁੰਦਾ ਸੀ ਮੈਨੂੰ ਉਸ ਨਾਲ ਕਾਲਾ ਸਾਇਆ ਵੀ ਦਿਖ ਰਿਹਾ ਸੀ। ਸਾਇਆ ਕਾਲੇ ਧੂੰਏ ਵਾਂਗਰ ਸੀ। ਬਸ ਧੂੰਆ, ਜਿਸ ਦੀਆਂ ਦੋ ਲਾਲ ਚਮਕੀਲੀਆਂ ਅੱਖਾਂ ਸੀ। ਸਾਇਆ ਮੋਨਿਕਾ ਦੇ ਪਿੱਛੇ-ਪਿੱਛੇ ਜਾ ਰਿਹਾ ਸੀ। ਜਿੱਦਾਂ ਕਿ ਉਸ ਨਾਲ ਜੁੜ ਗਿਆ ਹੋਵੇ। ਜਦ ਵੀ ਮੋਨਿਕਾ ਧਿਆਨ ਲਗਾ ਪਾਠ ਕਰਨ ਲੱਗਦੀ, ਸਾਇਆ ਅਗਾਂਹ ਵੱਧ ਉਸਦੇ ਕੰਨ ਵਿੱਚ ਰੋਣ ਲੱਗ ਜਾਂਦਾ।
ਜਿਸ ਤਰ੍ਹਾਂ ਸਾਏ ਨੇ ਦੱਸਿਆ ਸੀ, ਉਸਨੇ ਵਾਰ ਕਰਨਾ ਸ਼ੁਰੂ ਕਰ ਦਿੱਤਾ। ਇਸਨਸਾਨੀ ਦੇਹ ਦੇ ਪਹਿਲੇ ਤੱਤ ਉੱਤੇ ਅਕਾਸ਼ ਭਾਵ ਆਵਾਜ਼, ਮੋਨਿਕਾ ਦੇ ਕੰਨਾਂ ਤੇ। ਮੋਨਿਕਾ ਇਸ ਤਰ੍ਹਾਂ ਦਾ ਵਿਰਲਾਪ ਸੁਣ ਉੱਠ ਖੜੀ ਹੋਈ ਤੇ ਮਨ ਦਾ ਵਹਿਮ ਸੋਚ ਰੋਟੀ-ਪਾਣੀ ਦੇ ਕੰਮਾਂ ਵਿੱਚ ਜੁੱਟ ਗਈ। ਦੋਵੇਂ ਬੈਠ ਰੋਟੀ ਖਾਣ ਲੱਗੇ ਤਾਂ ਮੈਂ ਧਿਆਨ ਦਿੱਤਾ ਮੋਨਿਕਾ ਰੋਟੀ ਨੂੰ ਇੱਕ ਟੁੱਕ ਵੇਖੀ ਜਾ ਰਹੀ ਸੀ ਪਰ ਖਾ ਨਹੀਂ ਸੀ ਰਹੀ। ਮੈਂ ਉਸਨੂੰ ਧੱਕੇ ਨਾਲ ਮਸਾਂ ਇੱਕ ਰੋਟੀ ਖਵਾਈ ਤੇ ਉਸਨੇ ਉਹ ਵੀ ਉਲਟੀ ਕਰ ਦਿੱਤੀ। ਉਸਨੇ ਉੱਠ ਭਾਂਡਾ-ਟਿੰਡਾਂ ਚੁੱਕਿਆ ਤੇ ਮੈਂ ਬਰਾਂਡੇ ਵਿੱਚ ਬਿਸਤਰੇ ਕਰਨ ਲੱਗ ਗਿਆ। ਉਹ ਕੰਮ ਨਿਬੇੜਨੇ ਤੋਂ ਲੈਕੇ ਬਿਸਤਰੇ ਉੱਤੇ ਪੈਣ ਤੱਕ ਕੋਈ ਮੰਤਰ ਜਿਹਾ ਰਟੀ ਜਾ ਰਹੀ ਸੀ, ਜੋ ਮੈਨੂੰ ਸਾਫ ਸੁਣਾਈ ਨਹੀਂ ਸੀ ਦੇ ਰਿਹਾ। ਉਸਨੂੰ ਸੋਣ ਲਈ ਕਹਿ ਮੈਂ ਮੇਜ਼ ਤੇ ਲੈਮਪ ਰੱਖ ਕੋਲ ਪਈ ਕੁਰਸੀ ਤੇ ਬੈਠ ਗਿਆ। ਬੈਠੇ-ਬੈਠੇ ਪਤਾ ਹੀ ਨਾ ਚੱਲਿਆ ਕਦ ਮੇਰੀ ਅੱਖ ਲੱਗ ਗਈ। ਘਰੇ ਹੋਏ ਕਿਸੇ ਖੜਾਕ ਨਾਲ ਮੇਰੀ ਜਾਗ ਖੁੱਲ ਗਈ ਤੇ ਜਦ ਘੁੰਮਕੇ ਵੇਖਿਆ ਤਾਂ ਮੋਨਿਕਾ ਮੰਜੇ ਤੇ ਨਹੀਂ ਸੀ। ਉਸਦੀ ਚੁੰਨੀ ਚੁਬਾਰੇ ਤੋਂ ਲੰਮਕਦੀ ਵੇਖ ਮੈਂ ਟਾਰਚ ਲੈ ਉੱਪਰ ਨੂੰ ਭੱਜਾ। ਮੋਨਿਕਾ ਦਾ ਮੂੰਹ ਮੇਰੇ ਤੋਂ ਦੂਸਰੇ ਪਾਸੇ ਸੀ ਤੇ ਉਹ ਪੈਰਾਂ ਭਾਰ ਬੈਠੀ ਹੋਈ ਸੀ। ਜਦ ਮੈਂ ਘੁੰਮਕੇ ਉਸਦੇ ਅੱਗੇ ਗਿਆਂ ਤਾਂ ਉਸਦੇ ਹੱਥ ਲਾਲੀ ਨਾਲ ਭਰੇ ਹੋਏ ਸਨ। ਉਹ ਕਿਸੇ ਚੀਜ਼ ਨੂੰ ਫਰੋਲ ਰਹੀ ਸੀ ਤੇ ਅਚਾਨਲ ਰੁੱਕ ਗਈ। ਨਾਲ ਹੀ ਉਸਦਾ ਮਾਸੂਮ ਜਿਹੇ ਮੂੰਹ ਤੇ ਸ਼ੈਤਾਨੀ ਮੁਸਕਾਨ ਆ ਗਈ। ਉਸ ਚੀਜ਼ ਵਿੱਚੋਂ ਹੱਥ ਬਾਹਰ ਕੱਢਦੀ ਹੋਈ ਨੇ ਮੇਰੇ ਵੱਲ ਵਧਾਇਆ। ਉਹ ਇੱਕ ਧੜਕਦਾ ਹੋਇਆ ਨਿੱਕਾ ਜਿਹਾ ਦਿਲ ਸੀ। ਆਹ ਵੇਖ ਮੈਂ ਅੱਖਾਂ ਦੂਜੇ ਪਾਸੇ ਘੁੰਮਾਂ ਲਈਆਂ ਤੇ ਨਾਲ ਹੀ ਕਚਰ-ਕਚਰ ਦੀ ਆਵਾਜ਼ ਸੁਣਾਈ ਦਿੱਤੀ। ਜਦ ਵਾਪਿਸ ਅੱਖਾਂ ਘੁੰਮਾਈਆਂ ਤਾਂ ਵੇਖਿਆ ਧੜਕਦੇ ਦਿਲ ਨੂੰ ਚੱਕ ਵੱਜਿਆ ਹੋਇਆ ਸੀ ਤੇ ਕੁਝ ਪਲਾਂ ਵਿੱਚ ਦਿਲ ਦਾ ਧੜਕਨਾ ਬੰਦ ਹੋ ਗਿਆ। ਮੋਨਿਕਾ ਦਾ ਸਾਰਾ ਮੂੰਹ ਤੇ ਹੱਥ ਖੂਨ ਨਾਲ ਭਰੇ ਹੋਏ ਸਨ। ਇਸ ਤਰ੍ਹਾਂ ਕਰਦੇ ਹੋਏ ਉਹ ਅਜੀਬ ਆਵਾਜ਼ ਵਿੱਚ ਹੱਸ ਰਹੀ ਸੀ ਤਾਂ ਵਿੱਚ ਹੀ ਰੋਣ ਲੱਗ ਗਈ ਜਿਵੇਂ ਉਹ ਹੋਸ਼ ਵਿੱਚ ਆ ਗਈ ਹੋਵੇ। ਮੈਂ ਉਸਨੂੰ ਬਾਹੋਂ ਫੜ ਥੱਲੇ ਲੈ ਆਇਆ ਤੇ ਨਲਕੇ ਕੋਲ ਬਿਠਾ ਇੱਕ ਬਾਲਟੀ ਪਾਣੀ ਦੀ ਉਸ ਉੱਪਰ ਸੁੱਟੀ। ਪਾਣੀ ਨਾਲ ਸਾਰਾ ਖੂਨ ਰੁੜ ਗਿਆ, ਪਰ ਲਾਲਗੀ ਹਾਲੇ ਵੀ ਹੱਥਾਂ ਤੇ ਸੀ। ਉਸਦੇ ਕੱਪੜੇ ਬਦਲਾ ਬਿਸਤਰੇ ਤੇ ਲੰਮੇ ਪਾਇਆ ਅਤੇ ਖੁਦ ਉੱਪਰ ਚਲਾ ਗਿਆ।
ਜਦ ਧਿਆਨ ਨਾਲ ਰੋਸ਼ਨੀ ਮਾਰ ਇੱਕ ਡੰਡੇ ਨਾਲ ਹਿਲਾਕੇ ਵੇਖਿਆ ਤਾਂ ਉਹ ਚੀਜ਼ ਇੱਕ ਬਿੱਲੀ ਸੀ। ਉਸਨੂੰ ਚੁੱਕ ਇੱਕ ਲਿਫਾਫੇ ਵਿੱਚ ਪਾਕੇ ਕੂੜੇ ਕੋਲ ਰੱਖ ਦਿੱਤਾ ਤੇ ਸੋਚਿਆ ਸਵੇਰੇ ਖੇਤਾਂ ਵੱਲ ਸੁੱਟ ਆਵਾਂਗਾ। ਹਾਲੇ ਖੂਨ ਨੂੰ ਲੁਕਾਉਣ ਲਈ ਮੈਂ ਕੁਝ ਸੋਚਦਾ ਇਸ ਤੋਂ ਪਹਿਲਾਂ ਥੱਲਿਓ ਇੱਕ ਤਿੱਖੀ ਜਿਹੀ ਆਵਾਜ਼ ਆ ਰਹੀ ਸੀ ਜੋ ਪਲਾਂ ਹੋਰ ਤੇਜ਼ ਹੋ ਗਈ। ਇਹ ਆਵਾਜ਼ ਮੋਨਿਕਾ ਦੇ ਨਹੁੰਆਂ ਦੀ ਸੀ, ਜਿਹਨਾਂ ਨੂੰ ਉਹ ਕੰਧ ਨਾਲ ਘੜੀਸ ਰਹੀ ਸੀ। ਏਨੀ ਗੰਦੀ ਆਵਾਜ਼ ਕਿ ਬਸ ਕੰਨ ਫੱਟ ਜਾਣਗੇ। ਮੈਂ ਜ਼ਬਰਦਸਤੀ ਫੜ ਉਸਨੂੰ ਮੰਜੇ ਤੇ ਪਾਇਆ। ਮੈਂ ਉਹ ਸਭ ਸੁਣ ਪਾ ਰਿਹਾ ਸੀ ਜੋ ਕਿ ਮੋਨਿਕਾ ਸੁਣ ਰਹੀ ਸੀ। ਪਰ ਏਨਾ ਸੀ ਕਿ ਉਹਨਾਂ ਚੀਜ਼ਾਂ ਦਾ ਉਸ ਤੇ ਗਹਿਰਾ ਪ੍ਰਭਾਵ ਪੈ ਰਿਹਾ ਸੀ ਤੇ ਮੈਨੂੰ ਕੁਝ ਮਹਿਸੂਸ ਨਹੀਂ ਸੀ ਹੋ ਰਿਹਾ।
ਮੋਨਿਕਾ ਦੇ ਕੰਨਾਂ ਵਿੱਚ ਪੈ ਰਹੀਆਂ ਆਵਾਜ਼ਾਂ ਨੂੰ ਕਿਵੇਂ ਬਿਆਨ ਕਰਾਂ ਸਮਝ ਨਹੀਂ ਆ ਰਿਹਾ। ਜਿਵੇਂ ਕਿਸੇ ਮਰੇ ਦਾ ਵਿਰਲਾਪ ਹੋਵੇ, ਕੁਝ ਆਵਾਜ਼ਾ ਸੀ ਜੋ ਉਸਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੀਆਂ ਹੋਣ, ਵਿੱਚ ਹੀ ਡਰਾਵਣਾ ਹਾਸਾ ਸ਼ੁਰੂ ਹੋ ਜਾਂਦਾ ਤੇ ਕਦੇ ਬੱਚੇ ਦੀ ਕਿਲਕਾਰੀ ਭਿਆਨਕ ਰੋਣੇ ਵਿੱਚ ਤਬਦੀਲ ਹੋ ਜਾਂਦੀ। ਸ਼ਾਇਦ ਉਸ ਲਈ ਸਭ ਤੋਂ ਡਰਾਉਣਾ ਬੱਚੇ ਦਾ ਰੋਣਾ ਹੋਵੇਗਾ ਕਿਉਂਕਿ ਉਸਦਾ ਪਹਿਲਾ ਬੱਚਾ ਕੁੱਖ ਵਿੱਚ ਹੀ ਦਮ ਤੋੜ ਗਿਆ ਸੀ।
ਮੋਨਿਕਾ ਦੀ ਸਾਰੀ ਤਕਲੀਫ਼, ਬੇਚੈਨੀ ਬਾਣੀ ਦੇ ਕੁਝ ਸ਼ਬਦ ਕੰਨਾਂ ਵਿੱਚ ਪੈਂਦੇ ਸਾਰ ਹੀ ਮੁੱਕ ਗਈ। ਸਵੇਰ ਹੋ ਚੁੱਕੀ ਸੀ ਤੇ ਗੁਰਦੁਆਰਿਆਂ ਵਿੱਚ ਬਾਣੀ ਪੜੀ ਜਾ ਰਹੀ ਸੀ। ਜਿਸਨੂੰ ਸੁਣ ਮੋਨਿਕਾ ਨੂੰ ਥੋੜਾ ਚੈਨ ਆਇਆ ਤੇ ਉਹ ਸੌਂ ਗਈ। ਸਾਇਆ ਵੀ ਜਾ ਚੁੱਕਿਆ ਸੀ, ਮੈਂ ਵੀ ਕਲਮ ਚੁੱਕੀ ਤੇ ਸਭ ਕੁਝ ਲਿਖ ਦਿੱਤਾ। ਕਲਮ ਨੇ ਕੁਝ ਤੁਕਾਂ ਇੰਝ ਜੋੜੀਆਂ..
ਜਦ ਲਾ ਕੇ ਬੈਠਾ ਧਿਆਨ,
ਸੁਰਤ ਨੂੰ ਕਰ ਲਿਆ ਵਿਚਕਾਰ,
ਆਕਾਸ਼ ਆਵਾਜ਼ਾਂ ਸੁਣਾਉਣ ਲੱਗ ਪਿਆ,
ਚੀਕਾਂ, ਡਰਾਵੇ ਤੇ ਕਿਲਕਾਰੀਆਂ ਬੇਸ਼ੁਮਾਰ,
ਸੁਣਦਾ ਨਾ ਹੋਰ ਕੁਝ ਵੀ,
ਐਸਾ ਹੋਜੇ ਕੰਨਾਂ ਤੇ ਵੱਸ,
ਉਹ ਕਹੇ ਤਾਂ ਰੋਵਣ ਲੱਗਜਾਂ,
ਉਹ ਕਹੇ ਤਾਂ ਲਵਾ ਹੱਸ,
ਬਾਣੀ ਸੁਣੇ ਕੁਝ ਕੁ ਅਸਰ ਹੋਵੇ,
ਐਸਾ ਸ਼ਬਦ ਮੰਤਰ੍ਹਾਂ ਨਾਲ ਲੜਦੇ ਆਂ,
ਰੱਬ ਤਾਂ ਪਹੁੰਚ ਦੂਰ ਦੀ ਲੱਗਦਾ,
ਚੱਲ ਸ਼ੈਤਾਨ ਹੀ ਹਾਸਿਲ ਕਰਦੇ ਆਂ..
ਦੂਜਾ ਦਿਨ
ਰਾਤ ਦੀ ਥਕਾਵਟ ਤੋਂ ਬਾਅਦ ਮੋਨਿਕਾ ਦੀ ਅੱਖ ਦੇਰ ਨਾਲ ਖੁੱਲ੍ਹੀ। ਜਦ ਉਹ ਉੱਠੀ ਤਾਂ ਪਸੀਨੋ-ਪਸੀਨੀ ਹੋਈ ਪਈ ਸੀ। ਉਹ ਹੈਰਾਨ-ਪਰੇਸ਼ਾਨ ਬੈਠੀ ਮੇਰੀ ਉਡੀਕ ਕਰ ਰਹੀ ਸੀ। ਮੈਂ ਜਿੱਦਾਂ ਹੀ ਘਰ ਵੜਿਆਂ ਤਾਂ ਉਸਨੇ ਘੁੱਟਕੇ ਮੇਰੇ ਗਲੇ ਨੂੰ ਲੱਗ ਜੱਫੀ ਪਾ ਲਈ ਤੇ ਰੋਣ ਲੱਗੀ। ਉਸਦਾ ਕਹਿਣਾ ਸੀ ਕਿ ਉਸ ਨਾਲ ਅਜੀਬ ਘਟਨਾਵਾਂ ਹੋ ਰਹੀਆਂ ਨੇ ਪਰ ਮੈਂ ਉਸਨੂੰ ਵਹਿਮ ਦਾ ਨਾਮ ਦੇ ਕੇ ਟਾਲ ਦਿੱਤਾ ਤੇ ਉਹ ਵੀ ਮਨ ਦਾ ਭਰਮ ਸਮਝ ਚੁੱਪ ਹੋ ਗਈ। ਉਸਦਾ ਸਰੀਰ ਤਪ ਰਿਹਾ ਸੀ, ਮਸਾਂ ਕੰਮ ਨਿਬੇੜ ਉਸਨੇ ਬਰਾਂਡੇ ਵਿੱਚ ਮੰਜਾ ਡਾਹਿਆ। ਬੁਖਾਰ ਨਾਲ ਉਸਦਾ ਬੁਰਾ ਹਾਲ ਸੀ, ਜਦ ਉਹ ਗੋਲੀ ਖਾ ਕੇ ਲੰਮੀ ਪਈ ਤਾਂ ਉਸਨੂੰ ਇੰਝ ਜਾਪਿਆ ਜਿਵੇਂ ਉਸਦੇ ਸਿਰ ਅੰਦਰ ਕੁਝ ਰੇਂਗ ਰਿਹਾ ਹੋਵੇ। ਉਹ ਕਾਹਲੀ ਨਾਲ ਉੱਠ ਆਪਣਾ ਸਿਰ ਝਾੜਣ ਲੱਗੀ। ਇੱਥੋਂ ਤੱਕ ਕਿ ਉਸਨੂੰ ਚੈਨ ਨਾ ਮਿਲਣ ਤੇ ਆਪਣਾ ਸਿਰ ਖਰੋਚਣਾ ਸ਼ੁਰੂ ਕਰ ਦਿੱਤਾ। ਸਿਰ ਤੋਂ ਕੁਝ ਵਾਲ ਟੁੱਟ ਉਸਦੀਆਂ ਉਂਗਲੀਆਂ ਵਿੱਚ ਆ ਗਏ। ਮੋਨਿਕਾ ਦੋੜਦੀ ਹੋਈ ਪਾਣੀ ਦੇ ਟੱਬ ਵੱਲ ਗਈ ਤੇ ਉਸਨੇ ਆਪਣਾ ਸਿਰ ਪਾਣੀ ਵਿੱਚ ਡੋਬ ਦਿੱਤਾ। ਮੈਂ ਕੁਝ ਪਲ ਦੇਖਿਆ ਕਿ ਉਸਨੇ ਹਾਲੇ ਤੱਕ ਸਿਰ ਬਾਹਰ ਨਹੀਂ ਸੀ ਕੱਢਿਆ ਤਾਂ ਮੈਂ ਉਸਨੂੰ ਮੋਢੇ ਤੋਂ ਫੜ ਪਿੱਛੇ ਨੂੰ ਖਿੱਚਿਆ। ਪਾਣੀ ਵਿੱਚੋਂ ਨਿਕਲਦੇ ਹੀ ਮੋਨਿਕਾ ਜ਼ੋਰ-ਜ਼ੋਰ ਨਾਲ ਸਾਹ ਲੈਣ ਲੱਗੀ। ਮੈਂ ਉਸਨੂੰ ਫੜ ਗਲ ਨਾਲ ਲਗਾ ਲਿਆ, ਚਾਹੇ ਮੈਂ ਕੁਝ ਮਹਿਸੂਸ ਨਹੀਂ ਸੀ ਕਰ ਸਕਦਾ ਪਰ ਉਸਨੂੰ ਤਕਲੀਫ਼ ਵਿੱਚ ਵੀ ਦੇਖ ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ। ਮੈਂ ਸ਼ਾਮ ਤੱਕ ਉਸਦੇ ਕੋਲ ਹੀ ਬੈਠਾ ਰਿਹਾ ਤੇ ਫਿਰ ਮੋਨਿਕਾ ਨੂੰ ਮੰਜੇ ਤੇ ਬਿਠਾ ਮੈਂ ਮੇਜ਼ ਉੱਤੇ ਪਏ ਕਾਗਜ਼ਾ ਨਾਲ ਜੁੜ ਗਿਆ।
ਉਸਦਾ ਦੂਸਰਾ ਵਾਰ ਸੀ ਦੇਹ ਦੇ ਦੂਜੇ ਤੱਤ ਹਵਾ ਉੱਤੇ, ਭਾਵ ਅਹਿਸਾਸ। ਸਾਏ ਦੇ ਮੁਤਾਬਿਕ ਇਸ ਹਮਲੇ ਵਿੱਚ ਉਹ ਆਪਣੇ ਹੋਣ ਦਾ ਅਹਿਸਾਸ, ਆਪਣੀ ਮੌਜੂਦਗੀ ਦਾ ਅਨੁਭਵ ਕਰਵਾਏਗਾ। ਰਾਤ ਹੋ ਚੁੱਕੀ ਸੀ ਤੇ ਮੋਨਿਕਾ ਨੂੰ ਜਿਸ ਤਰ੍ਹਾਂ ਮੈਂ ਮੰਜੇ ਤੇ ਬਿਠਾਇਆ ਸੀ, ਉਹ ਓਸੇ ਤਰ੍ਹਾਂ ਬੈਠੀ ਹੋਈ ਸੀ। ਉਸਨੇ ਘੁੱਟਕੇ ਮੁੱਠੀਆਂ ਮੀਚੀਆਂ ਹੋਈਆਂ ਤੇ ਪੈਰ ਇੱਕ ਦੂਜੇ ਉੱਪਰ ਚੜਾਏ ਹੋਏ ਸੀ। ਏਨੀ ਗਰਮੀ ਵਿੱਚ ਉਸਦੇ ਦੰਦ ਇਉਂ ਵੱਜ ਰਹੇ ਸੀ ਜਿਵੇਂ ਕੜਾਕੇ ਦੀ ਠੰਢ ਪੈ ਰਹੀ ਹੋਵੇ। ਦੇਖਦੇ ਹੀ ਦੇਖਦੇ ਅੱਖਾਂ ਦੇ ਘੇਰੇ ਕਾਲੇ ਹੋ ਗਏ ਤੇ ਬੁੱਲ ਇੰਝ ਖੁਸ਼ਕ ਹੋ ਗਏ ਜਿੱਦਾਂ ਰੇਗਿਸਤਾਨ ਵਿੱਚ ਭਟਕ ਰਹੇ ਕਿਸੇ ਪਿਆਸੇ ਯਾਤਰੀ ਦੇ। ਇਸ ਹਾਲਤ ਨੂੰ ਦੇਖਦੇ ਹੋਏ ਮੈਂ ਉਸਨੂੰ ਅੰਦਰਲੇ ਕਮਰੇ ਵਿੱਚ ਲੈ ਗਿਆ। ਉਹ ਕਦੇ ਸਿਰ ਖਰੋਚਣ ਲੱਗਦੀ ਤੇ ਕਦੇ ਨਹੁੰਆਂ ਨੂੰ ਕੰਧ ਤੇ ਘਿਸਣ ਲੱਗਦੀ। ਸਾਇਆ ਉਸਦੇ ਮੋਢਿਆਂ ਕੋਲ ਘੁੰਮ ਰਿਹਾ ਸੀ ਤੇ ਜਿੱਦਾਂ ਕੁਝ ਕਹਿਣ ਲਈ ਉਸਦੇ ਕੰਨ ਕੋਲ ਹੋਇਆ ਤਾਂ ਉਸਦੀ ਮੌਜੂਦਗੀ ਨੇ ਮੋਨਿਕਾ ਦੇ ਲੂਈ ਕੰਡੇ ਖੜੇ ਕਰ ਦਿੱਤੇ। ਸਾਇਆ ਉਸਦੇ ਸਿਰ ਤੇ ਘੁੰਮਣ ਲੱਗਾ ਜਿਸ ਨਾਲ ਉਸਦਾ ਪੂਰਾ ਸਰੀਰ ਆਕੜ ਗਿਆ ਤੇ ਮੂੰਹ ਉਤਾਂਹ ਵੱਲ ਹੋ ਗਿਆ। ਇੰਝ ਲੱਗ ਰਿਹਾ ਸੀ ਕਿ ਸਾਇਆ ਉਸਦੇ ਅੰਦਰੋਂ ਕੁਝ ਖਿੱਚ ਰਿਹਾ ਹੋਵੇ ਤੇ ਜ਼ੋਰ ਦੀ ਖਿੱਚ ਨਾਲ ਮੋਨਿਕਾ ਦਾ ਸਾਰਾ ਸਰੀਰ ਉੱਠ ਗਿਆ। ਕੇਵਲ ਪੈਰਾਂ ਦੇ ਅੰਗੂਠੇ ਹੀ ਜ਼ਮੀਨ ਨਾਲ ਥੋੜੇ ਕੁ ਜੁੜੇ ਹੋਏ ਸੀ। ਅੱਜ ਵੀ ਥੋੜ੍ਹਾ ਕੁ ਦਰਵਾਜ਼ਾ ਖੁੱਲ੍ਹਾ ਹੋਣ ਕਰਕੇ ਗੁਰਬਾਣੀ ਦੀ ਆਵਾਜ਼ ਬਹੁਤ ਮੱਧਮ ਜਿਹੀ ਅੰਦਰ ਪਹੁੰਚੀ ਤੇ ਨਾਲ ਹੀ ਸਾਏ ਨੇ ਮੋਨਿਕਾ ਨੂੰ ਛੱਡਿਆ ਤੇ ਅਸਤ ਹੋ ਗਿਆ। ਮੋਨਿਕਾ ਥੱਲੇ ਡਿੱਗ ਗਈ ਤੇ ਜਦ ਉਸਨੂੰ...

ਚੁੱਕਣ ਲਈ ਮੈਂ ਹੱਥ ਲਗਾਇਆ ਤਾਂ ਉਹ ਤਪ ਰਹੀ ਸੀ। ਪਰ ਉਸਦੇ ਦੰਦ ਵੱਜਣੋਂ ਨਹੀਂ ਸੀ ਬੰਦ ਹੋ ਰਹੇ।
ਉਸ ਵਿੱਚ ਜਾਨ ਨਾਂਹ ਬਰਾਬਰ ਹੀ ਰਹਿ ਗਈ ਜਾਪਦੀ ਸੀ ਤੇ ਮਰੀ ਜਿਹੀ ਆਵਾਜ਼ ਵਿੱਚ ਕੁਝ ਬੋਲ ਰਹੀ ਸੀ। ਜਦ ਉਸਦੇ ਮੂੰਹ ਕੋਲ ਕੰਨ ਕੀਤਾ ਤੇ ਉਹ ਵਾਰ-ਵਾਰ ਮੇਰਾ ਨਾਮ ਪੁਕਾਰਦੀ ਹੋਈ ਸੌਂ ਗਈ। ਮੈਂ ਉਸਨੂੰ ਅੰਦਰ ਹੀ ਛੱਡ ਬਾਹਰ ਆ ਗਿਆ। ਘਰੇ ਜੋ ਕੁਝ ਵੀ ਸੀ ਥੋੜ੍ਹਾ-ਬਹੁਤ ਖਾਧਾ ਤੇ ਆਪਣੀ ਭੁੱਖ ਮਿਟਾ ਫਿਰ ਕਲਮ ਚੁੱਕ ਲਈ। ਸਮਝ ਨਹੀਂ ਸੀ ਆ ਰਿਹਾ ਕਿ ਸਾਇਆ ਮੋਨਿਕਾ ਨੂੰ ਬਦਲ ਰਿਹਾ ਸੀ ਜਾਂ ਮੈਨੂੰ। ਕਿਉਂਕਿ ਹਰ ਰੋਜ਼ ਇੱਕ ਨਵੇਂ ਤਰੀਕੇ ਨਾਲ ਉਸਨੂੰ ਦਰਦ ਵਿੱਚ ਦੇਖਣਾ ਇੱਕ ਅਲਗ ਜਿਹੀ ਖੁਸ਼ੀ ਦੇਣ ਲੱਗਾ ਪਿਆ ਸੀ ਮੈਨੂੰ। ਜਿਵੇਂ ਮੈਂ ਉਸਨੂੰ ਹੋਰ ਵੀ ਤਕਲੀਫ਼ ਵਿੱਚ ਦੇਖਣਾ ਚਾਹੁੰਦਾ ਹਾਂ। ਕੀ ਮੈਂ ਸ਼ੈਤਾਨ ਦਾ ਰੂਪ ਲੈ ਰਿਹਾ ਹਾਂ! ਕਲਮ ਉੱਠੀ ਤੇ ਆਪਣੀ ਰਫਤਾਰ ਵਿੱਚ ਲਿਖਣ ਲੱਗੀ..
ਠੰਡੀ ਤੱਤੀ ਜੋ ਹਵਾ ਚੱਲੇ,
ਨੇੜੇ ਹੋਣ ਦਾ ਕਰਾਵੇ ਅਹਿਸਾਸ,
ਛੂ ਲੈਂਦਾ ਤਨ ਨੂੰ ਆ ਕੇ,
ਫਿਰ ਬੁੱਲੀਆਂ ਨੂੰ ਲੱਗਦੀ ਪਿਆਸ,
ਗਰਮ ਸਰੀਰ ਠੰਡਾ ਹੋ ਜਾਵੇ,
ਰੋਮ-ਰੋਮ ਵੀ ਜਾਂਦਾ ਖਲੋ,
ਪੈਣ ਭੁਲੇਖੇ ਉੱਡ ਜਾਵਣ ਦੇ,
ਜੇਠ ਮਹੀਨਾ ਬਣ ਜੇ ਪੋਹ,
ਚਾਰ-ਚੁਫੇਰੇ ਉਹ ਐਸਾ ਘੁੰਮਦਾ,
ਅਸੀਂ ਮਘਦੇ-ਮਘਦੇ ਵੀ ਠਰਦੇ ਆਂ,
ਰੱਬ ਤਾਂ ਪਹੁੰਚ ਦੂਰ ਦੀ ਲੱਗਦਾ,
ਚੱਲ ਸ਼ੈਤਾਨ ਹੀ ਹਾਸਿਲ ਕਰਦੇ ਆਂ..
ਤੀਜਾ ਦਿਨ
ਮੈਂ ਮੇਜ਼ ਤੇ ਸਿਰ ਸੁੱਟ ਸੁੱਤਾ ਪਿਆ ਸੀ ਜਦ ਮੈਨੂੰ ਭਾਂਡਿਆਂ ਦੀ ਆਵਾਜ਼ ਸੁਣੀ। ਮੋਨਿਕਾ ਨੂੰ ਭਾਂਡੇ ਧੋਂਦੇ ਵੇਖਿਆ ਤੇ ਆਸੇ-ਪਾਸੇ ਸਭ ਸਾਫ਼ ਲੱਗਾ। ਉਸਨੇ ਕਾਫੀ ਦੇਰ ਪਹਿਲਾਂ ਹੀ ਉੱਠ ਸਾਰਾ ਕੰਮ ਨਿਬੇੜ ਲਿਆ ਸੀ। ਮੈਂ ਮੂੰਹ ਹੱਥ ਧੋਣ ਨਲਕੇ ਵੱਲ ਗਿਆ ਤਾਂ ਬੜੀ ਗੌਰ ਨਾਲ ਉਸ ਵੱਲ ਵੇਖ ਰਿਹਾ ਸੀ। ਉਸਦੀ ਹਾਲਤ ਬਹਿਤਰ ਜਾਪਦੀ ਸੀ। ਪਰ ਉਸਦੀਆਂ ਅੱਖਾਂ ਥੱਲੇ ਪਏ ਕਾਲੇ ਘੇਰੇ ਡਰਾਉਣੇ ਲੱਗ ਰਹੇ ਸਨ ਤੇ ਉਸਦੀ ਮੁਸਕਾਨ ਥੋੜੀ ਨਕਲੀ ਜਿਹੀ। ਜਦ ਉਸਦੀਆਂ ਅੱਖਾਂ ਵਿੱਚ ਦੇਖਿਆ ਤਾਂ ਜਮਾਂ ਹੀ ਖੋਖਲਾਪਨ ਸੀ ਉਹਨਾਂ ਵਿੱਚ। ਲੱਗ ਰਿਹਾ ਸੀ ਕੋਈ ਚੱਲਦਾ-ਫਿਰਦਾ ਪੁਤਲਾ ਬਣ ਗਈ ਹੋਵੇ। ਮੈਂ ਉਸਤੋਂ ਧਿਆਨ ਹਟਾ ਆਪਣੇ ਜਰੂਰੀ ਕੰਮ ਨਿਬੇੜ ਵਾਪਿਸ ਮੇਜ ਕੋਲ ਪਈ ਕੁਰਸੀ ਨਾਲ ਜੁੜ ਗਿਆ।
ਅੱਜ ਦਾ ਵਾਰ ਤੀਸਰਾ ਤੱਤ ਤੇ ਹੋਣਾ ਸੀ ਜੋ ਕਿ ਅੱਗ ਸੀ ਭਾਵ ਅੱਖਾਂ ਜਾਂ ਨਜ਼ਰ। ਮੈਂ ਸਾਰਾ ਦਿਨ ਉਸਤੇ ਨਜ਼ਰ ਟਿਕਾਈ ਰੱਖੀ ਪਰ ਨਾ ਕੋਈ ਬਦਲਾਵ ਦਿਖ ਰਿਹਾ ਸੀ ਨਾ ਹੀ ਕੋਈ ਸਾਇਆ। ਮੋਨਿਕਾ ਅੱਜ ਥੋੜ੍ਹੀ ਹੋਸ਼ ਵਿੱਚ ਸੀ ਤੇ ਸ਼ਾਇਦ ਕੁਝ ਆਪਣੇ ਹੀ ਸੁਪਨੇ ਸੰਜੋ ਰਹੀ ਸੀ। ਬੀਤੇ ਹੋਏ ਦੋ ਦਿਨ ਉਸਦੇ ਜ਼ਹਿਨ ‘ਚੋਂ ਮਿੱਟ ਚੁੱਕੇ ਲੱਗਦੇ ਸਨ। ਉਹ ਰਾਤ ਦੀ ਰੋਟੀ-ਪਾਣੀ ਦਾ ਕੰਮ ਨਿਬੇੜ ਨਹਾਉਣ ਚਲੀ ਗਈ। ਆਪਣੇ ਮੂੰਹ ਤੇ ਪਾਣੀ ਪਾਉਂਦਿਆਂ ਉਸਨੂੰ ਇੱਕ ਧੁੰਦਲੀ ਜਿਹੀ ਪਰਛਾਈ ਦਿਖੀ, ਜਿਸਨੂੰ ਵੇਖ ਉਹ ਡਰ ਗਈ। ਉਸਨੇ ਮੂੰਹ ਕਾਹਲੀ ਵਿੱਚ ਚੰਗੀ ਤਰ੍ਹਾਂ ਧੋ ਕੇ ਵੇਖਿਆ ਤਾਂ ਬਾਹਰੋਂ ਆ ਰਹੀ ਰੋਸ਼ਨੀ ਕਾਰਨ ਪਰਛਾਵਾਂ ਬਣਿਆ ਹੋਇਆ ਸੀ। ਨਹਾ ਕੇ ਆਪਣੇ ਕੱਪੜੇ ਪਾਏ ਤੇ ਕਮਰੇ ਵੱਲ ਚੱਲ ਪਈ। ਉਸਨੇ ਅੱਖਾਂ ਆਸੇ-ਪਾਸੇ ਕਰਦਿਆਂ ਝਾਤ ਮਾਰੀ ਤੇ ਕੋਈ ਨਹੀਂ ਸੀ। ਪਰ ਇਸ ਤਰ੍ਹਾਂ ਮਹਿਸੂਸ ਕਰ ਰਹੀ ਸੀ ਕਿ ਕੋਈ ਨਾਲ ਤੁਰਿਆ ਆ ਰਿਹਾ ਹੋਵੇ। ਉਹ ਸ਼ੀਸ਼ੇ ਮੂਹਰੇ ਬੈਠ ਗਈ ਤੇ ਅੱਖਾਂ ਥੱਲੇ ਪਏ ਘੇਰਿਆਂ ਵੱਲ ਵੇਖਣ ਲੱਗੀ ਤਾਂ ਉਸਦੇ ਹੱਥੋਂ ਚੂੜੀਆਂ ਥੱਲੇ ਡਿੱਗ ਗਈਆਂ। ਜਿਸ ਨਾਲ ਉਸਦਾ ਧਿਆਨ ਟੁੱਟਿਆ। ਜਦ ਉਹ ਚੂੜੀਆਂ ਚੁੱਕਣ ਥੱਲੇ ਝੁਕੀ ਉਸਨੂੰ ਲੱਗਾ ਜਿਵੇਂ ਸ਼ੀਸ਼ੇ ਵਿੱਚ ਪਰਛਾਈ ਰੁੱਕ ਗਈ ਹੋਵੇ। ਉਹ ਕਾਹਲੀ ਨਾਲ ਵਾਪਿਸ ਉੱਠੀ ਤਾਂ ਸਭ ਸਹੀ ਲੱਗਾ।
ਪਤਾ ਨਹੀਂ ਉਸਦੇ ਦਿਮਾਗ ਵਿੱਚ ਕੀ ਆਇਆ ਉਹ ਬੈਠਿਆਂ-ਬੈਠਿਆਂ ਸੱਜੇ ਪਾਸੇ ਵੱਲ ਝੁਕੀ ਤਾਂ ਸ਼ੀਸ਼ੇ ਵਿੱਚ ਠੀਕ ਆਪਣੇ ਪਿੱਛੇ ਚਮਕਦੀਆਂ ਅੱਖਾਂ ਵੇਖੀਆਂ। ਸ਼ੀਸ਼ੇ ਵਿੱਚ ਇੰਝ ਲੱਗ ਰਿਹਾ ਕਿ ਉਹ ਸਾਏ ਦੀ ਗੋਦ ਵਿੱਚ ਬੈਠੀ ਹੋਵੇ। ਸਾਏ ਦਾ ਕਾਲਾਪਨ ਉਸਨੂੰ ਆਪਣੇ ਅੰਦਰ ਲੈ ਰਿਹਾ ਸੀ। ਦੇਖਦੇ-ਦੇਖਦੇ ਸਾਏ ਨੇ ਪੈਰਾਂ ਤੋਂ ਸਿਰ ਤੱਕ ਉਸਨੂੰ ਆਪਣੇ ਕਾਲੇਪਨ ਵਿੱਚ ਲਪੇਟ ਲਿਆ, ਬਸ ਅੱਖਾਂ ਨੂੰ ਛੱਡ। ਜਿਸ ਨਾਲ ਮੋਨਿਕਾ ਇਹ ਸਭ ਨਜ਼ਾਰਾ ਵੇਖ ਰਹੀ ਸੀ। ਅੰਤ ਉਸਦੀਆਂ ਅੱਖਾਂ ਵਿੱਚ ਵੀ ਕਾਲੀਆਂ ਤਾਰਾਂ ਫੈਲਣ ਲੱਗੀਆਂ ਤੇ ਪੁਤਲੀਆਂ ਗੂੜੇ ਕਾਲੇ ਰੰਗ ਵਿੱਚ ਬਦਲ ਗਈਆਂ। ਜੇਕਰ ਕੋਈ ਅਛਾਈ ਉਸ ਵਿੱਚ ਬਚੀ ਸੀ ਤਾਂ ਉਹ ਵੀ ਮੁੱਕ ਗਈ ਸੀ। ਸਾਰੀ ਰਾਤ ਗੁਜ਼ਰ ਚੁੱਕੀ ਸੀ ਤੇ ਉਹ ਸਾਏ ਦੇ ਜਾਣ ਦਾ ਸਮਾਂ ਸੀ। ਬਸ ਕੁਝ ਕੁ ਪਲਾਂ ਵਿੱਚ ਗੁਰਬਾਣੀ ਪੜ੍ਹਨੀ ਸ਼ੁਰੂ ਹੋਣ ਵਾਲੀ ਸੀ, ਮੈਂ ਦਰਵਾਜ਼ੇ ਕੋਲ ਖੜਾ ਸੀ, ਘੜੀ ਦੇਖ ਜਦ ਮੂੰਹ ਉਤਾਂਹ ਚੁੱਕਿਆ ਤਾਂ ਸਾਇਆ ਮੇਰੀ ਨੱਕ ਦੀ ਦੂਰੀ ਤੇ ਸੀ। ਇਸ ਤਰ੍ਹਾਂ ਅਚਾਨਕ ਉਸਨੂੰ ਏਨਾ ਨਜ਼ਦੀਕ ਵੇਖ ਮੈਂ ਡਰਕੇ ਪਿੱਛੇ ਹੁੰਦਾ ਹੋਇਆ ਦਰਵਾਜ਼ੇ ਤੋਂ ਬਾਹਰ ਡਿੱਗ ਪਿਆ। ਦਹਿਲੀਜ਼ ਤੋਂ ਬਾਹਰ ਹੁੰਦੇ ਹੀ ਦਰਵਾਜ਼ਾ ਆਪਣੇ-ਆਪ ਬੰਦ ਹੋ ਗਿਆ ਤੇ ਸ਼ਾਇਦ ਬੰਦ ਦਰਵਾਜ਼ੇ ਕਾਰਨ ਅੰਦਰ ਬਾਣੀ ਦੀ ਆਵਾਜ਼ ਵੀ ਨਹੀਂ ਸੀ ਪਹੁੰਚ ਰਹੀ। ਮੈਂ ਉੱਠਿਆ ਤੇ ਆਕੇ ਲਿਖਣ ਲਈ ਬੈਠ ਗਿਆ। ਪਰ ਦਰਦ ਵਿੱਚ ਟੁੱਟ ਰਹੇ ਮੋਨਿਕਾ ਦੇ ਤਨ-ਮਨ ਨੇ ਮੈਨੂੰ ਝਿੰਜੋੜ ਕੇ ਰੱਖ ਦਿੱਤਾ। ਇਸ ਵਾਰ ਮੇਰੀ ਕਲਮ ਕੁਝ ਇਸ ਤਰ੍ਹਾਂ ਬੋਲੀ..
ਜਵਾਲਾ ਭੜਕ ਅੱਖੀਆਂ ਵਿੱਚ ਆਜੇ,
ਦਿਖਣ ਲੱਗਦਾ ਆਪ ਮੁਹਾਰੇ ਹੈ,
ਕਦੇ ਸਿਰ ਹੈਨੀ, ਪੈਰ ਹੈਨੀ,
ਰੂਪ ਬਦਲ-ਬਦਲ ਪੁਕਾਰੇ ਹੈ,
ਨਿਚੋੜੇ ਰੂਹ ਨੂੰ ਲਵੇ ਪ੍ਰਿਖਿਆ,
ਕੁਝ ਹੋਰ ਨਾ ਨਜ਼ਰੀ ਆਵੇ,
ਐਸੀ ਛਾਪ ਅੱਖੀਆਂ ਤੇ ਲਾਵੇ,
ਰੱਬ ਪਾਸੇ ਧਿਆਨ ਨਾ ਜਾਵੇ,
ਚਾਹਤ ਹੋਵੇ ਭਾਵੇਂ ਉਸਨੂੰ ਪਾਉਣ ਦੀ,
ਤਨ-ਮਨ ਤੋਂ ਅਸੀਂ ਡਰਦੇ ਆਂ,
ਰੱਬ ਤਾਂ ਪਹੁੰਚ ਦੂਰ ਦੀ ਲੱਗਦਾ,
ਚੱਲ ਸ਼ੈਤਾਨ ਹੀ ਹਾਸਿਲ ਕਰਦੇ ਆਂ..
ਚੌਥਾ ਦਿਨ
ਮੈਂ ਕਮਰੇ ਦੇ ਦਰਵਾਜ਼ੇ ਕੋਲ ਹੀ ਬੈਠਾ ਸੀ, ਦਰਵਾਜ਼ੇ ਨੂੰ ਬੰਦ ਹੋਏ ਨੂੰ ਕਾਫੀ ਘੰਟੇ ਬੀਤ ਚੁੱਕੇ ਸਨ ਤੇ ਮੇਰੇ ਵਿੱਚ ਦਰਵਾਜ਼ੇ ਨੂੰ ਖੜਕਾਉਣ ਤੱਕ ਦੀ ਹਿੰਮਤ ਨਹੀਂ ਸੀ। ਸਾਰਾ ਦਿਨ ਇਸ ਹੀ ਉਡੀਕ ਵਿੱਚ ਨਿਕਲ ਗਿਆ ਕਿ ਹੁਣ ਦਰਵਾਜ਼ਾ ਖੁੱਲੇਗਾ ਤੇ ਹੁਣ ਖੁੱਲੇਗਾ। ਮੈਂ ਕੰਨ ਲਾ ਕੇ ਸੁਣਨ ਦੀ ਵੀ ਕੋਸ਼ਿਸ਼ ਕਰੀ ਪਰ ਅੰਦਰੋਂ ਸੂਈ ਤੱਕ ਡਿੱਗਣ ਦੀ ਆਵਾਜ਼ ਨਹੀਂ ਸੀ ਆ ਰਹੀ। ਮੈਂ ਜਾਣਨ ਨੂੰ ਬੇਚੈਣ ਸੀ ਕਿ ਆਖਿਰ ਅੰਦਰ ਚੱਲ ਕੀ ਰਿਹਾ ਏ?
ਅੱਜ ਦਾ ਹਮਲਾ ਚੌਥੇ ਤੱਤ, ਪਾਣੀ ਤੇ ਹੋਣ ਵਾਲਾ ਸੀ ਜਿਸ ਦਾ ਅਰਥ ਹੈ ਰੱਸ ਜੋ ਕਿ ਸ਼ੈਤਾਨ ਦਾ ਇਹ ਕੰਮ ਮਿਠਾਸ ਨੂੰ ਜ਼ਹਿਰ ਬਣਾ ਕੁੜਤਣ ਪੇਸ਼ ਕਰੇਗਾ। ਪਰ ਮੋਨਿਕਾ ਕਮਰੇ ‘ਚੋਂ ਬਾਹਰ ਹੀ ਨਹੀਂ ਸੀ ਆ ਰਹੀ। ਜੇ ਮੈਂ ਉਸਨੂੰ ਦੇਖਾਂਗਾ ਨਹੀਂ ਤਾਂ ਮੇਰੀ ਕਹਾਣੀ ਪੂਰੀ ਕਿਵੇਂ ਹੋਵੇਗੀ। ਮੈਂ ਥੋੜ੍ਹਾ ਦਿਮਾਗ ਲਗਾਇਆ ਤੇ ਮੇਰੇ ਉਹ ਬਿੱਲੀ ਵਾਲੀ ਘਟਨਾ ਜ਼ਹਿਨ ਵਿੱਚ ਆਈ। ਮੈਂ ਘਰੋਂ ਬਾਹਰ ਨਿਕਲ ਆਇਆ ਤੇ ਕੁਝ ਕੁ ਸਮੇਂ ਦੀ ਤਲਾਸ਼ ਤੋਂ ਬਾਅਦ ਵਾਪਿਸ ਘਰ ਪਹੁੰਚਿਆ। ਮੇਰੇ ਹੱਥ ਵਿੱਚ ਇੱਕ ਬਿੱਲੀ ਸੀ, ਮੈਂ ਰਸੋਈ ਵਿੱਚ ਗਿਆ ਤੇ ਚਾਕੂ ਲੱਭਣ ਲੱਗਾ। ਮੈਨੂੰ ਕਿਤੇ ਵੀ ਚਾਕੂ ਨਹੀਂ ਲੱਭਿਆ ਤੇ ਬਿੱਲੀ ਹੱਥ ਵਿੱਚ ਫੜੀ ਦਰਵਾਜ਼ੇ ਮੂਹਰੇ ਆ ਬੈਠਾ। ਇੱਕ ਹੱਥ ਬਿੱਲੀ ਦੀ ਧੌਣ ਤੇ ਦੂਜੇ ਵਿੱਚ ਸਿਰ ਫੜਕੇ ਇੱਕ ਝਟਕੇ ਵਿੱਚ ਉਸਦੀ ਧੌਣ ਮਰੋੜ ਦਿੱਤੀ।
ਉਂਗਲਾ ਨਾਲ ਉਸਨੂੰ ਪਾੜਦੇ ਹੋਏ ਨਿਕਲ ਰਿਹਾ ਲਹੂ ਦਰਵਾਜ਼ੇ ਦੇ ਥੱਲਿਉਂ ਅੰਦਰ ਨੂੰ ਵਹਾ ਦਿੱਤਾ ਤੇ ਬਿੱਲੀ ਰੱਖ ਪਿਛਾਂਹ ਹੋ ਗਿਆ। ਮੋਨਿਕਾ ਦਰਵਾਜ਼ਾ ਖੋਲ ਖੂਨ ਨੂੰ ਸੁੰਘਦੀ ਹੋਈ ਬਾਹਰ ਆਈ। ਉਸਦੇ ਵਾਲ ਪੂਰੀ ਤਰ੍ਹਾਂ ਖਿੱਲਰੇ ਹੋਏ ਸਨ। ਕਮਰੇ ਵਿੱਚੋਂ ਥੋੜਾ ਧੂੰਆਂ ਨਿਕਲ ਰਿਹਾ ਸੀ। ਉਹ ਬਿੱਲੀ ਨੂੰ ਆਪਣੇ ਦੋਵਾਂ ਹੱਥਾਂ ਵਿੱਚ ਲੈ ਸੁੰਘਣ ਲੱਗੀ ਤੇ ਉਸਨੂੰ ਸੁੱਟ ਅਚਨਾਕ ਮੇਰੇ ਵੱਲ ਫੁਰਤੀ ਨਾਲ ਵਧੀ। ਮੈਂ ਘਬਰਾਹਟ ਨਾਲ ਪਿਛਾਂਹ ਕੌਅਲੇ ਨਾਲ ਲੱਗ ਗਿਆ। ਉਹ ਮੇਰੇ ਬਹੁਤ ਕਰੀਬ ਸੀ, ਜਿਸ ਤੋਂ ਕਦੇ ਗੁਲਾਬਾਂ ਵਰਗੀ ਖੁਸ਼ਬੂ ਆਉਂਦੀ ਸੀ ਅੱਜ ਉਹ ਕੱਚੇ ਗਲੇ ਮਾਸ ਦੀ ਦੁਰਗੰਧ ਨਾਲ ਭਰੀ ਹੋਈ ਸੀ। ਉਸਨੇ ਮੇਰੇ ਹੱਥਾਂ ਤੇ ਲੱਗੇ ਖੂਨ ਨੂੰ ਚੱਟਦੇ ਹੋਏ ਆਪਣੀਆਂ ਗਹਿਰੀਆਂ ਅੱਖਾਂ ਮੇਰੇ ਵੱਲ ਕੀਤੀਆਂ। ਉਹਨਾਂ ਵੱਲ ਵੇਖ ਇੰਝ ਜਾਪ ਰਿਹਾ ਸੀ ਕਿ ਉਹ ਆਪਣੇ ਪਿਆਰ ਤੋਂ ਉਮੀਦ ਕਰ ਰਹੀ ਹੋਵੇ ਕਿ ਮੈਨੂੰ ਬਚਾ ਲੈ ਜਾਂ ਇਸ ਪੀੜਾ ਤੋਂ ਮੁਕਤ ਕਰ ਦੇ। ਪਰ ਉਸਦੇ ਲਬ ਇਸ ਤੋਂ ਵਪਰੀਤ, ਸ਼ੈਤਾਨੀ ਮੁਸਕਰਾਹਟ ਨਾਲ ਖਿੜ ਰਹੇ ਸਨ। ਉਹ ਸਾਇਆ ਹੁਣ ਮੈਨੂੰ ਉਸਦੇ ਆਸੇ-ਪਾਸੇ ਜਾਂ ਉਸਦੇ ਮੋਢਿਆਂ ਤੇ ਨਹੀਂ ਸੀ ਦਿਖ ਰਿਹਾ, ਹੁਣ ਉਹ ਮੋਨਿਕਾ ਦੇ ਅੰਦਰ ਸੀ। ਉਸਦੇ ਸਰੀਰ ਤੇ ਕਾਬੂ ਕਰਦਾ ਹੋਇਆ ਕਿਸੇ ਬਿਮਾਰੀ ਦੀ ਤਰ੍ਹਾਂ ਪਲ-ਪਲ ਫੈਲ ਰਿਹਾ ਸੀ। ਮੋਨਿਕਾ ਦੇ ਹੱਥਾਂ-ਪੈਰਾਂ ਦੇ ਨਹੁੰ ਨੀਲੇ ਪੈ ਚੁੱਕੇ ਸੀ ਤੇ ਧੌਣ ਤੱਕ ਨਾੜੀਆਂ ਕਾਲੀਆਂ ਹੋ ਚੁੱਕੀਆਂ ਸੀ। ਵਿਰਲੀਆਂ ਹੀ ਸਨ ਜੋ ਹਾਲੇ ਵੀ ਠੀਕ ਸੀ ਪਰ ਕਾਲਾਪਨ ਸਿਆਹੀ ਦੀ ਤਰ੍ਹਾਂ ਉਸ ਅੰਦਰ ਘੁੱਲਦਾ ਹੀ ਜਾ ਰਿਹਾ ਸੀ। ਮੈਂ ਜਿਵੇਂ ਹੀ ਅੱਖਾਂ ਝਪਕਣ ਲਈ ਬੰਦ ਕੀਤੀਆਂ ਮੋਨਿਕਾ ਦਾ ਹੱਥ ਮੇਰੇ ਸੀਨੇ ਅੰਦਰ ਸੀ ਤੇ ਇੱਕ ਝਟਕੇ ਵਿੱਚ ਉਸਨੇ ਦਿਲ ਕੱਢ ਬਾਹਰ ਲੈ ਆਂਦਾ। ਜੋ ਕਿ ਮੇਰੀਆਂ ਅੱਖਾਂ ਸਾਹਮਣੇ ਧੜਕਦਾ-ਧੜਕਦਾ ਖਾਣਾ ਸ਼ੂਰੂ ਕਰ ਦਿੱਤਾ। ਅੱਖ ਖੁੱਲ੍ਹੀ ਤਾਂ ਦੇਖਿਆ ਮੈਂ ਠੀਕ ਸੀ ਪਰ ਉਸਦਾ ਹੱਥ ਮੇਰੇ ਸੀਨੇ ਤੇ ਹੀ ਸੀ। ਮੋਨਿਕਾ ਹਾਲੇ ਵੀ ਥੋੜੀ ਜਿਉਂਦੀ ਸੀ ਉਸ ਵਿੱਚ, ਤੇ ਲੱਗਦਾ ਸੁਚੇਤ ਕਰ ਰਹੀ ਹੋਵੇ ਮੈਨੂੰ। ਇਸ ਹਾਲਤ ਵਿੱਚ ਵੀ ਮੇਰੇ ਬਾਰੇ ਸੋਚਣਾ ਇਹ ਦਰਸਾਉਂਦਾ ਸੀ ਕਿ, ਪਿਆਰ ਤੇ ਉਸਨੇ ਕੀਤਾ ਸੀ ਮੇਰੇ ਨਾਲ ਤੇ ਮੈਂ ਬਦਲੇ ਵਿੱਚ ਉਸਦਾ ਸੌਦਾ ਕਰ ਦਿੱਤਾ। ਮੈਂ ਮਾਜ਼ੂਸ ਹੋ ਉੱਥੋਂ ਮੇਜ਼ ਕੋਲ ਆਇਆ ਤੇ ਆਪਣੇ ਮਨ ਦੀ ਸਥਿਤੀ ਲਿਖਣ ਦੀ ਕੋਸ਼ਿਸ਼ ਕਰਨ ਲੱਗਾ।..
“ਸ਼ੈਤਾਨ ਬਦਲ ਉਸਨੂੰ ਰਿਹਾ ਸੀ ਜਾਂ ਮੈਨੂੰ, ਪ੍ਰਭਾਵ ਮੇਰੇ ਤੇ ਪੈ ਰਿਹਾ ਸੀ ਜਾਂ ਮੋਨਿਕਾ ਤੇ? ਉਸਦਾ ਖੁਦ ਤੇ ਵੱਸ ਨਹੀਂ ਸੀ ਤਾਂ ਕਰਕੇ ਉਸ ਨਾਲ ਹਰ ਬੁਰੀ ਚੀਜ਼ ਹੋਈ। ਚੀਜ਼ਾਂ ਦਾ ਸੁਣਨਾ, ਮਹਿਸੂਸ ਹੋਣਾ, ਅਜੀਬ ਕਟਪੁਤਲੀਆਂ ਦਾ ਦਿਖਣਾ, ਉਸਦੇ ਹੱਥੋਂ ਕਾਫੀ ਹੱਦ ਤੱਕ ਅੱਜ ਮੇਰਾ ਮਰ ਜਾਣਾ, ਸ਼ਾਇਦ ਉਸ ਵਿੱਚ ਬਚੀ-ਖੁਚੀ ਚੰਗਿਆਈ ਨੇ ਉਸਨੂੰ ਆਹ ਪਾਪ ਕਰਨ ਤੋਂ ਬਚਾ ਲਿਆ ਤੇ ਮੈਂ? ਚੀਜ਼ਾਂ ਮੈਨੂੰ ਵੀ ਸੁਣਾਈ ਦਿੱਤੀਆਂ, ਸਾਏ ਦਾ ਖੁਦ ਨਾਲ ਹੋਣਾ ਵੀ ਮਹਿਸੂਸ ਕਰਿਆ, ਆਪਣੀ ਅੱਖੀ ਘਰੇ ਘੁੰਮਦੇ ਨੂੰ ਮੋਨਿਕਾ ਨੂੰ ਤਕਲੀਫ਼ ਦੇਂਦਿਆਂ ਨੂੰ ਦੇਖਿਆ ਮੈਂ। ਤੇ ਅੱਜ ਬੁਰਾਈ ਨੇ ਇਸ ਤਰ੍ਹਾਂ ਮੇਰੇ ਤੇ ਵੱਸ ਕਰ ਲਿਆ ਕਿ ਆਪਣੇ ਹੋਸ਼ ਵਿੱਚ ਹੁੰਦਿਆ ਵੀ ਇੱਕ ਜੀਵ ਦੀ ਹੱਤਿਆ ਕਰ ਬੈਠਾ। ਬਦਲ ਤਾਂ ਮੈਂ ਗਿਆ ਸੀ ਜੋ-ਜੋ ਇਸਨੇ ਮੇਰੇ ਤੋਂ ਕਰਵਾਉਣਾ ਚਾਹਿਆ ਮੈਂ ਆਪਣੀ ਮਰਜ਼ੀ ਸਮਝ ਕਰ ਬੈਠਾ। ਮੈਂ ਉਸ ਨਾਲ ਦਗਾ ਕਮਾ ਬੈਠਾ ਜਿਸਨੇ ਜਿਉਂਦਿਆਂ ਜੀਅ ਆਪਣੀ ਜਿੰਦਗੀ ਤੇ ਹੁਣ ਸ਼ਾਇਦ ਮੌਤ ਵੀ ਮੇਰੇ ਨਾਂ ਕਰਨ ਵਾਲੀ ਹੈ।”
ਸਵੇਰ ਹੋ ਚੁੱਕੀ ਸੀ, ਬਾਣੀ ਪੜੇ ਜਾਣ ਦਾ ਸਮਾਂ ਵੀ ਹੋ ਚੁੱਕਾ ਸੀ। ਮੋਨਿਕਾ ਹਾਲੇ ਵੀ ਕੌਅਲੇ ਕੋਲ ਖੜੀ ਕੰਧ ਤੇ ਲੱਗੀ ਘੜੀ ਵੱਲ ਦੇਖੀ ਜਾ ਰਹੀ ਸੀ, ਜਿਵੇਂ ਕਿਸੇ ਇੰਤਜ਼ਾਰ ਵਿੱਚ ਹੋਵੇ। ਜਦ ਗੁਰਬਾਣੀ ਪੜੇ ਜਾਣ ਦੀ ਆਵਾਜ਼ ਆਉਣ ਲੱਗੀ ਤਾਂ ਉਸਨੇ ਘੁੱਟ ਕੇ ਕੌਅਲੇ ਨੂੰ ਫੜ ਲਿਆ। ਸ਼ਬਦਾਂ ਦੀ ਆਵਾਜ਼ ਉਸਦੇ ਕੰਨਾਂ ਨੂੰ ਚੀਰ ਰਹੀ ਸੀ ਇਹ ਸਾਫ਼ ਉਸਦੀਆਂ ਚੀਕਾਂ ਤੋਂ ਪਤਾ ਚੱਲ ਰਿਹਾ ਸੀ। ਸਾਇਆ ਆਪਣਾ ਪੂਰਾ ਜ਼ੋਰ ਦਿਖਾਉਂਦਾ ਹੋਇਆ ਉਸਨੂੰ ਅੰਦਰ ਕਮਰੇ ਵੱਲ ਖਿੱਚ ਰਿਹਾ ਸੀ ਤੇ ਮੋਨਿਕਾ ਨੂੰ ਸਰੀਰਕ ਤੌਰ ਕਸ਼ਟ ਦੇਣ ਲਈ ਉਸਦਾ ਸਿਰ ਜਾ ਕੋਅਲੇ ਵਿੱਚ ਮਾਰਿਆ। ਉਹ ਥੋੜੀ ਅੱਧਮਰੀ ਜਿਹੀ ਹੋ ਗਈ। ਉਸਨੇ ਇੱਕ ਹੱਥ ਮੇਰੇ ਵੱਲ ਇਸ ਉਮੀਦ ਨਾਲ ਚੁੱਕਿਆ ਹੋਇਆ ਸੀ ਕਿ ਮੈਂ ਉਸਨੂੰ ਕਮਰੇ ਅੰਦਰ ਜਾਣ ਤੋਂ ਰੋਕ ਲਵਾਂਗਾ ਪਰ ਮੈਨੂੰ ਕੁਰਸੀ ਤੋਂ ਟੱਸ ਤੋਂ ਮੱਸ ਹੁੰਦਿਆਂ ਵੀ ਨਾ ਦੇਖ ਜਿਵੇਂ ਉਹ ਅੰਦਰੋਂ ਟੁੱਟ ਗਈ ਤੇ ਤਨੋਂ-ਮਨੋਂ ਕਮਜ਼ੋਰ ਨੂੰ ਸਾਇਆ ਆਸਾਨੀ ਨਾਲ ਅੰਦਰ ਲੈ ਗਿਆ। ਮੈਂ ਕਲਮ ਚੁੱਕੀ ਤੇ ਆਪਣੀ ਧੁੰਨੀ ਵਿੱਚ ਲਿਖਣ ਲੱਗਾ..
ਪਾਣੀ ਰਕਤ ਕੁੜੱਤਨ ਵਿੱਚ ਬਦਲੇ,
ਮਾੜੀਆਂ ਚੀਜਾਂ ਦਾ ਪੈਜੇ ਘੇਰਾ,
ਚੰਗੀਆਂ ਆਦਤਾਂ ਬੁਰੀਆਂ ਬਣ ਜਾਣ,
ਸਿਰ ਬੁਰਾਈਆਂ ਦਾ ਬੱਝਜੇ ਸਿਹਰਾ,
ਕੋਲ ਬੈਠ ਕੋਈ ਰੱਬ ਧਿਆਏ,
ਚੀਕੀਏ, ਚਿਲਾਈਏ, ਗੁੱਸੇ ਵਿੱਚ ਆਈਏ,
ਹਰ ਕੋਈ ਹੀ ਦੁਸ਼ਮਣ ਲੱਗਦਾ,
ਜੇ ਸ਼ੈਤਾਨ ਨੂੰ ਅੰਦਰ ਵਸਾਈਏ,
ਵੱਸ ਨਾ ਚੱਲਦਾ ਸੁਰਤ ਤੇ ਆਪਣਾ,
ਹਰ ਪਲ ਉਸਦਾ ਪਾਣੀ ਭਰਦੇ ਆਂ,
ਰੱਬ ਤਾਂ ਪਹੁੰਚ ਦੂਰ ਦੀ ਲੱਗਦਾ,
ਚੱਲ ਸ਼ੈਤਾਨ ਹੀ ਹਾਸਿਲ ਕਰਦੇ ਆਂ..
ਪੰਜਵਾਂ ਦਿਨ
ਮੇਰੀ ਆਤਮਾਂ ਤਾਂ ਖੋਖਲੀ ਹੀ ਚੁੱਕੀ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਸਹੀ ਤਰ੍ਹਾਂ ਨਾਲ ਨਾ ਖਾਣ-ਪੀਣ ਕਾਰਨ ਸਰੀਰ ਵੀ ਮਾੜਾ ਪੈਂਦਾ ਜਾ ਰਿਹਾ ਸੀ। ਅੱਜ ਸਵੇਰ ਦਾ ਹੀ ਮੌਸਮ ਥੋੜ੍ਹਾ ਖਰਾਬ ਸੀ, ਮੈਂ ਦੁਕਾਨੋਂ ਜਾ ਬਰੈੱਡ ਵਗੈਰਾ ਲਿਆਉਣ ਬਾਰੇ ਸੋਚਿਆ ਤੇ ਨਹਾ ਧੋ ਬਾਹਰ ਜਾਣ ਲਈ ਤਿਆਰ ਹੋ ਗਿਆ। ਮੈਂ ਹਾਲੇ ਦੁਕਾਨ ਪਹੁੰਚਿਆ ਹੀ ਸੀ ਕਿ ਮੀਂਹ, ਹਨੇਰੀ ਆ ਗਈ ਤੇ ਮੈਨੂੰ ਚੰਗਾ ਢਾਈ ਕੁ ਘੰਟਾ ਉੱਥੇ ਰੁਕਣਾ ਪਿਆ ਤੇ ਜਦ ਮੀਂਹ ਰੁਕਿਆ ਤੇ ਘਰ ਵਾਪਿਸ ਆਇਆ। ਮੈਂ ਪਲੇਟ ਵਿੱਚ ਬਰੈੱਡ ਰੱਖੇ ਤੇ ਕੁਰਸੀ ਉੱਤੇ ਬੈਠ ਗਿਆ। ਬਹੁਤ ਹੀ ਬੇਸਬਰੀ ਨਾਲ ਖਾਂਦੇ ਹੋਏ ਮੇਰਾ ਧਿਆਨ ਅਚਾਨਕ ਮੇਰੇ ਲਿਖ ਰਹੇ ਵਰਕਿਆਂ ਵੱਲ ਗਿਆ ਤਾਂ ਉਸ ਵਿੱਚ ਜਿੱਦਾਂ ਕਿਸੇ ਨੇ ਅੱਗੇ ਕੁਝ ਲਿਖਿਆ ਹੋਵੇ। ਉਹ ਮੇਰੀ ਨਹੀਂ ਮੋਨਿਕਾ ਦੀ ਲਿਖਾਈ ਸੀ। ਉਸਨੇ ਕੁਝ ਇਸ ਤਰ੍ਹਾਂ ਲਿਖਿਆ ਸੀ..
ਧਰਤੀ ਅਖੀਰ ਪੜਾਅ ਭਗਤੀ ਦਾ,
ਦੇਹ ਬਣ ਜਾਂਦੀ ਖੁਦ ਸ਼ੈਤਾਨ,
ਸਭ ਮਨ ਆਈਆਂ ਓਹੀ ਕਰਦਾ,
ਰੂਹ ਵਿਚਾਰੀ ਰਹਿੰਦੀ ਹੈ ਅਣਜਾਣ,
ਨੁਕਸਾਨ ਪਹੁੰਚਾਵੇ ਜੋ ਕੋਲ ਆਵੇ,
ਬਦਲ ਜਾਂਦੀ ਪੂਰੀ ਰੂਪ ਕਾਇਆ,
ਇਨਸਾਨ ਦਾ ਨਿਸ਼ਾਨ ਨਾ ਰਹਿੰਦਾ,
ਸਦਾ ਹੋਜੇ ਸ਼ੈਤਾਨ ਦਾ ਸਾਇਆ,
ਆਸਾਨ ਤਾਂ ਲੱਗਦਾ ਇਹ ਸਭ ਕਰਨਾ,
ਪਰ ਸਖਤ ਪੀੜਾ ਸਰੀਰ ਜਰਦੇ ਆਂ,
ਰੱਬ ਨੂੰ ਅੰਦਰ ਵਸਾ ਲਉ ਸੱਜਣੋਂ,
ਕਿਉਂ ਸ਼ੈਤਾਨ ਨੂੰ ਹਾਸ਼ਿਲ ਕਰਦੇ ਆਂ?
“ਜਗਦੀਪ ਅੱਜ ਦਾ ਵਾਰ ਉਸਦਾ ਅਖੀਰ ਹੋਵੇਗਾ ਮੇਰੇ ਤੇ, ਧਰਤੀ ਭਾਵ ਮੇਰੀ ਖੁਸ਼ਬੂ, ਮੇਰੇ ਕਿਰਦਾਰ ਦੀ ਖੁਸ਼ਬੂ ਤੇ। ਮੈਂ ਬੱਸ ਤੈਨੂੰ ਮਿਲਣ ਜਦ ਉਸ ਕਮਰੇ ਵਿੱਚ ਲੱਖਾਂ ਮਿਨਤਾਂ ਕਰ ਬਾਹਰ ਆਈ ਤਾਂ ਤੂੰ ਮੈਨੂੰ ਕਿਤੇ ਵੀ ਨਹੀਂ ਦਿਖਿਆ ਤੇ ਤੇਰੀ ਉਡੀਕ ਵਿੱਚ ਮੈਂ ਏਸੇ ਕੁਰਸੀ ਤੇ ਬੈਠ ਗਈ। ਤੇਰੇ ਆਹ ਕੁਝ ਲਿਖੇ ਹੋਏ ਵਰਕੇ ਮਿਲੇ ਤਾਂ ਇਹੀ ਚੁੱਕ ਪੜ੍ਹਨ ਲੱਗੀ। ਪੜ੍ਹਦੀ ਹੋਈ ਏਨਾ ਰੋਈ ਕਿ ਕਾਸ਼ ਤੈਨੂੰ ਮਿਲਣ ਲਈ ਕਮਰੇ ‘ਚੋਂ ਬਾਹਰ ਆਉਣ ਦੀ ਜਿੱਦ ਨਾ ਕਰਦੀ ਤੇ ਨਾ ਹੀ ਤੇਰੇ ਸ਼ੈਤਾਨੀ ਰੂਪ ਤੋਂ ਵਾਕਿਫ਼ ਹੁੰਦੀ। ਹਾਂ, ਤੂੰ ਸਹੀ ਲਿਖਿਆ ਕਿ ਇਹਨੇ ਮੈਨੂੰ ਜਬਰਦਸਤੀ ਬਦਲਿਆ ਤੇ ਤੂੰ ਆਪਣੀ ਮਰਜ਼ੀ ਨਾਲ ਸ਼ੈਤਾਨ ਬਣ ਗਿਆ! ਤੂੰ ਮੇਰੇ ਪਿਆਰ ਕੀ, ਕਿਸੇ ਵੀ ਚੀਜ਼ ਦੇ ਲਾਇਕ ਨਹੀਂ ਹੈ। ਤੇਰੀ ਕਿਤਾਬ ਕਦੇ ਪੂਰੀ ਨਹੀਂ ਹੋਣ ਵਾਲੀ, ਮੈਂ ਕਦੇ ਤੈਨੂੰ ਪਤਾ ਹੀ ਨਹੀਂ ਲੱਗਣ ਦੇਵਾਂਗੀ ਕਿ ਮਨੁੱਖ ਦੇਹ ਵਿੱਚ ਸ਼ੈਤਾਨ ਦਾ ਪੂਰਨ ਤੌਰ ਤੇ ਕਿਵੇਂ ਪ੍ਰਭਾਵ ਹੁੰਦਾ ਹੈ। ਉਂਝ ਵੀ ਮੈਂ ਸ਼ੈਤਾਨ ਬਣਨ ਨਾਲੋਂ ਮਰਨਾ ਜ਼ਿਆਦਾ ਪਸੰਦ ਕਰਾਂਗੀ।”
ਅੱਗੇ ਸਾਰੇ ਵਰਕੇ ਖਾਲੀ ਸਨ। ਮੈਂ ਸਾਰੇ ਘਰ ਵਿੱਚ ਉਸਨੂੰ ਲੱਭਣ ਲੱਗਾ ਪਰ ਉਹ ਕਿਤੇ ਨਾ ਮਿਲੀ। ਪੌੜੀਆਂ ਚੜਦਾ ਜਦ ਉੱਪਰ ਪਹੁੰਚਿਆ ਤਾਂ ਕੁਰਸੀ ਤੇ ਮੋਨਿਕਾ ਗੁਰਦੁਆਰੇ ਵੱਲ ਮੂੰਹ ਕਰ ਬੈਠੀ ਸੀ। ਉਸਦਾ ਬੇਜਾਨ ਹੱਥ ਕੁਰਸੀ ਤੋਂ ਥੱਲੇ ਨੂੰ ਲਮਕਿਆ ਹੋਇਆ ਸੀ ਤੇ ਕੁਰਸੀ ਦੇ ਪੈਰਾਂ ਕੋਲ ਕਾਫੀ ਖੂਨ ਸੀ। ਮੈਂ ਅਗਾਂਹ ਵਧ ਉਸਦੇ ਮੂੰਹ ਵੱਲ ਮੂੰਹ ਕਰ ਵੇਖਿਆ ਤੇ ਚਿਹਰੇ ਤੇ ਮਿੱਠੀ ਮੁਸਕਾਨ, ਦੂਜੇ ਹੱਥ ਵਿੱਚ ਮਾਲਾ ਜਿਵੇਂ ਲੱਗ ਰਿਹਾ ਸੀ ਉਸਨੇ ਨਾਮ ਜੱਪਦੇ-ਜੱਪਦੇ ਆਪਣੇ ਪ੍ਰਾਣ ਤਿਆਗੇ ਹੋਣ। ਉਹ ਆਪਣੀ ਕਲਾਈ ਕੱਟ ਖੁਦ ਨੂੰ ਇਸ ਪੀੜਾ ਤੋਂ ਮੁਕਤ ਕਰ ਚੁੱਕੀ ਸੀ।
ਮੈਂ ਉਸਨੂੰ ਚੁੱਕ ਥੱਲੇ ਕਮਰੇ ਵਿੱਚ ਲੈ ਆਇਆ, ਸਾਇਆ ਦਿਖਾਈ ਨਹੀਂ ਸੀ ਦੇ ਰਿਹਾ ਪਰ ਉਸਦੇ ਗੁੱਸੇ ਦੀ ਫੁੰਕਾਰ ਕਮਰੇ ਵਿੱਚ ਗੂੰਜ ਰਹੀ ਸੀ। ਅਚਾਨਕ ਇੱਕ ਧਮਾਕਾ ਹੋਇਆ ਤੇ ਸਾਰਾ ਘਰ ਅੱਗ ਦੀ ਲਪੇਟ ਵਿੱਚ ਆ ਗਿਆ। ਅੱਗ ਦੀ ਗੋਦ ਵਿੱਚ ਮੋਨਿਕਾ ਦਾ ਸਰੀਰ ਵੀ ਜਲ ਰਿਹਾ ਸੀ ਪਰ ਉਹ ਵਰਕੇ ਜਿਵੇਂ ਭੱਖਦੀ ਭੱਠੀ ਵਿੱਚ ਪਈ ਮਿੱਟੀ ਦੇ ਭਾਂਤੀ ਹੋਣ। ਮੈਂ ਖੁਦ ਵੀ ਜਲ ਰਿਹਾ ਸੀ, ਅੱਧ ਮਰੀ ਹਾਲਤ ਵਿੱਚ ਮੈਂ ਰੇਂਗਦਾ ਹੋਇਆ ਜਾ ਬੈਠਾ। ਇਹ ਅੱਗ ਮੈਨੂੰ ਜਿਉਂਦਿਆਂ ਹੀ ਨਰਕ ਦੀ ਜਾਤਨਾ ਦਵਾ ਰਹੀ ਸੀ। ਮੈਂ ਦੇਖਿਆ ਕੁਝ ਲੋਕ ਘਰ ਅੰਦਰ ਭੱਜੇ ਆ ਰਹੇ ਨੇ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ। ਮੈਂ ਉਹਨਾਂ ਨੂੰ ਬੁਲਾਉਣਾ ਚਾਹੁੰਦਾ ਸੀ ਪਰ ਮੇਰੇ ਸੰਘ ਵਿੱਚੋਂ ਆਵਾਜ਼ ਨਹੀਂ ਸੀ ਨਿਕਲ ਰਹੀ। ਮੇਰਾ ਹੱਥ ਕਲਮ ਨਹੀਂ ਸੀ ਛੱਡ ਰਿਹਾ। ਏਨੀ ਪੀੜ ਵਿੱਚ ਹੁੰਦੇ ਹੋਏ ਵੀ ਮੈਂ ਲਿਖ ਰਿਹਾ ਸੀ ਇੱਕ ਅਧੂਰੀ ਕਹਾਣੀ ਨੂੰ ਪੂਰੀ ਕਰਨ ਦੀ ਤਾਂਘ ਵਿੱਚ। ਅੱਖਾਂ ਮੇਰਾ ਸਾਥ ਛੱਡ ਰਹੀਆਂ ਸਨ, ਮੈਂ ਕਿਸੇ ਨੂੰ ਆਪਣੇ ਵੱਲ ਆਉਂਦੇ ਵੇਖਿਆ ਪਰ ਪਹਿਚਾਣ ਨਾ ਸਕਿਆ ਸਭ ਝੌਲਾ ਦਿਖ ਰਿਹਾ ਸੀ। ਉਸਨੇ ਮੇਰੇ ਕੋਲ ਆ ਮੇਰੇ ਹੱਥੋਂ ਕਲਮ ਤੇ ਵਰਕੇ ਖਿੱਚੇ ਤੇ ਭੀੜ ਵਿੱਚ ਖਲੋ ਗਿਆ। ਅੱਗ ਪੂਰੀ ਤਰ੍ਹਾਂ ਮੈਨੂੰ ਖਾ ਚੁੱਕੀ ਸੀ ਬਸ ਉਡੀਕ ਸੀ ਮੌਤ ਦੀ।
ਬੰਦ ਹੋ ਰਹੀਆਂ ਅੱਖਾਂ ਓਸੇ ਇਨਸਾਨ ਵੱਲ ਸੀ ਜੋ ਮੇਰੀ ਅਧੂਰੀ ਕਿਤਾਬ ਹੀ ਨਹੀਂ ਸਗੋਂ ਕਾਲਾ ਸਾਇਆ ਵੀ ਨਾਲ ਹੀ ਲੈ ਚੱਲਾ ਸੀ। ਇਸ ਸਾਰੇ ਧੁੰਦਲੇ ਦ੍ਰਿਸ਼ ਵਿੱਚ ਉਸਦੇ ਮੋਢਿਆਂ ਤੇ ਬੈਠਾ ਓਹੀ ਸਾਇਆ ਉਸਦੇ ਕੰਨ ਵਿੱਚ ਫੁਸ-ਫਸਾਉਂਦਾ ਹੋਇਆ ਮੇਰੇ ਵੱਲ ਵੇਖ ਹੱਸਦਾ ਹੋਇਆ ਸਾਫ਼ ਦਿਖਿਆ ਤੇ ਫਿਰ ਹਨੇਰਾ ਛਾ ਗਿਆ।
ਇਨਸਾਨ ਕਿਸ ਹੱਦ ਤੱਕ ਜਾ ਸਕਦਾ ਹੈ ਅਸੀਂ ਸਭ ਭਲੀ-ਭਾਂਤੀ ਸਮਝਦੇ ਹਾਂ। ਹੋਰ ਚੀਜ਼ਾਂ ਨੂੰ ਪਾਉਣ ਦੀ ਲਾਲਸਾ ਵਿੱਚ ਮਨੁੱਖ ਆਪਣੀਆਂ ਅਣਮੁਲੀਆਂ ਚੀਜ਼ਾਂ ਨੂੰ ਬਲੀ ਚੜਾਉਣ ਵਿੱਚ ਕਦੇ ਸੋਚ ਵਿਚਾਰ ਨਹੀਂ ਕਰਦਾ। ਇਸ ਨੂੰ ਇੱਕ ਤਰ੍ਹਾਂ ਦਾ ਸ਼ੈਤਾਨੀ ਪ੍ਰਭਾਵ ਹੀ ਕਿਹਾ ਜਾ ਸਕਦਾ ਹੈ। ਜਰੂਰੀ ਨਹੀਂ ਕਿ ਜਿਵੇਂ ਇਸ ਕਹਾਣੀ ਵਿੱਚ ਕਿਸੇ ਸਾਏ ਨੂੰ ਬਿਆਨ ਕਰ ਚੰਗੀਆਂ-ਮਾੜੀਆਂ ਆਦਤਾਂ ਲਈ ਹੀ ਜਿੰਮੇਵਾਰ ਠਹਿਰਾਇਆ ਗਿਆ ਹੈ ਓਵੇਂ ਹੀ ਕਰ ਕੋਈ ਆਪਣੀ ਬੁਰਿਆਈਆਂ ਲਈ ਇਹੋ ਜਿਹੇ ਕਿਸੇ ਪ੍ਰਭਾਵ ਦੀ ਸ਼ਰਨ ਲਵੇ। ਇਹ ਬਸ ਇੱਕ ਕਹਾਣੀ ਹੈ। ਹਾਂ ਇਹ ਜਰੂਰ ਹੈ ਕਿ ਇਹੋ ਜਿਹੀਆਂ ਘਟਨਾਂਵਾਂ ਲੋਕਾਂ ਨਾਲ ਵਾਪਰਦੀਆਂ ਨੇ ਪਰ ਲੋਕ ਉਹਨਾਂ ਨੂੰ ਕਦੇ ਜੱਗ ਜਾਹਰ ਨਹੀਂ ਕਰਦੇ। ਅਗਰ ਕੋਈ ਕਰਨਾ ਵੀ ਚਾਹੇ ਤਾਂ ਕੋਈ ਉਹਨਾਂ ਦੀ ਕਹਾਣੀ ਤੇ ਯਕੀਨ ਨਹੀਂ ਕਰਦਾ। ਮੈਂ ਅਕਸਰ ਸੁਣਿਆ ਹੈ ਕਿ ਅਗਰ ਇਸ ਦੁਨੀਆਂ ਤੇ ਚੰਗਿਆਈ ਹੈ ਤਾਂ ਬੁਰਿਆਈ ਵੀ ਹੈ। ਏਸੇ ਤਰ੍ਹਾਂ ਹੀ ਅਗਰ ਪ੍ਰਮਾਤਮਾ ਹੈ ਤਾਂ ਬੇਸ਼ੱਕ ਸ਼ੈਤਾਨ ਵੀ ਹੋਵੇਗਾ। ਤੇ ਜਿਵੇਂ ਪ੍ਰਮਾਤਮਾ ਸਾਡੇ ਪੰਜ ਤੱਤਾਂ ਵਾਲੇ ਸਰੀਰ ਤੇ ਪ੍ਰਭਾਵ ਪਾਉਂਦਾ ਹੈ ਸ਼ੈਤਾਨ ਵੀ ਏਸੇ ਤਰ੍ਹਾਂ ਹੀ ਪਾਉਂਦਾ ਹੋਵੇਗਾ। ਬਾਕੀ ਮੈਂ ਕਦੇ ਸ਼ੈਤਾਨ ਨੂੰ ਮਿਲੀ ਨਹੀਂ ਤੇ ਨਾ ਹੀ ਰੱਬ ਨੂੰ।
ਇਹ ਕਹਾਣੀ ਮੇਰੀ ਕਲਪਨਾ ਹੈ ਕਿ ਅਗਰ ਕਿਸੇ ਸ਼ੈਤਾਨ ਦਾ ਪ੍ਰਭਾਵ ਮਨੁੱਖੀ ਸਰੀਰ ਤੇ ਪਵੇਂ ਤਾਂ ਕੀ ਬਦਲਾਵ ਹੋ ਸਕਦੇ ਹਨ। ਇਹ ਮੇਰੀ ਦੂਸਰੀ ਰਚਨਾ ਹੈ। ਇਸ ਵਿੱਚ ਲਿਖੀ ਕਵਿਤਾ ਮੇਰੇ ਦੋਸਤ ਲੇਖਕ ਪ੍ਰੀਤ ਸਿੰਘ ਭੈਣੀ ਦੀ ਰਚਨਾ ਵਿੱਚੋਂ ਹੈ। ਦਰਅਸਲ ਮੈਂ ਉਹਨਾਂ ਨੂੰ ਐਸੀ ਕਵਿਤਾ ਲਿਖ ਕੇ ਦੇਣ ਦੀ ਮੰਗ ਕੀਤੀ ਤਾਂ ਜੋ ਉਸਦੀ ਰੂਪ ਰੇਖਾ ਅਨੁਸਾਰ ਆਪਣੀ ਕਹਾਣੀ ਨੂੰ ਢਾਲ ਸਕਾਂ। ਉਹ ਬਹੁਤ ਵਧੀਆ ਕਹਾਣੀਕਾਰ ਹੋਣ ਦੇ ਨਾਲ-ਨਾਲ ਇੱਕ ਵਧੀਆ ਕਵੀ ਤੇ ਸ਼ਾਇਰ ਵੀ ਹਨ। ਮੈਂ ਉਹਨਾਂ ਦੀਆਂ ਰਚਨਾਵਾਂ ਪੜ ਹੀ ਕਹਾਣੀਆਂ ਲਿਖਣ ਵੱਲ ਪ੍ਰੇਰਿਤ ਹੋਈ ਹਾਂ। ਇਹ ਕਹਾਣੀ ਕਿਸੇ ਨੂੰ ਭਰਮਾਂ ਵਿੱਚ ਪਾਉਣ ਲਈ ਨਹੀਂ ਲਿਖੀ ਗਈ। ਸਾਨੂੰ ਇਸਨੂੰ ਪੜ ਕਿਸੇ ਤਰ੍ਹਾਂ ਦੇ ਭਰਮਾਂ ਵਿੱਚ ਪੈਣ ਦੀ ਬਿਜ਼ਾਏ ਰੱਬ ਵੱਲ ਧਿਆਨ ਕਰਦੇ ਹੋਏ ਚੰਗੇ ਇਨਸਾਨ ਹੋਣ ਵੱਲ ਕਦਮ ਵਧਾਉਣੇ ਚਾਹੀਦੇ ਹਨ। ਮੇਰੀ ਪਹਿਲੀ ਰਚਨਾ “ਲੀਲਿਥ” ਹੈ ਜਿਸਨੂੰ ਸਭ ਵੱਲੋਂ ਬਹੁਤ ਪਿਆਰ ਮਿਲਿਆ। ਉਮੀਦ ਕਰਦੀ ਹਾਂ ਆਪ ਮੇਰੀ ਇਸ ਰਚਨਾਂ ਨੂੰ ਵੀ ਜਰੂਰ ਪਿਆਰ ਦੇਂਵੋਗੇ। ਧੰਨਵਾਦ।
ਇਸ ਕਹਾਣੀ ਤੇ ਆਪਣੇ ਸੁਝਾਅ ਦੇਣ ਲਈ ਜਾਂ ਹੋਰ ਕਹਾਣੀਆਂ ਪੜਨ ਲਈ ਤੁਸੀਂ ਮੈਨੂੰ ਈ-ਮੇਲ ਕਰ ਸਕਦੇ ਹੋ।
ਨੀਲ ਕੋਰੋਟਾਨੀਆ
E-mail
neelkorotania98@gmail.com

...
...



Related Posts

Leave a Reply

Your email address will not be published. Required fields are marked *

8 Comments on “ਅਧੂਰੀ ਕਿਤਾਬ”

  • thanks guys.. umeed krdi aa baki kahaniya v tuc esse trra psnd kronge!! 😇

  • beyond my expectations

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)