More Punjabi Kahaniya  Posts
ਇਕ ਲੁਹਾਰ ਦੀ


ਇਕ ਲੁਹਾਰ ਦੀ
ਆਹ ਗਰੇਵਾਲ ਕਲ ਲੁੱਡੀਆਂ ਪਾਉਂਦਾ ਫਿਰਦਾ ਸੀ ਕਿ ਮੇਰੇ ਤਾਂ ਲਾਹੌਰ ਲਗ ਜਾਣੇ ਘਰਵਾਲੀ ਦੀ ਅੱਧੀ ਪੈਂਨਸ਼ਨ ਮਿਲ ਜਾਣੀ ਐ। ਪੱਚੀ ਤੀਹ ਹਜਾਰ ਚੜੇ ਮਹੀਨੇ ਵੱਟ ਤੇ ਪਿਆ।
ਅਜ ਬੜਾ ਉਦਾਸ ਹੈ। ਸਾਇਦ ਹੁਣ ਭੋਗ ਪੈਣ ਤੋਂ ਬਾਅਦ ਜਦ ਸਾਰੇ ਚਲੇ ਗਏ ਤਾਂ ਇਹ ਇਕਲੱਤਾ ਮਹਿਸੂਸ ਕਰ ਰਿਹਾ। ਦੂਜੀ ਗਲੀ ਵਾਲੇ ਭਾਨੇ ਨੇ ਹੈਰਾਨੀ ਨਾਲ ਪੁਛਿਆ।
ਨਹੀਂ ਬਾਈ ਇਹਨੂੰ ਉਹ ਦੁਖ ਨਹੀਂ ਜੋ ਤੂੰ ਸਮਝਦਾਂ । ਇਹਦੇ ਤਾਂ ਡੂੰਘੀ ਸੱਟ ਵੱਜੀ ਐ। ਬਿੰਦਰ ਬੋਲਿਆ। ਸਾਰੀ ਕਹਾਣੀ ਮੈਂ ਸਮਝਾਉਦਾ।
ਗਰੇਵਾਲ ਮੇਰਾ ਗੁਆਂਢੀ ਹੀ ਨਹੀਂ ਨਿੱਕੇ ਹੁੰਦੇ ਦਾ ਆੜੀ ਵੀ ਆ। ਪਰ ਹੌਲੀ ਹੌਲੀ ਉਹਦੀਆਂ ਕਰਤੂਤਾਂ ਕਰਕੇ ਮੈਂ ਉਸ ਨਾਲ ਮੇਲ-ਮਿਲਾਪ ਬਹੁਤ ਘਟਾ ਦਿਤਾ ਸੀ । ਬਸ ਗਲੀ ਵਿਚ ਘਰੋਂ ਬਾਹਰ ਅੰਦਰ ਆਉਂਦੇ ਜਾਂਦੇ ਜਰੂਰ ਖੜੇ ਹੋ ਕਿ ਮਿਲ ਲੈਂਦੇ। ਵੈਸੇ ਸਾਡੀ ਪਰੀਵਾਰਾਂ ਦੀ ਸਾੰਝ ਤਾਂ ਸੀ। ਇਹਦੀ ਘਰਵਾਲੀ ਬਲਬੀਰ ਮੇਰੀ ਘਰਵਾਲੀ ਨਾਲ ਸਕੀਆਂ ਭੈਣਾਂ ਵਾਂਗ ਸਾਰੇ ਦੁਖ ਸਾੰਝੇ ਕਰ ਲੈਦੀ ਸੀ। ਪਤਾ ਤਾ ਮੈਨੂੰ ਸਭ ਸੀ ਪਰ ਮੈਂ ਚਾਹ ਕੇ ਵੀ ਕੁਝ ਨਹੀਂ ਕਰ ਸਕਦਾ ਸੀ। ਕਿਉਕਿ ਸਾਰਿਆਂ ਨੂੰ ਪਤਾ ਸੀ ਕਿ ਇਹ ਸੁਧਰਨ ਵਾਲੀ ਜਿਨਸ ਨਹੀਂ । ਕਦੇ ਮੈਂ ਸੋਚਦਾ ਇਹਦਾ ਵਿਆਹ ਹੀ ਨਹੀਂ ਹੋਣਾ ਚਾਹੀਦਾ ਸੀ । ਪਰ ਇਕੱਲੇ ਪੁਤਰਾਂ ਦੇ ਮਾਪੇ ਆਪਣੀ ਪੀੜੀ ਵਧਾਉਣ ਲਈ ਨਿਕੰਮੇ ਨਸ਼ੇੜੀ ਮੁੰਡਿਆਂ ਨੂੰ ਸੁਧਾਰਦੇ ਸੁਧਾਰਦੇ ਕਿਸੇ ਗਰੀਬ ਕੁੜੀ ਦੀ ਜਿੰਦਗੀ ਰੋਲ ਦਿੰਦੇ ਨੇ।
ਬਲਬੀਰ ਨੂੰ ਇਕ ਦਿਨ ਵੀ ਸੌਹਰੇ ਘਰ ਸੁਖ ਨਹੀਂ ਮਿਲਿਆ। ਉਹ ਵਿਚਾਰੀ ਪੇਕਿਆਂ ਵਲੋਂ ਵੀ ਸੌਖੀ ਨਹੀਂ ਸੀ ਵਿਧਵਾ ਮਾਂ ਨੇ ਤਰਲਿਆਂ ਨਾਲ ਪਾਲੀ। ਇਕ ਭਰਾ ਉਹ ਵੀ ਕਾਲੇ ਦੌਰ ਦੇ ਦਿਨੀਂ ਐਸਾ ਗਿਆ ਮੁੜ ਕੇ ਕੋਈ ਥਹੁ ਪਤਾ ਨਹੀਂ ਲਭਿਆ।
ਚਲੋ ਆਪਣਾ ਘਰ ਸੀ ਰਹਿਣ ਨੂੰ ਦਾਣੇ ਵੀ ਘਰ ਦੇ ਸੀ ਖਾਣ ਨੂੰ। ਪਰ ਇਕ ਦਿਨ ਵੀ ਇਸ ਪਿਉ ਦੇ ਪੁਤ ਨੇ ਬਲਬੀਰ ਦੇ ਹੱਥ ਇਕ ਰੁਪਿਆ ਕਮਾ ਕੇ ਨਹੀਂ ਰਖਿਆ। ਆਪਣੀ ਕਮਾਈ ਸਿਰਫ ਆਪਣੀ ਐਸ਼ ਲਈ । ਮਾਂ ਪਿਉ ਨੇ ਕਦੇ ਪੁਛਿਆ ਨਹੀਂ ਖਰਚ ਦਾ ਹਿਸਾਬ । ਘਰੜਾਲੀ ਨੂੰ ਵੀ ਬੋਲਣ ਦੀ ਇਜਾਜ਼ਤ ਨਹੀਂ। ਵਿਆਹ ਤੋਂ ਪੰਜ ਸਾਲ ਬਾਅਦ ਨੌਕਰੀ ਛੱਡ ਦਿਤੀ ਕਿ ਆਪਾਂ ਕਿਸੇ ਦਾ ਰੋਅਬ ਨਹੀਂ ਸਹਿ ਸਕਦੇ।
ਬਲਬੀਰ ਪੜਾਉਦੀ ਸੀ ਸਰਕਾਰੀ ਸਕੂਲ ਵਿਚ । ਰੋਜ ਬਸਾਂ ਵਿਚ ਧੱਕੇ ਖਾਣੇ ਫੇਰ ਘਰ ਦਾ ਕੰਮ, ਨਾਂ ਟਾਈਮ ਤੇ ਖਾਣਾ ਨਾ ਟਾਈਮ ਤੇ ਸੌਣਾ, ਉਪਰੋਂ ਮਾਨਸਿਕ ਪ੍ਰੇਸ਼ਾਨੀਆਂ। ਪਰ ਉਸਨੂੰ ਤਸੱਲੀ ਸੀ ਕਿ ਨੌਕਰੀ ਦੇ ਸਿਰ ਤੇ ਆਪਣੇ ਦੋਨਾਂ ਬਚਿਆਂ ਨੂੰ ਚੰਗੀ ਤਾਲੀਮ ਦੇ ਸਕਦੀ ਹੈ। ਸਮੇਂ ਨਾਲ ਉਸਦੀ ਕੁੜੀ ਪੜ ਕੇ ਕਾਲਜ ਵਿਚ ਪੜਾਉਣ ਲਗ ਗਈ । ਫੇਰ ਕੁੜੀ ਦਾ ਵਿਆਹ ਵੀ ਇਸੇ ਸ਼ਹਿਰ ਵਿਚ ਹੋ ਗਇਆ । ਇਸ ਦੌਰਾਨ ਇਸਦੇ ਮਾਂ ਪਿਉ ਮਰ ਗਏ ਅਤੇ ਮਾ ਪਿਉ ਦੀ ਮੌਤ ਤੋਂ ਬਾਅਦ ਤਾਂ ਜਮੀਨ ਵੀ ਖੁਰਨੀ ਸ਼ੁਰੂ ਹੋ ਗਈ। ਉਪਰੋਂ ਕਲੇਸ਼ ਰੋਜ ਦਾ, ਹੋਰ ਤਾਂ ਹੋਰ ਬਲਬੀਰ ਤੋਂ ਵੀ ਪੈਸੈ ਖੋਹ ਲੈਣੇ। ਜੇ ਮਨਾ ਕਰਨਾ ਤਾਂ ਖੌਰੂ ਪਾਉਣਾ। ਇਕ ਦਿਨ ਤਾਂ ਹੱਦ ਹੋ ਗਈ ਕਹਿੰਦਾ ਤੇਰੀ ਅੱਖ ਮੇਰੇ ਘਰ ਜਮੀਨ ਤੇ ਹੈ । ਮੇਰਾ ਘਰ ਮੇਰੀ ਜਮੀਨ ਮੇਰੇ ਮੁੰਡੇ ਦੀ। ਤੂੰ ਲਿਖ ਕੇ ਦੇ ਕਿ ਆਪਣਾ ਇਕ ਦੂਜੇ ਦੀ ਕਮਾਈ ਤੇ ਕੋਈ ਹਕ ਨਹੀਂ । ਅਗਲੇ ਦਿਨ ਅਸ਼ਟਾਮ ਤੇ ਇਹੋ ਜਿਹੀ ਕੋਈ ਇਬਾਰਤ ਟਾਈਪ ਕਰਵਾ ਲਿਆਇਆ, ਅਤੇ ਕਹਿੰਦਾ ਮੈੰ ਦਸਤਖਤ ਕਰ ਦਿਤੇ ਤੂੰ ਕਰ ਦੇ। ਉਸ ਦਿਨ ਸਾਮ ਨੂੰ ਇਹਦੀ ਕੁੜੀ ਮਾਂ ਨੂੰ ਮਿਲਣ ਆਈ ਸੀ ਤਾ ਬਲਬੀਰ ਨੇ ਉਹ ਕਾਗਜ ਧੀ ਨੂੰ ਦਿਖਾਇਆ,...

ਵੇਖ ਲੈ ਆਪਣੇ ਪਿਓ ਦੇ ਕੰਮ। ਸਾਰੀ ਉਮਰ ਮੈਂ ਇਹਦੀ ਕਮਾਈ ਤੇ ਬੈਠੀ ਸੀ ਜਿਹੜਾ ਹੁਣ ਇਹਦੀ ਜਮੀਨ ਮੈਂ ਲਉਂਗੀ। ਜੇ ਤੁਸੀ ਉਹਦੇ ਬੱਚੇ ਹੋ ਮੇਰਾ ਵੀ ਤਾ ਸਭ ਕੁਝ ਥੋਡਾ ਹੀ ਹੈ। ਪਰ ਪਤਾ ਨਹੀਂ ਥੋਡੇ ਲਈ ਕੁਝ ਬਚਣਾ ਹੈ ਕਿ ਨਹੀਂ। ਤੂੰ ਫਿਕਰ ਨਾਂ ਕਰ ਮਾਂ ਕਾਗਜ ਫੜਕੇ ਧੀ ਬੋਲੀ ਤੂੰ ਸਾਈਨ ਕਰ। ਧੀ ਨੇ ਕਾਗਜ ਸਾਭ ਲਿਆ।
ਰਿਟਾਇਰਮੈਂਟ ਤਕ ਪਹੁੰਚਦੀ ਪਹੁੰਚਦੀ ਨੂੰ ਬਲਬੀਰ ਨੂੰ ਡਾਇਬਟੀਜ਼, ਬਲਡ ਪ੍ਰੈਸ਼ਰ ਗਠੀਏ ਵਰਗੀਆਂ ਬੀਮਾਰੀਆ ਨੇ ਘੇਰ ਲਿਆ ਸੀ। ਪਰ ਮਾੜੀ ਕਿਸਮਤ ਨੂੰ ਮੂੰਡਾ ਬਿਲਕੁਲ ਪਿਉ ਵਰਗਾ ਨਿਕਲਿਆ । ਨਾਂ ਪਿਉ ਨੇ ਕੰਮ ਕੀਤਾ ਨਾ ਮੁੰਡਾ ਕਿਤੇ ਟਿਕ ਕੇ ਕੰਮ ਕਰਦਾ ਸੀ । ਦੋਹਾਂ ਦੀ ਬਣਦੀ ਸੀ ਹੁਣ ਤਾਂ ਇਕਂਠੇ ਬੈਠ ਕੇ ਪੀਂਣ ਵੀ ਲਗ ਗਏ ਸੀ । ਜੇ ਕਿਸੇ ਕਹਿਣਾ ਮੁੰਡੇ ਦਾ ਵਿਆਹ ਕਰ ਦੇ ਤੈਨੰ ਵੀ ਅਰਾਮ ਹੋ ਜਾਉ। ਪਰ ਬਲਬੀਰ ਨਹੀਂ ਸੀ ਚਾਹੁੰਦੀ ਕਿਸੇ ਦੀ ਕੁੜੀ ਨੂੰ ਆਪਣੇ ਵਰਗੀ ਜਿੰਦਗੀ ਦੇਵੇ। ਕੁੜੀ ਭਾਵੇ ਉਸੇ ਸ਼ਹਿਰ ਵਿਆਹੀ ਸੀ ਪਰ ਉਸ ਕੋਲੋਂ ਵੀ ਰੋਜ ਨਹੀਂ ਆ ਹੁੰਦਾ ਸੀ। ਉਹ ਵੀ ਚਾਹੁੰਦੀ ਨਹੀਂ ਸੀ ਕਿ ਕੁੜੀ ਪੇਕੇ ਘਰ ਦੇ ਮਸਲੇ ਸੁਲਝਾਉਂਦੀ ਆਪਣੇ ਘਰ ਕੋਈ ਮਸਲਾ ਖੜਾ ਕਰ ਲਵੇ। ਉਹ ਤਾਂ ਕਹਿੰਦੀ ਸੀ ਰੋਜ ਫੋਨ ਵੀ ਨਾ ਕਰੇ ਜਦੋਂ ਲੋੜ ਹੋਊਗੀ ਉਹਨੇ ਧੀ ਨੂੰ ਹੀ ਅਵਾਜ ਮਾਰਨੀ ਹੈ ਹੋਰ ਉਸਦੀ ਸੁਨਣ ਵਾਲਾ ਕੌਣ ਹੈ।
ਬੰਦਾ ਕਿੰਨਾ ਬਰਦਾਸ਼ਤ ਕਰੇ। ਸੇਹਤ ਠੀਕ ਹੁੰਦੀ ਉਹ ਇਸ ਨਰਕ ਚੋਂ ਨਿਕਲ ਕੇ ਕਿਤੇ ਹੋਰ ਰਹਿਣ ਲਗ ਪੈਂਦੀ। ਮਾਂ ਸੀ ਇਸੇ ਕਰਕੇ ਮੁੰਡੇ ਦੇ ਸੁਧਰਨ ਦੀ ਆਸ ਵੀ ਛੱਡ ਨਹੀਂ ਸਕਦੀ ਸੀ। ਵੈਸੇ ਉਸਦੀ ਜੀਉਣ ਦੀ ਇੱਛਾ ਹੁਣ ਮੁਕਦੀ ਜਾਂਦੀ ਸੀ। ਇੰਝ ਹੀ ਬਲਬੀਰ ਇਕ ਦਿਨ ਸਾਰਿਆਂ ਨੂੰ ਛੱਡ ਕੇ ਚਲੀ ਗਈ। ਧੀ ਤੋਂ ਇਲਾਵਾ ਉਸਨੂੰ ਰੋਣ ਵਾਲਾ ਕੋਈ ਨਹੀ ਸੀ। ਧੀ ਰੋਂਦੀ ਵੀ ਸੀ ਪਰ ਨਾਲ ਹੀ ਉਸਨੂੰ ਧਰਵਾਸ ਸੀ ਕਿ ਮਾਂ ਦੇ ਦੁਖ ਕਟੇ ਗਏ ਜੇ ਪੰਜ ਸਤ ਸਾਲ ਹੋਰ ਜਿਉਦੀ ਤਾਂ ਕਿਹੜਾ ਸੁਖ ਭੋਗ ਲੈਂਦੀ। ਸਗੋਂ ਸਰੀਰ ਨੇ ਹੋਰ ਹਾਰਨਾ ਹੀ ਸੀ ਅਤੇ ਦੁਖ ਵਧਣੇ ਹੀ ਸੀ।
ਹੁਣ ਤਾਂ ਭੋਗ ਪੈ ਗਿਆ। ਅਫਸੋਸ ਕਰਨ ਵਾਲੇ ਵੀ ਚਲੇ ਗਏ। ਗਰੇਵਾਲ ਅਜ ਪੋਚਵੀਂ ਪੱਗ ਬੰਨ ਕੇ ਸ਼ੀਸ਼ੇ ਮੂਹਰੇ ਖੜਾ ਸੀ । ਡੈਡੀ ਮੰਮੀ ਦੀ ਅਲਮਾਰੀ ਵਿਚੋਂ ਆਹੀ ਮਿਲੇ ਕਾਗਜ । ਮੁੰਡੇ ਨੇ ਪਿਉ ਨੂੰ ਫਾਈਲ ਫੜਾਉਦੇ ਹੋਏ ਕਿਹਾ। ਠੀਕ ਐ। ਚਲ ਤੂੰ ਹੀ ਮੈਨੂੰ ਮੋਟਰਸਾਈਕਲ ਤੇ ਛਡ ਆ ਦਫਤਰ । ਦੇਖੋ ਕਦੋਂ ਸੁਰੂ ਕਰਦੇ ਆ ਫੈਮਲੀ ਪੈਂਸ਼ਨ ਮੇਰੇ ਨਾਂ ਤੇ।
ਦੋਵੇਂ ਪਿਉ ਪੁੱਤ ਦਫਤਰ ਪਹੁੰਚੇ । ਜਾ ਕੇ ਫਾਰਮ ਵਗੈਰਾ ਭਰ ਕੇ ਅਫਸਰ ਮੂਹਰੇ ਕੀਤੇ । ਅਫਸਰ ਨੇ ਰਿਕਾਰਡ ਵੇਖਿਆ ਗਰੇਵਾਲ ਦੇ ਕਾਗਜ ਵੇਖੇ । ਕਹਿੰਦਾ ਸਰਦਾਰ ਜੀ ਤੁਹਾਡੀ ਤਾਂ ਪਤਨੀ ਨਾਲ ਰਜਾਮੰਦੀ ਨਾਲ ਅਲਹਿਦਗੀ ਹੋ ਚੁਕੀ ਹੈ ਪੰਜ ਸਾਲ ਪਹਿਲਾਂ । ਆਹ ਵੇਖੋ ਬਕਾਇਦਾ ਮੈਜਿਸਟ੍ਰੇਟ ਦੀ ਮੋਹਰ ਲਗੀ ਹੈ । ਮਰਹੂਮ ਦੀ ਪੈਨਸ਼ਨ ਦਾ ਕੋਈ ਹਕਦਾਰ ਨਹੀਂ।
ਬਿੰਦਰ ਕਹਿੰਦਾ ਭਾਨਿਆ ਇੰਝ ਸਮਝ ਲੈ ਗਰੇਵਾਲ ਦੀ ਸਾਰੀ ਉਮਰ ਦੀ ਕਿਟ ਕਿਟ ਦਾ ਜਵਾਬ ਬਲਬੀਰ ਕੌਰ ਇਕੋ ਠਾਹ ਨਾਲ ਦੇ ਗਈ।
RKC 31July22

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)