ਯੂਨਿਟ ਵਿਚ ਅਕਸਰ ਹੀ ਉਸਨੂੰ ਸੁਨੇਹੇ ਮਿਲਦੇ ਰਹਿੰਦੇ ਕੇ ਪਿੰਡ ਆ ਕੇ ਬੇਬੇ ਬਾਪੂ ਨਾਲ ਗੱਲ ਤੋਰ ਲੈ ਪਰ ਮੇਜਰ ਸਾਬ ਹਮੇਸ਼ਾਂ ਹੀ ਉਸਦੀ ਛੁੱਟੀ ਵਾਲੀ ਅਰਜੀ ਪਾੜ ਦਿਆ ਕਰਦਾ ਕੇ ਬਾਡਰ ਤੇ ਹਾਲਾਤ ਬੜੇ ਗੰਭੀਰ ਨੇ..ਅਜੇ ਛੁੱਟੀ ਮਨਜੂਰ ਨਹੀਂ ਹੋ ਸਕਦੀ!
ਇੱਕ ਦਿਨ ਬੇਬੇ ਦੀ ਤਾਰ ਆਣ ਪਹੁੰਚੀ..ਲਿਖਿਆ ਸੀ ਤਗੜੀ ਨਹੀਂ ਹਾਂ..ਇੱਕ ਵੇਰ ਮਿਲ ਜਾ..!
ਇਸ ਵੇਰ ਛੁੱਟੀ ਮਨਜੂਰ ਹੋ ਗਈ..!
ਪੈਦਲ ਕਦੇ ਬੱਸਾਂ ਵਿਚ ਤੇ ਕਦੇ ਗੱਡੀਆਂ ਵਿਚ..ਧੱਕੇ ਖਾਂਦਾ ਦੋ ਦਿਨ ਮਗਰੋਂ ਘਰੇ ਪਹੁੰਚਿਆ ਤਾਂ ਅੱਗੋਂ ਨਿੱਕੇ ਦੀ ਜੰਝ ਚੜ ਰਹੀ ਸੀ..!
ਬੇਬੇ ਨੇ ਸ਼ਾਇਦ ਝੂਠ ਮਾਰਿਆ ਸੀ..ਉਹ ਤਾਂ ਸ਼ਗਨ ਸੁਆਰਥ ਕਰਦੀ ਹੋਈ ਚੰਗੀ ਭਲੀ ਤੁਰੀ ਫਿਰਦੀ ਸੀ..!
ਲਾਵਾਂ ਫੇਰਿਆਂ ਮਗਰੋਂ ਨਵੀਂ ਭਾਬੀ ਦੇ ਪੈਰਾਂ ਨੂੰ ਹੱਥ ਲਾਉਣ ਲੱਗਾ ਤਾਂ ਘੁੰਡ ਵਿਚੋਂ ਮਲੋ-ਮੱਲੀ ਹੀ ਡਿੱਗ ਪਏ ਦੋ ਹੰਜੂਆਂ ਨੇ ਉਸਦੇ ਹੱਥ ਸਿੱਲੇ ਕਰ ਦਿੱਤੇ..!
ਧਿਆਨ ਉੱਪਰ ਨੂੰ ਗਿਆ ਤਾਂ ਅਸਮਾਨੋਂ ਬਿਜਲੀ ਜਿਹੀ ਹੀ ਆਣ ਡਿੱਗੀ..ਇਹ ਤਾਂ ਓਹੀ ਸੀ ਜਿਸਦੇ ਨਾਲ ਕਿਸੇ ਵੇਲੇ ਇਕੱਠੇ ਰਹਿਣ ਦੇ ਕੌਲ ਕਰਾਰ ਕੀਤੇ ਸਨ..!
ਲੰਮੇ ਸਾਰੇ ਘੁੰਡ ਦੇ ਘੇਰੇ ਹੇਠ ਆਈ ਉਹ ਅੱਜ ਉਸਦੀ ਭਾਬੀ ਬਣ ਜ਼ਾਰੋ-ਜਾਰ ਰੋਈ ਜਾ ਰਹੀ ਸੀ..ਪਰ ਹੈ ਤਾਂ ਓ ਇੱਕ ਚੰਡਿਆ ਹੋਇਆ ਫੌਜੀ ਹੀ ਸੀ..ਕਿਦਾਂ ਰੋਂਦਾ?
ਪੱਥਰ ਬਣੇ ਨੂੰ ਇਹ ਫੈਸਲਾ ਲੈਂਦਿਆਂ ਜਰਾ ਜਿੰਨੀ ਵੀ ਦੇਰ ਨਾ ਲੱਗੀ ਕੇ ਹੁਣ ਅੱਗੋਂ ਕੀ ਕੀਤਾ ਜਾਵੇ..!
ਬੇਬੇ ਨੂੰ ਘੂਟ ਕੇ ਜੱਫੀ ਪਾਈ ਤੇ ਏਨਾ ਆਖ ਵਾਪਿਸ ਛਾਉਣੀ ਨੂੰ ਤੁਰ ਪਿਆ ਕੇ ਹੁਣੇ ਸਾਬ ਦਾ ਸੁਨੇਹਾ ਆਇਆ ਹੈ ਕੇ ਬਾਡਰ ਤੇ ਹਾਈ-ਅਲਰਟ...
ਹੋ ਗਿਆ ਏ..ਛੁੱਟੀ ਕੈਂਸਲ ਹੋ ਗਈ..!
ਫੇਰ ਓਸੇ ਤਰਾਂ ਦੋ ਦਿਨ ਧੱਕੇ ਖਾਂਦਾ ਵਾਪਿਸ ਯੂਨਿਟ ਪਹੁੰਚਿਆ..ਆਉਂਦਿਆਂ ਹੀ ਵਰਦੀ ਪਾ ਲਈ ਤੇ ਮਸ਼ੀਨ ਗੰਨ ਚੁੱਕ ਮੋਰਚੇ ਤੇ ਡਟ ਗਿਆ..ਨਾਲਦਿਆਂ ਬਥੇਰਾ ਆਖਿਆ ਕੇ ਚੋਬਰਾਂ ਦੋ ਘੜੀਆਂ ਆਰਾਮ ਤਾਂ ਕਰ ਲੈਂਦਾ..ਅਸੀ ਹੈਗੇ ਹਾਂ..ਕੁਝ ਨੀ ਹੋਣ ਦਿੰਦੇ ਤੇਰੇ ਮੋਰਚੇ ਨੂੰ..ਪਰ ਅੱਗੋਂ ਆਖਣ ਲੱਗਾ..ਜਿਉਣ ਜੋਗਿਓਂ ਹੁਣੇ ਹੁਣੇ ਹੀ ਇੱਕ ਮੋਰਚਾ ਹਾਰ ਕੇ ਆਇਆ ਹਾਂ..ਤੇ ਦੂਜੀ ਵੇਰ ਹਾਰਨ ਦਾ ਹੋਂਸਲਾ ਨਹੀਂ ਏ ਮੇਰੇ ਵਿਚ..!
ਨਾਲ ਹੀ ਗੰਨ ਚੁੱਕ ਸੀਨੇ ਨਾਲ ਲਾ ਲਈ..ਤੇ ਮੈਗਜ਼ੀਨਾਂ ਦਾ ਬਕਸਾ ਕੋਲ ਰੱਖ ਅੱਗ ਵਰਾਉਣ ਲੱਗ ਪਿਆ..ਕਿੰਨੇ ਨਾਲਦੇ ਹੌਲੀ ਹੌਲੀ ਮਰਦੇ ਗਏ ਪਰ ਉਹ ਲਗਾਤਾਰ ਗੋਲੀ ਚਲਾਈ ਜਾ ਰਿਹਾ ਸੀ..!
ਕੁਝ ਦਿਨ ਮਗਰੋਂ
ਲੱਕੜੀ ਦੀ ਬਕਸੇ ਅੰਦਰ ਵਿਚ ਝੰਡੇ ਵਿੱਚ ਵਲ੍ਹੇਟੀ ਉਸਦੀ ਲਾਸ਼ ਜਦੋਂ ਪਿੰਡ ਅੱਪੜੀ ਤਾਂ ਨਾਲ ਆਇਆ ਮੇਜਰ ਸਾਬ ਦੱਸ ਰਿਹਾ ਸੀ ਕੇ ਪਾਰੋਂ ਆਉਂਦੇ ਕਿੰਨੇ ਸਾਰਿਆਂ ਨੂੰ ਮੁਕਾ ਕੇ ਆਪ ਫੇਰ ਮੁੱਕਿਆ..ਪਰ ਪਤਾ ਨੀ ਕਿਓਂ ਸਹਿਕਦਾ ਹੋਇਆ ਵੀ ਬਾਰ ਬਾਰ ਏਨੀ ਗੱਲ ਕਿਓਂ ਆਖੀ ਜਾ ਰਿਹਾ ਸੀ ਕੇ ਸਾਬ ਜੀ ਜਿਉਂਦੇ ਜੀ ਵਾਪਿਸ ਨੀ ਪਰਤਣਾ..ਮੈਥੋਂ ਇੱਕ ਮੋਰਚੇ ਤੇ ਦੂਜੀ ਵੇਰ ਫੇਰ ਨਹੀਂ ਹਾਰਿਆ ਜਾਣਾ..!
ਸੋ ਦੋਸਤੋ ਅਸਲ ਜਿੰਦਗੀ ਦੇ ਕੁਝ ਮੁਹਾਜ ਐਸੇ ਵੀ ਹੁੰਦੇ ਜਿਥੇ ਜੰਗ ਲੜਨੀ ਸਰਹੱਦ ਨਾਲੋਂ ਵੀ ਡਾਹਢੀ ਔਖੀ ਹੁੰਦੀ ਏ!
ਹਰਪ੍ਰੀਤ ਸਿੰਘ ਜਵੰਦਾ