ਫੁਲਕਾਰੀ ਪਾਕੇ ਦਿੱਤੀ ਬੂਰੀ ਮੱਝ , ਜਿਸ ਤੋਂ ਕਦੀ ਮੱਖੀ ਤਿਲਕਦੀ ਸੀ …ਸੁੱਕੀ ਕੰਗੌੜ ,ਅੰਦਰ ਧੱਸੀਆਂ ਅੱਖਾਂ ਤੇ ਝੋਲਮਾਰਦੀ ਨੂੰ ਵੀਰ ਨੇ ਵਿਹੜੇ ਲਿਆ ਬੱਧਾ।
ਜਿਨ੍ਹਾਂ ਲਿਸ਼ਕਦੀਆਂ ਤੇ ਵੰਨ ਸਵੰਨੀਆਂ ਕੀਮਤੀ ਵਸਤਾਂ ਨੂੰ ਚਾਈਂ ਚਾਈੰ ਮੌਲੀਆਂ ਬੰਨ , ਸ਼ਗਨਾਂ ਸਾਰਥਾਂ ਨਾਲ ਦਹੇਜ਼ ਦੇ ਰੂਪ ਵਿੱਚ ਗੱਡਿਆਂ ਤੇ ਲੱਧ ਤੋਰਿਆ ਸੀ ..ਉਨ੍ਹਾਂ ਚਿੱਬ-ਖੜੀਬੀਆਂ ,ਘੱਸਮੇੈਲੀਆਂ ਤੇ ਕਈ ਥਾਵਾਂ ਤੋਂ ਤੂੰਬਾਂ ਨਾਲ ਪਾਟੀਆਂ ਨੂੰ ਰੇਹੜਿਆਂ ਤੋਂ ਉਤਾਰ ਵਰਾਂਡੇ ਵਿੱਚ ਲਿਆ ਰੱਖਿਆ।
ਛੁੱਟ-ਛੁੱਡਾਵੇ ਤੋਂ ਬਾਅਦ ਵਾਪਿਸ ਆਏ ਦਹੇਜ਼ ਨੂੰ ਵੇਖ ਜਿਥੇ ਆਂਡ-ਗੁਆਂਢ ਤੇ ਭਾਈਚਾਰੇ ਨੇ ਛੱਜ ‘ਚ’ ਪਾ ਛੁੱਟਿਆ …ਉਥੇ ਸ਼ਰੀਕਾਂ ਮੂੰਹ ਜੋੜ ਜੋੜ ਭਾਂਤ-ਭਾਂਤ ਦੀਆਂ ਊਜਾਂ ਲਾਉਣ ਵਾਲੀ ਕਸਰ ਨਾ ਛੱਡੀ।
ਅੰਮੜੀ !! ਕੋਲੋਂ ਧੀ ਦੀ ਬਰਬਾਦੀ ਸਹਿ ਨਾ ਹੋਈ। ਜਿਸ ਮੰਦੜੇ ਦਿਨ ਦਹੇਜ਼ ਘਰ ਮੁੜਿਆ, ਉਸੇ ਰਾਤ ਉਹ ਸੁੱਤੀ ਸੋੰ ਗਈ।
ਬਾਪੂ ਜੋ ਪਰੇ ਪੰਚਾਇਤ ਵਿੱਚ ਲੋਕਾਂ ਦੇ ਝਗੜੇ ਛਿੰਨਾਂ ਪਲਾਂ ਵਿੱਚ ਨਿਬੇੜਣ ਦੀ ਮੁਹਾਰਤ ਰੱਖਦਾ ਸੀ ….ਆਪਣੀ ਲਾਡਲੀ ਧੀ ਦਾ ਕੇਸ ਭਰੀ ਕਚਹਿਰੀ ਹਾਰ ਗਿਆ।
ਉਸ ਨਿਮੋਸ਼ੀ ਦੇ ਮਾਰੇ ਪਰੇ ਵਿੱਚ ਜਾਣਾ ਛੱਡ ਦਿੱਤਾ । ਹੁਣ ਤੇ ਉਹ ਕਿਸੇ ਦੇ ਆਏ ਖੁਸ਼ੀਖੁਸ਼ਾਲੀ ਦੇ ਸੱਦੇ ਤੇ ਵੀ ਨਹੀਂ ਸੀ ਜਾਂਦਾ। ਜੇ ਮੈਂ ਕਹਿਣਾ , “ਬਾਪੂ ਹਿੰਮਤ ਨਾ ਹਾਰ , ਮਨੁੱਖ ਆਦਿਕਾਲ ਤੋਂ ਦੁਨਿਆਵੀ ਰਹੁ ਰੀਤਾਂ ਨਾਲ ਜੁੜਿਆ ਆਇਆ। ਅਸੀਂ ਇਸੇ ਸਮਾਜ ਦਾ ਹਿੱਸਾ ਹਾਂ … ਜਿਸ ਤੋਂ ਤੂੰ ਕਿਨਾਰਾ ਕਰੀੰ ਬੈਠਾਂ। ਹਾਜਰੀ ਲਵਾ ਆਇਆ ਕਰ ..ਜੇ ਕੋਈ ਸੱਦਾ ਦੇਣ ਆਉਂਦਾ।”
” ਪੁੱਤ ਜੈਲਦਾਰ ਦੇ ਘਰ ਅਖੰਡ ਪਾਠ ਤੇ ਗਿਆ ਸਾਂ । ਮਿੰਦਰ ਸਿਉੰ ਕਹਿੰਦਾ , ” ਕਰਮ ਸਿਆਂ ਸੁਣਿਆ ਆਪਣੀ ਗੁੱਡੀ ਦਾ ਤਿਲਾਕ ਹੋ ਗਿਆ ?? ਚਲੋ...
ਜੋ ਮਹਾਂਰਾਜ ਨੂੰ ਭਾਵੇ ..ਇਕ ਗੱਲ ਸਿਆਣੇ ਕਹਿ ਗਏ ਨੇ , ” ਛੰਨਾ ਟੁੱਟ ਜਾਏ ਤਾਂ ਠੂੱਠਾ ਈ ਲਭਦਾ ਹੁੰਦਾ।” ਉਸ ਦਿਨ ਤੋਂ ਬਾਅਦ ਮੇਰਾ ਕਿਸੇ ਦੇ ਜਾਣਦਾ ਹੀਆ ਨਹੀਂ ਪਿਆ।” ਬਾਪੂ ਨੇ ਜਦੋਂ ਇਹ ਬੋਲਾਂ ਕਹੇ ਕਿ “ਛੰਨਾ ਟੁੱਟ ਜਾਏ ਤਾਂ ਠੂੱਠਾ ਲਭਦਾ ਹੁੰਦਾ” ਸੁਣ ਮੇਰੇ ਤੇ ਜਿਵੇਂ ਪਹਾੜ ਟੁੱਟ ਪਿਆ ਹੋਵੇ।
ਧੁਰ ਅੰਦਰ ਤੱਕ ਟੁੱਟ ਚੁੱਕੀ ਨੂੰ ਹਮਦਰਦੀ ਦੀ ਡਾਢੀ ਥੁੜ ਮਹਿਸੂਸ ਹੁੰਦੀ .. ਇਹ ਹਮਦਰਦੀ ਮਾਪਿਆਂ 5-6 ਮਹਿਨੇ ਦਿੱਤੀ ਵੀ…ਪ੍ਰੰਤੂ ਹੁਣ ਭਾਬੀਆਂ ਮੇਰੇ ਕੀਤੇ ਕੰਮਾਂ ਵਿੱਚ ਨੁੱਕਸ ਕੱਢ ਕੋਈ ਨਾ ਕੋਈ ਕਲੇਸ਼ ਪਾਉਣ ਦੀ ਤਾਕ ਵਿੱਚ ਰਹਿੰਦੀਆਂ । ਉਨ੍ਹਾਂ ਦੇ ਬੋਲ ਚਾਲ ਵਿੱਚ ਕੱੜਤਣ ਸਾਫ ਨਜ਼ਰ ਆਉਂਦੀ। ਪਰ ਮੈਂ ਸੁਣ ਦੜ ਵੱਟ ਲੈੰਦੀ।
ਮਾਂ ਜਾਏ ਵੀਰ ਜੋ ਮੇਰੇ ਮੂੰਹੋਂ ਮੰਗੀ ਚੀਜ਼ ਅਗਲਵਾਂਢੀ ਹੋ ਲਿਆਉੰਦੇ ਨਾ ਥੱਕਦੇ… ਮੇਰੇ ਤੋਂ ਆਨਾਕਾਨੀ ਕਰਨ ਲਗ ਪਏ। ਉਹ ਥੋੜ੍ਹੀ ਤੋਂ ਥੋੜ੍ਹੀ ਗੱਲ ਨਾਲ ਬੁੱਤਾ ਸਾਰਦੇ।
ਬਾਪੂ ਜੋ ਕਦੀ ਸੱਜਾ ਹੱਥ ਸਿਰ ਤੇ ਰੱਖ ਪਿਆਰ ਦੇੰਦਾ ਸੀ ..ਉਹ ਅੰਮੜੀ ਦੇ ਤੁਰ ਜਾਣ ਬਾਅਦ ਹੁਣ ਜਦੋਂ ਦੋਵੇਂ ਹੱਥਾਂ ਨਾਲ ਸਿਰ ਪਲੋਸ ਹੌਸਲਾ ਦੇੰਦਾ ਤਾਂ ਸੱਚ ਜਾਣਿਓ ..ਮੈਨੂੰ ਕਿਰਦੀ ਜਾਂਦੀ ਨੂੰ
ਇੰਝ ਮਹਿਸੂਸ ਹੁੰਦਾ ਜਿਵੇਂ ਮਾਂ -ਬਾਪ ਨੇ ਇੱਕਠਿਆਂ ਕਰ ਗੋਦ ਵਿੱਚ ਬੈਠਾ ਲਿਆ ਹੋਵੇ। ਬਾਪੂ ਦੇ ਕੰਬਦੇ ਹੱਥ ਜਦੋਂ ਮੇਰੇ ਸਿਰ ਤੋਂ ਮੂੰਹ ਨੂੰ ਆਉਂਦੇ ਤਾਂ ਸਿਲੇ ਹੋਏ ਹੱਥਾਂ ਨੂੰ ਵੇਖ ਉਹ ਭੁੱਬੀਂ ਵਹਿ ਤੁਰਦਾ। ( ਚਲਦਾ)
✍:- ਗੁਰਨਾਮ ਨਿੱਜਰ=29/04/2021
krishna makol
ਕਹਾਣੀ ਅਧੂਰੀ ਰਹਿ ਗਈ ਜੀ🙏🙏