ਗੱਲ ਅਸੀਵਿਆਂ ਦੀ ਹੈ..
ਧਾਰੀਵਾਲ ਨਵਾਂ ਨਵਾਂ ਟੇਸ਼ਨ ਮਾਸਟਰ ਲੱਗਾ ਸਾਂ..ਇੱਕ ਦਿਨ ਬੁਖਾਰ ਦੀ ਦਵਾਈ ਲੈਣ ਹਸਪਤਾਲ ਚਲਾ ਗਿਆ..!
ਲਾਈਨ ਲੰਮੀ ਸੀ ਤੇ ਗਰਮੀ ਵੀ ਜੋਰਾਂ ਤੇ..ਅਚਾਨਕ ਰੌਲਾ ਪੈਣ ਲੱਗਾ..ਪੰਜਾਹ-ਪਚਵੰਜਾ ਸਾਲ ਦਾ ਇੱਕ ਬਾਬਾ ਜੀ ਖਲੋਤੇ ਹੋਏ ਸਾਰਿਆਂ ਨੂੰ ਪਾਸੇ ਹਟਾਉਂਦਾ ਹੋਇਆ ਕਾਊਂਟਰ ਪਿੱਛੇ ਬੈਠੀ ਨਰਸ ਕੋਲ ਗਿਆ ਤੇ ਪੁੱਛਣ ਲੱਗਾ..”ਬੀਬਾ ਮੇਰੀ ਬਸੰਤ ਕੌਰ ਤੇ ਨੀ ਵੇਖੀ..?”
ਅੰਦਰ ਬੈਠੀ ਕੁੜੀ ਨੇ ਬੇਧਿਆਨੀ ਵਿਚ ਬਿਨਾ ਉਸ ਵੱਲ ਦੇਖਿਆ ਹੀ ਜੁਆਬ ਦੇ ਦਿੱਤਾ..”ਬਾਬਾ ਜੀ ਨਹੀਂ ਦੇਖੀ ਥੋਡੀ ਬਸੰਤ ਕੌਰ..ਉਸ ਨੂੰ ਤੇ ਓਸੇ ਦਿਨ ਹੀ ਛੁੱਟੀ ਦੇ ਦਿੱਤੀ ਸੀ ਇਥੋਂ..”
“ਤੁਸਾਂ ਜਾਣ ਕਿਓਂ ਦਿੱਤੀ ਕੱਲੀ..ਡਿਸਿਪਲਿਨ ਨਾਮ ਦੀ ਕੋਈ ਚੀਜ ਹੀ ਹੈਨੀ ਤੁਹਾਡੇ ਵਿਚ”..”ਬਸੰਤ ਕੁਰੇ ਜਾਵੀਂ ਨਾ ਮੈਂ ਹੁਣੇ ਆਇਆ..ਉਡੀਕ ਲਵੀਂ ਮੈਨੂੰ..”
ਏਨਾ ਕੁਝ ਆਖਦੇ ਹੋਏ ਉਹ ਬਾਬਾ ਜੀ ਬਾਹਰ ਨੂੰ ਭੱਜ ਗਏ ਤੇ ਮਗਰੋਂ ਓਥੇ ਖਲੋਤੇ ਬੰਦੇ ਬੁੜੀਆਂ ਵਿਚ ਹਾਸਾ ਜਿਹਾ ਪੈ ਗਿਆ..!
ਮੈਨੂੰ ਇਹ ਵਰਤਾਰਾ ਬੜਾ ਹੀ ਅਜੀਬ ਜਿਹਾ ਲੱਗਾ ਤੇ ਕੋਲ ਹੀ ਖਲੋਤੇ ਉਸਦੇ ਪਿੰਡ ਵਾਲੇ ਨੂੰ ਅਸਲ ਕਹਾਣੀ ਪੁੱਛ ਲਈ..
ਪਤਾ ਲੱਗਾ ਕੇ ਫੌਜ ਵਿਚ ਹੁੰਦੇ ਸਨ..ਇਥੋਂ ਲਾਗੇ ਸਾਂਭੇ ਸੈਕਟਰ ਵਿਚ ਹੀ ਪੋਸਟਿੰਗ ਸੀ..
ਇੱਕ ਦਿਨ ਟੈਲੀਗ੍ਰਾਮ ਗਈ ਕੇ ਨਾਲਦੀ ਬਸੰਤ ਕੌਰ ਦਾ ਐਕਸੀਡੈਂਟ ਹੋ ਗਿਆ..ਓਸੇ ਵੇਲੇ ਜੰਮੂ ਤੋਂ ਗੱਡੀ ਫੜ ਪਿੰਡ ਨੂੰ ਦੌੜ ਪਏ..ਇਹਨਾਂ ਦੀ ਗੱਡੀ ਵੀ ਕਠੂਹੇ ਲਾਗੇ ਲੈਣ ਤੋਂ ਉੱਤਰ ਗਈ..ਓਥੋਂ ਪੈਦਲ ਹੀ ਏਨਾ ਆਖਦੇ ਹੋਏ ਪਿੰਡ ਨੂੰ ਭੱਜ ਤੁਰੇ ਕੇ “ਬਸੰਤ ਕੁਰੇ ਜਾਵੀਂ ਨਾ ਮੈਂ ਬੱਸ ਹੁਣੇ ਆਇਆ”
ਬਸੰਤ ਕੌਰ ਓਸੇ ਦਿਨ ਚੜਾਈ ਕਰ ਗਈ..ਲਾਸ਼ ਤੀਏ ਦਿਨ ਬੋ ਮਾਰਨ ਲੱਗੀ ਤੇ ਅਗਲਿਆਂ ਸੰਸਕਾਰ ਕਰ ਦਿੱਤਾ..ਬਾਬਾ ਜੀ ਨੂੰ ਮੂੰਹ ਤੱਕ ਵੀ ਵੇਖਣਾ ਨਸੀਬ ਨਹੀਂ ਹੋ ਸਕਿਆ..ਸ਼ਰੀਕਾਂ...
ਬਥੇਰਾ ਆਖਿਆ ਕੇ ਦੂਜਾ ਵਿਆਹ ਕਰ ਦਿੰਨੇ ਆ ਪਰ ਪੱਕੀ ਨਾਂਹ ਹੀ ਫੜੀ ਰੱਖੀ..ਪੰਦਰਾਂ ਵਰੇ ਹੋ ਗਏ ਇਹੀ ਹਾਲ ਏ..ਜਦੋਂ ਲੋਰ ਉੱਠਦਾ ਹਸਪਤਾਲ ਨੂੰ ਭੱਜ ਉਠਦੇ ਨੇ..”
ਮੈਨੂੰ ਕੋਲ ਹੱਸਦੇ ਹੋਇਆਂ ਦੀ ਕਮਜ਼ੋਰ ਮਾਨਸਿਕਤਾ ਤੇ ਬੜਾ ਤਰਸ ਆਇਆ ਤੇ ਮੈਥੋਂ ਉਸਦੀ ਬਾਕੀ ਦੀ ਗੱਲ ਵੀ ਨਾ ਸੁਣੀ ਗਈ..ਅਗਲੇ ਹੀ ਪਲ ਮੈਂ ਬੁਖਾਰ ਦੀ ਪ੍ਰਵਾਹ ਕੀਤੇ ਬਗੈਰ ਬਾਹਰ ਨੂੰ ਭੱਜ ਉਠਿਆ..ਕਿੰਨਾ ਚਿਰ ਲੱਭਦਾ ਰਿਹਾ ਪਰ ਉਹ ਬਾਬਾ ਜੀ ਮੁੜ ਕਿਧਰੇ ਵੀ ਨਹੀਂ ਦਿਸੇ..!
ਮੈਥੋਂ ਕਿੰਨੇ ਦਿਨ ਦਿਨ ਰੋਟੀ ਨਾ ਖਾਦੀ ਗਈ..ਵਾਰ ਵਾਰ ਬਸ ਇਹੀ ਖਿਆਲ ਆਈ ਜਾਵੇ ਕੇ ਕਿੰਨੀ ਮਹਾਨ ਤੇ ਕਿਸਮਤ ਵਾਲੀ ਹੋਵੇਗੀ ਉਹ ਬਸੰਤ ਕੌਰ ਤੇ ਉਸਦੀ ਰੂਹਾਨੀ ਮੁਹੱਬਤ..ਜਿਸਨੂੰ ਲੱਭਦਾ ਹੋਇਆ ਇਕ ਫੌਜੀ ਪਾਗਲ ਤੱਕ ਹੋ ਗਿਆ ਸੀ..ਓਹੀ ਫੌਜੀ ਜਿਹੜਾ ਇਕੱਤਰ ਦੀ ਜੰਗ ਵੇਲੇ ਸੀਨੇ ਵਿਚ ਦੋ ਗੋਲੀਆਂ ਖਾਣ ਦੇ ਬਾਵਜੂਦ ਵੀ ਹੱਸਦਾ ਹੋਇਆ ਮੋਰਚੇ ਵਿਚ ਡਟਿਆ ਰਿਹਾ ਸੀ!
ਦੋਸਤੋ ਅਕਸਰ ਸੁਣੀਦਾ ਸੀ ਕੇ ਇਸ ਜਹਾਨ ਵਿਚ ਹੀ ਕਿਸੇ ਵੇਲੇ ਐਸੇ ਸਰਲ ਤੇ ਸਪਸ਼ਟ ਜਮਾਨੇ ਹੋਇਆ ਕਰਦੇ ਸਨ ਜਦੋਂ ਕੁਝ ਵਿਲੱਖਣ ਮੁਹੱਬਤਾਂ ਆਪ ਮੁਹਾਰੇ ਹੀ ਏਨੀਆਂ ਉਚੀਆਂ ਸੁੱਚੀਆਂ ਤੇ ਪਾਕ ਪਵਿੱਤਰ ਬਣ ਜਾਇਆ ਕਰਦੀਆਂ ਸਨ ਕੇ ਹਿਮਾਲਿਆ ਵਰਗੇ ਅਸਮਾਨ ਛੂੰਹਦੇ ਪਰਬਤ ਵੀ ਬੌਣੇ ਦਿਸਣ ਲੱਗ ਜਾਇਆ ਕਰਦੇ..
ਤਾਂ ਹੀ ਸ਼ਾਇਦ ਅਕਸਰ ਹੀ ਏਨੀ ਗੱਲ ਸੁਣਨ ਨੂੰ ਮਿਲ ਜਾਇਆ ਕਰਦੀ ਸੀ ਕੇ “ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ..!
ਅਸਲ ਵਾਪਰੀ ਤੇ ਅਧਾਰਿਤ..ਹਰਪ੍ਰੀਤ ਸਿੰਘ ਜਵੰਦਾ
Access our app on your mobile device for a better experience!