More Punjabi Kahaniya  Posts
ਦੋਹਰੇ ਕਿਰਦਾਰ


ਕਿੰਨੇ ਚਾਅ ਨਾਲ ਅੱਬੂ ਵਿਆਹ ਕੇ ਲਿਆਏ ਸਨ ਆਪਣੀ ਨੂੰਹ ਰਾਣੀ ਨੂੰ । ਭਰਾ ਦੇ ਵਿਆਹ ਦੇ ਦ੍ਰਿਸ਼ ਅੱਜ ਸਨਾ ਨੂੰ ਫਿਰ ਯਾਦ ਆ ਗਏ । ਅੰਮੀ ਦਰਦ ਨਾਲ ਬੇਹਾਲ ਹੋ ਗਈ ਸੀ ਤਾਂ ਡਾਕਟਰ ਕੋਲ ਲੈਕੇ ਆਈ ਸੀ । ਡਾਕਟਰ ਨੇ ਤੁਰੰਤ ਪਿੱਤਾ ਕੱਢਣ ਦੀ ਸਲਾਹ ਦਿੱਤੀ । ਹੋਰ ਦੇਰੀ ਖਤਰਨਾਕ ਹੋ ਸਕਦੀ ਸੀ । ਅੰਦਰ ਆਪਰੇਸ਼ਨ ਚਲ ਰਿਹਾ ਸੀ ਤੇ ਇਧਰ ਸਨਾ ਮਾਂ ਦੀ ਤਕਲੀਫ਼ ਬਾਰੇ ਸੋਚ ਕੇ ਕਈ ਵਾਰ ਅੱਖਾਂ ਪੂੰਝ ਚੁੱਕੀ ਸੀ । ਵਾਰ ਵਾਰ ਭਰਾ ਭਰਜਾਈ ਦੇ ਆਪਣੇ ਫ਼ਰਜ਼ਾਂ ਤੋਂ ਭੱਜਣ ਕਰਕੇ ਦੁਖੀ ਸੀ । ਇਹ ਨਹੀਂ ਸੀ ਕਿ ਅੰਮੀ ਉਸ ਤੇ ਕੋਈ ਬੋਝ ਸੀ ,ਪਰ ਅੰਮੀ ਦੇ ਦਿਲ ਦੀਆਂ ਉਹ ਜਾਣਦੀ ਸੀ ।ਧੀਆਂ ਲੱਖ ਮਾਂ ਬਾਪ ਨੂੰ ਅੱਖਾਂ ਤੇ ਬਿਠਾ ਕੇ ਰੱਖਣ , ਮਾਂ ਬਾਪ ਦੇ ਦਿਲ ਵਿਚੋਂ ਕਦੇ ਬੇਟਿਆਂ ਬਾਰੇ ਆਸ ਨਹੀਂ ਮਰਦੀ । ਇਹੋ ਆਪ੍ਰੇਸ਼ਨ ਭਰਾ ਭਰਜਾਈ ਕਰਾ ਰਹੇ ਹੁੰਦੇ , ਮਾਂ ਨੇ ਹੌਸਲੇ ਨਾਲ ਹੀ ਤਕੜੀ ਹੋ ਜਾਣਾ ਸੀ । ਪਰ ਕਿਥੇ ਕਹਿੰਦੇ ਨੇ ਨਸੀਬਾਂ ਵਾਲੇ ਹੁੰਦੇ ਉਹ ਲੋਕ ਜਿਨ੍ਹਾਂ ਨੂੰ ਬੁਢੇਪੇ ਵਿੱਚ ਨੂੰਹ ਪੁੱਤ ਸਾਂਭਦੇ । ਅੱਬੂ ਬਹੁਤ ਚਾਈ ਚਾਈ ਮਹਿਨਾਜ ਨੂੰ ਆਪਣੀ ਨੂੰਹ ਬਣਾ ਕੇ ਲਿਆਏ ਸਨ । ਰਿਸ਼ਤਾ ਅਖਬਾਰ ਵਿੱਚੋ ਹੀ ਦੇਖਿਆ ਸੀ । ਅੱਬੂ ਕਹਿਣ ਲਗੇ ਚਲੋ ਕੁੜੀ ਪੜੀ ਲਿਖੀ ਨੌਕਰੀ ਕਰਦੀ ਹੈ । ਆਪਣਾ ਕਮਾਉਣਗੇ ਤੇ ਖਾਣਗੇ । ਖਾਨਦਾਨ ਵਿਚੋਂ ਇੰਨੀ ਪੜੀ ਕੁੜੀ ਮੁਮਕਿਨ ਨਹੀਂ ਸੀ । ਸੁਲੇਮਾਨ ਦੇ ਬਰਾਬਰ ਦੀ ਪੜਾਈ ਕੀਤੀ ਹੋਈ ਸੀ ਮਹਿਨਾਜ ਨੇ ।
ਅੰਮੀ ਤੇ ਸਨਾ ਨੇ ਲੱਖ ਲੱਖ ਸ਼ਗਨ ਮਨਾਏ ਸਨ । ਮਹਿਨਾਜ਼ ਦਾ ਸਾਂਵਲਾ ਰੰਗ ਵੀ ਕਬੂਲ ਕੀਤਾ । ਉਸਦੀ ਝੋਲੀ ਸੋਨੇ ਦੇ ਗਹਿਣਿਆਂ ਨਾਲ ਭਰ ਦਿੱਤੀ ।
ਪਰ ਕਈ ਵਾਰ ਉਹ ਨਹੀਂ ਹੁੰਦਾ ,ਜਿਹੜਾ ਸੋਚਿਆ ਹੁੰਦਾ । ਪਹਿਲਾਂ ਪਹਿਲਾਂ ਮਹਿਣਾਜ਼
ਬੜੀਆਂ ਮਿੱਠੀਆਂ ਮਾਰਦੀ ਰਹੀ । ਇੱਕ ਦਿਨ ਅੱਬੂ ਨੂੰ ਰੋਟੀ ਦੇਕੇ ਆਈ ਤੇ ਕੁਝ ਦੇਰ ਬਾਅਦ ਹੀ ਅੱਬੂ ਬੇਹੋਸ਼ ਹੋ ਕੇ ਡਿੱਗ ਪਏ । ਮੂੰਹ ਵਿੱਚੋ ਝੱਗ ਨਿਕਲ ਰਹੀ ਸੀ । ਜਦੋਂ ਤਕ ਸਾਰੇ ਦੇਖਦੇ ਅੱਬੂ ਇਸ ਜਹਾਨੋਂ ਕੂਚ ਕਰ ਚੁੱਕੇ ਸਨ । ਪਰਿਵਾਰ ਤੇ ਦੁੱਖ ਦਾ ਪਹਾੜ ਟੁੱਟ ਪਿਆ । ਖ਼ੁਸ਼ੀਆਂ ਗਮੀਆਂ ਵਿੱਚ ਬਦਲ ਗਈਆਂ । ਅੰਮੀ ਦਾ ਰੋ ਰੋ ਬੁਰਾ ਹਾਲ ਸੀ । ਸਨਾ ਨੂੰ ਵੀ ਬੁਲਾ ਲਿਆ ਗਿਆ। ਅੱਬੂ ਦੀ ਲਾਸ਼ ਨੂੰ ਦੇਖਦੇ ਉਹਨੂੰ ਗਸ਼ੀ ਪੈ ਗਈ । ਇੰਨੀ ਜਲਦੀ ਉਹ ਕਿਵੇਂ ਜਾ ਸਕਦੇ ਸਨ । ਚੰਗੇ ਭਲੇ ਛੱਡ ਕੇ ਗਈ ਸੀ । ਉਮਰ ਸਿਰਫ 58 ਸਾਲ ਸੀ । ਇਹ ਕੋਈ ਜਾਣ ਦੀ ਉਮਰ ਸੀ? ਮਹਿਨਾਜ਼ ਦੇ ਮਿੱਠੇ ਪੋਚਿਆਂ ਕਰਕੇ ਉਸ ਉੱਪਰ ਕੋਈ ਸ਼ੱਕ ਨਹੀਂ ਕਰ ਰਿਹਾ ਸੀ । ਪਰ ਅਚਾਨਕ ਇਸ ਤਰ੍ਹਾਂ ਮੂੰਹ ਵਿੱਚੋ ਝੱਗ ਨਿਕਲਣਾ , ਕਿਤੇ ਨਾ ਕਿਤੇ ਕੁਝ ਗਲਤ ਹੋਇਆ ਸੀ । ਦਿਲਾਂ ਵਿਚ ਖਦਸ਼ੇ ਦਬ ਕੇ ਅੱਬੂ ਦੀਆਂ ਆਖਰੀ ਰਸਮਾਂ ਪੂਰੀਆਂ ਕਰ ਦਿੱਤੀਆਂ ਗਈਆਂ ।
ਸਨਾ ਨੂੰ ਬੱਚਿਆਂ ਕਰਕੇ ਜਲਦੀ ਵਾਪਿਸ ਆਪਣੇ ਘਰ ਜਾਣਾ ਪਿਆ । ਉਸਦਾ ਵਿਆਹ ਦੂਜੀ ਸਟੇਟ ਵਿੱਚ ਆਪਣੀ ਨੇੜਲੀ ਰਿਸ਼ਤੇਦਾਰੀ ਵਿੱਚ ਹੀ ਹੋਇਆ ਸੀ । ਫਿਰ ਵੀ ਸਸੁਰਾਲ ਤਾਂ ਸਸੁਰਾਲ ਹੀ ਹੁੰਦਾ।
ਅੰਮੀ ਦੇ ਕੋਈ ਦਰਾਣੀ ਜਠਾਣੀ ਨਾ ਹੋਣ ਦਾ ਮਾਹਿਨਾਜ਼ ਨੇ ਬੜਾ ਫਾਇਦਾ ਉਠਾਇਆ। ਉਸਦਾ ਦੁਰਵਿਵਹਾਰ ਮਹੀਨੇ ਬਾਅਦ ਹੀ ਸ਼ੁਰੂ ਹੋ ਗਿਆ। ਉੱਪਰੋ ਸੁਲੇਮਾਨ ਨੂੰ ਪੱਟੀ ਪੜਾ ਦਿੱਤੀ ਕਿ ਸਨਾ ਨੂੰ ਬੋਲੋ ਸਾਰੀ ਜਾਇਦਾਦ ਹੁਣ ਸਾਡੀ ਹੈ । ਤੇਰਾ ਇਥੇ ਕੋਈ ਹੱਕ ਨਹੀਂ ।ਮੈ ਅੱਬੂ ਵਾਲੀਆਂ ਸਭ ਜਿੰਮੇਵਾਰੀਆਂ ਅਦਾ ਕਰੂੰਗਾ।
ਸਨਾ ਉਦੋਂ ਚਾਰ ਮਹੀਨੇ ਦੀ ਗਰਭਵਤੀ ਸੀ ।ਸਨਾ ਦੇ ਜਾਣ ਤੋਂ ਬਾਅਦ ਇੱਕ ਦਿਨ ਸੁਲੇਮਾਨ ਗੁਰਮੁਖੀ ਵਿਚ ਲਿਖੇ ਹੋਏ ਕੁਝ ਕਾਗਜ਼ਾਤ ਹੱਥ ਵਿੱਚ ਫੜ ਕੇ ਅੰਮੀ ਦੇ ਕਮਰੇ ਵਿੱਚ ਆਇਆ ਤੇ ਅੰਮੀ ਨੂੰ ਦਸਤਖ਼ਤ ਕਰਨ ਲਈ ਕਿਹਾ ।ਕਿਉਕਿ ਅੰਮੀ ਨੂੰ ਸਿਰਫ ਉਰਦੂ ਪੜ੍ਹਨੀ ਆਉਂਦੀ ਏ । ਉਹਨਾਂ ਸਿਰਫ ਇੰਨਾ ਪੁੱਛਿਆ ਕਿ ਪੁੱਤਰ ਇਹ ਕਿਸ ਚੀਜ਼ ਦੇ ਕਾਗਜ਼ਾਤ ਹਨ ਤਾਂ ਅੱਗੋ ਕਹਿਣ ਲੱਗਿਆ ਇਹ ਅੱਬੂ ਦੀ ਜ਼ਮੀਨ ਦੇ ਕਾਗਜ਼ਾਤ ਹਨ ,ਜੋਕਿ ਹੁਣ ਤੁਹਾਡੇ ਨਾਮ ਹੋ ਜਾਏਗੀ । ਭੋਲੀ ਅੰਮੀ ਨੇ ਚੁੱਪ ਚਾਪ ਦਸਤਖ਼ਤ ਕਰ ਦਿੱਤੇ । ਉਹ ਤਾਂ ਬਹੁਤ ਸਾਲ ਬਾਅਦ ਪਤਾ ਲੱਗਾ ਕਿ ਸੁਲੇਮਾਨ ਨੇ ਜ਼ਮੀਨ ਆਪਣੇ ਨਾਮ ਕਰਾ ਲਈ । ਇਸੇ ਦੌਰਾਨ ਮਹੀਨਾਜ਼ ਅੰਮੀ ਤੇ ਦਿਨੋ ਦਿਨ ਅਤਿਆਚਾਰ ਕਰਦੀ ਆ ਰਹੀ ਸੀ । ਅੱਬੂ ਦੀ ਮੌਤ ਹੁੰਦੇ ਹੀ ਉਸਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਇੱਕ ਵਾਰ ਅੰਮੀ ਦਾ ਖੂਨ ਬਹੁਤ ਘਟ ਗਿਆ ਤੇ ਉਹ ਬੁਰੀ ਤਰ੍ਹਾ ਬਿਮਾਰ ਹੋ ਗਈ । ਮਹਿਨਾਜ਼ ਨੇ ਉਸ ਹਾਲਤ ਵਿੱਚ ਵੀ ਉਸਨੂੰ ਧੱਕੇ ਮਾਰ ਕੇ ਗਲੀ ਵਿੱਚ ਖੜੀ ਕਰ ਦਿੱਤਾ ਸੀ। ਉਸਨੇ ਸੁਲੇਮਾਨ ਨੂੰ ਪੂਰੀ ਤਰ੍ਹਾਂ ਆਪਣੀ ਮੁਠੀ ਵਿੱਚ ਕਰ ਲਿਆ ਸੀ । ਕਦੇ ਉਸਨੂੰ ਡਰਾਵਾ ਦੇਣਾ ਮੈ ਬੱਚੇ ਛੱਡਕੇ ਪੇਕੇ ਚਲੀ ਜਾਊਂਗੀ , ਕਦੇ ਖੁਦਕੁਸ਼ੀ ਦੀਆਂ ਧਮਕੀਆਂ । ਡਰਦਾ ਮਾਰਿਆ ਉਹ ਬਿਲਕੁਲ ਉਸ ਦੇ ਮੁਤਾਬਿਕ ਹੀ ਗੱਲ ਕਰਦਾ ।ਉੱਪਰੋ ਉਸ ਦੇ ਚਰਿੱਤਰ ਤੇ ਬੁਰੀ ਤਰ੍ਹਾਂ ਸ਼ੱਕ ਕਰਦੀ ਤੇ ਰੋਜ ਨਵੇਂ ਇਲਜ਼ਾਮ ਲਗਾਉਂਦੀ,ਇਸ ਤਰ੍ਹਾਂ ਉਹ ਤਾਂ ਪੂਰੀ ਤਰ੍ਹਾਂ ਗੁਲਾਮ ਬਣ ਗਿਆ ਸੀ।
ਇਸੇ ਤਰ੍ਹਾਂ ਇੱਕ ਦਿਨ ਸਵੇਰੇ ਹੀ ਕਲੇਸ਼ ਪਾ ਲਿਆ ਕਿ ਇਥੇ ਪਿੰਡ ਵਿਚ ਨਹੀਂ ਰਹਿਣਾ , ਸ਼ਹਿਰ ਵਿਚ ਹੀ ਮਕਾਨ ਲੈਣਾ।
ਕਿਉਕਿ ਮਹਿਨਾਜ਼ ਨੂੰ ਪਿੰਡ ਵਾਲੇ ਪਤਾ ਨਹੀਂ ਕਿਉ ਬਹੁਤ ਬੁਰੇ ਲਗਦੇ ਸਨ । ਉਹਨਾਂ ਨੂੰ...

ਗਾਹਲਾਂ ਕੱਢਣ ਨਾਲ ਉਸਨੂੰ ਸ਼ਾਂਤੀ ਮਿਲਦੀ ਸੀ। ਉਪਰੋ ਉਸਨੂੰ ਨਣਦ ਦੇ ਘਰਵਾਲੇ ਦੀ ਉੱਚੀ ਹੈਸੀਅਤ ਨਾਲ ਖੂਬ ਜਲਣ ਹੁੰਦੀ । ਉਸਦੇ ਸਸੁਰਾਲ ਵਾਲਿਆਂ ਨਾਲ ਚੁਗਲੀਆਂ ਕਰ ਕੇ ਉਸਦਾ ਘਰ ਤੋੜਨ ਦੀ ਬਹੁਤ ਕੋਸ਼ਿਸ਼ ਕਰਦੀ । ਸੱਸ ਤੇ ਨਨਾਣ ਕੋਲੋ ਕਲਹਿ ਕਲੇਸ਼ ਕਰਕੇ ਸਾਰਾ ਸੋਨਾ ਤਕ ਵਾਪਿਸ ਕਰਾ ਲਿਆ ਸੀ । ਅੰਮੀ ਨੂੰ ਬੇਟੀ ਨਾਲ ਫੋਨ ਤੇ ਵੀ ਕੋਈ ਗੱਲ ਨਾ ਕਰਨ ਦੇਣੀ, ਮੁਹੱਲੇ ਵਿਚ ਨਾ ਜਾਣ ਦੇਣਾ ਤਾਕਿ ਉਹ ਬਾਹਰ ਕਿਸੇ ਨੂੰ ਕੁਝ ਦਸ ਨਾ ਦੇਵੇ ।
ਅੰਮੀ ਦੇ ਨਾਮ ਤੇ ਅੱਬੂ ਨੇ 8 ਮਰਲੇ ਦਾ ਪਲਾਟ ਕਰਾਇਆ ਹੋਇਆ ਸੀ । ਅੱਜ ਉਸ ਪਲਾਟ ਲਈ ਅੰਮੀ ਦੇ ਦਸਤਖ਼ਤ ਕਰਵਾ ਲਏ । ਅੰਮੀ ਇਹੋ ਸੋਚਦੀ ਕਿ ਆਖਿਰ ਇਹਨਾਂ ਨੂੰ ਹੀ ਦੇਣਾ ਸਭ ਕੁਝ ,ਚਲੋ ਅੱਜ ਹੀ ਸਹੀ । ਪਰ ਨੂੰਹ ਪੁੱਤ ਦਾ ਲਾਲਚ ਇਥੇ ਹੀ ਖਤਮ ਨਹੀਂ ਹੋਇਆ । ਅੱਬੂ ਦੀ ਰਿਟਾਇਰਮੈਂਟ ਵੇਲੇ 12 ਲੱਖ ਪੀ ਐਫ਼ ਮਿਲਿਆ ਸੀ । ਉਹ ਵੀ ਅੰਮੀ ਦੇ ਨਾਮ ਤੇ ਪਿਆ ਹੋਇਆ ਸੀ । ਮਕਾਨ ਖਰੀਦਣ ਦੇ ਨਾਮ ਤੇ ਉਹ ਵੀ ਹਥਿਆ ਲਿਆ । ਫਿਰ ਬਚਿਆ ਮਕਾਨ ,ਬੇਟੇ ਨੇ ਤਕੜਾ ਕਲੇਸ਼ ਖੜ੍ਹਾ ਕੀਤਾ ਕਿ ਅੰਮੀ ਜਾਂ ਤਾਂ ਮੇਰੇ ਨਾਮ ਕਰ ਦਿਓ ਨਹੀਂ ਮੈ ਜ਼ਹਿਰ ਖਾਣ ਲੱਗਾ । ਚਲੋ ਜੀ ਮਾਂ ਦਾ ਦਿਲ ਫਿਰ ਡਰ ਗਿਆ । ਹੁਣ ਸਭ ਕੁਝ ਨੂੰਹ ਪੁੱਤ ਦੇ ਹੱਥ ਵਿੱਚ ਆ ਗਿਆ । ਪਿੰਡ ਛੱਡਕੇ ਸ਼ਹਿਰ ਆ ਗਏ । ਨੂੰਹ ਨੂੰ ਪਰ ਹਾਲੇ ਵੀ ਹੋਰ ਅਜ਼ਾਦੀ ਚਾਹੀਦੀ ਸੀ । ਸੱਸ ਉਸਨੂੰ ਆਪਣੀ ਆਜ਼ਾਦੀ ਵਿੱਚ ਰੋੜਾ ਪ੍ਰਤੀਤ ਹੁੰਦੀ ਸੀ ,ਕਿਉਕਿ ਪਤੀ ਨੂੰ ਤਾਂ ਉਸਨੇ ਬੁਰੀ ਤਰ੍ਹਾਂ ਗੁਲਾਮ ਬਣਾ ਲਿਆ ਸੀ ।
ਹੁਣ ਨੂੰਹ ਸਿਰਫ ਆਪਣੀ , ਪਤੀ ਤੇ ਬੱਚਿਆਂ ਦੀ ਰੋਟੀ ਬਣਾਉਂਦੀ ਤੇ ਕਮਰੇ ਦਾ ਦਰਵਾਜਾ ਬੰਦ ਕਰਕੇ ਅੰਦਰ ਬੈਠਕੇ ਰੋਟੀ ਖਾਣ ਮਗਰੋਂ ਬਾਹਰ ਨਿਕਲਦੇ । ਬਾਹਰ ਭੁੱਖੀ ਮਾਂ ਉਡੀਕ ਝਾਕ ਕੇ ਆਪਣੇ ਲਈ ਰੋਟੀ ਬਣਾਉਂਦੀ । ਉੱਪਰੋ ਉਸਦੇ ਪਿੱਤੇ ਵਿਚਲੀ ਪੱਥਰੀ ਦਾ ਦਰਦ ਉਸਨੂੰ ਬੁਰੀ ਤਰ੍ਹਾਂ ਤੰਗ ਕਰਦਾ । ਪਰ ਕਿਸੇ ਨੂੰ ਕੀ ਪਈ ਸੀ । ਅਗਲਿਆਂ ਹੱਥ ਵਢ ਲਏ ਸਨ । ਨੂੰਹ ਦਾ ਅਤਿਆਚਾਰ ਦਿਨੋ ਦਿਨ ਵਧ ਰਿਹਾ ਸੀ । ਹੁਣ ਉਹ ਆਪਣਾ ਖਾਣਾ ਬਣਾਉਣ ਮਗਰੋਂ ਰਸੋਈ ਨੂੰ ਜਿੰਦਰਾ ਮਾਰਨ ਲੱਗ ਪਈ । ਮਾਂ ਨੇ ਬੇਟੇ ਨੂੰ ਰੋਟੀ ਲਈ ਕਿਹਾ ਅੱਗੋ ਬੇਟਾ ਗਰਜਿਆ ,ਅੰਮੀ ਜਿੰਨੇ ਪੈਸੇ ਤੇ ਜ਼ਮੀਨ ਤੂੰ ਸਾਨੂੰ ਦਿੱਤੀ ਓੰਨੇ ਦੀਆਂ ਰੋਟੀਆਂ ਅਸੀਂ ਤੈਨੂੰ ਖਵਾ ਚੁੱਕੇ ਆ। ਸਾਥੋਂ ਨਹੀਂ ਹੋਰ ਖਵਾ ਹੁੰਦਾ । ਇੰਨਾ ਕਹਿ ਕੇ ਉਹ ਕਿਧਰੇ ਚਲਾ ਗਿਆ ਤਾਂ ਨੂੰਹ ਨੇ ਸੱਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ । ਪਹਿਲਾਂ ਉਸਦੀਆਂ ਓਹੀ ਬਾਹਾਂ ਬੁਰੀ ਤਰ੍ਹਾਂ ਮਰੋੜ ਸੁੱਟੀਆਂ ਜਿੰਨਾਂ ਵਿੱਚ ਚੁੱਕ ਚੁੱਕ ਕੇ ਉਸਨੇ ਸੁਲੇਮਾਨ ਨੂੰ ਪਾਲਿਆ ਸੀ । ਉਸ ਤੋਂ ਬਾਅਦ ਨੇੜੇ ਪਈ ਇੱਕ ਕੁਰਸੀ ਚੁੱਕ ਕੇ ਮਾਂ ਦੇ ਉੱਪਰ ਸੁੱਟ ਦਿੱਤੀ । ਹੰਕਾਰੀ ਹੋਈ ਨੂੰਹ ਇਹ ਵੀ ਭੁੱਲ ਗਈ ਸੀ ਕਿ ਮੇਰਾ ਬੇਟਾ ਵੀ ਸਾਮ੍ਹਣੇ ਖੜਾ ਦੇਖ ਰਿਹਾ , ਇੱਕ ਦਿਨ ਇਹ ਗੱਲ ਮੇਰੇ ਸਾਮ੍ਹਣੇ ਵੀ ਆ ਸਕਦੀ । ਪਰ ਉਸ ਸਮੇਂ ਤਾਂ ਉਸਨੂੰ ਸਿਰਫ ਆਪਣੀ ਅਜ਼ਾਦੀ ਚਾਹੀਦੀ ਸੀ ।ਉਸ ਨੇ ਤਾਂ ਉਥੇ ਸੱਸ ਵਾਲੇ ਕਮਰੇ ਵਿਚ ਰੇਡੀਓ ਖੋਲਣਾ ਸੀ।ਸੱਸ ਨੂੰ ਕੱਢਣ ਸਾਰ ਸਹੁਰੇ ਦੇ ਰੁਤਬੇ ਤੇ ਰਸੂਖ਼ ਨੂੰ ਵਰਤਕੇ ,ਆਪਣੀ ਪਹਿਚਾਣ ਵਧਾਈ ਜਾਣ ਲੱਗੀ।ਬੇਟਾ ਅਖਬਾਰਾਂ ਵਿੱਚ ਬਾਪ ਦਾ ਨਾਮ ਵਰਤ ਵਰਤ ਕੇ ਲੇਖ ਲਿਖਦਾ ਤੇ ਉਧਰ ਮਾਂ ਉਸ ਦਿਨ ਹੀ ਘਰ ਛੱਡ ਕੇ ਵਾਪਿਸ ਪਿੰਡ ਆ ਗਈ । ਉਥੇ ਉੱਜੜੇ ਮਕਾਨ ਵਿਚ ਨਾ ਮੰਜਾ ਨਾ ਬਰਤਨ । ਆਂਢੀ ਗੁਆਂਢੀ ਭਲੇ ਲੋਕ ਸਨ ।ਅੱਬੂ ਦੀ ਬਹੁਤ ਬਣੀ ਹੋਈ ਸੀ । ਇੰਨੇ ਵੱਡੇ ਕਵੀ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ ,ਉਹ ਜਾਣਦੇ ਸਨ। ਉਸਦੀ ਬੇਵਾ ਨੂੰ ਉਹ ਕਿਵੇਂ ਵਿਸਾਰ ਦਿੰਦੇ । ਇੱਕ ਦਿਨ ਬੇਟੇ ਨੂੰ ਅੰਮੀ ਨੇ ਫੋਨ ਕਰਕੇ ਕਿਹਾ ਕਿ ਮੇਰੇ ਕੋਲ ਸੌਣ ਲਈ ਮੰਜਾ ਵੀ ਨਹੀਂ ਹੈ ਤਾਂ ਅੱਗੋ ਕਹਿੰਦਾ ਤੇਰਾ ਅਚਾਰ ਵਾਲਾ ਮਰਤਮਾਣ ਵੀ ਭੇਜਾਂ। ਉਸਨੇ ਉਸਦੀਆਂ ਪੇਟੀਆਂ ਅਲਮਾਰੀਆਂ ਦੇ ਜਿੰਦਰੇ ਤੋੜ ਕੇ ਕਾਫੀ ਸਮਾਨ ਕੱਢਣ ਮਗਰੋਂ ਟਰਾਲੀ ਵਿਚ ਭਰਕੇ ਭੇਜ ਦਿੱਤਾ । ਨਾਲ ਹੀ ਫੋਨ ਕਰਕੇ ਕਿਹਾ ਕਿ ਇਥੇ ਨਾ ਵੜੀਂ ਹੁਣ । ਉਧਰ ਰੇਡੀਓ ਉਪਰ ਬੜੀਆਂ ਚੰਗੀਆਂ ਗੱਲਾਂ ਕਰ ਕਰ ਕੇ ਲੋਕਾਂ ਨੂੰ ਭਰਮਾਉਂਦੇ।
ਆਂਢ ਗੁਆਂਢ ਨੇ ਸਨਾ ਨੂੰ ਫੋਨ ਕਰਕੇ ਸਭ ਦਸਿਆ ਤਾਂ ਉਹ ਵਿਚਾਰੀ ਰੋਂਦੀ ਰੋਂਦੀ ਮਾਂ ਨੂੰ ਲੈਣ ਪਹੁੰਚ ਗਈ । ਸਨਾ ਕੋਲ ਜਾਕੇ ਮਾਂ ਨੇ ਪਿੱਤੇ ਦੀ ਪੱਥਰੀ ਦੀ
ਤਕਲੀਫ਼ ਦਸੀ ਤਾਂ ਧੀ ਜਵਾਈ ਹਸਪਤਾਲ ਲੈਕੇ ਗਏ । ਅੱਗੋ ਡਾਕਟਰ ਨੇ ਕਿਹਾ ਕਿ ਇਹ ਤਾਂ ਜਲਦੀ ਹੀ ਅਪਰੇਸ਼ਨ ਕਰਨਾ ਪਵੇਗਾ । ਸੋ ਅੱਜ ਮਾਂ ਦਾ ਅਪਰੇਸ਼ਨ ਹੋ ਗਿਆ ਸੀ । ਉਹ ਇਕ ਤਕਲੀਫ਼ ਵਿੱਚੋ ਬਾਹਰ ਆ ਗਈ ਸੀ । ਪਰ ਉਸ ਤਕਲੀਫ਼ ਦਾ ਕੀ ਜੋ ਉਸਦੇ ਕੁੱਖੋਂ ਜਣੇ ਨੇ ਦਿੱਤੀ । ਕੀ ਲੋਕ ਇਹ ਦਿਨ ਦੇਖਣ ਨੂੰ ਹੀ ਬੇਟੇ ਪੈਦਾ ਕਰਦੇ ਹਨ । ਬੇਟੀਆਂ ਨੂੰ ਬੋਝ ਸਮਝਣ ਵਾਲੇ ਇਸ ਕਹਾਣੀ ਤੇ ਗੌਰ ਕਰਨ ।
ਰਾਜਨਦੀਪ ਕੌਰ ਮਾਨ
6239326166

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)