More Punjabi Kahaniya  Posts
ਦੇਸ਼ ਵੰਡ ਦਾ ਦਰਦ


ਦੇਸ਼ ਵੰਡ ਦਾ ਦਰਦ
ਅਸੀ ਖ਼ਾਲਸਾ ਕਾਲਜ ਚੰਡੀਗੜ੍ਹ ਪੜ੍ਹਦੇ ਸੀ ।ਬਾਦਸ਼ਾਹੀ ਉਮਰ ਸੀ ਬੇਫ਼ਿਕਰੀ ਵਾਲੀ ….ਸਾਡੇ ਦੋ ਤਿੰਨ ਜਮਾਤੀ ਬੜਾ ਸੋਹਣਾ ਗਾਉਂਦੇ ਸੀ …ਹਰ ਰੋਜ਼ ਹੀ ਮਹਿਫ਼ਲ ਸਜ ਜਾਣੀ …ਗੀਤਾਂ ਦਾ ਸਿਲਸਿਲਾ ਸੁਰੂ ਹੋ ਜਾਣਾ …ਸਾਡੇ ਪ੍ਰੋਫੈਸਰ ਸਾਹਿਬਾਨ ਨੇ ਵੀ ਕਈ ਵਾਰ ਆ ਕੇ ਬਹਿ ਜਾਣਾ ਸਾਡੇ ਵਿੱਚ …ਹੌਸਲਾ ਅਫ਼ਜਾਈ ਕਰਨੀ ਕੇ ਵਧੀਆ ਗਾਉਂਦੇ ਹੋ ।
ਜਿਵੇਂ ਜਿਵੇਂ ਕਲਾਸ ਵੱਡੀ ਹੁੰਦੀ ਜਾਂਦੀ ਹੈ ਉਵੇਂ ਉਵੇਂ ਅਧਿਆਪਕ ਵੀ ਨਰਮ ਹੁੰਦੇ ਜਾਂਦੇ ਨੇ ..ਯੂਨੀਵਰਸਿਟੀ ਵਿੱਚ ਤਾਂ ਜਦੋਂ ਅਧਿਆਪਕ “ਤੁਸੀਂ “ ਕਹਿ ਕੇ ਬੁਲਾਉਂਦੇ ਨੇ ਤਾਂ ਬੜਾ ਵਧੀਆ ਜਿਹਾ ਲੱਗਦਾ ।
ਸਾਡਾ ਜਮਾਤੀ ਸੀ ਇੱਕ ਮੁੰਡਾ ਗੁਰਮੁੱਖ… ਬੜਾ ਸੋਹਣਾ ਗਾਉਂਦਾ ਸੀ …ਉੱਚੀ ਹੇਕ ਲਾ ਕੇ ਗਾਉਂਦਾ ਸੀ …ਅਵਾਜ਼ ਨਹੀ ਪਾਟ ਦੀ ਸੀ ਬਿਲਕੁਲ ਉਹਦੀ …ਵਾਰ ਗਾਇਨ ਵਿੱਚ ਕਈ ਵਾਰ ਯੂਨੀਵਰਸਿਟੀ ਗੋਲਡ ਮੈਡਲ ਹਾਸਿਲ ਕਰ ਚੁੱਕਾ ਸੀ ।
ਇੱਕ ਦਿਨ ਦੁਪਹਿਰੇ ਅਸੀਂ ਉਸ ਨੂੰ ਕਿਹਾ ਚੱਲ ਅੱਜ ਹੀਰ ਸੁਣਾ ..ਉਹ ਉੱਚੀ ਅਵਾਜ਼ ਵਿੱਚ ਹੀਰ ਗਾਉਣ ਲੱਗਾ …
ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ ਮੈਨੂੰ ਲੈ ਚੱਲੇ ਬਾਬਲਾਂ ਲੈ ਚੱਲੇ ਵੇ
ਮੈਨੂੰ ਰੱਖ ਲਾ ਬਾਬਲਾ ਹੀਰ ਆਖੇ ਡੋਲੀ ਘੱਤ ਕਹਾਰ ਨੀ ਚੱਲੇ ਵੇ।
………………………
ਜਿੱਥੇ ਅਸੀ ਮਹਿਫ਼ਲ ਲਾਈ ਹੋਈ ਸੀ ਉੱਥੇ ਨੇੜੇ ਹੀ ਕਾਲਜ ਦੀ ਮੈਨਜਮੈਂਟ (ਸਿੱਖ ਐਜੂਕੇਸ਼ਨਲ ਸੁਸਾਇਟੀ) ਦਾ ਦਫ਼ਤਰ ਵੀ ਸੀ ..ਜਿਆਦਾ ਕਰਕੇ ਮੈਨਜਮੈਂਟ ਵਾਲੇ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਨਾਲ ਵਾਲੇ ਦਫ਼ਤਰ ਵਿੱਚ ਹੀ ਬਹਿੰਦੇ ਸਨ ..ਇੱਥੇ ਘੱਟ ਹੀ ਆਉਂਦੇ ਸਨ ..ਸ.ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸਨ ਤੇ ਸਾਬਕਾ ਪ੍ਰਿੰਸੀਪਲ ਭਰਪੂਰ ਸਿੰਘ ਜਨਰਲ ਸੈਕਟਰੀ ਸੀ ।
ਅਸੀ ਜਦੋਂ ਦੇਖਿਆ ਕਿ ਹੱਥ ਵਿੱਚ ਖੂੰਡੀ ਫੜੀ ਪ੍ਰਿੰਸੀਪਲ ਭਰਪੂਰ ਸਿੰਘ ਜੀ ਹੋਲੀ ਹੋਲੀ ਸਾਡੇ ਕਮਰੇ ਵੱਲ ਆ ਰਹੇ ਹਨ ਤਾਂ ਅਸੀ ਗਾਉਣ ਵਾਲੇ ਸਾਥੀ ਨੂੰ ਚੁੱਪ ਕਰਾ ਦਿੱਤਾ ।ਅਸੀ ਸਾਰੇ ਡਰ ਗਏ ਕਿ ਅੱਜ ਸਰ ਘੂਰਨਗੇ ਕਿ ਤੁਸੀ ਇੱਥੇ ਪੜ੍ਹਨ ਆਉਂਦੇ ਹੋ ਜਾਂ ਗੀਤ ਗਾਉਣ ।
ਜਦੋਂ ਪ੍ਰਿੰਸੀਪਲ ਸਾਹਿਬ ਕਮਰੇ ਵਿੱਚ ਆ ਗਏ ਤਾਂ ਉਹਨਾਂ ਪੁੱਛਿਆ ਕਿ ਪੁੱਤ ਕੌਣ ਗਾਉਂਦਾ ਸੀ...

?? ਤਾਂ ਅਸੀ ਡਰ ਗਏ ਤੇ ਚੁੱਪ ਹੋ ਗਏ ਤਾਂ ਉਹ ਕਹਿੰਦੇ ਬਹੁਤ ਸੋਹਣਾ ਗਾਉਂਦਾ ਸੀ …ਮੈਂ ਵੀ ਸੁਣਨਾ ..ਫੇਰ ਸਾਡੀ ਜਾਨ ਵਿੱਚ ਜਾਨ ਆਈ ..ਅਸੀ ਸਾਰੇ ਬਹਿ ਗਏ ਤੇ ਗੁਰਮੁੱਖ ਨੇ ਫ਼ੇਰ ਹੀਰ ਗਾਉਣੀ ਸੁਰੂ ਕੀਤੀ .. …ਜਿੰਨਾ ਸਮਾਂ ਉਹ ਗਾਉਂਦਾ ਰਿਹਾ ਉਨਾਂ ਸਮਾਂ ਪ੍ਰਿੰਸੀਪਲ ਸਾਹਿਬ ਬੈਠੇ ਰੋਂਦੇ ਰਹੇ ..ਉਹਨਾਂ ਦੀਆਂ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਵਗਦੇ ਰਹੇ ।
ਜਦੋਂ ਉਹ ਗਾਉਣ ਤੋਂ ਹੱਟਿਆ ਤਾਂ ਪ੍ਰਿੰਸੀਪਲ ਸਾਹਿਬ ਕਹਿੰਦੇ ਪੁੱਤ ਮੇਰਾ ਜਨਮ ਪਾਕਿਸਤਾਨ ਵਿਚਲੇ ਪੰਜਾਬ ਦਾ ਹੈ …ਮੇਰਾ ਬਚਪਨ ਜਵਾਨੀ ਉੱਥੇ ਬੀਤਿਆ …ਦੇਸ਼ ਵੰਡ ਸਮੇਂ ਇੱਧਰ ਆਉਣਾ ਪੈ ਗਿਆ ।
ਸਾਡੇ ਘਰ ਦੇ ਨਾਲ ਇੱਕ ਮਸਜਿਦ ਹੁੰਦੀ ਸੀ …ਉੱਥੇ ਜਿਹੜਾ ਕਾਜ਼ੀ ਹੁੰਦਾ ਸੀ ..ਉਹ ਇਹੀ ਸਤਰਾਂ ਹੀਰ ਦੀਆਂ ਗਾਉਂਦਾ ਸੀ ਬਹੁਤ ਵਾਰ .. ਏਦਾਂ ਹੀ ਸੁਰੀਲੀ ਅਵਾਜ਼ ਵਿੱਚ ..ਕਿੰਨੇ ਸਾਲ ਬੀਤ ਗਏ ਮੁੜ ਕਦੇ ਇਹ ਸਤਰਾਂ ਨਹੀ ਸੁਣੀਆਂ ਹੀ ਨਹੀਂ ਸੀ ।ਅੱਜ ਜਦੋਂ ਸੁਣੀਆਂ ਤਾਂ ਲਾਹੌਰ …ਬਚਪਨ…ਜਵਾਨੀ …ਕਿੰਨਾ ਕੁਝ ਚੇਤੇ ਆ ਗਿਆ ।ਰੂਹ ਉੱਥੇ ਹੀ ਰਹਿ ਗਈ ..ਬੱਸ ਸਰੀਰ ਏਥੇ ਆ ਗਏ । ਕਾਸ਼ ਕੋਈ ਉੱਥੇ ਇੱਕ ਫੇਰਾ ਪਵਾ ਦੇਵੇ ।
ਸਰ ਨੇ ਉਸ ਮੁੰਡੇ ਨੂੰ ਆਪਣੀ ਜੇਬ ਵਿੱਚੋਂ ਸੌ ਦਾ ਨੋਟ ਕੱਢ ਕੇ ਇਨਾਮ ਦਿੱਤਾ ਤੇ ਅਸੀਸਾਂ ਦਿੰਦੇ..
ਜਿਉਂਦੇ ਰਹੋ …ਜਵਾਨੀਆਂ ਮਾਣੋ ..ਕਹਿੰਦੇ ਕਹਿੰਦੇ ਤੁਰ ਗਏ ।
ਸੱਚੀ ਕਿੰਨਾ ਔਖਾ ਹੁੰਦਾ ਆਪਣੇ ਬਚਪਨ ਜਵਾਨੀ ਦੇ ਦੋਸਤ ਮਿੱਤਰ ਤੇ ਘਰ ਬਾਰ ਛੱਡ ਕੇ ਬਿਗਾਨੀ ਜਗਾਂ ਤੇ ਆ ਕੇ ਰਹਿਣਾ ਤੇ ਮੁੜ ਕਦੀ ਚਾਹ ਕੇ ਉੱਥੇ ਜਾ ਨਾ ਸਕਣਾ ।ਇਹ ਦਰਦ ਸਾਡੇ ਦੋਵਾਂ ਪੰਜਾਬਾਂ ਦੇ ਲੱਖਾਂ ਲੋਕਾਂ ਨੇ ਆਪਣੀ ਰੂਹ ਤੇ ਹੰਢਾਇਆ …ਸ਼ਾਇਦ ਉਹਨਾਂ ਦੇ ਮੁੱਕਣ ਨਾਲ ਇਹ ਪੀੜ ਸਾਡੇ ਵਰਗੀ ਸਾਡੀ ਅਗਲੀ ਪੀੜ੍ਹੀ ਨਾ ਮਹਿਸੂਸ ਕਰ ਸਕੇ … ।
ਹਰਵਿੰਦਰ ਸਿੰਘ ਭੱਟੋਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)