ਨਿੱਕੀ ਜਿਹੀ ਨੂੰ ਜਨਮ ਦਿੰਦਿਆਂ ਹੀ ਉਸਦੀ ਨਾਲਦੀ ਚੱਲ ਵੱਸੀ..
ਮੌਤ ਦੀ ਜੁੰਮੇਵਾਰ ਨਿੱਕੀ ਜਿਹੀ ਨੂੰ ਮੰਨਦਿਆਂ ਉਸਨੇ ਉਸਨੂੰ ਹੱਥ ਤਾਂ ਕੀ ਲਾਉਣਾ ਸੀ..ਇੱਕ ਵਾਰ ਤੱਕਿਆ ਤੱਕ ਨਹੀਂ..!
ਮਲੂਕ ਜਿਹਾ ਸਰੀਰ..ਨਾਜ਼ੁਕ ਉਂਗਲਾਂ..ਜੱਗਦੀਆਂ ਹੋਈਆਂ ਅੱਖਾਂ ਅਤੇ ਉਸਦਾ ਮਾਸੂਮ ਜਿਹਾ ਵਜੂਦ ਵੀ ਉਸਦੇ ਪੱਥਰ ਦਿਲ ਨੂੰ ਨਾ ਪਿਘਲਾ ਸਕਿਆ!
ਦੋ ਚਾਰ ਮਹੀਨੇ ਰਿਸ਼ਤੇਦਾਰਾਂ ਨੇ ਸਾਂਭ ਲਿਆ ਪਰ ਹਮਦਰਦੀ ਦਾ ਦਰਿਆ ਸੁੱਕਦਿਆਂ ਹੀ ਉਹ ਸਾਰੇ ਉਸਨੂੰ ਵਾਪਿਸ ਉਸਦੀ ਝੋਲੀ ਵਿਚ ਪਾ ਦੁਨੀਆਦਾਰੀ ਦੇ ਕਾਰ ਵਿਹਾਰਾਂ ਵਿਚ ਗੁਆਚ ਗਏ!
ਹੁਣ ਨਿੱਕੀ ਜਿਹੀ ਦਾ ਅਕਸਰ ਹੀ ਭੁੱਖ ਨਾਲ ਰੋ ਰੋ ਕੇ ਬੁਰਾ ਹਾਲ ਹੋਇਆ ਕਰਦਾ..
ਉਸਦੇ ਰੋਣੇ ਤੋਂ ਤੰਗ ਆਇਆ ਉਹ ਕਈ ਵਾਰ ਸੋਚਦਾ ਕੇ ਉਸਨੂੰ ਚਪੇੜ ਮਾਰ ਚੁੱਪ ਕਰਵਾ ਦੇਵੇ..ਪਰ ਪਤਾ ਨੀ ਫੇਰ ਦਿਲ ਵਿਚ ਕੀ ਆਉਂਦਾ..ਰਸੋਈ ਵਿਚੋਂ ਕੋਸੇ ਦੁੱਧ ਦੀ ਬੋਤਲ ਲਿਆ ਉਸਦੇ ਮੂੰਹ ਨੂੰ ਲਾ ਦਿਆ ਕਰਦਾ..ਉਹ ਚੁੱਪ ਕਰ ਜਾਇਆ ਕਰਦੀ..ਹੌਲੀ ਹੌਲੀ ਉਸਨੂੰ ਉਸਦੀਆਂ ਆਦਤਾਂ ਦੀ ਸਮਝ ਆਉਣੀ ਸ਼ੁਰੂ ਹੋ ਗਈ..!
ਉਸਦੀ ਝੋਲੀ ਵਿਚ ਲੰਮੀ ਪੈ ਇੰਝ ਦੁੱਧ ਪੀ ਰਹੀ ਹੁੰਦੀ ਜਿੱਦਾਂ ਜਨਮ ਜਨਮ ਦੀ ਭੁੱਖੀ ਹੋਵੇ..ਉਹ ਜਦੋਂ ਵੀ ਨਿੱਕੀ ਜਿਹੀ ਦੇ ਕੋਮਲ ਅੰਗਾਂ ਨੂੰ ਪਲੋਸਦਾ ਤਾਂ ਤ੍ਰਭਕ ਉਠਿਆ ਕਰਦਾ..ਲੂ-ਕੰਢੇ ਖੜੇ ਹੋ ਜਾਂਦੇ..ਬੋਤਲ ਵਿਚੋਂ ਦੁੱਧ ਚੁੰਘਦੀ ਹੋਈ ਅਕਸਰ ਹੀ ਅਜੀਬ ਤਰਾਂ ਦੀਆਂ ਹਰਕਤਾਂ ਕਰਦੀ..ਕਿੰਨੀਆਂ ਸਾਰੀਆਂ ਅਵਾਜਾਂ ਕੱਢਦੀ..ਇਹ ਸਭ ਕੁਝ ਵੇਖ ਉਸਦਾ ਕੱਲੇ ਬੈਠੇ ਦਾ ਹਾਸਾ ਨਿੱਕਲ ਜਾਇਆ ਕਰਦਾ..!
ਇੱਕ ਦਿਨ ਏਦਾਂ ਹੀ ਕੱਲਾ ਬੈਠਾ ਦੁੱਧ ਪਿਆ ਰਿਹਾ ਸੀ ਕੇ ਕੱਛੀ ਗਿੱਲੀ ਹੋ ਗਈ..ਉਸਨੂੰ ਫੇਰ ਗੁੱਸਾ ਚੜ੍ਹ ਗਿਆ..ਪਰ ਫੇਰ ਪਤਾ ਨੀ ਕੀ ਹੋਇਆ..ਓਸੇ ਵੇਲੇ ਕੱਪੜਾ ਗਿੱਲਾ ਕਰ ਉਸਨੂੰ ਸਾਫ ਕਰਨ ਵਿਚ ਰੁੱਝ ਗਿਆ..!
ਫੇਰ ਜਦੋਂ ਉਸਨੇ ਨਿੱਕੀ ਜਿਹੀ ਨੂੰ ਤਲੀ ਤੇ ਟਿਕਾ ਕੋਸੇ ਪਾਣੀ ਦੀ ਧਾਰ ਹੇਠ ਕੀਤਾ ਤਾਂ ਉਹ ਸੁੰਗੜ ਜਿਹੀ ਗਈ ਤੇ ਨਾਲ ਹੀ ਉਸਨੇ ਉਸਦੀ ਉਂਗਲ ਵੀ ਘੁੱਟ ਕੇ ਫੜ ਲਈ..!
ਫੇਰ ਜਦੋਂ...
ਉਸਨੂੰ ਟੱਬ ਦੇ ਪਾਣੀ ਵਿਚ ਰੱਖੇ ਨਿੱਕੀ ਜਿਹੇ ਸਟੈਂਡ ਦੇ ਟਿਕਾਇਆ ਤਾਂ ਉਹ ਦੂਜੇ ਪਾਸੇ ਵੱਲ ਨੂੰ ਉੱਲਰ ਗਈ..ਦੁਬਾਰਾ ਸਿੱਧੀ ਕੀਤੀ ਤਾਂ ਦੂਜੇ ਪਾਸੇ ਉਲਟ ਗਈ..ਉਸਨੂੰ ਇੰਝ ਲੱਗਾ ਜਿਦਾਂ ਉਹ ਜਾਣ ਬੁਝ ਕੇ ਹੀ ਉਸਦੇ ਸਬਰ ਦਾ ਇਮਤਿਹਾਨ ਲੈ ਰਹੀ ਹੋਵੇ..!
ਪਰ ਉਸਨੇ ਅਚਾਨਕ ਕੀ ਦੇਖਿਆ ਕੇ ਹੁਣ ਉਹ ਰੋ ਨਹੀਂ ਸੀ ਰਹੀ ਸਗੋਂ ਪਵਣੁ ਗੁਰੂ ਪਾਣੀ ਪਿਤਾ ਅਤੇ ਬਾਪ ਦੇ ਹੱਥਾਂ ਦੀ ਛੋਹ..ਇਹ ਦੋਵੇਂ ਚੀਜਾਂ ਦਾ ਇਹਸਾਸ ਉਸਨੂੰ ਕਿਸੇ ਅਨੰਦਮਈ ਅਵਸਥਾ ਵਿਚ ਲੈ ਗਈਆਂ ਸਨ..!
ਫੇਰ ਨਿੱਕੀਆਂ ਬਾਹਾਂ ਫੈਲਾ ਕੇ ਇੱਕ ਨਿੱਕੀ ਜਿਹੀ ਆਕੜ ਲਈ ਤੇ ਨਾਲ ਹੀ ਉਸ ਵੱਲ ਇੱਕ ਮਿੱਠੀ ਜਿਹੀ ਮੁਸਕੁਰਾਹਟ ਬਖੇਰ ਦਿੱਤੀ..ਸ਼ਾਇਦ ਕਿਸੇ ਚੀਜ ਦਾ ਧੰਨਵਾਦ ਕਰ ਰਹੀ ਹੋਵੇ..!
ਫੇਰ ਉਸਨੇ ਉਸਦੀਆਂ ਬੰਦ ਅੱਖਾਂ ਦੁਆਲੇ ਸਾਬਣ ਮਲਿਆ ਅਤੇ ਬਾਕੀ ਸਰੀਰ ਤੇ ਬੜੇ ਹੀ ਧਿਆਨ ਨਾਲ ਸ਼ੈਮਪੂ ਲਗਾ ਕੇ ਉਸਨੂੰ ਫੇਰ ਕੋਸੇ ਪਾਣੀ ਵਿਚ ਡੋਬ ਦਿਤਾ..!
ਫੇਰ ਗਿੱਲਾ ਪਿੰਡਾਂ ਪੂੰਝ ਨਰਮ ਜਿਹੇ ਤੌਲੀਏ ਵਿਚ ਲਪੇਟ ਸੀਨੇ ਨਾਲ ਲਾਈ ਜਦੋਂ ਉਸਨੂੰ ਸੌਣ ਵਾਲੇ ਕਮਰੇ ਵਿਚ ਲਿਜਾ ਰਿਹਾ ਸੀ ਤਾਂ ਨਿੱਕੀ ਜਿਹੀ ਨੇ ਬੜੇ ਹੀ ਪਿਆਰ ਨਾਲ ਇੱਕ “ਕਿਲਕਾਰੀ” ਜਿਹੀ ਮਾਰੀ ਨੇ ਨਾਲ ਹੀ ਮੂਹੋਂ ਕੁਝ ਬੋਲ ਕੱਢੇ..!
ਇਸ ਵਾਰ ਤੇ ਬਸ ਉਸਤੋਂ ਨਾ ਹੀ ਰਿਹਾ ਗਿਆ ਤੇ ਉਹ ਉਸਨੂੰ ਓਸੇ ਤਰਾਂ ਤੌਲੀਏ ਵਿਚ ਲਪੇਟੀ ਹੋਈ ਨੂੰ ਲੈ ਬਾਹਰ ਗਲੀ ਵੱਲ ਨੂੰ ਦੌੜ ਪਿਆ..!
ਕਿਸੇ ਅਜੀਬ ਜਿਹੀ ਖੁਸ਼ੀ ਵਿਚ ਕਮਲਾ ਹੋਇਆ ਹੁਣ ਉਹ ਹਰ ਆਉਂਦੇ ਜਾਂਦੇ ਨੂੰ ਰੋਕ ਰੋਕ ਬੱਸ ਇੱਕੋ ਗੱਲ ਆਖੀ ਜਾ ਰਿਹਾ ਸੀ “ਆ ਵੇਖੋ ਇਸਨੇ ਹੁਣੇ-ਹੁਣੇ ਹੀ ਮੈਨੂੰ ਪਹਿਲੀ ਵੇਰ “ਡੈਡੀ” ਆਖਿਆ..”
ਹਰਪ੍ਰੀਤ ਸਿੰਘ