ਬੋਹੜ ਦਾ ਦਰਖ਼ਤ

4

ਗੱਲ ਅੱਜ ਤੋਂ ਕਰੀਬ ਵੀਹ ਸਾਲ ਪੁਰਾਣੀ ਹੋਵੇਗੀ। ਜਦੋਂ ਮੈਂ ਆਪਣੇ ਦੋਸਤਾਂ ਨਾਲ ਬੱਸ ਤੇ ਚੰਡੀਗੜ੍ਹ ਜਾ ਰਿਹਾ ਸੀ। ਮੈਨੂੰ ਉੱਥੇ ਪੰਜਾਬ ਯੂਨੀਵਰਸਿਟੀ ਵਿੱਚ ਪੜਾਈ ਸੰਬੰਧੀ ਕੋਈ ਜ਼ਰੂਰੀ ਕੰਮ ਸੀ ਤੇ ਮੇਰੇ ਦੋਸਤ ਆਪਣੇ ਕਿਸੇ ਹੋਰ ਕੰਮ ਸੰਬੰਧੀ ਜਾ ਰਹੇ ਸਨ। ਅਸੀਂ ਲਗਭਗ ਢਾਈ ਵਜੇ ਆਪਣੇ ਪਿੰਡ ਤੋਂ ਬੱਸ ਲਈ ਸੀ। ਸਾਡੇ ਪਿੰਡ ਤੋਂ ਚੰਡੀਗੜ੍ਹ ਦਾ ਰਸਤਾ ਦੋ ਸੌ ਕਿਲੋਮੀਟਰ ਦੇ ਲਗਭਗ ਹੋਵੇਗਾ। ਸਾਡੇ ਵਿੱਚੋਂ ਇੱਕ ਮਿੱਤਰ ਦੀ ਜਾਣ-ਪਛਾਣ ਲੁਧਿਆਣੇ ਸੀ। ਸੋ ਰਸਤੇ ਵਿੱਚ ਸਾਰਿਆਂ ਨੇ ਰੁਕਣ ਦਾ ਮਨ ਬਣਾਇਆ। ਓਦੋਂ ਅੱਜ ਵਾਂਗ ਤੇਜ ਤਰਾਰ ਜ਼ਿੰਦਗੀ ਨਹੀਂ ਸੀ। ਅਸੀਂ ਚਾਰ ਜਾਣੇ ਪੰਜ ਕੁ ਵਜੇ ਉਹਨਾਂ ਦੇ ਘਰੇ ਪਹੁੰਚ ਗਏ। ਉਹਨਾਂ ਦਾ ਘਰ ਬਜਾਰ ਦੇ ਨੇੜੇ ਸੀ। ਇਹ ਮੇਰੀ ਜ਼ਿੰਦਗੀ ਦਾ ਸ਼ਹਿਰ ਵਿੱਚ ਰਾਤ ਕੱਟਣ ਦਾ ਪਹਿਲਾ ਵਾਕਿਆ ਸੀ। ਜਦੋਂ ਅਸੀ ਘਰ ਦੇ ਗੇਟ ਤੋਂ ਘੰਟੀ ਵਜਾਈ ਤਾਂ ਉਹਨਾਂ ਬਾਰ ਖੋਲ੍ਹ ਕੇ ਸਾਨੂੰ ਡਰਾਇੰਗ ਰੂਮ ਵਿੱਚ ਬਿਠਾ ਲਿਆ। ਪਰਿਵਾਰ ਚੰਗਾ ਪੜਿਆ-ਲਿਖਿਆ ਤੇ ਨੌਕਰੀ ਪੇਸ਼ਾ ਲੱਗ ਰਿਹਾ ਸੀ। ਉਹਨਾਂ ਨੇ ਸਾਡੇ ਸਾਥੀ ਤੋਂ ਉਹਨਾਂ ਦੇ ਪਰਿਵਾਰ ਦੀ ਖੈਰੀਅਤ ਪੁੱਛੀ ਤੇ ਕਾਫੀ ਕਰੀਬੀ ਗੱਲਾਂ ਕੀਤੀਆਂ। ਸਾਡੇ ਸਾਥੀ ਮਿੱਤਰ ਨੇ ਪਹਿਲਾਂ ਹੀ ਘਰ ਵਾਲੇ ਟੈਲੀਫੋਨ ਤੋਂ ਉਹਨਾਂ ਨੂੰ ਆਉਣ ਦੀ ਅਗਾਊ ਸੂਚਨਾ ਦੇ ਦਿੱਤੀ ਸੀ। ਓਦੋਂ ਮੋਬਾਇਲ ਤਾਂ ਕਿਸੇ ਵਿਰਲੇ ਕੋਲ ਹੀ ਹੁੰਦਾ ਸੀ। ਉਹ ਪੰਜਾਹ ਕੁ ਸਾਲ ਦੇ ਦੋਵੇਂ ਮੀਆਂ ਬੀਵੀ ਸਾਡੇ ਨਾਲ ਗੱਲਾਂ ਕਰ ਰਹੇ ਸਨ। ਸਾਨੂੰ ਉੱਥੇ ਹੋਰ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੀ। ਘੰਟੇ ਕੁ ਬਾਅਦ ਉਹਨਾਂ ਨੇ ਸਾਨੂੰ ਕੋਠੀ ਦੇ ਪਿਛਲੇ ਪਾਸੇ ਖੁੱਲੀ ਜਗਾ ਵਿੱਚ ਦੋ ਮੰਜੇ ਡਾਹ ਦਿੱਤੇ ਤੇ ਨਾਲ ਹੀ ਕੋਠੀ ਦੇ ਬਾਹਰਲਾ ਬਾਥਰੂਮ ਵਿਖਾ ਦਿੱਤਾ। ਅਸੀਂ ਉਸ ਭੀੜੀ ਜਿਹੀ ਜਗਾ ਵਿੱਚ ਛੱਤ ਵਾਲਾ ਪੱਖਾ ਛੱਡ ਲਿਆ। ਅੱਧਾ ਘੰਟਾ ਗੱਲਾਂ ਕਰ ਕੇ ਅਸੀਂ ਬਜ਼ਾਰ ਜਾਣ ਦਾ ਮਨ ਬਣਾਇਆ। ਸ਼ਾਮ ਦਾ ਘੁਸਮੁਸਾ ਹੋ ਗਿਆ ਸੀ। ਲਾਈਟਾਂ ਵਿੱਚ ਬਜ਼ਾਰ ਦਾ ਦ੍ਰਿਸ਼ ਆਪਣਾ ਹੀ ਰੰਗ ਬਖੇਰ ਰਿਹਾ ਸੀ। ਬਜ਼ਾਰ ਦੀ ਰੰਗੀਨੀ ਵੇਖ ਕੇ ਸਾਡੇ ਵੀ ਮਨ ਸ਼ਹਿਰੀ ਜੀਵਨ ਵੱਲ ਖਿੱਚੇ ਜਾ ਰਹੇ ਸਨ। ਅਸੀਂ ਸਾਰੇ ਸ਼ਹਿਰੀ ਜੀਵਨ ਦੀਆਂ ਵਡਿਆਈਆਂ ਕਰੀ ਜਾ ਰਹੇ ਸਾਂ। ਅਸੀਂ ਪਿੰਡਾਂ ਵਿੱਚ ਰਹਿਣ ਵਾਲੇ ਸ਼ਹਿਰੀ ਜੀਵਨ ਦੀ ਚਕਾਚੌਂਧ ਵਿੱਚ ਗੁਆਚ ਗਏ। ਬਜ਼ਾਰ ਵਿੱਚ ਘੁੰਮ ਕੇ ਅਤੇ ਥੋੜਾ ਖਾ ਪੀ ਕੇ ਅਸੀਂ ਘਰ ਵੱਲ ਚਾਲੇ ਪਾ ਦਿੱਤੇ। ਜਦੋਂ ਘਰ ਪਹੁੰਚੇ ਤਾਂ ਲੌਬੀ ਵਿੱਚ ਡਾਇਨਿੰਗ ਟੇਬਲ ਤੇ ਨਵ ਵਿਆਹਾ ਜੋੜਾ ਆਪਸ ਵਿੱਚ ਕਲੋਲ ਕਰ ਰਿਹਾ ਸੀ ਤੇ...

ਨਾਲੇ ਕੁੱਝ ਖਾ ਰਿਹਾ ਸੀ। ਜਦੋਂ ਅਸੀਂ ਕੋਲ ਦੀ ਲੰਘੇ ਤਾਂ ਉਹਨਾਂ ਨੇ ਸਾਡੇ ਵੱਲ ਦੇਖਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਹ ਵੇਖ ਕੇ ਸਾਨੂੰ ਬੜਾ ਹੀ ਅਜੀਬ ਲੱਗਿਆ।ਉਹ ਮਸਤੀ ਵਿੱਚ ਆਪਣੀ ਧੁਨ ਵਿੱਚ ਲੱਗੇ ਹੋਏ ਮਜੇ ਲੈ ਰਹੇ ਸਨ ਤੇ ਮਾਤਾ ਜੀ ਰਸੋਈ ਵਿੱਚ ਰੋਟੀ ਦਾ ਪ੍ਰਬੰਧ ਕਰੀ ਜਾ ਰਹੇ ਸਨ। ਜਿਉਂ ਹੀ ਅਸੀਂ ਮੰਜੇ ਤੇ ਬੈਠੇ ਤੇ ਉੱਧਰ ਵੱਲ ਹੀ ਕਮਰੇ ਦਾ ਇੱਕ ਬਾਰ ਥੋੜਾ ਜਿਹਾ ਖੁੱਲ੍ਹਾ ਦੇਖਿਆ। ਪਹਿਲਾਂ ਇਹ ਬਾਰ ਅੰਦਰੋਂ ਭੇੜਿਆ ਹੋਇਆ ਸੀ। ਅਸੀਂ ਜਦੋਂ ਬਾਥਰੂਮ ਤੇ ਹੱਥ ਧੋਣ ਲੱਗੇ ਤਾਂ ਸਾਨੂੰ ਇੱਕ ਵਡੇਰੀ ਉਮਰ ਦਾ ਬਜੁਰਗ ਪਿਆ-ਪਿਆ ਰਹਿਰਾਸਿ ਸਾਹਿਬ ਦਾ ਪਾਠ ਕਰਦਾ ਸੁਣਾਈ ਦਿੱਤਾ। ਥੋੜਾ ਵੇਖਣ ਉਪਰੰਤ ਪਤਾ ਲੱਗਾ ਕਿ ਉਸਦੀ ਉਮਰ ਅੱਸੀ ਸਾਲ ਤੋਂ ਉੱਪਰ ਹੋਵੇਗੀ। ਉਸਨੂੰ ਐਨੀ ਵੱਡੀ ਉਮਰ ਵਿੱਚ ਕੋਠੀ ਦੇ ਮਗਰਲੇ ਕਮਰੇ ਵਿੱਚ ਪਿਆ ਦੇਖ ਕੇ ਹੈਰਾਨੀ ਜਿਹੀ ਹੋਈ ਜਿਵੇਂ ਉਸਨੂੰ ਅਣਗੌਲਿਆਂ ਕੀਤਾ ਗਿਆ ਹੋਵੇ। ਸਾਡੇ ਉੱਥੇ ਆਉਣ ਤੋਂ ਲੈ ਕੇ ਹੁਣ ਤੱਕ ਕੋਈ ਵੀ ਉਸ ਕੋਲ ਨਹੀਂ ਆਇਆ ਸੀ। ਅਸੀਂ ਸਾਰੇ ਆਪਸ ਵਿੱਚ ਗੱਲਾਂ ਕਰਕੇ ਤਰਸ ਨਾਲ ਭਰ ਗਏ ਪਰ ਉਹ ਆਪਣੀ ਧੁਨ ਵਿੱਚ ਪਾਠ ਕਰੀ ਜਾ ਰਿਹਾ ਸੀ। ਲੌਬੀ ਵਿੱਚ ਬੈਠਾ ਲੜਕਾ ਤੇ ਲੜਕੀ ਸਾਨੂੰ ਉਸਦਾ ਪੋਤਾ ਤੇ ਪੋਤ ਨੂੰਹ ਜਾਪੇ। ਇੱਕ ਬਜੁਰਗ ਪ੍ਰਤੀ ਐਨੀ ਲਾਪਰਵਾਹੀ ਦੇਖ ਕੇ ਸਾਡੇ ਮਨ ਵਿੱਚ ਸ਼ਹਿਰੀ ਜੀਵਨ ਪ੍ਰਤੀ ਨਫਰਤ ਦੀਆਂ ਭਾਵਨਾਵਾਂ ਉਜਾਗਰ ਹੋ ਗਈਆਂ। ਜਿਹੜੇ ਸ਼ਹਿਰੀ ਜੀਵਨ ਦੇ ਪਹਿਲਾਂ ਅਸੀਂ ਸੋਹਲੇ ਗਾ ਰਹੇ ਤੇ ਹੁਣ ਉਸਨੂੰ ਭੰਡ ਰਹੇ ਸੀ ਕਿ ਕਿਵੇਂ ਇੱਥੇ ਵਸਦੇ ਲੋਕ ਆਪਣੇ ਬਜ਼ੁਰਗਾਂ ਦਾ ਨਿਰਾਦਰ ਕਰ ਰਹੇ ਹਨ। ਸਾਡੇ ਮਨ ਵਿੱਚ ਸਿਆਣਿਆਂ ਦੀ ਉਹ ਗੱਲ ਚੇਤੇ ਆ ਰਹੀ ਸੀ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਸ਼ਹਿਰੀ ਜੀਵਨ ਦੇ ਬਾਹਰੀ ਪੱਖ ਤੇ ਅੰਦਰੂਨੀ ਜੀਵਨ ਵਿੱਚ ਸਾਨੂੰ ਵੱਡਾ ਅੰਤਰ ਦਿੱਸਿਆ। ਸਾਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਲੋਕ ਵਸਤੂ ਨੂੰ ਵਰਤ ਕੇ ਕੁਬਾੜ ਵਿੱਚ ਸੁੱਟ ਦਿੰਦੇ ਹਨ, ਓਸੇ ਤਰ੍ਹਾਂ ਦਾ ਹਾਲ ਇੱਥੇ ਬਜੁਰਗਾਂ ਦਾ ਹੈ। ਇੱਕ ਵੱਡੇ ਘਰ ਵਿੱਚ ਇੱਕ ਬਜੁਰਗ ਦਾ ਗੁੰਮਨਾਮ ਜੀਵਨ ਬਸਰ ਕਰਨਾ ਅਤਿ ਦੁੱਖਦਾਈ ਲੱਗ ਰਿਹਾ ਸੀ। ਪਰਿਵਾਰ ਦੇ ਸਾਰੇ ਜੀਆਂ ਦਾ ਅੱਡ-ਅੱਡ ਬੈਠਣਾ ਕੋਝਾ ਲੱਗ ਰਿਹਾ ਸੀ। ਸਾਨੂੰ ਗੁਰਬਾਣੀ ਪੜਦਾ ਉਹ ਬਜੁਰਗ ਕਿਸੇ ਵੱਡੇ ਬੋਹੜ ਦੇ ਦਰੱਖਤ ਵਰਗਾ ਲੱਗ ਰਿਹਾ ਸੀ ਜਿਸਨੂੰ ਛੱਡ ਕੇ ਉਸਦੇ ਜਾਏ ਏਅਰ ਕੰਡੀਸ਼ਨਰ ਦਾ ਸਹਾਰਾ ਲੈ ਕੇ ਬਣਾਉਟੀ ਸੁੱਖਾਂ ਦੀ ਕਲਪਨਾ ਕਰਦੇ ਜਾਪ ਰਹੇ ਸਨ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761

Leave A Comment!

(required)

(required)


Comment moderation is enabled. Your comment may take some time to appear.

Comments

One Response

  1. ninder

    nice

Like us!