More Punjabi Kahaniya  Posts
ਚੋਰੀ ਨਾ ਕਰਨ ਦੀ ਹਿਦਾਇਤ


ਤਿੰਨ ਦਿਨ ਤੋਂ ਬਾਹਰ ਫੁੱਲਵਾੜੀ ਵਿਚੋਂ ਫੁੱਲ ਗਾਇਬ ਹੋ ਰਹੇ ਸਨ..ਪਹਿਲੋਂ ਸੋਚਿਆ ਗਵਾਂਢੀਆਂ ਦੇ ਪਾਲਤੂ ਖਰਗੋਸ਼ ਹੋਣਗੇ ਪਰ ਏਨੇ ਉਚੇ ਕਿੱਦਾਂ ਚੜ ਸਕਦੇ ਨੇ..ਪੱਕਾ ਕਿਸੇ ਬੰਦੇ ਦਾ ਕੰਮ ਏ..ਬੜਾ ਹੀ ਜਿਆਦਾ ਗੁੱਸਾ ਆਇਆ..!
ਓਸੇ ਵੇਲੇ ਅੰਦਰ ਆ ਕੇ ਕੈਮਰੇ ਚੈਕ ਕੀਤੇ..ਹੌਲੀ ਜਿਹੀ ਉਮਰ ਦਾ ਮੁੰਡਾ..ਗਲ਼ ਚਿੱਟੇ ਰੰਗ ਦੀ ਕਮੀਜ..ਮੋਢੇ ਤੇ ਝੋਲਾ..ਤੜਕੇ ਮੂੰਹ ਹਨੇਰੇ ਆਉਂਦਾ ਤੇ ਕੰਡਿਆਲੀ ਤਾਰ ਅੰਦਰ ਹੱਥ ਪਾ ਸਭ ਕੁਝ ਤੋੜ ਕੇ ਲੈ ਜਾਂਦਾ..ਮੇਰੇ ਅੰਦਰ ਭਾਂਬੜ ਬਲਣ ਲੱਗੇ!
ਅਗਲੇ ਦਿਨ ਤੜਕੇ ਉੱਠ ਚੁੱਲੇ ਤੇ ਚਾਹ ਧਰ ਲਈ ਤੇ ਨਾਲ ਨਾਲ ਬਾਰੀ ਵਿਚੋਂ ਬਾਹਰ ਵੇਖ ਉਸਨੂੰ ਉਡੀਕਣ ਲੱਗੀ..ਉਹ ਮਿੱਥੇ ਟਾਈਮ ਤੇ ਆਇਆ ਤੇ ਬਿਨਾ ਅੰਦਰ ਵੇਖੇ ਹੀ ਆਪਣੇ ਕੰਮ ਤੇ ਲੱਗ ਗਿਆ..!
ਭੱਜ ਕੇ ਬਾਹਰ ਗਈ..ਬਤੌਰ ਅਧਿਆਪਕ ਚੰਗੀ ਤਰਾਂ ਜਾਣਦੀ ਸਾਂ ਕੇ ਹੁਣ ਕਿਹੜੇ ਕਿਹੜੇ ਬਹਾਨੇ ਲਾਵੇਗਾ..ਦੱਬੇ ਪੈਰੀਂ ਬਿਨਾ ਕੁਝ ਆਖੇ ਉਸਦੇ ਕੋਲ ਜਾ ਖਲੋਤੀ..ਉਸਨੇਂ ਬਿੰਦ ਕੂ ਲਈ ਮੇਰੇ ਵੱਲ ਵੇਖਿਆ ਤੇ ਫੇਰ ਆਖਣ ਲੱਗਾ ਤਾਜੇ ਫੁੱਲਾਂ ਦੀ ਮਾਲਾ ਲਵੋਗੇ?
ਉਸਦੀ ਬੇਬਾਕੀ ਤੇ ਹੈਰਾਨ ਸਾਂ..ਮੇਰੇ ਹੀ ਚੀਜ ਚੋਰੀ ਕਰ ਮੈਨੂੰ ਵੇਚ ਰਿਹਾ ਸੀ..ਫੇਰ ਵੀ ਪੁੱਛ ਲਿਆ ਕਿੰਨੇ ਦੀ?
ਆਖਣ ਲੱਗਾ ਬਾਕੀਆਂ ਨੂੰ ਪੰਜਾਹਾਂ ਦੀ ਪਰ ਤੁਹਾਨੂੰ ਵੀਹਾਂ ਦੀ..ਪੁੱਛਿਆ ਮੈਨੂੰ ਤੀਹ ਰੁਪਈਏ ਸਸਤੀ ਕਿਓਂ?
ਆਖਣ ਲੱਗਾ ਜੀ ਤੁਹਾਡੇ ਹੀ ਫੁਲ ਤੋੜ ਕੇ...

ਜੂ ਬਣਾਈ ਏ..!
ਪਤਾ ਨਹੀਂ ਇਹ ਇਮਾਨਦਾਰੀ ਸੀ ਬੇਬਾਕੀ ਸੀ ਕੇ ਢੀਠਤਾਈ ਜਾਂ ਬੇਪਰਵਾਹੀ..ਵਜੂਦ ਤੇ ਓਸੇ ਵੇਲੇ ਇੱਕ ਅਧਿਆਪਕ ਭਾਰੂ ਹੋ ਗਿਆ ਤੇ ਚੇਤਾਵਨੀ ਦਿੰਦਿਆਂ ਆਖ ਦਿੱਤਾ ਅੱਗੇ ਤੋਂ ਮੇਰੇ ਪੁੱਛੇ ਬਗੈਰ ਨਹੀਂ ਤੋੜਨੇ..!
ਉਸਨੇ ਬਿੰਦ ਕੂ ਲਈ ਕੁਝ ਸੋਚਿਆ ਤੇ ਮੁੜ ਆਖਣ ਲੱਗਾ ਜੀ ਨਹੀਂ ਤੋੜਦਾ..ਅੰਦਰੋਂ ਅੰਦਰ ਸੋਚ ਰਹੀ ਸਾਂ ਹੁਣ ਅੱਗਿਓਂ ਜਰੂਰ ਸਫਾਈਆਂ ਦੇਵੇਗਾ..ਮੇਰਾ ਮਾਂ ਪਿਓ ਹੈਨੀ..ਪਿਓ ਨਸ਼ੇ ਕਰਦਾ..ਫੀਸ ਜੋਗੇ ਪੈਸੇ ਹੈਨੀ..ਨਿੱਕੇ ਭੈਣ ਭਰਾ ਵਗੈਰਾ ਵਗੈਰਾ ਪਰ ਉਸ ਨੇ ਇੰਝ ਦਾ ਕੁਝ ਵੀ ਨਹੀਂ ਆਖਿਆ..ਸਗੋਂ ਚੁੱਪ ਚਾਪ ਓਥੋਂ ਚਲਾ ਗਿਆ..!
ਉਸ ਦਿਨ ਮਗਰੋਂ ਫੇਰ ਨਾ ਤੇ ਕਦੀ ਕਿਸੇ ਨੇ ਫੁਲ ਹੀ ਤੋੜੇ ਤੇ ਨਾ ਹੀ ਚਿੱਟੇ ਰੰਗ ਦੀ ਕਮੀਜ ਵਾਲਾ ਕੋਈ ਮੁੰਡਾ ਹੀ ਕੈਮਰੇ ਵਿਚ ਕੈਦ ਹੋਇਆ..!
ਮਗਰੋਂ ਜਦੋਂ ਕਦੇ ਵੀ ਰਸੋਈ ਦੀ ਬਾਰੀ ਕੋਲ ਖਲੋ ਫੁੱਲਵਾੜੀ ਵੱਲ ਵੇਖਦੀ ਤਾਂ ਪਤਾ ਨਹੀਂ ਕਿਓਂ ਅੱਖਾਂ ਵਿਚ ਨਮੀ ਜਿਹੀ ਆ ਜਾਇਆ ਕਰਦੀ..ਜਿੰਦਗੀ ਵਿੱਚ ਪਹਿਲੀ ਵੇਰ ਕਿਸੇ ਨੂੰ ਚੋਰੀ ਨਾ ਕਰਨ ਦੀ ਹਿਦਾਇਤ ਦੇ ਕੇ ਪਛਤਾ ਰਹੀ ਸਾਂ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)