ਇਕ ਅਧਿਆਪਕ ਨੇ ਇਕ ਦਿਨ ਆਪਣੀ ਜਮਾਤ ਦੇ ਬੱਚਿਆਂ ਨੂੰ ਕਿਹਾ ਕਿ ਸਭ ਜਾਣੇ ਲਿਖੋ ਵੱਡੇ ਹੋਏ ਤਾਂ ਕੀ ਬਣਨਾ ਚਾਹੋਗੇ? ਸਭ ਨੇ ਵਰਕੇ ਉਪਰ ਲਿਖ ਮੈਡਮ ਜੀ ਨੂੰ ਫੜਾ ਦਿੱਤਾ।
ਮੈਡਮ ਜੀ ਸਾਰੇ ਵਰਕੇ ਘਰ ਲੈ ਗਏ। ਆਮ ਤੌਰ ਤੇ ਅਧਿਆਪਕ ਬੱਚਿਆਂ ਦੇ ਕੰਮ ਘਰ ਆਰਾਮ ਨਾਲ ਬੈਠਕੇ ਦੇਖਦੇ ਹਨ। ਘਰ ਆਪਣੇ ਪਤੀ ਕੋਲ ਬਗੀਚੇ ਵਿੱਚ ਬੈਠੇ ਮੈਡਮ ਜੀ ਬੱਚਿਆਂ ਦੇ ਲਿਖੇ ਨੂੰ ਪੜ ਰਹੇ ਸਨ। ਕਿਸੇ ਨੇ ਲਿਖਿਆ ਸੀ ਮੈਂ ਇਹ ਬਣਨਾ ਹੈ, ਕਿਸੇ ਨੇ ਲਿਖਿਆ ਸੀ ਮੈਂ ਓਹ ਬਣਨਾ ਹੈ।
ਅਲੱਗ-ਅਲੱਗ ਜਵਾਬ ਪੜਕੇ ਮੈਡਮ ਜੀ ਹੱਸਦੇ। ਸਭ ਬੱਚਿਆਂ ਨੇ ਬਹੁਤ ਦਿਲਚਸਪ ਜਵਾਬ ਦਿੱਤੇ ਸਨ। ਫਿਰ ਇਕ ਬੱਚੇ ਦਾ ਜਵਾਬ ਪੜ ਕੇ ਮੈਡਮ ਜੀ ਚੁੱਪ ਜਿਹੇ ਹੋ ਗਏ। ਓਨਾ ਨੇ ਆਪਣੇ ਪਤੀ ਵੱਲ ਦੇਖਿਆ।
ਮੈਡਮ ਦਾ ਬੇਟਾ ਕੋਲ ਖੜਾ ਸੀ। ਓਹ ਆਪਣੇ ਪਿਤਾ ਨੂੰ ਕੁੱਛ ਦਿਖਾਓਣਾ ਚਾਹ ਰਿਹਾ ਸੀ। ਬੱਚੇ ਨੇ ਵਰਕੇ ਉਪਰ...
ਰੰਗ ਭਰੇ ਸਨ। ਓਹ ਇਹ ਰੰਗ ਆਪਣੇ ਪਿਤਾ ਨੂੰ ਦਿਖਾਓਣਾ ਚਾਹੁੰਦਾ ਸੀ। ਪਰ ਪਿਤਾ ਮੋਬਾਈਲ ਫੋਨ ਚਲਾਓਣ ਵਿੱਚ ਇੰਨਾ ਰੁੱਝੇ ਹੋਏ ਸਨ ਕਿ ਬੱਚੇ ਦੀ ਗੱਲ ਸੁੱਣ ਹੀ ਨਹੀਂ ਰਹੇ ਸਨ।
ਅੰਤ ਉਦਾਸ ਹੋਇਆ ਮੈਡਮ ਦਾ ਬੇਟਾ ਵਾਪਸ ਜਾ ਕੇ ਬੈਠ ਗਿਆ ਅਤੇ ਆਪਣੇ ਖਿਡੌਣਿਆਂ ਵਿੱਚ ਰੁੱਝ ਗਿਆ।
ਮੈਡਮ ਜੀ ਨੇ ਉਸ ਜਮਾਤ ਵਿੱਚ ਬੈਠੇ ਬੱਚੇ ਦਾ ਜਵਾਬ ਇਕ ਵਾਰ ਫੇਰ ਪੜਿਆ। ਮੈਡਮ ਜੀ ਨੇ ਪੁੱਛਿਆ ਸੀ ਕਿ ਓਹ ਕੀ ਬਣਨਾ ਚਾਹੁੰਦਾ ਹੈ। ਤੇ ਉਸ ਬੱਚੇ ਨੇ ਲਿਖਿਆ ਸੀ ਕਿ ਓਹ ਮੋਬਾਈਲ ਬਣਨਾ ਚਾਹੁੰਦਾ ਹੈ।
ਸ਼ਾਇਦ ਫੇਰ ਉਸਦੇ ਮਾਂ-ਬਾਪ ਮੋਬਾਈਲ ਛੱਡਕੇ ਉਸ ਵੱਲ ਵੀ ਧਿਆਨ ਦੇਣਗੇ!
ਅਨੁਵਾਦ –
ਗੁਰਪ੍ਰੀਤ ਸਿੰਘ ਭੰਬਰ ਵੱਲੋਂ