More Punjabi Kahaniya  Posts
ਬੂਟ ਪੋਲਿਸ਼


ਇੰਗਲੈਂਡ ਦੀ ਪਾਰਲੀਮੈਂਟ ਦੇ ਕੋਲ ਹੀ ਇੱਕ ਜਮੀਨਦੋਜ਼ ਰੇਲਵੇ ਸਟੇਸ਼ਨ ਤੇ ਇੱਕ ਮੁੰਡਾ ਅਕਸਰ ਹੀ ਗੱਡਿਓਂ ਉੱਤਰਦੇ ਪ੍ਰਧਾਨ ਮੰਤਰੀ ਟੋਨੀ-ਬਲੇਅਰ ਦੇ ਬੂਟ ਪੋਲਿਸ਼ ਕਰਿਆ ਕਰਦਾ ਸੀ..ਅਗਲੀ ਵਾਰੀ ਗੋਰਡਨ ਬ੍ਰਾਉਨ ਪ੍ਰਧਾਨ ਮੰਤਰੀ ਬਣ ਗਿਆ..ਤੇ ਉਸਨੇ ਪਾਲਿਸ਼ ਕਰਾਉਣੀ ਬੰਦ ਕਰ ਦਿੱਤੀ..
ਨਰਾਜ ਹੋਏ ਉਸ ਮੁੰਡੇ ਨੇ ਇੱਕ ਹੋਰ ਐੱਮ.ਪੀ ਨੂੰ ਉਲਾਹਮਾਂ ਦਿੱਤਾ ਕੇ ਗੋਰਡਨ ਬ੍ਰਾਉਨ (ਪ੍ਰਧਾਨ ਮੰਤਰੀ) ਨੂੰ ਆਖੀਂ ਕੇ ਉਹ ਮੈਥੋਂ ਪੋਲਿਸ਼ ਕਿਓਂ ਨਹੀਂ ਕਰਾਉਂਦਾ..?
ਉਸਨੇ ਹੂ-ਬਹੂ ਓਹੀ ਸੁਨੇਹਾ ਪ੍ਰਧਾਨ ਮੰਤਰੀ ਨੂੰ ਦੇ ਦਿੱਤਾ..ਗੋਰਡਨ ਅਗਿਓਂ ਹੱਸਿਆ ਤੇ ਆਖਣ ਲੱਗਾ ਕੇ ਦੋਸਤਾ ਮੈਂ ਪਿਛਲੇ ਚਾਲੀਆਂ ਸਾਲਾਂ ਆਪਣੇ ਬੂਟ ਖੁਦ ਆਪ ਪੋਲਿਸ਼ ਕਰ ਰਿਹਾ ਹਾਂ!
ਇੱਕ ਪਾਕਿਸਤਾਨੀ ਪੱਤਰ ਪ੍ਰੇਰਕ ਨੇ ਓਸੇ ਐਮ ਪੀ ਨੂੰ ਇੱਕ ਵੇਰ ਪੁੱਛ ਲਿਆ ਕੇ ਪਾਕਿਸਤਾਨ ਤਰੱਕੀ ਕਿੱਦਾਂ ਕਰ ਸਕਦਾ..?
ਅਗਿਓਂ ਆਖਣ ਲੱਗਾ ਕੇ ਭਾਈ ਤਰੱਕੀ ਇੱਕ ਐਸਾ ਪੰਛੀ ਏ ਜਿਹੜਾ ਕਦੀ ਵੀ ਓਹਨਾ ਮੁਲਖਾਂ ਜਾਂ ਲੋਕਾਂ ਵੱਲ ਮੂੰਹ ਨਹੀਂ ਕਰਦਾ ਜਿਹੜੇ ਆਪਣੀ ਜੁੱਤੀ ਖੁਦ ਪਾਲਿਸ਼ ਤਾਂ ਕੀ ਕਰਨੀ ਏ ਓਹਨਾ ਦੇ ਤਸਮੇਂ ਤੱਕ ਨੌਕਰਾਂ ਤੋਂ ਬਨਵ੍ਹਾਉਂਦੇ ਨੇ..!
ਇਹ ਤਾਂ ਸੀ ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ..ਆਓ ਹੁਣ ਖੁਦ ਨਾਲ ਵਾਪਰੀ ਸਾਂਝੀ ਕਰਦਾ ਹਾਂ..
ਪੰਦਰਾਂ ਵਿਚ ਪਿਤਾ ਜੀ ਪੂਰੇ ਹੋਏ ਤਾਂ ਇੱਕ ਦਿਨ ਅਮ੍ਰਿਤਸਰ ਰਣਜੀਤ ਐਵੇਨਿਊ ਵਾਲੇ ਘਰ ਦੇ ਬਾਹਰ ਓਹਨਾ ਵੱਲੋਂ ਲਾਏ ਕੁਝ ਅਮਰੂਦਾਂ ਦੇ ਬੂਟਿਆਂ ਥੱਲਿਓਂ ਸਾਫ ਸਫਾਈ ਕਰਨ ਲੱਗ ਪਿਆ..ਕੋਲੋਂ ਲੰਘਦੇ ਆਖਣ ਲੱਗੇ ਕੇ ਭਈਏ ਨੂੰ ਸੌ ਦੇ ਦੇਣੇ ਸੀ..ਵਧੀਆ ਸਫਾਈ ਕਰ ਦੇਣੀ ਸੀ..ਬਾਹਰੋਂ ਆਏ ਇੰਝ ਕੰਮ ਕਰਦੇ ਚੰਗੇ ਥੋੜੇ ਲੱਗਦੇ..”
ਅਮ੍ਰਿਤਸਰ ਹਾਲ ਬਜਾਰ ਵਿਚ ਪਾਰਕਿੰਗ ਦੀ ਵੱਡੀ ਮੁਸ਼ਕਲ ਹੈ..ਓਥੇ ਐਕਟਿਵਾ ਲੈ ਗਿਆ..ਵੈਸੇ ਵੀ ਵਧੀਆ ਲੱਗਦਾ ਚਲਾਉਣਾ..ਇੱਕ ਪੂਰਾਣਾ ਬੇਲੀ ਮਿਲ ਪਿਆ..ਕਹਿੰਦਾ ਅਮ੍ਰਿਤਸਰ ਨੌਕਰੀ ਕਰਿਆ ਕਰਦਾ ਸੈਂ ਤਾਂ ਕਾਰ ਤੇ ਹੁਣ ਕਨੇਡਾ ਤੋਂ ਆ ਕੇ ਐਕਟਿਵਾ..ਲੋਕ ਉਤਾਂਹ ਨੂੰ ਜਾਂਦੇ ਤੇ ਤੂੰ ਹੇਠਾਂ ਆ ਗਿਆ..ਕਨੇਡਾ ਟਿੰਮ-ਹੋਰਟਨ ਤੇ ਕੌਫੀ ਲਈ ਆਮ ਲੋਕਾਂ ਵਾਂਙ ਲਾਈਨ ਵਿਚ ਲੱਗਾ ਕਨੇਡੀਅਨ ਮੁਖ ਮੰਤਰੀ ਚੇਤੇ ਆ ਗਿਆ..ਫੇਰ ਤਰਸ ਆਇਆ..ਇੱਕ ਐਸੀ ਸੋਚ ਤੇ ਇੱਕ ਐਸੀ ਮਾਨਸਿਕਤਾ ਤੇ ਜਿਹੜੀ ਮਹਿੰਗੀ ਕਾਰ ਤੋਂ ਉਤਰਨ ਵਾਲੇ ਨੂੰ ਹਰੇਕ ਬੰਦੇ ਨੂੰ ਸਲਾਮ ਠੋਕਦੀ ਏ ਤੇ ਸਾਈਕਲ ਤੇ ਚੜੇ ਜਾਂਦੇ ਹਮਾਤੜ ਨੂੰ ਘਟੀਆ ਗਿਣਦੀ ਏ..ਪਦਾਰਥਵਾਦ ਨੇ ਇੱਕ ਐਸਾ ਮਾਹੌਲ ਸਿਰਜ ਦਿੱਤਾ ਹੈ ਕੇ ਆਪਣੇ ਤੋਂ ਹਰ ਛੋਟੇ ਤੇ ਸਸਤੇ ਵਹੀਕਲ ਤੇ ਤੁਰਿਆ ਜਾਂਦਾ ਬੰਦਾ ਕੀੜਾ ਮਕੌੜਾ ਲੱਗਦਾ..
ਦਿਖਾਵੇ...

ਦੇ ਮੱਕੜ ਜਾਲ ਵਿਚ ਬੁਰੀ ਤਰਾਂ ਉਲਝ ਗਏ ਇੱਕ ਭੈਣ ਭਰਾ ਨੇ ਵੱਡੇ ਘਰ ਦੇ ਇੱਕ ਵਿਆਹ ਤੇ ਜਾਣੋ ਸਿਰਫ ਇਸ ਲਈ ਨਾਂਹ ਕਰ ਦਿੱਤੀ ਕਿਓੰਕੇ ਓਹਨਾ ਕੋਲ ਕਾਰ ਆਮ ਬਰੈਂਡ ਦੀ ਸੀ..ਮਜਬੂਰ ਬਾਪ ਨੂੰ ਖੜੇ ਪੈਰ ਲਿੰਮੋਜੀਨ ਕਿਰਾਏ ਤੇ ਲੈ ਕੇ ਦੇਣੀ ਪਈ..
ਚਕਾ-ਚੌਂਦ ਵਾਲੀ ਐਨਕ ਲਾਈ ਦੋਹਾ ਨੂੰ ਪਿਓ ਦੇ ਨਹੁੰਆਂ ਵਿਚ ਫਸੀ ਗ੍ਰੀਸ ਵੀ ਨਾ ਦਿੱਸੀ..ਥੋੜ ਚਿੜੀ ਬੱਲੇ ਬੱਲੇ ਵਾਲਾ ਬੇਰਹਿਮ ਕੀੜਾ ਅਕਸਰ ਹੀ ਆਪਣੇ ਸ਼ਿਕਾਰ ਨੂੰ ਪਹਿਲੋਂ ਆਪਣੀ ਲੱਤ ਹੇਠਾਂ ਦੀ ਲੰਘਾਉਂਦਾ ਏ ਤੇ ਫੇਰ ਕਰਜੇ ਦੀ ਪੰਡ ਹੇਠ ਦੇ ਕੇ ਸਦਾ ਲਈ ਖਤਮ ਕਰ ਦਿੰਦਾ ਏ!
ਪੂਰਤਗਾਲ ਦੀ ਰਾਜਧਾਨੀ ਲਿਸਬਨ ਵਿਚ ਹੋਟਲ ਵਿਚ ਕੰਮ ਕਰਦੇ ਇੱਕ ਆਪਣੇ ਵੀਰ ਨੇ ਇਨਬਾਕਸ ਕਰਕੇ ਦੱਸਿਆ ਕੇ ਪੰਜਾਹ ਬੰਦਿਆਂ ਦਾ ਗਰੁੱਪ ਆਮ ਲੋਕਾਂ ਵਾਂਙ ਆਇਆ..ਰੋਟੀ ਖਾਂਦੀ ਤੇ ਬਿੱਲ ਦੇ ਕੇ ਚਲਾ ਗਿਆ..ਮਗਰੋਂ ਪਤਾ ਲੱਗਾ ਕੇ ਸਾਰੇ ਹੀ ਮੈਂਬਰ ਪਾਰਲੀਮੇਂਟ ਅਤੇ ਮੰਤਰੀ ਸਨ..!
ਵਿੰਨੀਪੈਗ ਇੱਕ ਟੈਕਸੀ ਵਾਲਾ ਵੀਰ..ਇੱਕ ਗੋਰੇ ਨੂੰ ਕਿੰਨੇ ਦਿਨ ਸ਼ਹਿਰ ਘੁਮਾਉਂਦਾ ਰਿਹਾ..ਮੁੜ ਏਅਰਪੋਰਟ ਤੇ ਛੱਡਿਆ ਤੇ ਆਪਣਾ ਕਾਰਡ ਦੇ ਕੇ ਆਖਣ ਲੱਗਾ ਕੇ ਮੈਨੂੰ ਫਲਾਣੇ ਦਿਨ ਏਨੇ ਵਜੇ ਫੇਰ ਚੁੱਕ ਲਵੀਂ..ਕਾਰਡ ਗਹੁ ਨਾਲ ਦੇਖਿਆ ਤਾਂ ਫ਼ੇਡਰਲ ਗੌਰਮੈਂਟ ਦਾ ਡਿਪਟੀ-ਫਾਇਨੈਂਸ ਮੰਤਰੀ ਸੀ!
ਦੋਸਤੋ ਜਾਂਦੇ ਜਾਂਦੇ ਇੱਕ ਕਹਾਣੀ ਹੋਰ..
ਇੱਕ ਬੀਬੀ ਏਦਾਂ ਹੀ ਹਰ ਵੇਲੇ ਕੁਝ ਨਾ ਕੁਝ ਲਿਖਦੇ ਰਹਿੰਦੇ ਇੱਕ ਲੇਖਕ ਕੋਲ ਗਈ ਤੇ ਆਖਣ ਲੱਗੀ ਪੁੱਤ ਏਨੇ ਚਿਰਾਂ ਤੋਂ ਵਰਕੇ ਕਾਲੇ ਕਰੀਂ ਜਾਂਦਾਂ ਏ..ਜਮਾਨੇ ਨੂੰ ਤੇ ਕੋਈ ਫਰਕ ਨਹੀਂ ਪਿਆ..ਬੰਦ ਕਿਓਂ ਨਹੀਂ ਕਰ ਦਿੰਨਾ ਇਹ ਕੰਮ?
ਅੱਗੋਂ ਆਖਣ ਲੱਗਾ ਬੀਜੀ ਤੂੰ ਵੀ ਤੇ ਰੋਜ ਸ਼ਾਹ ਵੇਲੇ ਉੱਠ ਗੰਦੇ ਵੇਹੜੇ ਵਿਚ ਬਹੁਕਰ ਫੇਰਦੀ ਏ..ਅਗਲੇ ਦਿਨ ਫੇਰ ਉਨਾਂ ਹੀ ਕੂੜਾ ਕਠ੍ਹਾ ਹੋਇਆ ਹੁੰਦਾ ਏ..ਫੇਰ ਹੂੰਝਦੀ ਏ ਤੇ ਫੇਰ ਗੰਦ ਪੈ ਜਾਂਦਾ..ਜਿੱਦਣ ਤੂੰ ਹੂੰਝਣਾ ਬੰਦ ਕਰ ਦੇਵੇਂਗੀ ਮੈਂ ਵੀ ਆਪਣੀ ਕਲਮ ਨੂੰ ਦਵਾਤ ਵਿਚ ਡੋਬਣ ਤੋਂ ਤੋਬਾ ਕਰ ਲੂਂ”
ਫੋਟੋ ਵਿਚਲਾ ਬਜ਼ੁਰਗ ਚੁਰੱਨਵੇਂ ਵਰ੍ਹਿਆਂ ਦਾ ਸਾਬਕ ਅਮਰੀਕੀ ਰਾਸ਼ਟਰਪਤੀ ਜਿੰਮੀ-ਕਾਰਟਰ ਏ ਜਿਹੜਾ ਇਸ ਉਮਰੇ ਬੇਘਰਿਆਂ ਨੂੰ ਮੁਫ਼ਤ ਘਰ ਬਣਾ ਕੇ ਦਿੰਦਾ ਏ!
Harpreet Singh Jawanda

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)