“ਦਾਜ” ਸਮਾਜਿਕ ਦਿਖਾਵਾ
“ਅਰੋੜਾ ਸਾਹਿਬ, ਸਾਨੂੰ ਤੁਹਾਡੀ ਬੇਟੀ ਪਸੰਦ ਹੈ!”
“ਭਾਈ ਸਾਹਿਬ! ਸਾਡੀ ਬੇਟੀ ਸੋਹਣੀ ਤੇ ਪੜੀ-ਲਿਖੀ ਹੋਣ ਦੇ ਨਾਲ ਘਰ ਦੇ ਕੰਮਾਂ ‘ਚ ਵੀ ਪੂਰੀ ਨਿਪੁਣ ਹੈ।”
“ਭੈਣ ਜੀ! ਓਹ ਤਾਂ ਬੇਟੀ ਨੂੰ ਵੇਖ ਕੇ ਹੀ ਪਤਾ ਲੱਗਦਾ ਹੈ…. ਸਾਡਾ ਵੀ ਇਕਲੌਤਾ ਪੁੱਤਰ ਹੈ!”
“ਭਾਈ ਸਾਹਿਬ! ਹੋਰ ਕੋਈ ਗੱਲਬਾਤ, ਕੋਈ ਡਿਮਾਂਡ!”
“ਸਾਡੀ ਕੋਈ ਡਿਮਾਂਡ ਨਹੀਂ…. ਬਾਕੀ ਦਾਜ ਦੇ ਤਾਂ ਮੈਂ ਪਹਿਲੇ ਦਿਨੋਂ ਹੀ ਸਖਤ ਖਿਲਾਫ਼ ਹਾਂ…. ਬਸ!”
“ਬਸ! ਫੇਰ ਕੀ…. ਭਾਈ ਸਾਹਿਬ! ਜੇ ਕੋਈ ਗੱਲ ਹੈ ਤਾਂ ਖੁੱਲ ਕੇ ਦਸੋ!”
“ਬਸ! ਏਹੀ ਕਿ ਰਿਸ਼ਤੇਦਾਰਾਂ ਤੇ ਸਮਾਜ ਨੂੰ ਵਿਖਾਉਣ ਲਈ ਦਿਖਾਵਾ ਕਰਨਾ ਪੈਂਦਾ ਹੈ, ਨਹੀਂ ਤਾਂ ਬਾਅਦ ‘ਚ ਤਾਅਨੇ ਸੁਣਨੇ ਪੈਂਦੇ ਨੇ!”
“ਤਾਅਨੇ, ਓਹ ਕਿਸ ਲਈ?”
“ਏਹੀ ਕਿ ਮੁੰਡੇ ਜਾ ਪਰਿਵਾਰ ‘ਚ ਕੋਈ ਕਮੀ ਹੌਣੀ ਏ ਤਾਂ ਹੀ ਨੂੰਹ ਵਿਆਹ ‘ਚ ਕੁਝ ਨਹੀਂ ਲਿਆਈ! ”
“ਭਾਈ ਸਾਹਿਬ! ਜਿਸ ਨੇ ਧੀ ਦੇ ਦਿੱਤੀ ਓਸ ਨੇ ਸਭ ਦੇ ਦਿੱਤਾ… ਬਾਕੀ ਸਮਾਜ ਤੇ ਲੋਕਾਂ ਦਾ ਮੂੰਹ...
ਅੱਜ ਤਕ ਕਿਸ ਨੇ ਫੜਿਆ ਹੈ…ਭਲਾਂ!”
“ਗੱਲ ਤਾਂ ਤੁਹਾਡੀ ਠੀਕ ਏ! ਪਰ ਸ਼ਗਨ ‘ਚ ਮੋਟਰ ਸਾਇਕਲ ਤੇ ਇੱਕ ਲੱਖ ਰੁਪਏ ਨਗਦ ਤਾਂ ਦਿਖਾਉਣੇ ਹੀ ਪੈਣੇ ਹਨ!”
“ਪਰ, ਭਾਈ ਸਾਹਿਬ!!!”
“ਬਾਕੀ ਨਿੱਕ ਸੁਕ…. ਗਹਿਣਾ ਗੱਟਾ ਤੇ ਕੱਪੜਾ-ਲੀੜਾ ਵਿਆਹ ਵੇਲੇ ਦੇ ਦੇਣਾ ! ….ਅਸੀਂ ਫੇਰ ਰਿਸ਼ਤਾ ਪੱਕਾ ਸਮਝੀਏ?”
“ਰਿਸ਼ਤਾ ਜਾ ਨਿਲਾਮੀ?”
“ਬੇਟੀ! ਤੂੰ ਏਹ ਕੀ ਕਹਿ ਰਹੀਂ ਹੈਂ?”
“ਠੀਕ ਤਾਂ ਕਹਿ ਰਹੀ ਹਾਂ… ਤੁਸੀ ਦਾਜ ਨੂੰ ਸਮਾਜਿਕ ਮਰਿਆਦਾ ਦਾ ਚੋਲਾ ਪਹਿਨਾ ਰਹੇ ਹੋ….ਕੀ ਕਦੇ ਕੋਈ ਪਿਤਾ ਆਪਣੀ ਬੇਟੀ ਦੇ ਪਾਲਣ ਪੋਸ਼ਣ ਲਈ ਪੈਸਾ ਮੰਗਦਾ ਹੈ…? ਜੋ ਬੇਟੀ ਨੂੰ ਬੇਟੀ ਹੋਣ ਦਾ ਸਨਮਾਨ ਨਹੀਂ ਦੇ ਸਕਦਾ, ਅਜਿਹੇ ਘਰ ‘ਚ ਮੈਂ ਨੂੰਹ ਬਣ ਕੇ ਨਹੀਂ ਜਾਣਾ … ਤੁਸੀਂ ਜਾ ਸਕਦੇ ਹੋ!!”
ਵਰਿੰਦਰ ਬਜਾਜ ਮਲੋਟ….✍️