ਹਨੇਰੇ ਅਤੇ ਧੁੰਦ ਦਾ ਠੰਡਾ ਸੀਤ ਮਿਸ਼ਰਣ..ਗਹੁ ਨਾਲ ਵੇਖਿਆ..ਬਾਬਾ ਜੀ ਅਜੇ ਵੀ ਭੋਏਂ ਤੇ ਬੈਠੇ ਕਿਸੇ ਆਖਰੀ ਗ੍ਰਾਹਕ ਦੇ ਇੰਤਜਾਰ ਵਿਚ ਸਨ..ਆਸੇ ਪਾਸੇ ਸਭ ਜਾ ਚੁਕੇ ਸਨ..!
ਪੁੱਛਿਆ ਬਾਬਾ ਜੀ ਦੱਸੋ ਅੱਜ ਕਿੰਨੇ ਪੈਸੇ ਦਿਆਂ?
ਆਖਣ ਲੱਗੇ ਜੋ ਮਰਜੀ ਦੇ ਦੇ ਪੁੱਤ..!
ਦਸਾਂ ਦਸਾਂ ਦੇ ਤਿੰਨ ਨੋਟ ਫੜਾਏ..ਖੁਸ਼ ਹੋ ਗਏ..ਬਚੇ ਹੋਏ ਸਾਰੇ ਆਲੂ..ਟਮਾਟਰ..ਗੋਭੀ ਮਟਰ ਪਾਲਕ ਅਤੇ ਹੋਰ ਵੀ ਕਿੰਨਾ ਕੁਝ ਇੱਕ ਬੋਰੀ ਵਿਚ ਪਾ ਮੇਰੇ ਸਾਈਕਲ ਮਗਰ ਰੱਖਦੇ ਹੋਏ ਆਖਣ ਲੱਗੇ ਅੱਜ ਤੈਨੂੰ ਘੜੀ ਲੱਗੂ ਬਣਾਉਣ ਲੱਗਿਆਂ..ਆਲੂ ਥੋੜੇ ਮਾੜੇ ਨੇ..!
ਆਖਿਆ ਕੋਈ ਨੀ ਬਾਬਾ ਜੀ ਤੁਸੀਂ ਅੱਪੜੋਂ ਵੇਲੇ ਸਿਰ..ਠੰਡ ਬੜੀ ਏ..!
ਘਰੇ ਅੱਪੜਿਆ ਤਾਂ ਡੰਗਰ ਉਡੀਕੀ ਜਾ ਰਹੇ ਸਨ..ਪਿੱਛੋਂ ਬੋਰੀ ਲਾਹ ਕੇ ਸਾਰਾ ਕੁਝ ਖੁਰਲੀ ਵਿਚ ਉਲੱਦ ਦਿੱਤਾ..ਹੱਥ ਧੋ ਕੇ ਬਣੀ ਹੋਈ ਰੋਟੀ ਖਾਣ ਬੈਠੇ ਨੂੰ ਫਿਕਰ ਜਿਹਾ ਖਾਈ ਜਾਵੇ..ਬਾਬਾ ਜੀ ਵੇਲੇ ਸਿਰ...
ਘਰੇ ਅੱਪੜ ਗਿਆ ਹੋਵੇ ਸਹੀ..!
ਨਾਲਦੀ ਆਖਣ ਲੱਗੀ ਅੱਜ ਸਵੇਰੇ ਪ੍ਰਭਾਤ ਫੇਰੀ ਦਾ ਲੰਗਰ ਛਕੇ ਬਗੈਰ ਨਿੱਕਲ ਗਏ ਸੋ..ਕੱਲ ਇੰਝ ਨਾ ਕਰਿਓ..ਬਦਸ਼ਗਨੀ ਹੁੰਦੀ ਏ..ਆਖਿਆ ਨਹੀਂ ਹੁਣੇ ਹੁਣੇ ਦਰਸ਼ਨ ਕਰ ਕੇ ਆਇਆ..ਪੁੱਛਣ ਲੱਗੀ ਕਿਸਦੇ..ਆਖਿਆ ਰੱਬ ਦੇ..ਗਲੀ ਦੀ ਨੁੱਕਰ ਵਿਚ ਬੈਠਾ ਮੈਨੂੰ ਉਡੀਕੀ ਜਾਂਦਾ ਸੀ..!
ਧੀ ਆਖਣ ਲੱਗੀ ਭਾਪਾ ਜੀ ਦੇ ਸਿਰ ਨੂੰ ਠੰਡ ਲੱਗ ਗਈ ਲੱਗਦੀ..ਐਵੇਂ ਅੱਪਲੀਆਂ ਟੱਪਲੀਆਂ ਮਾਰੀ ਜਾਂਦੇ..ਹਾਸਾ ਪੈ ਗਿਆ..ਪਰ ਮੈਂ ਬੇਫਿਕਰ ਹੋ ਗਿਆ..ਖੁਰਲੀ ਖਾਲੀ ਕਰਨ ਮਗਰੋਂ ਹੇਠਾਂ ਬੈਠ ਜੁਗਾਲੀ ਕਰਨ ਲੱਗ ਪਏ ਡੰਗਰ ਵੇਖ ਤਸੱਲੀ ਹੋ ਗਈ ਸੀ ਕੇ ਬਾਬਾ ਜੀ ਪੱਕਾ ਘਰੇ ਅੱਪੜ ਗਿਆ ਹੋਣਾ!
ਹਰਪ੍ਰੀਤ ਸਿੰਘ ਜਵੰਦਾ