More Punjabi Kahaniya  Posts
ਇਨਾਮੀ ਰਾਸ਼ੀ


ਬਤੌਰ ਐੱਸ.ਐਚ.ਓ ਇਹ ਮੇਰੀ ਪਹਿਲੀ ਪੋਸਟਿੰਗ ਸੀ..
ਛਿਆਸੀ ਸਤਾਸੀ ਦੌਰ ਵੇਲੇ ਪਟਿਆਲੇ ਤੋਂ ਸਿੱਧਾ ਮਾਝੇ ਵਿੱਚ ਆ ਜਾਣਾ ਇੰਝ ਸੀ ਜਿੱਦਾਂ ਅਮਰੀਕਾ ਤੋਂ ਅਫਗਾਨਿਸਤਾਨ ਘੱਲ ਦਿੱਤਾ ਗਿਆ ਹੋਵਾਂ..!
ਘਰੇ ਗਮਗੀਨ ਮਾਹੌਲ..ਬੀਜੀ ਵਾਸਤਾ ਪਾਉਣ ਲੱਗੇ ਅਖ਼ੇ ਪੁੱਤਰ ਪੀ.ਐਚ ਡੀ ਕਰਕੇ ਬਾਹਰ ਚਲਿਆ ਜਾਂਦਾ..ਤੈਨੂੰ ਤੇਰੇ ਦਾਰ ਜੀ ਵਾਂਙ ਗਵਾਉਣਾ ਨਹੀਂ ਚਾਹੁੰਦੀ..!
ਮੈਂ ਕਲਾਵੇ ਵਿਚ ਲੈ ਹੌਂਸਲਾ ਦਿੱਤਾ..!
ਘੜੀ ਕੂ ਮਗਰੋਂ ਹੀ ਜਿਪਸੀ ਸ੍ਰੀ ਅਮ੍ਰਿਤਸਰ ਵੱਲ ਨੂੰ ਦੌੜਨ ਲੱਗੀ..ਆਥਣੇ ਗੁਰੂ ਦੀ ਨਗਰੀ ਅੱਪੜ ਕਾਗਜੀ ਕਾਰਵਾਈ ਪੂਰੀ ਕਰ ਲਈ..!
ਅਗਲੇ ਦਿਨ ਚਾਰਜ ਲੈ ਲਿਆ..ਸਟਾਫ ਨਾਲ ਜਾਣ-ਪਛਾਣ ਕਰਾ ਮੁਨਸ਼ੀ ਨੇ ਫਾਈਲਾਂ ਦਾ ਵੱਡਾ ਢੇਰ ਸਾਮਣੇ ਰੱਖ ਦਿੱਤਾ..ਹਥਿਆਰਾਂ ਅਸਲੇ ਦੀ ਡਿਟੇਲ..ਪਿੰਡਾਂ ਦਾ ਨਕਸ਼ਾ..ਰੂਟ..ਮੰਡ ਵਾਲਾ ਇਲਾਕਾ..ਨਾਲ ਹੀ ਪੰਦਰਾਂ ਵੀਹ ਫੋਟੋਆਂ ਮੇਰੇ ਸਾਮਣੇ ਖਲਾਰ ਦਿੱਤੀਆਂ..!
ਆਖਣ ਲੱਗਾ ਸਾਰੇ ਵੱਡੇ ਨਾਮ..ਜਿਆਦਾਤਰ ਸਰਹੱਦੋਂ ਪਾਰ ਹੀ ਰਹਿੰਦੇ ਨੇ ਪਰ ਆਹ ਦੂਜੀ ਕਤਾਰ ਵਾਲੇ ਓਹਨਾ ਦੀਆਂ ਹਦਾਇਤਾਂ ਤੇ ਕੰਮ ਕਰਦੇ ਨੇ..ਸਾਰਿਆਂ ਦੇ ਸਿਰਾਂ ਤੇ ਰੱਖੇ ਇਨਾਮ ਉਸਨੂੰ ਮੂੰਹ ਜ਼ੁਬਾਨੀ ਯਾਦ ਸਨ..!
ਪੁੱਛਿਆ ਇਹ ਇਨਾਮ ਰੱਖਦਾ ਕੌਣ ਏ?
ਹੱਸ ਪਿਆ..ਅਖ਼ੇ ਜੀ ਅਸੀ ਵਾਰਦਾਤਾਂ ਪਾਈ ਜਾਨੇ ਹਾਂ ਤੇ ਉਹ ਚੰਡੀਗੜ ਬੈਠੇ ਇਨਾਮ ਵਧਾਈ ਜਾਂਦੇ..ਪਹਿਲੇ ਐੱਸ.ਐਚ.ਓ ਦੇ ਢੰਗ ਤਰੀਕੇ ਦੱਸਣ ਲੱਗਾ..ਅਖ਼ੇ ਸ੍ਰ ਰਘਬੀਰ ਸਿੰਘ ਹੂਰੀ ਲੰਘਦੇ ਵੜਦੇ ਇਹਨਾਂ ਦੇ ਟੱਬਰਾਂ ਦਾ ਇੱਕ ਅੱਧਾ ਜੀ ਚੁੱਕ ਹੀ ਲਿਆਇਆ ਕਰਦੇ ਸਨ..ਮਰਦ ਔਰਤ ਵਿਚ ਕੋਈ ਫਰਕ ਨਹੀਂ ਸਨ ਰੱਖਿਆ ਕਰਦੇ..!
ਸੱਤ ਮਹੀਨਿਆਂ ਵਿੱਚ ਪੂਰੇ ਤੇਈ ਮੁਕਾਬਲੇ ਤੇ ਢੇਰ ਸਾਰੇ ਇਨਾਮ..ਆਹ ਪਿਛਲੇ ਮਹੀਨੇ ਹੀ ਨੋਟਾਂ ਦੀ ਪੂਰੀ ਇੱਕ ਬੋਰੀ ਆਈ ਸੀ ਸਿਧੀ ਚੰਡੀਗੜੋਂ!
ਕਪੂਰਥਲੇ ਵਾਲਿਆਂ ਵੱਡੀ ਸਿਫਾਰਿਸ਼ ਪਵਾਈ ਅਖ਼ੇ ਸਾਬ ਸਾਡੇ ਘੱਲ ਦਿਓ..ਫੱਤੂਢੀਂਗੇ ਵਾਲਾ ਕਾਬੂ ਨੀ ਆਉਂਦਾ..ਫੇਰ ਓਥੇ ਜਾਂਦਿਆਂ ਹੀ ਮੋਢੇ ਤੇ ਇੱਕ ਸਟਾਰ ਹੋਰ ਲੱਗ ਗਿਆ ਤੇ ਪੁਲਸ ਮੈਡਲ ਵੱਖਰਾ..!
ਉਹ ਬੋਲੀ ਜਾ ਰਿਹਾ ਸੀ ਤੇ ਮੈਂ ਨਿੱਕੇ ਬੱਚੇ ਵਾਂਙ ਬੈਠਾ ਸੁਣੀ ਜਾ ਰਿਹਾ ਸਾਂ!
ਅਚਾਨਕ ਮੇਰੀ ਨਜਰ ਇੱਕ ਫੋਟੋ ਤੇ ਟਿੱਕ ਗਈ..ਲਾਇਲਪੁਰ ਕਾਲਜ ਭੰਗੜੇ ਵਾਲਾ ਗੁਰਮੀਤ ਚੀਮਾ ਲੱਗਦਾ ਸੀ..!
ਪੁੱਛਿਆ ਕੌਣ ਏ..ਤਾਂ ਆਖਣ ਲੱਗਾ ਜੀ ਬੱਬਰਾਂ ਦਾ ਏਰੀਆ ਕਮਾਂਡਰ ਏ..ਗੋਇੰਦਵਾਲ ਦੇ ਕੋਲ ਹੀ ਪਿੰਡ ਏ..ਅੱਜ ਕੱਲ ਪਾਰ ਰਹਿੰਦਾ ਏ..ਥੋਨੂ ਇਸਦਾ ਪਿੰਡ ਅਤੇ ਘਰ ਜਰੂਰ ਵਿਖਾਵਾਂਗੇ..ਮੂੰਹ ਮੱਥੇ ਲੱਗਦਾ ਪਰਿਵਾਰ ਏ..ਇੱਕ ਨਿੱਕੀ ਭੈਣ..ਨਾਲੇ ਪੁੰਨ ਤੇ ਨਾਲੇ ਫਲੀਆਂ..ਕਤਰੀ ਦਾਹੜੀ ਵਿੱਚ ਹੱਸਦਾ ਹੋਇਆ ਉਹ ਮੈਨੂੰ ਹੋਰ ਵੀ ਕਰੂਪ ਲੱਗ ਰਿਹਾ ਸੀ!
ਪਹਿਲੀ ਰਾਤ ਮੈਨੂੰ ਬਿਲਕੁਲ ਵੀ ਨੀਂਦ ਨਾ ਪਈ..ਇੰਝ ਲੱਗਿਆ ਕਿਸੇ ਲਹੂ-ਮਿੱਝ ਵਾਲੀ ਦਲਦਲ ਵਿਚ ਆਣ ਫਸਿਆ ਹੋਵਾਂ..!
ਅਗਲੇ ਦਿਨ ਮੂੰਹ ਹਨੇਰੇ ਵਾਇਰਲੈੱਸ ਖੜਕ ਗਈ..ਕੋਲ ਮੰਡ ਵਿਚ ਵੱਡੀ ਵਾਰਦਾਤ ਹੋ ਗਈ ਸੀ..ਸ਼ੱਕ ਦੇ ਅਧਾਰ ਤੇ ਅਸਾਂ ਪੰਦਰਾਂ ਵੀਹ ਮੁੰਡੇ ਚੁੱਕ ਲਿਆਂਦੇ..ਮੁਢਲੀ ਤਫਤੀਸ਼ ਮਗਰੋਂ ਮੈਨੂੰ ਸਾਰੇ...

ਦੇ ਸਾਰੇ ਹੀ ਬੇਕਸੂਰ ਹੀ ਲੱਗੇ..!
ਹੈਡਕਵਾਟਰ ਤੋਂ ਵਾਇਰਲੈੱਸ ਆਈ..ਅਖ਼ੇ ਫਸਟ ਡਿਗਰੀ ਸ਼ੁਰੂ ਕਰੋ..ਲੀਡ ਮਿਲਜੂ..ਜੇ ਥਰਡ ਡਿਗਰੀ ਦੀ ਲੋੜ ਪਵੇ ਤਾਂ ਮਾਲ ਮੰਡੀ ਲੈ ਆਵੋ..!
ਉੰਨੀਆਂ ਵੀਹਾਂ ਕੂ ਸਾਲਾਂ ਦਾ ਉਹ ਮੁੰਡਾ ਨੁੱਕਰੇ ਲੱਗਿਆ ਹੋਇਆ ਸੀ..ਆਖਣ ਲੱਗਾ ਜੀ ਤਰਨਤਾਰਨ ਬਾਹਰਵੀਂ ਵਿਚ ਪੜਦਾ ਹਾਂ..ਬਾਪ ਗੁਜਰ ਗਿਆ ਏ..ਡੇਹਰੀ ਦੁੱਧ ਪਾਉਣ ਜਾਂਦੇ ਨੂੰ ਪੁਲ ਵਾਲੇ ਨਾਕੇ ਤੋਂ ਚੁੱਕ ਲਿਆਂਦਾ..ਕਿੰਨੀ ਵੇਰ ਆਖੀ ਗਿਆ ਜੀ ਮੈਂ ਬੇਕਸੂਰ ਹਾਂ..!
ਮੈਂ ਸਾਰੇ ਹਵਾਲਾਤ ਘੱਲ ਦਿੱਤੇ..ਪਰ ਥਰਡ ਡਿਗਰੀ ਨਾ ਹੋਣ ਦਿੱਤੀ!
ਅਗਲੇ ਦਿਨ ਵਾਇਰਲੈੱਸ ਆ ਗਈ..ਭਰਵੇਂ ਦਾਹੜੇ ਵਾਲੇ ਸੀ.ਆਈ.ਏ ਸਟਾਫ ਲੈ ਆਵੋ..ਜਿਪਸੀ ਵਿਚ ਭੁੰਝੇ ਬੈਠਾ ਹੋਇਆ ਉਹ ਮੈਨੂੰ ਛੋਟਾ ਸੁਖਦੀਪ ਲੱਗ ਰਿਹਾ ਸੀ..ਇੰਝ ਜਾਪੇ ਪੁੱਛ ਰਿਹਾ ਹੋਵੇ ਕੇ ਵੀਰ ਜੀ ਡਾਕਟਰ ਟੀਕਾ ਤੇ ਨਾ ਲਾਊ..!
ਸੁਖਦੀਪ ਭਾਵੇਂ ਕਿੱਡਾ ਵੱਡਾ ਹੋ ਗਿਆ ਸੀ ਤਾਂ ਵੀ ਟੀਕੇ ਦੀ ਸੂਈ ਤੋਂ ਬਹੁਤ ਡਰਿਆ ਕਰਦਾ!
ਦੋ ਦਿਨਾਂ ਬਾਅਦ ਉਸਦੇ ਮੁਕਾਬਲੇ ਦੀ ਖਬਰ ਨੇ ਮੈਨੂੰ ਧੁਰ ਅੰਦਰੋਂ ਤੱਕ ਤੋੜ-ਮਰੋੜ ਸੁੱਟਿਆ..ਇੰਝ ਲੱਗਿਆ ਜਿੱਦਾਂ ਸੁਖਦੀਪ ਮੇਰੇ ਹੱਥੋਂ ਹੀ ਕਤਲ ਹੋ ਗਿਆ ਹੋਵੇ..ਤੇ ਮੜੀ ਤੇ ਪਿਆ ਆਖ ਰਿਹਾ ਹੋਵੇ..ਓ ਮੇਰੇ ਪਿੰਡ ਦੀ ਉਹ ਨਹਿਰ ਨੂੰ ਸੁਨੇਹਾ ਦੇ ਦਿਓ..ਨੀ ਮੈਂ ਫੇਰ ਤਾਰੀ ਲਾਊ ਸਿਵਿਆਂ ਚ ਸੜ ਕੇ..!
ਦੋਸਤੋ ਉਹ ਇੱਕ ਐਸੀ ਜੰਗ ਸੀ ਜਿਸ ਵਿਚ ਦੂਜੀ ਧਿਰ ਦਾ ਨਿਸ਼ਾਨਾ ਭਾਵੇਂ ਚਿੱਟੇ ਦਿਨ ਵਾਂਗ ਸਾਫ ਸੀ ਪਰ ਜਾਗਦੀ ਜਮੀਰ ਵਾਲੇ ਗਿਣੇ ਚੁਣੇ ਵਰਦੀ ਧਾਰੀ ਇੱਕੋ ਵੇਲੇ ਤਿੰਨ-ਤਿੰਨ ਜੰਗਾਂ ਲੜ ਰਹੇ ਹੁੰਦੇ ਸਨ..ਪਹਿਲੀ ਖੁਦ ਤੇ ਥੋਪ ਦਿੱਤੇ ਗਏ ਮਾਹੌਲ ਨਾਲ..ਦੂਜੀ ਆਪਣਿਆਂ ਦੀਆਂ ਹੀ ਲਾਸ਼ਾਂ ਸਿਰਾਂ ਦਾ ਮੁੱਲ ਵੱਟਦੇ ਭ੍ਰਿਸ਼ਟ ਮਹਿਕਮੇਂ ਦੇ ਨਾਲ ਤੇ ਤੀਜੀ ਖ਼ੁਦ ਆਪਣੇ ਵਜੂਦ ਨਾਲ..ਆਪਣੀ ਜਮੀਰ ਨਾਲ!
ਮੈਂ ਪਹਿਲੀਆਂ ਦੋ ਜੰਗਾਂ ਲੜਨ ਤੋਂ ਪਹਿਲਾ ਹੀ ਤੀਜੀ ਹਰ ਗਿਆ ਸਾਂ..ਪਹਿਲੇ ਹਫਤੇ ਹੀ ਅਸਤੀਫਾ ਜੂ ਦੇ ਦਿੱਤਾ ਸੀ..!
ਅੱਜ ਏਨੇ ਵਰ੍ਹਿਆਂ ਬਾਅਦ ਵਿਦੇਸ਼ੀ ਧਰਤੀ ਤੇ ਬੈਠਿਆਂ ਅਕਸਰ ਸੋਚਦਾ ਹਾਂ ਕੇ ਪੰਚਨਵੇਂ ਵਿਚ ਜਦੋਂ ਕਤਲੋਗਾਰਦ ਦੀ ਇਸ ਅੰਨੀ ਹਨੇਰੀ ਨੂੰ ਇੱਕ ਵੱਡਾ ਰੁੱਖ ਹੇਠਾਂ ਡੇਗ ਕਾਫੀ ਹੱਦ ਤੱਕ ਠੱਲ ਪਾ ਲਈ ਗਈ ਸੀ ਤਾਂ ਸਭ ਤੋਂ ਵੱਧ ਨੁਕਸਾਨ ਉਸ ਵਰਦੀ ਧਾਰੀ ਧਿਰ ਨੂੰ ਹੀ ਪੁੱਜਾ ਜਿਹਨਾਂ ਦੇ ਖਾਤਿਆਂ ਵਿਚ ਹਰ ਮਹੀਨੇ ਆਉਂਦੀ ਲੱਖਾਂ ਦੀ ਇਨਾਮੀ ਰਾਸ਼ੀ ਇੱਕਦਮ ਹੀ ਬੰਦ ਹੋ ਗਈ ਸੀ..ਬਹੁਤੇ ਰੋਣਗੇ ਦਿਲਾਂ ਦੇ ਜਾਨੀਂ..ਮਾਪੇ ਤੈਨੂੰ ਘੱਟ ਰੋਣਗੇ!
ਉਸ ਦੌਰ ਦੇ ਸਮਕਾਲੀਨ ਵੱਲੋਂ ਦੱਸੀ ਇੱਕ ਹੱਡ ਬੀਤੀ..ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)